Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਸਾਯਾਹ 26-27

ਪਰਮੇਸ਼ੁਰ ਦੀ ਉਸਤਤ ਦਾ ਗੀਤ

26 ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ:

ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ।
    ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ।
    ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰੱਖਿਆਵਾਂ ਮਜ਼ਬੂਤ ਨੇ।
ਦਰਾਂ ਨੂੰ ਖੋਲ੍ਹ ਦਿਓ ਅਤੇ ਨੇਕ ਬੰਦੇ ਦਖਲ ਹੋਣਗੇ।
    ਉਹ ਬੰਦੇ ਪਰਮੇਸ਼ੁਰ ਦੀਆਂ ਸ਼ੁਭ ਸਾਖੀਆਂ ਨੂੰ ਮੰਨਦੇ ਨੇ।

ਯਹੋਵਾਹ ਜੀ, ਤਸੀਁ ਉਨ੍ਹਾਂ ਲੋਕਾਂ ਨੂੰ,
    ਜਿਹੜੇ ਤੁਹਾਡੇ ਉੱਤੇ ਨਿਰਭਰ ਕਰਦੇ ਨੇ
    ਅਤੇ ਜਿਹੜੇ ਤੁਹਾਡੇ ਉੱਤੇ ਭਰੋਸਾ ਕਰਦੇ ਨੇ ਸੱਚਾ ਅਮਨ ਦਿੰਦੇ ਹੋ।

ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ।
    ਕਿਉਂ ਕਿ ਤੁਹਾਡਾ ਸੁਰੱਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!
ਪਰ ਯਹੋਵਾਹ ਗੁਮਾਨੀ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
    ਅਤੇ ਉਹ ਉੱਥੇ ਰਹਿੰਦੇ ਲੋਕਾਂ ਨੂੰ ਸਜ਼ਾ ਦੇਵੇਗਾ।
ਯਹੋਵਾਹ ਉਸ ਉੱਚੇ ਸ਼ਹਿਰ ਨੂੰ ਹੇਠਾਂ ਧਰਤੀ ਉੱਤੇ ਸੁੱਟ ਦੇਵੇਗਾ
    ਇਹ ਧੂੜ ਅੰਦਰ ਮਿਲ ਜਾਵੇਗਾ।
ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।

ਨੇਕ ਲੋਕਾਂ ਲਈ ਇਮਾਨਦਾਰੀ ਹੀ ਜੀਵਨ ਢੰਗ ਹੈ।
    ਨੇਕ ਬੰਦੇ ਉਸ ਰਾਹ ਉੱਤੇ ਤੁਰਦੇ ਨੇ ਜਿਹੜਾ ਸਿੱਧਾ ਤੇ ਸੱਚਾ ਹੈ
ਅਤੇ ਹੇ ਪਰਮੇਸ਼ੁਰ, ਤੁਸੀਂ ਉਸ ਰਾਹ ਨੂੰ ਤੁਰਨ ਲਈ ਪੱਧਰਾ
    ਅਤੇ ਆਸਾਨ ਬਣਾ ਦਿੰਦੇ ਹੋ।
ਪਰ ਯਹੋਵਾਹ ਜੀ, ਅਸੀਂ ਤੁਹਾਡੇ ਇਨਸਾਫ਼ ਦੇ ਢੰਗ ਨੂੰ ਉਡੀਕ ਰਹੇ ਹਾਂ।
    ਸਾਡੀਆਂ ਰੂਹਾਂ ਤੁਹਾਨੂੰ ਅਤੇ ਤੁਹਾਡੇ ਨਾਮ ਨੂੰ ਚੇਤੇ ਕਰਨਾ ਚਾਹੁੰਦੀਆਂ ਨੇ।
ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ।
    ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ।
ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ
    ਲੋਕ ਜਿਉਣ ਦਾ ਸਹੀ ਢੰਗ ਸਿੱਖ ਜਾਣਗੇ।
10 ਬੁਰਾ ਬੰਦਾ ਨੇਕੀ ਕਰਨਾ ਨਹੀਂ ਸਿੱਖੇਗਾ।
    ਜੇ ਤੁਸੀਂ ਓਸ ਲਈ ਸਿਰਫ਼ ਮਿਹਰਬਾਨੀ ਦਰਸਾਓਗੇ।
ਬੁਰਾ ਬੰਦਾ ਮੰਦੇ ਅਮਲ ਕਰੇਗਾ ਭਾਵੇਂ ਉਹ ਨੇਕੀ ਭਰੀ ਦੁਨੀਆਂ ਅੰਦਰ ਰਹਿੰਦਾ ਹੋਵੇ।
    ਉਹ ਬੁਰਾ ਬੰਦਾ ਯਹੋਵਾਹ ਦੀ ਮਹਾਨਤਾ ਨੂੰ ਸ਼ਾਇਦ ਕਦੇ ਨਾ ਦੇਖ ਸੱਕੇ।
11 ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ,
    ਪਰ ਉਹ ਇਹ ਨਹੀ ਵੇਖਦੇ।
ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ।
    ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ।
    ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
12 ਯਹੋਵਾਹ, ਤੂੰ ਉਹ ਸਭ ਕੁਝ ਕਰਨ ਵਿੱਚ ਸਫ਼ਲ ਹੋਇਆ ਹੈਂ ਜਿਨ੍ਹਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ।
    ਇਸ ਲਈ ਸਾਨੂੰ ਸ਼ਾਂਤੀ ਦੇ।

ਪਰਮੇਸ਼ੁਰ ਆਪਣੇ ਲੋਕਾਂ ਨੂੰ ਨਵਾਂ ਜੀਵਨ ਦੇਵੇਗਾ

13 ਯਹੋਵਾਹ ਜੀ ਤੁਸੀਂ ਹੋ ਸਾਡੇ ਪਰਮੇਸ਼ੁਰ।
    ਪਰ ਅਤੀਤ ਵਿੱਚ, ਅਸੀਂ ਪਿੱਛੇ ਲੱਗੇ ਸਾਂ ਹੋਰਨਾਂ ਪ੍ਰਭੂਆਂ ਦੇ।
ਅਸੀਂ ਸਾਂ ਦਾਸ ਹੋਰਨਾਂ ਮਾਲਕਾਂ ਦੇ।
    ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਚੇਤੇ ਰੱਖਣ ਲੋਕ ਇੱਕ ਹੀ ਨਾਮ, ਤੁਹਾਡਾ ਨਾਮ!
14 ਉਹ ਮੁਰਦਾ (ਪ੍ਰਭੂ) ਕਦੇ ਜਿਉਂਦੇ ਨਹੀਂ ਹੋਣਗੇ।
    ਉਹ ਭੂਤ ਕਦੇ ਮੌਤ ਤੋਂ ਨਹੀਂ ਉਭਰਨਗੇ,
ਤੁਸੀਂ ਨਿਆਂ ਕੀਤਾ ਸੀ ਉਨ੍ਹਾਂ ਨੂੰ ਤਬਾਹ ਕਰਨ ਦਾ।
    ਅਤੇ ਤੁਸੀਂ ਤਬਾਹ ਕਰ ਦਿੱਤੀ ਹਰ ਉਹ ਚੀਜ਼ ਜਿਹੜੀ ਸਾਨੂੰ ਉਨ੍ਹਾਂ ਬਾਰੇ ਸੋਚਣ ਵੱਲ ਪ੍ਰੇਰਦੀ ਹੈ।
15 ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ,
    ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ
    ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ
    ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ।
ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ
    ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ
    ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ।
    ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ।
    ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ।
ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ।
    ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ,
“ਤੁਸੀਂ ਲੋਕ ਮਰ ਚੁੱਕੇ ਹੋ,
    ਪਰ ਉਹ ਦੋਬਾਰਾ ਜਿਉਣਗੇ।
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ।
    ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
    ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ।
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ
    ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।”

ਨਿਆਂ: ਇਨਾਮ ਜਾਂ ਸਜ਼ਾ

20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
    ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
    ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
    ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
    ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।

27 ਉਸ ਸਮੇਂ, ਯਹੋਵਾਹ ਕਮੀਨੇ ਸੱਪ,
    ਲਿਵਯਾਬਾਨ ਬਾਰੇ ਨਿਆਂ ਕਰੇਗਾ।
ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ,
    ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ।
    ਯਹੋਵਾਹ ਸਮੁੰਦਰ ਵਿੱਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।

ਉਸ ਸਮੇਂ, ਲੋਕ ਖੁਸ਼ਗਵਾਰ
    ਅੰਗੂਰੀ ਬਾਗ਼ ਦੇ ਗੀਤ ਗਾਉਣਗੇ।
“ਮੈਂ, ਯਹੋਵਾਹ, ਉਸ ਬਾਗ਼ ਦੀ ਦੇਖ ਭਾਲ ਕਰਾਂਗਾ।
    ਮੈਂ ਸਮੇਂ ਸਿਰ ਉਸ ਬਾਗ਼ ਨੂੰ ਪਾਣੀ ਦੇਵਾਂਗਾ।
ਮੈਂ ਉਸ ਬਾਗ਼ ਦੀ ਦਿਨ-ਰਾਤ ਰਾਖੀ ਕਰਾਂਗਾ।
    ਕੋਈ ਉਸ ਬਾਗ਼ ਨੂੰ ਨੁਕਸਾਨ ਨਹੀਂ ਪੁਚਾਵੇਗਾ।
ਮੈਂ ਕਹਿਰਵਾਨ ਨਹੀਂ ਹਾਂ।
ਪਰ ਜੇ ਕਿਤੇ ਜੰਗ ਹੁੰਦੀ ਹੈ ਅਤੇ ਕੋਈ ਜਣਾ ਕੰਡਿਆਲੀਆਂ ਝਾੜੀਆਂ ਦੀ ਕੰਧ ਉਸਾਰਦਾ ਹੈ,
    ਤਾਂ ਮੈਂ ਇਸ ਉੱਤੇ ਧਾਵਾ ਕਰਾਂਗਾ ਅਤੇ ਇਸ ਨੂੰ ਜਲਾ ਦਿਆਂਗਾ।
ਪਰ ਜੇ ਕੋਈ ਬੰਦਾ ਮੇਰੇ ਕੋਲ ਸੁਰੱਖਿਆ ਲਈ ਆਉਂਦਾ ਹੈ
    ਅਤੇ ਮੇਰੇ ਨਾਲ ਅਮਨ ਕਰਨਾ ਚਾਹੁੰਦਾ ਹੈ, ਤਾਂ ਉਹ ਬੇਸ਼ਕ ਆਵੇ,
    ਅਤੇ ਮੇਰੇ ਨਾਲ ਅਮਨ ਸਥਾਪਿਤ ਕਰੇ।
ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵੱਧੇਗਾ।
    ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ।
    ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।”

ਪਰਮੇਸ਼ੁਰ ਇਸਰਾਏਲ ਨੂੰ ਦੂਰ ਭੇਜੇਗਾ

ਯੋਹਵਾਹ ਆਪਣੇ ਲੋਕਾਂ ਨੂੰ ਸਜ਼ਾ ਕਿਵੇਂ ਦੇਵੇਗਾ? ਅਤੀਤ ਵਿੱਚ ਦੁਸ਼ਮਣਾਂ ਦੁੱਖ ਦਿੱਤਾ ਸੀ ਲੋਕਾਂ ਨੂੰ। ਕੀ ਯਹੋਵਾਹ ਵੀ ਉਸੇ ਤਰ੍ਹਾਂ ਉਨ੍ਹਾਂ ਨੂੰ ਦੁੱਖ ਦੇਵੇਗਾ? ਅਤੀਤ ਵਿੱਚ ਬਹੁਤ ਬੰਦੇ ਮਾਰੇ ਗਏ ਸਨ। ਕੀ ਯਹੋਵਾਹ ਵੀ ਇਸੇ ਤਰ੍ਹਾਂ ਕਰੇਗਾ ਅਤੇ ਬਹੁਤ ਬੰਦਿਆਂ ਨੂੰ ਮਾਰ ਦੇਵੇਗਾ?

ਯਹੋਵਾਹ ਇਸਰਾਏਲ ਨਾਲ ਆਪਣਾ ਝਗੜਾ ਉਸ ਨੂੰ ਦੂਰ ਭਜਾ ਕੇ ਮੁਕਾਵੇਗਾ। ਯਹੋਵਾਹ ਸਖਤੀ ਨਾਲ ਗੱਲ ਕਰੇਗਾ ਇਸਰਾਏਲ ਨਾਲ। ਉਸ ਦੇ ਸ਼ਬਦ ਤਪਦੇ ਮਾਰੂਬਲ ਦੀ ਹਵਾ ਵਾਂਗ ਬਲਦੇ ਹੋਣਗੇ।

ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।

10 ਉਸ ਸਮੇਂ, ਮਹਾਨ ਸ਼ਹਿਰ ਖਾਲੀ ਹੋ ਜਾਵੇਗਾ ਇਹ ਮਾਰੂਬਲ ਵਾਂਗ ਹੋ ਜਾਵੇਗਾ। ਸਾਰੇ ਲੋਕ ਅਲੋਪ ਹੋ ਜਾਣਗੇ। ਉਹ ਭੱਜ ਜਾਣਗੇ। ਸ਼ਹਿਰ ਇੱਕ ਖੁਲ੍ਹੀ ਚਰਾਂਦ ਵਰਗਾ ਹੋਵੇਗਾ। ਜਵਾਨ ਪਸ਼ੂ ਉੱਤੇ ਘਾਹ ਚੁਗਣਗੇ। ਪਸ਼ੂ ਵੇਲਾਂ ਦੀਆਂ ਟਾਹਣੀਆਂ ਦੇ ਪੱਤੇ ਖਾਣਗੇ। 11 ਵੇਲਾਂ ਸੁੱਕ ਜਾਣਗੀਆਂ। ਸਾਰੀਆਂ ਟਾਹਣੀਆਂ ਟੁੱਟ ਜਾਣਗੀਆਂ ਔਰਤਾਂ ਇਨ੍ਹਾਂ ਟਾਹਣੀਆਂ ਨੂੰ ਬਾਲਣ ਲਈ ਵਰਤਣਗੀਆਂ।ਲੋਕ ਸਮਝਣ ਤੋਂ ਇਨਕਾਰ ਕਰਦੇ ਹਨ।

ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਮਾਲਿਕ, ਉਨ੍ਹਾਂ ਨੂੰ ਹੌਸਲਾ ਨਹੀਂ ਦੇਵੇਗਾ। ਉਨ੍ਹਾਂ ਦਾ ਸਿਰਜਣਹਾਰ ਉਨ੍ਹਾਂ ਉੱਤੇ ਮਿਹਰਬਾਨ ਨਹੀਂ ਹੋਵੇਗਾ।

12 ਉਸ ਸਮੇਂ, ਯਹੋਵਾਹ ਆਪਣੇ ਲੋਕਾਂ ਨੂੰ ਹੋਰਾਂ ਨਾਲੋਂ ਵੱਖ ਕਰਨਾ ਸ਼ੁਰੂ ਕਰ ਦੇਵੇਗਾ। ਉਹ ਫ਼ਰਾਤ ਨਦੀ ਤੋਂ ਸ਼ੁਰੂ ਕਰੇਗਾ। ਯਹੋਵਾਹ ਫ਼ਰਾਤ ਨਦੀ ਤੋਂ ਮਿਸਰ ਦੀ ਨਦੀ ਤੱਕ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ।

ਤੁਸੀਂ ਇਸਰਾਏਲ ਲੋਕੋ, ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਵੋਗੇ। 13 ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।

ਫ਼ਿਲਿੱਪੀਆਂ ਨੂੰ 2

ਏਕਾ ਕਰੋ ਅਤੇ ਇੱਕ ਦੂਸਰੇ ਦੇ ਸਹਾਇਕ ਰਹੋ

ਕੀ ਮਸੀਹ ਵਿੱਚ ਤੁਸੀਂ ਮੇਰੀ ਖਾਤਿਰ ਕੋਈ ਕੰਮ ਕਰ ਸੱਕਦੇ ਹੋਂ? ਕੀ ਤੁਹਾਡਾ ਪਿਆਰ ਮੈਨੂੰ ਦਿਲਾਸਾ ਦੇਣਾ ਚਾਹੁੰਦਾ ਹੈ? ਕੀ ਅਸੀਂ ਪਵਿੱਤਰ ਆਤਮਾ ਵਿੱਚ ਇਕੱਠੇ ਭਾਗੀਦਾਰ ਹਾਂ? ਕੀ ਤੁਹਾਡੇ ਵਿੱਚ ਦਯਾ ਅਤੇ ਕਿਰਪਾ ਹੈ? ਜੇ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ, ਤਾਂ ਮੈਂ ਤੁਹਾਨੂੰ ਮੇਰੀ ਖਾਤਿਰ ਕੋਈ ਕੰਮ ਕਰਨ ਲਈ ਆਖਦਾ ਹਾਂ। ਇਸ ਨਾਲ ਮੈਨੂੰ ਬਹੁਤ ਪ੍ਰਸੰਨਤਾ ਮਿਲੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਸਾਰੇ ਇੱਕੋ ਮਨ ਨਾਲ ਇੱਕੇ ਵਿਸ਼ੇ ਵਿੱਚ ਵਿਸ਼ਵਾਸ ਕਰੋ। ਇੱਕ ਦੂਸਰੇ ਨੂੰ ਪਿਆਰ ਕਰਦਿਆਂ ਇੱਕਸਾਥ ਜੁੜਕੇ ਰਹੋ। ਇੱਕੋ ਤਰ੍ਹਾਂ ਦੀਆਂ ਸੋਚਾਂ ਅਤੇ ਇੱਕੋ ਤਰ੍ਹਾਂ ਦੇ ਉਦੇਸ਼ ਰੱਖਕੇ ਇਕੱਠੇ ਜਿਉਂਵੋ। ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ। ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ।

ਮਸੀਹ ਪਾਸੋ ਬੇਗਰਜ਼ ਹੋਣਾ ਸਿੱਖੋ

ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰੱਖੋ, ਜੋ ਮਸੀਹ ਯਿਸੂ ਦੀ ਸੀ।

ਮਸੀਹ ਖੁਦ ਹਰ ਗੱਲ ਵਿੱਚ ਪਰਮੇਸ਼ੁਰ ਵਾਂਗ ਸੀ।
ਮਸੀਹ ਪਰਮੇਸ਼ੁਰ ਦੇ ਬਰਾਬਰ ਸੀ।
    ਪਰ ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨਾਲ ਬਰਾਬਰੀ ਕੁਝ ਅਜਿਹੀ ਸੀ ਜੋ ਹਰ ਹਾਲਤ ਵਿੱਚ ਉਸ ਨੂੰ ਖੁਦ ਲਈ ਹੀ ਰੱਖਣੀ ਚਾਹੀਦੀ ਸੀ।
ਇਸ ਦੀ ਜਗ਼੍ਹਾ, ਉਸ ਨੇ ਆਪਣਾ ਸਭ ਕੁਝ ਤਿਆਗ ਦਿੱਤਾ
    ਅਤੇ ਇੱਕ ਇਨਸਾਨ ਦਾ ਰੂਪ ਧਾਰਿਆ ਅਤੇ
ਇੱਕ ਸੇਵਕ ਵਰਗਾ ਬਣ ਗਿਆ।
    ਜਦੋਂ ਉਹ ਇਸ ਦੁਨੀਆਂ ਵਿੱਚ ਇੱਕ ਮਨੁੱਖ ਵਾਂਗ ਰਹਿ ਰਿਹਾ ਸੀ ਉਸ ਨੇ ਖੁਦ ਨੂੰ ਨਿਮ੍ਰ ਬਣਾਇਆ।
    ਉਹ ਪਰਮੇਸ਼ੁਰ ਨੂੰ ਇੰਨਾ ਆਗਿਆਕਾਰੀ ਹੋ ਗਿਆ ਕਿ ਉਸ ਨੇ ਸਲੀਬ ਉੱਤੇ ਆਪਣਾ ਜੀਵਨ ਵੀ ਦੇ ਦਿੱਤਾ।
ਮਸੀਹ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕੀਤਾ, ਇਸ ਲਈ ਪਰਮੇਸ਼ੁਰ ਨੇ ਉਸ ਨੂੰ ਉਚਾਈ ਵਾਲੀ ਜਗ਼੍ਹਾ ਤੇ ਉੱਠਾਇਆ।
    ਅਤੇ ਉਸ ਨੂੰ ਇੱਕ ਨਾਂ ਦਿੱਤਾ ਜੋ ਕਿ ਦੂਜੇ ਸਾਰਿਆਂ ਨਾਵਾਂ ਤੋਂ ਉੱਚਾ ਹੈ।
10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ,
    ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ।
11 ਅਤੇ ਹਰ ਜੀਭ ਇਹ ਸਵੀਕਾਰ ਕਰੇਗੀ, “ਯਿਸੂ ਮਸੀਹ ਪ੍ਰਭੂ ਹੈ।”
    ਜਦੋਂ ਉਹ ਇਹ ਆਖਣਗੇ ਉਹ ਪਰਮੇਸ਼ੁਰ ਲਈ ਸਤਿਕਾਰ ਲਿਆਉਣਗੇ।

ਜਿਹੋ ਜਿਹਾ ਪਰਮੇਸ਼ੁਰ ਚਾਹੁੰਦਾ ਹੈ ਉਹੋ ਜਿਹੇ ਬਣੋ

12 ਮੇਰੇ ਪਿਆਰੇ ਲੋਕੋ ਹੁਣ ਮੇਰਾ ਆਦੇਸ਼ ਚੰਗੀ ਤਰ੍ਹਾਂ ਮੰਨੋ। ਜਦੋਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫ਼ਿਰ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ। ਪਰਮੇਸ਼ੁਰ ਲਈ ਮਹਾਨ ਇੱਜ਼ਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜਾਰੀ ਰੱਖੋ। 13 ਕਿਉਂਕਿ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਤੇ ਸ਼ਕਤੀ ਉਸ ਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ।

14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ। 15 ਕਿ ਫ਼ੇਰ ਤੁਸੀਂ ਸ਼ੁੱਧ ਅਤੇ ਮਾਸੂਮ ਹੋਵੋਂਗੇ। ਤੁਸੀਂ ਬਦੀ ਅਤੇ ਇਸ ਪੀੜ੍ਹੀ ਦੇ ਕੱਬੇ ਲੋਕਾਂ ਵਿੱਚੋਂ ਬਿਨਾ ਕਿਸੇ ਦੋਸ਼ ਤੋਂ ਪਰਮੇਸ਼ੁਰ ਦੇ ਬੱਚੇ ਹੋਵੋਂਗੇ। ਇਸ ਦੁਨੀਆਂ ਵਿੱਚ ਤਾਰੇ ਵਾਂਗ ਚਮਕੋ। 16 ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸ ਨੂੰ ਫ਼ੜੀ ਰੱਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸੱਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ।

17 ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸ ਨੂੰ ਅਰਪਣ ਕਰਦੇ ਹੋਂ। ਹੋ ਸੱਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। 18 ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਨਾਲ ਰਲਕੇ ਖੁਸ਼ ਅਤੇ ਅਨੰਦ ਨਾਲ ਭਰਪੂਰ ਹੋਣਾ ਚਾਹੀਦਾ ਹੈ।

ਤਿਮੋਥਿਉਸ ਅਤੇ ਇਪਾਫ਼ਰੋਦੀਤੁਸ ਦੀ ਖਬਰ

19 ਮੈਂ ਪ੍ਰਭੂ ਯਿਸੂ ਵਿੱਚ ਤਿਮੋਥਿਉਸ ਨੂੰ ਛੇਤੀ ਤੁਹਾਡੇ ਵੱਲ ਭੇਜਣ ਦੀ ਆਸ ਰੱਖਦਾ ਹਾਂ। ਜਦੋਂ ਮੈਂ ਉਸ ਕੋਲੋਂ ਤੁਹਾਡੇ ਬਾਰੇ ਖਬਰ ਪ੍ਰਾਪਤ ਕਰਾਂਗਾ, ਤਾਂ ਮੈਂ ਬਹੁਤ ਖੁਸ਼ ਹੋਵਾਂਗਾ। 20 ਮੇਰੇ ਕੋਲ ਤਿਮੋਥਿਉਸ ਵਰਗਾ ਹੋਰ ਕੋਈ ਵਿਅਕਤੀ ਨਹੀਂ ਹੈ। ਉਹ ਸੱਚਮੁੱਚ ਤੁਹਾਡੇ ਭਲੇ ਦਾ ਖਿਆਲ ਰੱਖੇਗਾ। 21 ਹਰ ਕੋਈ ਆਪੋ ਆਪਣੇ ਮਾਮਲਿਆਂ ਵਿੱਚ ਹੀ ਦਿਲਚਸਪੀ ਲੈਂਦਾ ਹੈ ਕੋਈ ਵੀ ਮਸੀਹ ਯਿਸੂ ਦੇ ਕਾਰਜ ਵਿੱਚ ਦਿਲਚਸਪੀ ਨਹੀਂ ਲੈਂਦਾ। 22 ਤੁਸੀਂ ਜਾਣਦੇ ਹੀ ਹੋ ਕਿ ਤਿਮੋਥਿਉਸ ਕਿਸ ਤਰ੍ਹਾਂ ਦਾ ਵਿਅਕਤੀ ਹੈ। ਤੁਸੀਂ ਜਾਣਦੇ ਹੀ ਹੋ ਕਿ ਉਸ ਨੇ ਖੁਸ਼ਖਬਰੀ ਦੇਣ ਵਿੱਚ ਮੇਰੇ ਨਾਲ ਮਿਲਕੇ ਉਸੇ ਤਰ੍ਹਾਂ ਸੇਵਾ ਕੀਤੀ ਹੈ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੀ ਸੇਵਾ ਕਰਦਾ ਹੈ। 23 ਮੇਰਾ ਉਸ ਨੂੰ ਤੁਹਾਡੇ ਵੱਲ ਛੇਤੀ ਭੇਜਣ ਦਾ ਇਰਾਦਾ ਹੈ। ਮੈਂ ਉਸ ਨੂੰ ਉਦੋਂ ਭੇਜ ਦਿਆਂਗਾ ਜਦੋਂ ਮੈਨੂੰ ਆਪਣੇ ਨਾਲ ਵਾਪਰਨ ਵਾਲੇ ਹਲਾਤਾਂ ਬਾਰੇ ਪਤਾ ਲੱਗ ਜਾਵੇਗਾ। 24 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਮੈਂ ਵੀ ਛੇਤੀ ਹੀ ਤੁਹਾਡੇ ਕੋਲ ਆਵਾਂਗਾ।

25 ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸ ਨੂੰ ਮੇਰੀਆਂ ਲੋੜਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ। 26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਉਹ ਫ਼ਿਕਰਮੰਦ ਹੈ ਕਿਉਂਕਿ ਤੁਸੀਂ ਜਾਣ ਗਏ ਕਿ ਉਹ ਬਿਮਾਰ ਸੀ। 27 ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ। 28 ਇਸ ਲਈ ਮੈਂ ਜਲਦੀ ਹੀ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਜਦੋਂ ਤੁਸੀਂ ਉਸ ਨੂੰ ਵੇਖੋਂਗੇ, ਤਾਂ ਤੁਸੀਂ ਇੱਕ ਵਾਰ ਫ਼ੇਰ ਖੁਸ਼ ਹੋਵੋਂਗੇ। ਅਤੇ ਮੇਰੀ ਚਿੰਤਾ ਵੀ ਘੱਟ ਜਾਵੇਗੀ। 29 ਇਸ ਲਈ ਉਸਦਾ ਪ੍ਰਭੂ ਵਿੱਚ ਵੱਡੇ ਅਨੰਦ ਨਾਲ ਸੁਆਗਤ ਕਰੋ। ਇਹ ਨਿਸ਼ਚਿਤ ਕਰ ਲਵੋ ਕਿ ਤੁਸੀਂ ਉਸ ਵਰਗੇ ਲੋਕਾਂ ਦੀ ਇੱਜ਼ਤ ਕਰਦੇ ਹੋ। 30 ਉਸ ਨੂੰ ਸਤਿਕਾਰਿਆ ਜਾਣਾ ਚਾਹੀਦਾ ਕਿਉਂਕਿ ਉਸ ਨੇ ਮਸੀਹ ਦੀ ਖਾਤਿਰ ਆਪਣੇ ਪ੍ਰਾਣ ਦੇਣ ਜਿੰਨਾ ਕੰਮ ਕੀਤਾ। ਉਸ ਨੇ ਮੇਰੀ ਸਹਾਇਤਾ ਕਰਨ ਲਈ ਆਪਣੇ ਖੁਦ ਦੇ ਪ੍ਰਾਣ ਵੀ ਖਤਰੇ ਵਿੱਚ ਪਾ ਦਿੱਤੇ। ਤੁਸੀਂ ਆਜਿਹੀ ਸਹਾਇਤਾ ਮੇਰੀ ਖਾਤਿਰ ਨਹੀਂ ਕਰ ਸੱਕੇ।

Punjabi Bible: Easy-to-Read Version (ERV-PA)

2010 by World Bible Translation Center