Revised Common Lectionary (Complementary)
ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ।
66 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ।
2 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ।
3 ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ।
ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
4 ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ,
ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”
5 ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ।
ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ।
6 ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ
ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ।
7 ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ;
ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ।
ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ।
8 ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ;
ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ।
9 ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ,
ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ।
10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁੱਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ। 11 ਲੋਕ ਯਰੂਸ਼ਲਮ ’ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰੱਖਿਆਤ ਹੋਵੇਗਾ।
12 ਪਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਦੰਡ ਦੇਵੇਗਾ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਲੜੀਆਂ। ਉਹ ਉਨ੍ਹਾਂ ਦੇ ਖਿਲਾਫ਼ ਭਿਆਨਕ ਬਿਮਾਰੀ ਭੇਜੇਗਾ। ਉਨ੍ਹਾਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਚਮੜੀ ਗਲ-ਸੜ ਜਾਵੇਗੀ। ਉਨ੍ਹਾਂ ਦੀਆਂ ਅੱਖਾਂ, ਅੱਖਾਂ ਦੀਆਂ ਪੁਤਲੀਆਂ ਅੰਦਰ ਹੀ ਸੜ ਜਾਣਗੀਆਂ ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ ’ਚ ਪਈ ਗਲ ਜਾਵੇਗੀ। 13-15 ਦੁਸ਼ਮਣ ਦੇ ਡਿਹਰੇ ਤੇ ਭਿਆਨਕ ਬਿਮਾਰੀ ਆਵੇਗੀ ਅਤੇ ਉਨ੍ਹਾਂ ਦੇ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਘੇਰੇਗੀ।
ਉਸ ਦਿਨ ਯਹੋਵਾਹ ਦੇ ਵੱਲੋਂ ਉਨ੍ਹਾਂ ਵਿੱਚ ਵੱਡੀ ਹਲਚਲ ਹੋਵੇਗੀ ਉਹ ਆਪੋ-ਆਪਣੇ ਗੁਆਂਢੀ ਦਾ ਹੱਥ ਫ਼ੜਨਗੇ ਅਤੇ ਉਨ੍ਹਾਂ ਦੇ ਹੱਥ ਆਪਣੇ ਗੁਆਂਢੀਆਂ ਦੇ ਵਿਰੁੱਧ ਉੱਠਣਗੇ। ਇੱਥੋਂ ਤੀਕ ਕਿ ਯਹੂਦਾਹ ਯਰੂਸ਼ਲਮ ਦਾ ਵਿਰੋਧ ਕਰੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਢੇਰ ਸਾਰਾ ਸੋਨਾ-ਚਾਂਦੀ ਅਤੇ ਵਸਤਰ ਹੋਣਗੇ। 16 ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ। 17 ਅਤੇ ਜੇਕਰ ਉਹ ਲੋਕ ਇਵੇਂ ਨਾ ਕਰਨਗੇ ਤਾਂ ਯਹੋਵਾਹ ਸਰਬ ਸ਼ਕਤੀਮਾਨ ਉਨ੍ਹਾਂ ਦੇ ਥਾਵਾਂ ਤੇ ਸੋਕਾ ਪਾ ਦੇਵੇਗਾ। 18 ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ। 19 ਉਹ ਮਿਸਰ ਲਈ ਸਜ਼ਾ ਹੋਵੇਗੀ ਅਤੇ ਬਾਕੀ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਡੇਰਿਆਂ ਦੇ ਪਰਬ ਨੂੰ ਮਨਾਉਣ ਨਹੀਂ ਜਾਣਗੇ।
20 ਉਸ ਵੇਲੇ, ਹਰ ਵਸਤੂ ਪਰਮੇਸ਼ੁਰ ਦੀ ਹੋਵੇਗੀ। ਇੱਥੋਂ ਤੀਕ ਕਿ ਉਨ੍ਹਾਂ ਘੋੜਿਆਂ ਦੀਆਂ ਘੰਟੀਆਂ ਉੱਪਰ ਵੀ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ।” ਯਹੋਵਾਹ ਦੇ ਮੰਦਰ ਦੀਆਂ ਦੇਗਾਂ ਉਨ੍ਹਾਂ ਕਟੋਰਿਆਂ ਵਾਂਗ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ। 21 ਅਸਲ ਵਿੱਚ, ਯਰੂਸ਼ਲਮ ਅਤੇ ਯਹੂਦਾਹ ਦੀ ਹਰ ਦੇਗ ਉੱਪਰ ਇਹ ਤਖਤੀ ਹੋਵੇਗੀ, “ਯਹੋਵਾਹ ਸਰਬ ਸ਼ਕਤੀਮਾਨ ਲਈ ਪਵਿੱਤਰ।” ਸਾਰੇ ਬਲੀਆਂ ਚੜ੍ਹਾਉਣ ਵਾਲੇ ਆਉਣਗੇ ਅਤੇ ਉਨ੍ਹਾਂ ਦੇਗਾਂ ਨੂੰ ਲੈ ਕੇ ਉਨ੍ਹਾਂ ਵਿੱਚ ‘ਉਹ ਆਪਣਾ ਖਾਸ ਭੋਜਨ’ ਪਕਾਉਣਗੇ।
ਉਸ ਵੇਲੇ ਕੋਈ ਵੀ ਵਪਾਰੀ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਵਿੱਚ ਕੋਈ ਖਰੀਦ ਵੇਚ ਨਾ ਕਰੇਗਾ।
ਯਿਸੂ ਵੱਲੋਂ ਬਾਰ੍ਹਾਂ ਰਸੂਲਾਂ ਨੂੰ ਭੇਜਣਾ(A)
9 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਰੋਗੀਆਂ ਨੂੰ ਰਾਜੀ ਕਰਨ ਦਾ ਇਖ਼ਤਿਆਰ ਦਿੱਤਾ ਅਤੇ ਸਾਰੇ ਭੂਤਾਂ ਤੇ ਇਖਤਿਆਰ ਦਿੱਤਾ। 2 ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਬਿਮਾਰਾਂ ਨੂੰ ਠੀਕ ਕਰਨ ਲਈ ਬਾਹਰ ਭੇਜਿਆ। 3 ਅਤੇ ਉਸ ਨੇ ਰਸੂਲਾਂ ਨੂੰ ਆਖਿਆ, “ਜਦੋਂ ਤੁਸੀਂ ਸਫ਼ਰ ਕਰੋ ਤਾਂ ਰਾਹ ਲਈ ਕੁਝ ਨਾ ਲਵੋ, ਨਾ ਕੋਈ ਸੋਟੀ, ਨਾ ਝੋਲਾ ਨਾ ਰੋਟੀ ਅਤੇ ਨਾ ਹੀ ਪੈਸੇ। ਸਿਰਫ਼ ਜੋ ਕੱਪੜੇ ਤੁਸੀਂ ਪਾਏ ਹੋਏ ਹਨ ਉਹੀ ਸਫ਼ਰ ਵਿੱਚ ਲੈ ਕੇ ਜਾਵੋ। 4 ਅਤੇ ਜਿਸ ਘਰ ਜਾਵੋ ਅੱਗੇ ਹੋਰ ਜਗ੍ਹਾ ਤੁਰਨ ਤੱਕ ਉੱਥੇ ਹੀ ਰੁਕੋ। 5 ਅਤੇ ਜਿੱਥੇ ਵੀ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਜਦੋਂ ਤੁਸੀਂ ਉਹ ਨਗਰ ਛੱਡੋਂ, ਤਾਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦੇਵੋ।”
6 ਇਉਂ ਰਸੂਲ ਬਾਹਰ ਜਾਕੇ ਹਰ ਇੱਕ ਨਗਰ, ਸ਼ਹਿਰ, ਹਰ ਥਾਂ ਤੇ ਜਾਕੇ ਖੁਸ਼ਖਬਰੀ ਸੁਣਾਉਂਦੇ ਅਤੇ ਲੋਕਾਂ ਦੇ ਰੋਗ ਦੂਰ ਕਰਦੇ।
2010 by World Bible Translation Center