Revised Common Lectionary (Complementary)
ਦਾਊਦ ਦਾ ਇੱਕ ਭੱਗਤੀ ਗੀਤ।
32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ
ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
8 ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
9 ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”
10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।
30 ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ। 31 ਮੈਂ ਝੂਠੇ ਨਬੀਆਂ ਦੇ ਵਿਰੁੱਧ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਹ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਅਤੇ ਬਹਾਨਾ ਕਰਦੇ ਨੇ ਇਹ ਮੇਰੇ ਵੱਲੋਂ ਸੰਦੇਸ਼ ਹੈ। 32 ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਜਿਹੜੇ ਨਕਲੀ ਸੁਪਨਿਆਂ ਦਾ ਪ੍ਰਚਾਰ ਕਰਦੇ ਹਨ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਨ੍ਹਾਂ ਨੇ ਮੇਰੇ ਬੰਦਿਆਂ ਨੂੰ ਆਪਣੇ ਝੂਠਾਂ ਅਤੇ ਝੂਠੀਆਂ ਸਿੱਖਿਆਵਾਂ ਰਾਹੀਂ ਗੁਮਰਾਹ ਕੀਤਾ। ਮੈਂ ਉਨ੍ਹਾਂ ਨਬੀਆਂ ਨੂੰ ਲੋਕਾਂ ਨੂੰ ਸਿੱਖਿਆ ਦੇਣ ਲਈ ਨਹੀਂ ਸੀ ਭੇਜਿਆ। ਮੈਂ ਉਨ੍ਹਾਂ ਨੂੰ ਕਦੇ ਵੀ ਆਦੇਸ਼ ਨਹੀਂ ਸੀ ਦਿੱਤਾ ਕਿ ਉਹ ਮੇਰੇ ਲਈ ਕੁਝ ਕਰਨ। ਉਹ ਯਹੂਦਾਹ ਦੇ ਲੋਕਾਂ ਦੀ ਬਿਲਕੁਲ ਕੋਈ ਸਹਾਇਤਾ ਨਹੀਂ ਕਰ ਸੱਕਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਯਹੋਵਾਹ ਵੱਲੋਂ ਉਦਾਸ ਸੰਦੇਸ਼
33 “ਯਹੂਦਾਹ ਦੇ ਲੋਕ, ਕੋਈ ਨਬੀ ਜਾਂ ਕੋਈ ਜਾਜਕ ਤੈਨੂੰ ਪੁੱਛ ਸੱਕਦਾ ਹੈ, ‘ਯਿਰਮਿਯਾਹ, ਯਹੋਵਾਹ ਦਾ ਬੋਝ ਕੀ ਹੈ?’ ਤੂੰ ਉਨ੍ਹਾਂ ਨੂੰ ਜਵਾਬ ਦੇਵੇਂਗਾ ਅਤੇ ਆਖੇਂਗਾ, ‘ਤੁਸੀਂ ਯਹੋਵਾਹ ਲਈ ਭਾਰੀ ਬੋਝ [a] ਹੋ। ਅਤੇ ਮੈਂ ਇਹ ਬੋਝ ਲਾਹ ਕੇ ਸੁੱਟ ਦੇਵਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
34 “ਕੋਈ ਨਬੀ, ਕੋਈ ਜਾਜਕ ਜਾਂ ਹੋ ਸੱਕਦਾ ਹੈ ਕਿ ਲੋਕਾਂ ਵਿੱਚੋਂ ਕੋਈ ਇਹ ਆਖੇ, ‘ਇਹ ਬੋਝ ਯਹੋਵਾਹ ਵੱਲੋਂ ਹੈ।’ ਉਸ ਬੰਦੇ ਨੇ ਝੂਠ ਬੋਲਿਆ ਸੀ, ਇਸ ਲਈ ਮੈਂ ਉਸ ਬੰਦੇ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਵਾਂਗਾ। 35 ਤੁਸੀਂ ਇੱਕ ਦੂਸਰੇ ਨੂੰ ਇਹ ਆਖੋਗੇ, ‘ਯਹੋਵਾਹ ਨੇ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 36 ਪਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਆਖੋਗੇ, ‘ਯਹੋਵਾਹ ਦਾ ਬੋਝ।’ֹ ਇਹ ਇਸ ਲਈ ਹੈ ਕਿਉਂ ਕਿ ਯਹੋਵਾਹ ਦਾ ਸੰਦੇਸ਼ ਕਿਸੇ ਲਈ ਬੋਝ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਆਪਣੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਬਦਲ ਦਿੱਤਾ। ਉਹ ਜੀਵਿਤ ਪਰਮੇਸ਼ੁਰ ਹੈ, ਸਰਬ ਸ਼ਕਤੀਮਾਨ ਯਹੋਵਾਹ!
37 “ਜੇ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਸੇ ਨਬੀ ਨੂੰ ਪੁੱਛੋ, ‘ਯਹੋਵਾਹ ਨੇ ਤੈਨੂੰ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 38 ਪਰ ਇਹ ਨਾ ਆਖੋ, ‘ਯਹੋਵਾਹ ਵੱਲੋਂ ਬੋਝ ਕੀ ਸੀ?’ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਂਗੇ ਤਾਂ ਯਹੋਵਾਹ ਤੁਹਾਨੂੰ ਇਹ ਗੱਲਾਂ ਆਖੇਗਾ: ‘ਤੁਹਾਨੂੰ ਮੇਰੇ ਸੰਦੇਸ਼ ਨੂੰ “ਮੇਰੇ ਵੱਲੋਂ ਬੋਝ” ਨਹੀਂ ਆਖਣਾ ਚਾਹੀਦਾ ਸੀ। ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨ ਲਈ ਆਖਿਆ ਸੀ। 39 ਪਰ ਤੁਸੀਂ ਮੇਰੇ ਸੰਦੇਸ਼ ਨੂੰ ਬੋਝ ਆਖਿਆ, ਇਸ ਲਈ ਮੈਂ ਤੁਹਾਨੂੰ ਬੋਝ ਵਾਂਗ ਚੁੱਕਾਂਗਾ ਅਤੇ ਆਪਣੇ ਤੋਂ ਦੂਰ ਸੁੱਟ ਦਿਆਂਗਾ। ਮੈਂ ਯਰੂਸ਼ਲਮ ਦਾ ਸ਼ਹਿਰ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। ਪਰ ਮੈਂ ਤੁਹਾਨੂੰ ਅਤੇ ਉਸ ਸ਼ਹਿਰ ਨੂੰ ਆਪਣੇ ਕੋਲੋਂ ਦੂਰ ਸੁੱਟ ਦਿਆਂਗਾ। 40 ਅਤੇ ਮੈਂ ਤੁਹਾਨੂੰ ਸਦਾ ਲਈ ਸ਼ਰਮਸਾਰ ਕਰ ਦਿਆਂਗਾ। ਤੁਸੀਂ ਕਦੇ ਵੀ ਆਪਣੀ ਨਮੋਸ਼ੀ ਨੂੰ ਭੁੱਲ ਨਹੀਂ ਸੱਕੋਗੇ।’”
ਝੂਠੇ ਪ੍ਰਚਾਰਕਾਂ ਤੋਂ ਸਾਵੱਧਾਨ ਰਹੋ
4 ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। 2 ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3 ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।
4 ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5 ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6 ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ।
2010 by World Bible Translation Center