Revised Common Lectionary (Complementary)
23 ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!
ਮੈਂ ਦੂਰ ਨਹੀਂ ਹਾਂ!
24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ।
ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ।
ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।”
ਯਹੋਵਾਹ ਨੇ ਇਹ ਗੱਲਾਂ ਆਖੀਆਂ। 25 “ਇੱਥੇ ਕੁਝ ਨਬੀ ਹਨ ਜਿਹੜੇ ਮੇਰੇ ਨਾਮ ਉੱਤੇ ਝੂਠ ਦਾ ਪ੍ਰਚਾਰ ਕਰਦੇ ਨੇ। ਉਹ ਆਖਦੇ ਨੇ, ‘ਮੈਨੂੰ ਇੱਕ ਸੁਪਨਾ ਆਇਆ ਹੈ! ਮੈਨੂੰ ਇੱਕ ਸੁਪਨਾ ਆਇਆ ਹੈ!’ ਮੈਂ ਉਨ੍ਹਾਂ ਨੂੰ ਇਹ ਗੱਲਾਂ ਆਖਦਿਆਂ ਸੁਣਿਆ। 26 ਕਿੰਨਾ ਕੁ ਚਿਰ ਇਹ ਜਾਰੀ ਰਹੇਗਾ? ਉਹ ਨਬੀ ਝੂਠ ਸੋਚਦੇ ਨੇ। ਅਤੇ ਫ਼ੇਰ ਉਹ ਉਨ੍ਹਾਂ ਝੂਠਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਦੇ ਨੇ। 27 ਇਹ ਨਬੀ ਯਹੂਦਾਹ ਦੇ ਲੋਕਾਂ ਨੂੰ ਮੇਰਾ ਨਾਮ ਭੁਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਇੱਕ ਦੂਜੇ ਨੂੰ ਇਹ ਝੂਠੇ ਸੁਪਨੇ ਸੁਣਾਕੇ ਕਰ ਰਹੇ ਹਨ। ਉਹ ਮੇਰੇ ਲੋਕਾਂ ਨੂੰ ਮੇਰੇ ਨਾਲ ਉਸੇ ਤਰ੍ਹਾਂ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ। ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ ਅਤੇ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰਦੇ ਸਨ। 28 ਤੂੜੀ ਕਣਕ ਵਰਗੀ ਨਹੀਂ ਹੁੰਦੀ! ਓਸੇ ਤਰ੍ਹਾਂ ਉਨ੍ਹਾਂ ਨਬੀਆਂ ਦੇ ਸੁਪਨੇ ਮੇਰੇ ਵੱਲੋਂ ਸੰਦੇਸ਼ ਨਹੀਂ ਹਨ। ਜੇ ਕੋਈ ਬੰਦਾ ਆਪਣੇ ਸੁਪਨੇ ਸੁਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ। ਪਰ ਜਿਹੜਾ ਬੰਦਾ ਮੇਰੇ ਸੰਦੇਸ਼ ਸੁਣਦਾ ਹੈ ਉਸ ਨੂੰ ਸਚਾਈ ਨਾਲ ਮੇਰਾ ਸੰਦੇਸ਼ ਸੁਣਾਉਣਾ ਚਾਹੀਦਾ ਹੈ। 29 ਮੇਰਾ ਸੰਦੇਸ਼ ਅੱਗ ਵਰਗਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ ਇਹ ਉਸ ਹਬੌੜੇ ਵਰਗਾ ਹੈ ਜਿਹੜਾ ਪੱਥਰ ਨੂੰ ਵੀ ਚੂਰ-ਚੂਰ ਕਰ ਦਿੰਦਾ ਹੈ।
ਆਸਾਫ਼ ਦਾ ਇੱਕ ਉਸਤਤਿ ਗੀਤ।
82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
2 ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”
3 “ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
4 ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।
5 “ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
ਢਹਿ-ਢੇਰੀ ਹੋ ਰਹੀ ਹੈ।”
6 ਮੈਂ ਆਖਦਾ, “ਤੁਸੀਂ ਦੇਵਤੇ ਹੋਂ।
ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
7 ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”
8 ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
ਸਾਰੀਆਂ ਕੌਮਾਂ ਦਾ ਨਿਆਂ ਕਰੋ।
29 ਅਤੇ ਉਹ ਲੋਕ ਜਿਨ੍ਹਾਂ ਦੀ ਮੂਸਾ ਨੇ ਅਗਵਾਈ ਕੀਤੀ ਸੀ ਸਾਰੇ ਲਾਲ ਸਮੁੰਦਰ ਵਿੱਚੋਂ ਸੁੱਕੀ ਧਰਤੀ ਉਤੋਂ ਲੰਘ ਗਏ। ਉਹ ਅਜਿਹਾ ਕਰਨ ਦੇ ਯੋਗ ਇਸ ਲਈ ਹੋ ਸੱਕੇ ਕਿਉਂਕਿ ਉਨ੍ਹਾਂ ਨੂੰ ਨਿਹਚਾ ਸੀ। ਮਿਸਰੀਆਂ ਨੇ ਵੀ ਸਮੁੰਦਰ ਵਿੱਚੋਂ ਗੁਜ਼ਰਨਾ ਚਾਹਿਆ ਪਰ ਉਹ ਸਾਰੇ ਡੁੱਬ ਮਰੇ।
30 ਅਤੇ ਯਰੀਹੋ ਦੀਆਂ ਕੰਧਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਸ਼ਵਾਸ ਕਾਰਣ ਢੱਠ ਗਈਆਂ। ਲੋਕਾਂ ਨੇ ਯਰੀਹੋ ਦੀਆਂ ਕੰਧਾਂ ਦੁਆਲੇ ਸੱਤ ਦਿਨ ਤੱਕ ਮਾਰਚ ਕੀਤੀ ਅਤੇ ਕੰਧਾਂ ਢੱਠ ਗਈਆਂ।
31 ਅਤੇ ਵੇਸਵਾ ਰਹਾਬ ਨੇ ਇਜ਼ਰਾਏਲੀ ਜਾਸੂਸਾਂ ਦਾ ਸੁਆਗਤ ਕੀਤਾ ਅਤੇ ਮਿੱਤਰਾਂ ਵਾਂਗ ਉਨ੍ਹਾਂ ਦੀ ਸਹਾਇਤਾ ਕੀਤੀ। ਅਤੇ ਆਪਣੀ ਨਿਹਚਾ ਕਾਰਣ ਉਹ ਉਨ੍ਹਾਂ ਹੋਰ ਲੋਕਾਂ ਨਾਲ ਮਾਰੀ ਨਹੀਂ ਗਈ ਜਿਨ੍ਹਾਂ ਨੇ ਆਗਿਆ ਨਹੀਂ ਮੰਨੀ।
32 ਕੀ ਮੇਰੇ ਵੱਲੋਂ ਤੁਹਾਨੂੰ ਹੋਰ ਉਦਾਹਰਣਾਂ ਦੇਣ ਦੀ ਲੋੜ ਹੈ? ਤੁਹਾਨੂੰ ਗਿਦਾਊਨ, ਬਾਰਕ, ਸਮਸੂਨ, ਯਿਫ਼ਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਲਈ ਮੇਰੇ ਕੋਲ ਘੱਟ ਸਮਾਂ ਹੈ। 33 ਇਨ੍ਹਾਂ ਸਾਰੇ ਲੋਕਾਂ ਨੂੰ ਵਿਸ਼ਵਾਸ ਸੀ। ਉਨ੍ਹਾਂ ਨੇ ਆਪਣੇ ਵਿਸ਼ਵਾਸ ਨਾਲ ਹਕੂਮਤਾਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਨਿਹਚਾ ਦੁਆਰਾ ਸ਼ੇਰਾਂ ਨੂੰ ਮੂੰਹ ਬੰਦ ਕਰ ਦਿੱਤੇ। 34 ਕੁਝ ਲੋਕਾਂ ਨੇ ਭਿਆਨਕ ਅੱਗਾਂ ਬੁਝਾ ਦਿੱਤੀਆਂ ਅਤੇ ਦੂਸਰੇ ਤਲਵਾਰਾਂ ਨਾਲ ਮਾਰੇ ਜਾਣ ਤੋਂ ਬਚ ਗਏ। ਉਨ੍ਹਾਂ ਨੇ ਇਹ ਸਭ ਆਪਣੀ ਨਿਹਚਾ ਦੇ ਕਾਰਣ ਕੀਤਾ। ਜਿਹੜੇ ਲੋਕ ਕਮਜ਼ੋਰ ਸਨ ਉਹ ਨਿਹਚਾ ਦੁਆਰਾ ਬਲਵਾਨ ਬਣਾਏ ਗਏ ਸਨ। ਉਹ ਜੰਗ ਵਿੱਚ ਸ਼ਕਤੀਸ਼ਾਲੀ ਬਣ ਗਏ ਅਤੇ ਦੁਸ਼ਮਣ ਦੀਆਂ ਫ਼ੌਜਾਂ ਨੂੰ ਬਾਹਰ ਭਜਾ ਦਿੱਤਾ। 35 ਜਿਹੜੇ ਲੋਕ ਮਾਰੇ ਗਏ ਉਹ ਉਨ੍ਹਾਂ ਦੀ ਮੌਤ ਤੋਂ ਜਿਵਾਲੇ ਗਏ, ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਹਵਾਲੇ ਕਰ ਦਿੱਤੇ ਗਏ। ਹੋਰਨਾਂ ਲੋਕਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੇ ਆਪਣੀ ਰਿਹਾਈ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਮੌਤ ਤੋਂ ਜੀਵਨ ਵੱਲ ਜਿਵਾਲ ਕੇ ਬਿਹਤਰ ਜੀਵਨ ਪ੍ਰਾਪਤ ਹੋ ਸੱਕੇ। 36 ਕੁਝ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਕੋੜਿਆਂ ਨਾਲ ਮਾਰੇ ਗਏ। ਹੋਰਨਾਂ ਲੋਕਾਂ ਨੂੰ ਬੰਨ੍ਹ ਕੇ ਕੈਦ ਵਿੱਚ ਸੁੱਟ ਦਿੱਤਾ ਗਿਆ। 37 ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਉਨ੍ਹਾਂ ਨੂੰ ਤਲਵਾਰ ਰਾਹੀਂ ਕਤਲ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਭੇਡਾਂ ਅਤੇ ਬੱਕਰੀਆਂ ਦੀਆਂ ਖਲਾਂ ਪਾ ਲਈਆਂ ਅਤੇ ਭਟਕਣ ਲੱਗੇ। ਉਹ ਗਰੀਬ, ਸਤਾਏ ਹੋਏ, ਅਤੇ ਹੋਰਾਂ ਦੁਆਰਾ ਬਦਸਲੂਕੀ ਕੀਤੀ ਹੋਏ ਸਨ। 38 ਇਨ੍ਹਾਂ ਮਹਾਨ ਲੋਕਾਂ ਲਈ ਦੁਨੀਆਂ ਕਾਫ਼ੀ ਨਹੀਂ ਸੀ। ਇਹ ਲੋਕ ਮਾਰੂਥਲਾਂ ਅਤੇ ਪਰਬਤਾਂ ਵਿੱਚ ਭਟਕਦੇ ਰਹੇ ਅਤੇ ਗੁਫ਼ਾਵਾਂ ਅਤੇ ਧਰਤੀ ਦੇ ਘੁਰਨਿਆਂ ਵਿੱਚ ਰਹਿੰਦੇ ਰਹੇ।
39 ਇਹ ਸਾਰੇ ਲੋਕ ਆਪਣੀ ਨਿਹਚਾ ਲਈ ਮਸ਼ਹੂਰ ਹੋ ਗਏ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਹ ਪ੍ਰਾਪਤ ਨਹੀਂ ਕੀਤਾ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। 40 ਪਰਮੇਸ਼ੁਰ ਨੇ ਸਾਨੂੰ ਕੁਝ ਬਿਹਤਰ ਦੇਣ ਦੀ ਵਿਉਂਤ ਬਣਾਈ। ਉਹ ਇਨ੍ਹਾਂ ਲੋਕਾਂ ਨੂੰ ਸਾਡੇ ਸਮੇਤ ਸੰਪੂਰਣ ਬਨਾਉਣਾ ਸੀ।
ਸਾਨੂੰ ਯਿਸੂ ਦੀ ਮਿਸਾਲ ਤੇ ਚੱਲਣਾ ਚਾਹੀਦਾ
12 ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦਸੱਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌੜ ਲਾਉਣੀ ਚਾਹੀਦੀ ਹੈ ਜਿਹੜੀ ਸਾਡੇ ਸਾਹਮਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹੜੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਆਸਾਨੀ ਨਾਲ ਫ਼ੜ ਲੈਂਦਾ ਹੈ। 2 ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।
ਲੋਕ ਯਿਸੂ ਬਾਰੇ ਅਸਹਿਮਤ ਹੋਣਗੇ(A)
49 ਯਿਸੂ ਲਗਾਤਾਰ ਕਹਿੰਦਾ ਰਿਹਾ, “ਮੈਂ ਇਸ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਹੁਣ ਤੱਕ ਇਹ ਜਲ ਰਹੀ ਹੁੰਦੀ। 50 ਮੈਨੂੰ ਇੱਕ ਅਜਿਹਾ ਬਪਤਿਸਮਾ ਲੈਣਾ ਪਵੇਗਾ, ਜੋ ਵੱਖਰੀ ਤਰ੍ਹਾਂ ਦਾ ਹੈ ਅਤੇ ਜਦੋਂ ਤੱਕ ਇਹ ਪੂਰਨ ਨਹੀਂ ਹੁੰਦਾ ਮੈਨੂੰ ਕਸ਼ਟ ਹੋਵੇਗਾ। 51 ਤੁਸੀਂ ਕੀ ਸੋਚਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਦੇਣ ਆਇਆ ਹਾਂ? ਨਹੀਂ! ਮੈਂ ਦੁਨੀਆਂ ਨੂੰ ਵੰਡਣ ਆਇਆ ਹਾਂ। 52 ਹੁਣ ਤੋਂ ਬਾਦ ਪੰਜਾਂ ਜਾਣਿਆਂ ਦੇ ਘਰ ਨੂੰ ਇੱਕ-ਦੂਸਰੇ ਦੇ ਵਿਰੁੱਧ ਵੰਡਿਆ ਜਾਵੇਗਾ। ਤਿੰਨ ਦੋਹਾਂ ਦੇ ਵਿਰੁੱਧ ਹੋਣਗੇ ਅਤੇ ਦੋ ਤਿੰਨਾ ਦੇ ਵਿਰੁੱਧ।
53 ਪਿਤਾ ਅਤੇ ਪੁੱਤਰ ਵਿੱਚ ਵੰਡ ਪੈ ਜਾਵੇਗੀ
ਪੁੱਤਰ ਪਿਉ ਦੇ ਵਿਰੁੱਧ ਹੋ
ਜਾਵੇਗਾ ਅਤੇ ਪਿਉ ਪੁੱਤਰ ਦੇ।
ਮਾਂ ਅਤੇ ਧੀ ਵਿੱਚ ਵੀ ਵੰਡ ਪੈ ਜਾਵੇਗੀ
ਮਾਂ ਧੀ ਦੇ ਅਤੇ ਧੀ
ਮਾਂ ਦੇ ਵਿਰੁੱਧ ਹੋ ਜਾਵੇਗੀ।
ਸੱਸ ਅਤੇ ਨੂੰਹ ਵਿੱਚ ਵੀ ਵੰਡ ਪੈ ਜਾਵੇਗੀ।
ਸੱਸ ਆਪਣੀ ਨੂੰਹ ਦੇ ਅਤੇ ਨੂੰਹ ਆਪਣੀ
ਸੱਸ ਦੇ ਵਿਰੁੱਧ ਹੋ ਜਾਵੇਗੀ।”
ਵਕਤ ਨੂੰ ਸਮਝਣਾ(B)
54 ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਲਹਿੰਦੇ ਪਾਸਿਓ ਬੱਦਲ ਉੱਠਦਾ ਵੇਖਦੇ ਹੋ ਤਾਂ ਆਖਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਨਿਸ਼ਚਿਤ ਹੀ ਮੀਂਹ ਪੈਂਦਾ ਹੈ। 55 ਜਦੋਂ ਤੁਸੀਂ ਦੱਖਣ ਵੱਲੋਂ ਹਵਾ ਵਗਦੀ ਮਹਿਸੂਸ ਕਰਦੇ ਹੋ ਤਾਂ ਆਖਦੇ ਹੋ, ‘ਅੱਜ ਗਰਮੀ ਹੋਵੇਗੀ’, ਅਤੇ ਹਾਂ, ਤੁਸੀਂ ਠੀਕ ਆਖਦੇ ਹੋ। 56 ਕਪਟੀਓ! ਜੇਕਰ ਤੁਸੀਂ ਮੌਸਮ ਦੇ ਸੰਕੇਤ ਸਮਝ ਸੱਕਦੇ ਹੋ ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਸਮਝ ਸੱਕਦੇ ਜੋ ਹੁਣ ਵਾਪਰ ਰਿਹਾ ਹੈ?
2010 by World Bible Translation Center