Revised Common Lectionary (Complementary)
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
ਇੱਕ ਬੰਦਾ ਛੁੱਟੀ ਵਾਲੇ ਦਿਨ ਕੰਮ ਕਰਦਾ ਹੈ
32 ਇਸ ਸਮੇਂ ਇਸਰਾਏਲ ਦੇ ਲੋਕ ਹਾਲੇ ਵੀ ਮਾਰੂਥਲ ਅੰਦਰ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਨੇ ਬਾਲਣ ਲਈ ਕੁਝ ਲੱਕੜ ਲੱਭੀ। ਇਸ ਤਰ੍ਹਾਂ ਉਹ ਆਦਮੀ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਜਦੋਂ ਕਿ ਇਹ ਦਿਨ ਸਬਤ ਦਾ ਸੀ। ਕੁਝ ਹੋਰਨਾਂ ਲੋਕਾਂ ਨੇ ਉਸ ਨੂੰ ਅਜਿਹਾ ਕਰਦਿਆਂ ਦੇਖਿਆ। 33 ਜਿਹੜੇ ਲੋਕਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦਿਆ ਦੇਖਿਆ ਸੀ ਉਹ ਉਸ ਨੂੰ ਮੂਸਾ ਅਤੇ ਹਾਰੂਨ ਕੋਲ ਲੈ ਆਏ। ਅਤੇ ਸਾਰੇ ਲੋਕ ਆਲੇ-ਦੁਆਲੇ ਇਕੱਠੇ ਹੋ ਗਏ। 34 ਉਨ੍ਹਾਂ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸ ਨੂੰ ਸਜ਼ਾ ਕਿਵੇਂ ਦੇਣ।
35 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।” 36 ਇਸ ਲਈ ਲੋਕ ਉਸ ਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਬਿਧੀਆਂ ਚੇਤੇ ਰੱਖਣ ਵਿੱਚ ਸਹਾਇਤਾ ਕਰਦਾ ਹੈ
37 ਯਹੋਵਾਹ ਨੇ ਮੂਸਾ ਨੂੰ ਆਖਿਆ, 38 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ। 39 ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ। 40 ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰੱਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ। 41 ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।”
3 ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸ ਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ।
ਪਰਮੇਸ਼ੁਰ ਇੱਕ ਪਿਤਾ ਵਾਂਗ ਹੈ
4 ਤੁਸੀਂ ਪਾਪ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ, ਪਰ ਤੁਹਾਡੇ ਸੰਘਰਸ਼ ਅਜੇ ਤੁਹਾਡੇ ਮਾਰੇ ਜਾਣ ਦਾ ਕਾਰਣ ਨਹੀਂ ਬਣੇ। 5 ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸੱਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ:
“ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁੱਛ ਨਾ ਜਾਣੀ।
ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ।
6 ਪ੍ਰਭੂ ਉਸ ਨੂੰ ਸਹੀ ਕਰਦਾ ਜਿਸ ਨੂੰ ਉਹ ਪਿਆਰ ਕਰਦਾ ਹੈ,
ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸ ਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।” (A)
7 ਇਸ ਲਈ ਦੁੱਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ। 8 ਸਾਰੇ ਬੱਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ। 9 ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ। 10 ਸਾਡੇ ਧਰਤੀ ਉੱਪਰਲੇ ਪਿਉਵਾਂ ਨੇ ਸਾਨੂੰ ਥੋੜੇ ਸਮੇਂ ਲਈ ਅਨੁਸ਼ਾਸਿਤ ਕੀਤਾ। ਉਨ੍ਹਾਂ ਨੇ ਸਾਨੂੰ ਉਸੇ ਢੰਗ ਵਿੱਚ ਅਨੁਸ਼ਾਸਿਤ ਕੀਤਾ ਜਿਹੜਾ ਉਨ੍ਹਾਂ ਨੇ ਸਭ ਤੋਂ ਉੱਤਮ ਸਮਝਿਆ। ਪਰ ਪਰਮੇਸ਼ੁਰ ਸਾਡੀ ਸਹਾਇਤਾ ਕਰਨ ਲਈ ਸਾਨੂੰ ਸਜ਼ਾ ਦਿੰਦਾ ਹੈ, ਤਾਂ ਜੋ ਅਸੀਂ ਉਸੇ ਵਾਂਗ ਪਵਿੱਤਰ ਬਣ ਸੱਕੀਏ। 11 ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿੱਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।
ਆਪਣੇ ਜੀਵਨ ਢੰਗ ਬਾਰੇ ਸਾਵੱਧਾਨ ਰਹੋ
12 ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ। 13 ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸੱਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।
14 ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ। 15 ਸਾਵੱਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌੜੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸੱਕਦਾ ਹੈ। 16 ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵੱਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸ ਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ। 17 ਯਾਦ ਕਰੋ ਕਿ ਇਹ ਕਰਨ ਤੋਂ ਬਾਦ ਏਸਾਉ ਨੇ ਚਾਹਿਆ ਕਿ ਉਹ ਆਪਣੇ ਪਿਤਾ ਦੀ ਅਸੀਸ ਲਵੇ। ਏਸਾਉ ਇਹ ਅਸੀਸ ਇੰਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਉਹ ਰੋ ਪਿਆ। ਪਰ ਉਸ ਦੇ ਪਿਤਾ ਨੇ ਉਸ ਨੂੰ ਅਸੀਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਏਸਾਉ ਦੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਸੀ ਜਿਸ ਨਾਲ ਉਹ ਆਪਣੇ ਕੀਤੇ ਨੂੰ ਤਬਦੀਲ ਕਰ ਸੱਕਦਾ।
2010 by World Bible Translation Center