Old/New Testament
ਯਿਰਮਿਯਾਹ ਅਤੇ ਪਸ਼ਹੂਰ
20 ਪਸ਼ਹੂਰ ਨਾਂ ਦਾ ਇੱਕ ਜਾਜਕ ਸੀ। ਉਹ ਯਹੋਵਾਹ ਦੇ ਮੰਦਰ ਦਾ ਸਰਬ ਉੱਚ ਅਧਿਕਾਰੀ ਸੀ। ਪਸ਼ਹੂਰ ਇੰਮੇਰ ਨਾਂ ਦੇ ਬੰਦੇ ਦਾ ਪੁੱਤਰ ਸੀ। ਪਸ਼ਹੂਰ ਨੇ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਿਆਂ ਸੁਣਿਆ। 2 ਇਸ ਲਈ ਉਸ ਨੇ ਨਬੀ ਯਿਰਮਿਯਾਹ ਨੂੰ ਕੁਟਵਾ ਦਿੱਤਾ। ਅਤੇ ਉਸ ਨੇ ਯਿਰਮਿਯਾਹ ਦੇ ਹੱਥਾਂ ਪੈਰਾਂ ਨੂੰ ਲੱਕੜੀ ਦੇ ਵੱਡੇ ਫ਼ਟਿਆਂ ਵਿੱਚਕਾਰ ਬੰਨ੍ਹਵਾ ਦਿੱਤਾ। ਇਹ ਘਟਨਾ ਬਿਨਯਾਮੀਨ ਮੰਦਰ ਦੇ ਉੱਪਰ ਵੱਲ ਦੇ ਦਰਵਾਜ਼ੇ ਤੇ ਵਾਪਰੀ। 3 ਅਗਲੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਲੱਕੜ ਦੇ ਫ਼ਟਿਆਂ ਵਿੱਚੋਂ ਬਾਹਰ ਕੱਢਿਆ। ਤਾਂ ਯਿਰਮਿਯਾਹ ਨੇ ਪਸ਼ਹੂਰ ਨੂੰ ਆਖਿਆ, “ਤੇਰੇ ਲਈ ਯਹੋਵਾਹ ਦਾ ਨਾਮ ਪਸ਼ਹੂਰ ਨਹੀਂ। ਹੁਣ ਯਹੋਵਾਹ ਦਾ ਤੇਰੇ ਲਈ ਨਾਮ ਹੈ ‘ਚੁਫ਼ੇਰੇ ਦਾ ਆਤੰਕ।’ 4 ਇਹੀ ਤੇਰਾ ਨਾਮ ਹੈ, ਕਿਉਂ ਕਿ ਯਹੋਵਾਹ ਆਖਦਾ ਹੈ, ‘ਮੈਂ ਛੇਤੀ ਤੈਨੂੰ ਤੇਰੇ ਆਪਣੇ ਲਈ ਆਤੰਕ ਬਣਾ ਦਿਆਂਗਾ। ਛੇਤੀ ਹੀ ਮੈਂ ਤੈਨੂੰ ਤੇਰੇ ਸਾਰੇ ਦੋਸਤਾਂ ਲਈ ਆਤੰਕ ਬਣਾ ਦਿਆਂਗਾ। ਤੂੰ ਦੁਸ਼ਮਣਾਂ ਨੂੰ ਆਪਣੇ ਦੋਸਤਾਂ ਨੂੰ ਤਲਵਾਰ ਨਾਲ ਮਾਰਦਿਆਂ ਦੇਖੇਂਗਾ। ਮੈਂ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਉਹ ਯਹੂਦਾਹ ਦੇ ਲੋਕਾਂ ਨੂੰ ਦੂਰ ਬਾਬਲ ਦੇਸ਼ ਵਿੱਚ ਲੈ ਜਾਵੇਗਾ। ਅਤੇ ਉਸਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਵੇਗੀ। 5 ਯਰੂਸ਼ਲਮ ਦੇ ਲੋਕਾਂ ਨੇ ਸਖਤ ਮਿਹਨਤ ਕਰਕੇ ਚੀਜ਼ਾਂ ਬਣਾਈਆਂ ਸਨ ਅਤੇ ਅਮੀਰ ਹੋ ਗਏ ਸਨ। ਪਰ ਮੈਂ ਉਹ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਯਰੂਸ਼ਲਮ ਦੇ ਰਾਜੇ ਕੋਲ ਬਹੁਤ ਖਜ਼ਾਨੇ ਹਨ। ਪਰ ਮੈਂ ਉਹ ਸਾਰੇ ਖਜ਼ਾਨੇ ਦੁਸ਼ਮਣ ਨੂੰ ਦੇ ਦਿਆਂਗਾ। ਦੁਸ਼ਮਣ ਉਨ੍ਹਾਂ ਚੀਜ਼ਾਂ ਨੂੰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਦੂਰ ਬਾਬਲ ਦੇ ਦੇਸ਼ ਵਿੱਚ ਲੈ ਜਾਵੇਗਾ। 6 ਅਤੇ ਪਸ਼ਹੂਰ, ਤੂੰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਬੰਦੇ ਫ਼ੜ ਲੇ ਜਾਣਗੇ। ਤੁਹਾਨੂੰ ਬਾਬਲ ਦੇਸ਼ ਵਿੱਚ ਜਾਕੇ ਰਹਿਣ ਲਈ ਮਜ਼ਬੂਰ ਕੀਤਾ ਜਾਵੇਗਾ। ਤੁਸੀਂ ਬਾਬਲ ਵਿੱਚ ਮਰੋਗੇ। ਅਤੇ ਤੁਹਾਨੂੰ ਉਸੇ ਬਾਹਰਲੇ ਦੇਸ਼ ਵਿੱਚ ਦਫ਼ਨਾਇਆ ਜਾਵੇਗਾ। ਤੂੰ ਆਪਣੇ ਦੋਸਤਾਂ ਨੂੰ ਝੂਠ ਦਾ ਪ੍ਰਚਾਰ ਕੀਤਾ। ਤੂੰ ਆਖਿਆ ਸੀ ਕਿ ਇਹ ਗੱਲਾਂ ਨਹੀਂ ਵਾਪਰਨਗੀਆਂ। ਪਰ ਤੇਰੇ ਸਾਰੇ ਦੋਸਤ ਵੀ ਛੇਤੀ ਹੀ ਮਰ ਜਾਣਗੇ ਅਤੇ ਬਾਬਲ ਵਿੱਚ ਦਫ਼ਨਾਏ ਜਾਣਗੇ।’”
ਯਿਰਮਿਯਾਹ ਦੀ ਪੰਜਵੀਂ ਸ਼ਿਕਾਇਤ
7 ਯਹੋਵਾਹ ਜੀ, ਤੁਸੀਂ ਮੇਰੇ ਨਾਲ ਚਲਾਕੀ ਕੀਤੀ, ਅਤੇ ਯਕੀਨਨ ਮੈਂ ਮੂਰਖ ਬਣਿਆ।
ਤੁਸੀਂ ਮੇਰੇ ਨਾਲੋਂ ਤਾਕਤਵਰ ਹੋ ਇਸ ਲਈ ਤੁਸੀਂ ਜਿੱਤ ਗਏ।
ਮੈਂ ਇੱਕ ਮਜ਼ਾਕ ਬਣ ਗਿਆ ਹਾਂ।
ਲੋਕ ਮੇਰੇ ਉੱਤੇ ਹੱਸਦੇ ਨੇ ਅਤੇ ਦਿਨ ਭਰ ਮੇਰਾ ਮਜ਼ਾਕ ਉਡਾਉਂਦੇ ਨੇ।
8 ਹਰ ਵਾਰੀ ਜਦੋਂ ਮੈਂ ਬੋਲਦਾ ਹਾਂ, ਮੈਂ ਕੂਕਦਾ ਹਾਂ।
ਮੈਂ ਹਮੇਸ਼ਾ, ਹਿੰਸਾ ਅਤੇ ਤਬਾਹੀ ਬਾਰੇ ਕੂਕਦਾ ਰਹਿੰਦਾ ਹਾਂ।
ਮੈਂ ਲੋਕਾਂ ਨੂੰ ਉਸ ਸੰਦੇਸ਼ ਬਾਰੇ ਦੱਸਦਾ ਹਾਂ, ਜਿਹੜਾ ਮੈਨੂੰ ਯਹੋਵਾਹ ਕੋਲੋਂ ਮਿਲਿਆ ਸੀ।
ਪਰ ਲੋਕ ਸਿਰਫ਼ ਮੈਨੂੰ ਬੇਇੱਜ਼ਤ ਕਰਦੇ ਨੇ ਅਤੇ ਮੇਰਾ ਮਜ਼ਾਕ ਉਡਾਉਂਦੇ ਨੇ।
9 ਕਦੇ-ਕਦੇ ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਮੈਂ ਯਹੋਵਾਹ ਬਾਰੇ ਭੁੱਲ ਜਾਵਾਂਗਾ।
ਮੈਂ ਫ਼ੇਰ ਕਦੇ ਯਹੋਵਾਹ ਦੇ ਨਾਮ ਉੱਤੇ ਨਹੀਂ ਬੋਲਾਂਗਾ।”
ਪਰ ਜਦੋਂ ਮੈਂ ਇਹ ਆਖਦਾ ਹਾਂ, ਯਹੋਵਾਹ ਦਾ ਸੰਦੇਸ਼, ਮੇਰੇ ਅੰਦਰ ਅੱਗ ਵਰਗਾ ਬਲਦਾ ਹੋਇਆ ਹੁੰਦਾ ਹੈ!
ਇਹ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੇਰੀਆਂ ਹੱਡੀਆਂ ਅੰਦਰ ਡੂੰਘਾ ਬਲ ਰਿਹਾ ਹੋਵੇ!
ਮੈਂ ਯਹੋਵਾਹ ਦੇ ਸੰਦੇਸ਼ ਨੂੰ ਆਪਣੇ ਅੰਦਰ ਰੋਕ ਕੇ ਰੱਖਦਿਆਂ ਬਕੱ ਜਾਂਦਾ ਹਾਂ।
ਅਤੇ ਆਖਰਕਾਰ ਮੈਂ ਇਸ ਨੂੰ ਅੰਦਰ ਨਹੀਂ ਰੋਕ ਸੱਕਦਾ।
10 ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ।
ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ।
ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ।
ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ।
ਉਹ ਆਖ ਰਹੇ ਨੇ, “ਆਓ ਝੂਠ ਬੋਲੀਏ ਅਤੇ ਆਖੀਏ ਕਿ ਉਸ ਨੇ ਕੁਝ ਮੰਦਾ ਕੀਤਾ ਸੀ,
ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ।
ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ।
ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ।
ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।”
11 ਪਰ ਯਹੋਵਾਹ ਮੇਰੇ ਅੰਗ-ਸੰਗ ਹੈ।
ਯਹੋਵਾਹ ਮਜ਼ਬੂਤ ਸਿਪਾਹੀ ਵਰਗਾ ਹੈ।
ਇਸ ਲਈ ਉਹ ਲੋਕ ਡਿੱਗ ਪੈਣਗੇ ਜਿਹੜੇ ਮੇਰਾ ਪਿੱਛਾ ਕਰ ਰਹੇ ਨੇ।
ਉਹ ਲੋਕ ਮੈਨੂੰ ਹਰਾਉਣਗੇ ਨਹੀਂ।
ਉਹ ਲੋਕ ਅਸਫ਼ਲ ਹੋ ਜਾਣਗੇ।
ਉਹ ਲੋਕ ਨਿਰਾਸ਼ ਹੋਣਗੇ।
ਉਹ ਲੋਕ ਸ਼ਰਮਸਾਰ ਹੋ ਜਾਣਗੇ।
ਅਤੇ ਲੋਕ ਉਸ ਸ਼ਰਮਿੰਦਗੀ ਨੂੰ ਕਦੇ ਵੀ ਨਹੀਂ ਭੁੱਲਣਗੇ।
12 ਸਰਬ-ਸ਼ਕਤੀਮਾਨ ਯਹੋਵਾਹ ਤੁਸੀਂ ਨੇਕ ਬੰਦਿਆਂ ਦਾ ਇਮਤਿਹਾਨ ਲੈਂਦੇ ਹੋ।
ਤੁਸੀਂ ਬੰਦੇ ਦੇ ਮਨ ਅੰਦਰ ਧੁਰ ਵੇਖਦੇ ਹੋ।
ਮੈਂ ਤੁਹਾਨੂੰ ਉਨ੍ਹਾਂ ਲੋਕਾਂ ਵਿਰੁੱਦ ਆਪਣੀਆਂ ਦਲੀਲਾਂ ਦੱਸ ਦਿੱਤੀਆਂ।
ਇਸ ਲਈ ਮੈਨੂੰ ਦੇਖਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ, ਜਿਸਦੇ ਉਹ ਅਧਿਕਾਰੀ ਹਨ।
13 ਯਹੋਵਾਹ ਲਈ ਗੀਤ ਗਾਓ!
ਯਹੋਵਾਹ ਦੀ ਉਸਤਤ ਕਰੋ!
ਯਹੋਵਾਹ ਗਰੀਬ ਲੋਕਾਂ ਦੀਆਂ ਜਾਨਾਂ ਬਚਾਉਂਦਾ ਹੈ।
ਉਹ ਉਨ੍ਹਾਂ ਨੂੰ ਮੰਦੇ ਲੋਕਾਂ ਕੋਲੋਂ ਬਚਾਉਂਦਾ ਹੈ!
ਯਿਰਮਿਯਾਹ ਦੀ ਛੇਵੀਁ ਸ਼ਿਕਾਇਤ
14 ਉਸ ਦਿਨ ਨੂੰ ਸਰਾਪ ਦਿਓ ਜਿਸ ਦਿਨ ਮੈਂ ਜੰਮਿਆ ਸਾਂ!
ਉਸ ਦਿਨ ਨੂੰ ਅਸੀਸ ਨਾ ਦਿਓ, ਜਦੋਂ ਮੇਰੀ ਮਾਂ ਨੇ ਮੈਨੂੰ ਜੰਮਿਆ।
15 ਉਸ ਬੰਦੇ ਨੂੰ ਸਰਾਪ ਦਿਓ ਜਿਸਨੇ ਮੇਰੇ ਪਿਤਾ ਨੂੰ ਖਬਰ ਦਿੱਤੀ ਕਿ ਮੈਂ ਜੰਮਿਆ ਹਾਂ।
“ਤੁਹਾਡੇ ਘਰ ਪੁੱਤਰ ਜੰਮਿਆ ਹੈ”, ਉਸ ਨੇ ਆਖਿਆ ਸੀ।
“ਇਹ ਮੁੰਡਾ ਹੈ!”
ਉਸ ਨੇ ਮੇਰੇ ਪਿਤਾ ਨੂੰ ਬਹੁਤ ਖੁਸ਼ ਕੀਤਾ,
ਜਦੋਂ ਉਸ ਨੂੰ ਇਹ ਖਬਰ ਦਿੱਤੀ।
16 ਉਸ ਬੰਦੇ ਨੂੰ ਵੀ ਉਨ੍ਹਾਂ ਸ਼ਹਿਰਾਂ ਵਰਗਾ ਹੋਣ ਦਿਓ, ਜਿਨ੍ਹਾਂ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ।
ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਉੱਤੇ ਕੋਈ ਰਹਿਮ ਨਹੀਂ ਕੀਤਾ।
ਉਸ ਬੰਦੇ ਨੂੰ ਸੁਬਹ-ਸਵੇਰੇ ਜੰਗ ਦਾ ਸ਼ੋਰ ਸੁਣਨ ਦਿਓ।
ਅਤੇ ਉਸ ਨੂੰ ਦੁਪਿਹਰ ਨੂੰ ਜੰਗ ਦੇ ਲਲਕਾਰੇ ਸੁਣਨ ਦਿਓ।
17 ਕਿਉਂ? ਕਿਉਂ ਕਿ ਉਸ ਬੰਦੇ ਨੇ ਮੈਨੂੰ ਨਹੀਂ
ਮਾਰਿਆ ਜਦੋਂ ਮੈਂ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
ਜੇ ਉਹ ਮੈਨੂੰ ਉਸ ਵੇਲੇ ਮਾਰ ਦਿੰਦਾ,
ਮੇਰੀ ਮਾਤਾ ਹੀ ਮੇਰੀ ਕਬਰ ਹੁੰਦੀ ਅਤੇ ਮੈਂ ਕਦੇ ਵੀ ਨਾ ਜੰਮਦਾ।
18 ਮੈਨੂੰ ਗਰਭ ਵਿੱਚੋਂ ਬਾਹਰ ਆਉਣ ਦੀ ਕੀ ਲੋੜ ਪਈ?
ਮੈਂ ਤਾਂ ਸਿਰਫ਼ ਦੁੱਖ-ਤਕਲੀਫ਼ਾਂ ਹੀ ਦੇਖੀਆਂ ਨੇ।
ਅਤੇ ਮੇਰੀ ਜ਼ਿੰਦਗੀ ਸ਼ਰਮਿੰਦਗੀ ਨਾਲ ਮੁੱਕ ਜਾਵੇਗੀ।
ਪਰਮੇਸ਼ੁਰ ਦਾ ਪਾਤਸ਼ਾਹ ਸਿਦਕੀਯਾਹ ਦੀ ਬੇਨਤੀ ਨੂੰ ਰੱਦ ਕਰਨਾ
21 ਇਹੀ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਮਿਲਿਆ। ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਪਸ਼ਹੂਰ ਨਾਂ ਦੇ ਬੰਦੇ ਅਤੇ ਜਾਜਕ ਸਫ਼ਨਯਾਹ ਨੂੰ ਯਿਰਮਿਯਾਹ ਕੋਲ ਭੇਜਿਆ। ਪਸ਼ਹੂਰ ਮਲਕੀਯਾਹ ਨਾਂ ਦੇ ਬੰਦੇ ਦਾ ਪੁੱਤਰ ਸੀ ਅਤੇ ਸਫ਼ਨਯਾਹ ਮਅਸੇਯਾਹ ਦਾ ਪੁੱਤਰ ਸੀ। ਪਸ਼ਹੂਰ ਅਤੇ ਸਫ਼ਨਯਾਹ ਯਿਰਮਿਯਾਹ ਕੋਲ ਸੰਦੇਸ਼ ਲੈ ਕੇ ਆਏ। 2 ਪਸ਼ਹੂਰ ਅਤੇ ਸਫ਼ਨਯਾਹ ਨੇ ਯਿਰਮਿਯਾਹ ਨੂੰ ਆਖਿਆ, “ਸਾਡੇ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪੁੱਛੋ ਕਿ ਕੀ ਵਾਪਰੇਗਾ। ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਪਰ ਹਮਲਾ ਕਰ ਰਿਹਾ ਹੈ। ਸ਼ਾਇਦ ਯਹੋਵਾਹ ਸਾਡੇ ਲਈ ਮਹਾਨ ਗੱਲਾਂ ਕਰੇ, ਜਿਵੇਂ ਉਸ ਨੇ ਅਤੀਤ ਵਿੱਚ ਕੀਤੀਆਂ ਸਨ। ਸ਼ਾਇਦ ਯਹੋਵਾਹ ਨਬੂਕਦਨੱਸਰ ਨੂੰ ਸਾਡੇ ਉੱਪਰ ਹਮਲਾ ਕਰਨ ਤੋਂ ਰੋਕ ਦੇਵੇ ਅਤੇ ਵਾਪਸ ਭੇਜ ਦੇਵੇ।”
3 ਤਾਂ ਯਿਰਮਿਯਾਹ ਨੇ ਪਸ਼ਹੂਰ ਅਤੇ ਸਫ਼ਨਯਾਹ ਨੂੰ ਜਵਾਬ ਦਿੱਤਾ। ਉਸ ਨੇ ਆਖਿਆ, “ਰਾਜੇ ਸਿਦਕੀਯਾਹ ਨੂੰ ਆਖੋ: 4 ‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ।
“‘ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ। 5 ਮੈਂ ਖੁਦ ਤੁਹਾਡੇ ਯਹੂਦਾਹ ਦੇ ਲੋਕਾਂ, ਦੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਆਪਣੇ ਤਾਕਤਵਰ ਹੱਥ ਨਾਲ ਲੜਾਂਗਾ। ਮੈਂ ਬਹੁਤ ਕਹਿਰਵਾਨ ਹਾਂ ਤੁਹਾਡੇ ਉੱਤੇ, ਇਸ ਲਈ ਮੈਂ ਆਪਣੇ ਤਾਕਤਵਰ ਹੱਥ ਨਾਲ ਤੁਹਾਡੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਸਖਤੀ ਨਾਲ ਲੜਾਂਗਾ ਅਤੇ ਦਿਖਾ ਦੇਵਾਂਗਾ ਕਿ ਮੈਂ ਕਿਤਨਾ ਕਹਿਰਵਾਨ ਹਾਂ। 6 ਮੈਂ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਰ ਦਿਆਂਗਾ। ਮੈਂ ਬੰਦਿਆਂ ਅਤੇ ਜਾਨਵਰਾਂ ਨੂੰ ਮਾਰ ਦਿਆਂਗਾ। ਉਹ ਭਿਆਨਕ ਪਲੇਗ ਨਾਲ ਮਰਨਗੇ ਜਿਹੜੀ ਸਾਰੇ ਸ਼ਹਿਰ ਵਿੱਚ ਫ਼ੈਲ ਜਾਵੇਗੀ। 7 ਅਜਿਹਾ ਵਾਪਰਨ ਤੋਂ ਮਗਰੋਂ,’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “‘ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਸਿਦਕੀਯਾਹ ਦੇ ਅਧਿਕਾਰੀਆਂ ਨੂੰ ਵੀ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਇਸ ਭਿਆਨਕ ਪਲੇਗ ਵਿੱਚ ਯਰੂਸ਼ਲਮ ਦੇ ਕੁਝ ਬੰਦੇ ਨਹੀਂ ਮਰਨਗੇ। ਕੁਝ ਲੋਕ ਤਲਵਾਰਾਂ ਨਾਲ ਨਹੀਂ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਭੁੱਖ ਨਾਲ ਨਹੀਂ ਮਰਨਗੇ। ਪਰ ਮੈਂ ਉਨ੍ਹਾਂ ਲੋਕਾਂ ਨੂੰ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਯਹੂਦਾਹ ਦੇ ਦੁਸ਼ਮਣ ਦੀ ਜਿੱਤ ਕਰਾਵਾਂਗਾ। ਨਬੂਕਦਨੱਸਰ ਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ। ਇਸ ਲਈ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ। ਨਬੂਕਦਨੱਸਰ ਕੋਈ ਰਹਿਮ ਨਹੀਂ ਦਿਖਾਏਗਾ। ਉਹ ਉਨ੍ਹਾਂ ਲੋਕਾਂ ਉੱਪਰ ਅਫ਼ਸੋਸ ਨਹੀਂ ਕਰੇਗਾ।’
8 “ਯਰੂਸ਼ਲਮ ਦੇ ਲੋਕਾਂ ਨੂੰ ਇਹ ਗੱਲਾਂ ਵੀ ਦੱਸੋ। ਯਹੋਵਾਹ ਇਹ ਗੱਲਾਂ ਆਖਦਾ ਹੈ: ‘ਸਮਝ ਲਵੋ ਕਿ ਮੈਂ ਤੁਹਾਨੂੰ ਜੀਣ ਅਤੇ ਮਰਨ ਵਿੱਚਕਾਰ ਚੋਣ ਕਰਨ ਦਿਆਂਗਾ। 9 ਕੋਈ ਵੀ ਬੰਦਾ ਜਿਹੜਾ ਯਰੂਸ਼ਲਮ ਵਿੱਚ ਰਹੇਗਾ, ਮਾਰਿਆ ਜਾਵੇਗਾ। ਉਹ ਬੰਦਾ ਤਲਵਾਰ ਨਾਲ, ਭੁੱਖ ਨਾਲ ਜਾਂ ਕਿਸੇ ਭਿਆਨਕ ਬਿਮਾਰੀ ਨਾਲ ਮਾਰਿਆ ਜਾਵੇਗਾ। ਪਰ ਜਿਹੜਾ ਵੀ ਬੰਦਾ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਬਾਬਲ ਦੀ ਫ਼ੌਜ ਸਾਹਮਣੇ ਆਤਮ ਸਮਰਪਨ ਕਰੇਗਾ, ਜਿਉਂਦਾ ਰਹੇਗਾ! ਉਸ ਫ਼ੌਜ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਇਸ ਲਈ ਕੋਈ ਵੀ ਬੰਦਾ ਸ਼ਹਿਰ ਵਿੱਚ ਭੋਜਨ ਲੈ ਕੇ ਨਹੀਂ ਆ ਸੱਕਦਾ। ਪਰ ਜਿਹੜਾ ਕੋਈ ਬੰਦਾ ਸ਼ਹਿਰ ਨੂੰ ਛੱਡ ਜਾਂਦਾ ਹੈ, ਆਪਣੀ ਜਾਨ ਬਚਾ ਲਵੇਗਾ। 10 ਮੈਂ ਯਰੂਸ਼ਲਮ ਦੇ ਸ਼ਹਿਰ ਲਈ ਮੁਸੀਬਤ ਪੈਦਾ ਕਰਨ ਦਾ ਨਿਆਂ ਕਰ ਲਿਆ ਹੈ। ਮੈਂ ਸ਼ਹਿਰ ਦੀ ਸਹਾਇਤਾ ਨਹੀਂ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ।’
11 “ਇਹ ਗੱਲਾਂ ਯਹੂਦਾਹ ਦੇ ਸ਼ਾਹੀ ਪਰਿਵਾਰ ਨੂੰ ਦੱਸੋ: ‘ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 12 ਦਾਊਦ ਦੇ ਪਰਿਵਾਰ, ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਤੁਹਾਨੂੰ ਚਾਹੀਦਾ ਹੈ ਕਿ ਹਰ ਰੋਜ਼ ਨਿਰਪੱਖਤਾ ਨਾਲ ਲੋਕਾਂ ਬਾਰੇ ਨਿਆਂ ਕਰੋ।
ਮੁਜਰਿਮਾਂ ਕੋਲੋਂ ਉਨ੍ਹਾਂ ਦੇ ਸ਼ਿਕਾਰ ਬੰਦਿਆਂ ਨੂੰ ਬਚਾਓ।
ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਮੈਂ ਬਹੁਤ ਹੀ ਕਹਿਰਵਾਨ ਹੋ ਜਾਵਾਂਗਾ।
ਮੇਰਾ ਕਹਿਰ ਉਸ ਅੱਗ ਵਰਗਾ ਹੋਵੇਗਾ, ਜਿਸ ਨੂੰ ਕੋਈ ਵੀ ਬੰਦਾ ਨਹੀਂ ਬੁਝਾ ਸੱਕਦਾ।
ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ!’
13 “ਯਰੂਸ਼ਲਮ, ਮੈਂ ਤੇਰੇ ਵਿਰੁੱਧ ਹਾਂ।
ਤੂੰ ਪਰਬਤ ਦੇ ਸਿਖਰ ਉੱਤੇ ਬੈਠਾ ਹੋਇਆ ਹੈਂ
ਜਿਵੇਂ ਕੋਈ ਚੱਟਾਨ ਵਾਦੀ ਨੂੰ ਦੇਖਦੀ ਹੋਵੇ।
ਤੁਸੀਂ, ਯਰੂਸ਼ਲਮ ਦੇ ਲੋਕ ਆਖਦੇ ਹੋ,
‘ਕੋਈ ਵੀ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰ ਸੱਕਦਾ।
ਕੋਈ ਵੀ ਬੰਦਾ ਸਾਡੇ ਮਜ਼ਬੂਤ ਸ਼ਹਿਰ ਨੂੰ ਹਰਾ ਨਹੀਂ ਸੱਕਦਾ।’”
ਪਰ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ।
14 “ਤੁਸੀਂ ਉਹੀ ਸਜ਼ਾ ਪਾਵੋਂਗੇ, ਜਿਸਦੇ ਤੁਸੀਂ ਅਧਿਕਾਰੀ ਹੋ।
ਮੈਂ ਤੁਹਾਡੇ ਜੰਗਲਾਂ ਅੰਦਰ ਅੱਗ ਲਾ ਦਿਆਂਗਾ।
ਉਹ ਅੱਗ ਤੁਹਾਡੇ ਚਾਰ-ਚੁਫ਼ੇਰੇ ਦੀ ਹਰ ਸ਼ੈਅ ਨੂੰ ਸਾੜ ਦੇਵੇਗੀ।”
4 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ, 2 ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।
3 ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ। 4 ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ। 5 ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।
6 ਮੇਰਾ ਜੀਵਨ ਪਰਮੇਸ਼ੁਰ ਦੀ ਭੇਟਾ ਕੀਤਾ ਜਾ ਰਿਹਾ ਹੈ। ਇਸ ਜੀਵਨ ਨੂੰ ਛੱਡਣ ਦਾ ਸਮਾਂ ਆ ਚੁੱਕਿਆ ਹੈ। 7 ਮੈਂ ਚੰਗਾ ਯੁੱਧ ਲੜਿਆ ਹਾਂ। ਮੈਂ ਦੌੜ ਪੂਰੀ ਕੀਤੀ ਹੈ। ਮੈਂ ਸੱਚੇ ਵਿਸ਼ਵਾਸ ਦਾ ਅਨੁਸਰਣ ਕੀਤਾ ਹੈ। 8 ਹੁਣ ਧਾਰਮਿਕਤਾ ਦਾ ਇੱਕ ਤਾਜ ਮੇਰੀ ਉਡੀਕ ਕਰ ਰਿਹਾ ਹੈ ਪਰਮੇਸ਼ੁਰ ਹੀ ਹੈ ਜਿਹੜਾ ਨਿਰਪੱਖ ਨਿਆਂ ਕਰਦਾ ਹੈ ਉਸ ਦਿਨ ਉਹ ਮੈਨੂੰ ਇੱਕ ਤਾਜ ਦੇਵੇਗਾ। ਉਹ ਇਹ ਤਾਜ ਸਿਰਫ਼ ਮੈਨੂੰ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੀ ਦੇਵੇਗਾ ਜਿਹੜੇ ਤਾਂਘ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
ਨਿਜ਼ੀ ਸੰਦੇਸ਼
9 ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਓ। 10 ਦੇਮਾਸ ਨੇ ਮੈਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੇ ਇਸ ਦੁਨੀਆਂ ਨੂੰ ਬਹੁਤ ਪਿਆਰ ਕੀਤਾ। ਉਹ ਥੱਸਲੁਨੀਕਿਯਾ ਚੱਲਾ ਗਿਆ। ਕਰੇਸੱਕੇਸ ਗਲਾਤਿਯਾ ਅਤੇ ਤੀਤੁਸ ਦਲਮਾਤੀਯਾ ਚੱਲਾ ਗਿਆ। 11 ਲੂਕਾ ਹੀ ਹੈ ਜਿਹੜਾ ਹਾਲੇ ਤੱਕ ਮੇਰੇ ਨਾਲ ਹੈ। ਜਦੋਂ ਤੁਸੀਂ ਆਓ ਤਾਂ ਮਰਕੁਸ ਨੂੰ ਵੀ ਨਾਲ ਲੈ ਕੇ ਆਉਣਾ। ਉਹ ਇੱਥੇ ਮੇਰੇ ਕੰਮ ਵਿੱਚ ਸਹਾਇਤਾ ਕਰ ਸੱਕਦਾ ਹੈ। 12 ਮੈਂ ਤੁਖਿਕੁਸ ਨੂੰ ਅਫ਼ਸੁਸ ਭੇਜਿਆ ਹੈ।
13 ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉੱਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸ ਨੂੰ ਮੇਰੇ ਕੋਲ ਲਿਆਉਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹੜੀਆਂ ਕਿਤਾਬਾਂ ਮੈਂ ਭੇਡ ਦੀ ਖੱਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵੱਧ ਲੋੜ ਹੈ।
14 ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਸਾਰੀਆਂ ਹਾਨੀਆਂ ਪਹੁੰਚਾਹੀਆਂ। ਪ੍ਰਭੂ ਸਿਕੰਦਰ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਵੇਗਾ। 15 ਤੁਸੀਂ ਹੋਸ਼ਿਆਰ ਰਹਿਣਾ ਕਿਧਰੇ ਉਹ ਤੁਹਾਨੂੰ ਵੀ ਨੁਕਸਾਨ ਨਾ ਪਹੁੰਚਾਵੇ। ਉਹ ਸਾਡੇ ਉਪਦੇਸ਼ ਦੇ ਵਿਰੁੱਧ ਡਟਕੇ ਲੜਿਆ।
16 ਜਦੋਂ ਮੈਂ ਪਹਿਲੀ ਅਜ਼ਮਾਇਸ਼ ਵੇਲੇ ਆਪਣਾ ਬਚਾ ਕੀਤਾ, ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕੋਈ ਮੈਨੂੰ ਛੱਡ ਗਿਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰ ਦੇਵੇ। 17 ਔਰ ਪ੍ਰਭੂ ਉੱਥੇ ਮੇਰੇ ਨਾਲ ਸੀ। ਉਸ ਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ-ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸੱਕਾਂ। ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ-ਯਹੂਦੀ ਉਸ ਖੁਸ਼ਖਬਰੀ ਨੂੰ ਸੁਨਣ। ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ। 18 ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।
ਆਖਰੀ ਸ਼ੁਭਕਾਮਨਾਵਾਂ
19 ਪਰਿਸੱਕਾ ਅਤੇ ਅਕੂਲਾ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰੀਆਂ ਸ਼ੁਭਕਾਮਨਾਵਾਂ। 20 ਅਗਸਤੁਸ ਕੁਰਿੰਥੁਸ ਵਿੱਚ ਠਹਿਰ ਗਿਆ। ਅਤੇ ਮੈਂ ਤ੍ਰੋਫ਼ਿਮੁਸ ਨੂੰ ਮਿਲੇਤੁਸ ਵਿੱਚ ਛੱਡ ਆਇਆ। ਉਹ ਬਹੁਤ ਬਿਮਾਰ ਸੀ। 21 ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਕਿ ਤੁਸੀਂ ਸਰਦੀਆਂ ਤੋਂ ਪਹਿਲਾਂ ਮੇਰੇ ਕੋਲ ਆ ਸੱਕੋਂ।
ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਮਸੀਹ ਵਿੱਚ ਸਾਰੇ ਭਰਾ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।
22 ਪ੍ਰਭੂ ਤੁਹਾਡੇ ਆਤਮਾ ਦੇ ਅੰਗ-ਸੰਗ ਹੋਵੇ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਨਾਲ ਹੋਵੇ।
2010 by World Bible Translation Center