Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 135-136

135 ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ!
    ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਉਸਦੀ ਉਸਤਤਿ ਕਰੋ, ਤੁਸੀਂ ਲੋਕ ਜਿਹੜੇ ਯਹੋਵਾਹ ਦੇ ਮੰਦਰ ਵਿੱਚ,
    ਸਾਡੇ ਪਰਮੇਸ਼ੁਰ ਦੇ ਮੰਦਰ ਦੇ ਵਰਾਂਡੇ ਵਿੱਚ ਖਲੋਤੇ ਹੋਏ ਹੋ।
ਯਹੋਵਾਹ ਦੀ ਉਸਤਤਿ ਕਰੋ, ਕਿਉਂ ਕਿ ਉਹ ਨੇਕ ਹੈ।
    ਉਸ ਦੇ ਨਾਮ ਦੀ ਉਸਤਤਿ ਕਰੋ, ਕਿਉਂਕਿ ਇਹ ਖੁਸ਼ੀ ਭਰਿਆ ਹੈ।

ਯਹੋਵਾਹ ਨੇ ਯਾਕੂਬ ਨੂੰ ਚੁਣਿਆ ਹੈ।
    ਇਸਰਾਏਲ ਪਰਮੇਸ਼ੁਰ ਦਾ ਹੈ।
ਮੈਂ ਜਾਣਦਾ ਯਹੋਵਾਹ ਮਹਾਨ ਹੈ!
    ਸਾਡਾ ਮਾਲਕ ਸਾਰੇ ਦੇਵਤਿਆ ਨਾਲੋਂ ਵੱਧੇਰੇ ਮਹਾਨ ਹੈ।
ਯਹੋਵਾਹ ਕੋਈ ਵੀ ਗੱਲ ਕਰਦਾ ਹੈ, ਜੋ ਵੀ ਉਹ ਸਵਰਗ ਅਤੇ ਧਰਤੀ ਉੱਤੇ,
    ਸਾਗਰਾਂ ਤੋਂ ਡੂੰਘੇ ਸਮੁੰਦਰਾ ਵਿੱਚ ਚਾਹੁੰਦਾ ਹੈ।
ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ।
    ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ।
    ਯਹੋਵਾਹ ਹਵਾ ਨੂੰ ਸਾਜਦਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਬੰਦਿਆ ਨੂੰ ਅਤੇ ਸਾਰੇ ਜਾਨਵਰਾਂ ਨੂੰ ਤਬਾਹ ਕਰ ਦਿੱਤਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਕਰਿਸ਼ਮੇ ਕੀਤੇ।
    ਪਰਮੇਸ਼ੁਰ ਨੇ ਇਹ ਗੱਲਾਂ ਫ਼ਿਰਊਨ ਅਤੇ ਉਸ ਦੇ ਅਫ਼ਸਰਾਂ ਨਾਲ ਵਾਪਰਨ ਦਾ ਕਾਰਣ ਬਣਾਇਆ।
10 ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ
    ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
11 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਕਨਾਨ ਦੀਆਂ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ।
12 ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
    ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।

13 ਯਹੋਵਾਹ, ਤੁਹਾਡਾ ਨਾਮ ਸਦਾ ਲਈ ਰੌਸ਼ਨ ਰਹੇਗਾ।
    ਯਹੋਵਾਹ ਲੋਕ ਤੁਹਾਨੂੰ ਸਦਾ-ਸਦਾ ਲਈ ਯਾਦ ਕਰਨਗੇ।
14 ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ
    ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
15 ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ,
    ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
16 ਬੁੱਤਾਂ ਦੇ ਮੂੰਹ ਸਨ ਪਰ ਉਹ ਬੋਲ ਨਹੀਂ ਸੱਕਦੇ ਸਨ,
    ਬੁੱਤਾਂ ਦੀਆਂ ਅੱਖਾਂ ਸਨ ਪਰ ਉਹ ਦੇਖ ਨਹੀਂ ਸੱਕਦੀਆਂ ਸਨ।
17 ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ,
    ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।
18 ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ।
    ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।

19 ਇਸਰਾਏਲ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਹਾਰੂਨ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
20 ਲੇਵੀ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਯਹੋਵਾਹ ਦੇ ਚੇਲਿਉ, ਯਹੋਵਾਹ ਨੂੰ ਅਸੀਸ ਦੇਵੋ।
21 ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ,
    ਉਸ ਦੇ ਘਰ, ਯਰੂਸ਼ਲਮ ਤੋਂ

ਯਹੋਵਾਹ ਦੀ ਉਸਤਤਿ ਕਰੋ।

136 ਯਹੋਵਾਹ ਦੀ ਉਸਤਤਿ ਕਰੋ, ਕਿਉਂਕਿ ਉਹ ਭਲਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਦੇਵਤਿਆਂ ਦੇ ਪਰਮੇਸ਼ੁਰ ਦੀ ਉਸਤਤਿ ਕਰੋ
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪ੍ਰਭੂਆਂ ਦੇ ਯਹੋਵਾਹ ਦੀ ਉਸਤਤਿ ਕਰੋ,
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਦੀ ਉਸਤਤਿ ਕਰੋ ਸਿਰਫ਼ ਉਹੀ ਹੈ ਜਿਹੜਾ ਚਮਤਕਾਰ ਕਰਦਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਦੀ ਉਸਤਤਿ ਕਰੋ।
    ਉਹ ਜਿਸਨੇ ਅਕਾਸ਼ਾ ਨੂੰ ਸਾਜਣ ਲਈ ਸਿਆਣਪ ਵਰਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਸਮੁੰਦਰ ਉੱਤੇ ਧਰਤੀ ਖੁਸ਼ਕ ਰੱਖੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਮਹਾਨ ਰੌਸ਼ਨੀਆਂ ਸਾਜੀਆਂ
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਸੂਰਜ ਨੂੰ ਦਿਨ ਉੱਤੇ ਰਾਜ ਕਰਨ ਲਈ ਸਾਜਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਰਾਤ ਉੱਤੇ ਰਾਜ ਕਰਨ ਲਈ ਚੰਨ ਅਤੇ ਤਾਰਿਆਂ ਨੂੰ ਸਾਜਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
10 ਪਰਮੇਸ਼ੁਰ ਨੇ, ਮਿਸਰ ਵਿੱਚ ਪਹਿਲੋਠੇ ਬੰਦੇ ਅਤੇ ਜਾਨਵਰ ਮਾਰ ਦਿੱਤੇ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
11 ਪਰਮੇਸ਼ੁਰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲੈ ਗਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
12 ਪਰਮੇਸ਼ੁਰ ਨੇ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਦਰਸਾਈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
13 ਪਰਮੇਸ਼ੁਰ ਨੇ ਲਾਲ ਸਾਗਰ ਨੂੰ ਦੋ ਹਿਸਿਆਂ ਵਿੱਚ ਚੀਰ ਦਿੱਤਾ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
14 ਫ਼ਿਰ ਪਰਮੇਸ਼ੁਰ ਨੇ ਇਸਰਾਏਲ ਦੀ ਅਗਵਾਈ ਸਮੁੰਦਰ ਵਿੱਚੋਂ ਦੀ ਕੀਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
15 ਪਰਮੇਸ਼ੁਰ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਲਾਲ ਸਾਗਰ ਵਿੱਚ ਡੋਬ ਦਿੱਤਾ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
16 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
17 ਪਰਮੇਸ਼ੁਰ ਨੇ ਬਲਵਾਨ ਰਾਜਿਆਂ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
18 ਪਰਮੇਸ਼ੁਰ ਨੇ ਮਜ਼ਬੂਰ ਰਾਜਿਆਂ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
19 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
20 ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
21 ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
22 ਪਰਮੇਸ਼ੁਰ ਨੇ ਉਹ ਧਰਤੀ ਸੁਗਾਤ ਵਜੋਂ ਇਸਰਾਏਲ ਨੂੰ ਦੇ ਦਿੱਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
23 ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ, ਜਦੋਂ ਅਸੀਂ ਹਾਰੇ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
24 ਪਰਮੇਸ਼ੁਰ ਨੇ ਸਾਨੂੰ ਸਾਡੇ ਦੁਸ਼ਮਣਾ ਤੋਂ ਬਚਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
25 ਪਰਮੇਸ਼ੁਰ ਹਰ ਬੰਦੇ ਨੂੰ ਭੋਜਨ ਦਿੰਦਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
26 ਸਵਰਗ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

1 ਕੁਰਿੰਥੀਆਂ ਨੂੰ 12

ਪਵਿੱਤਰ ਆਤਮਾ ਵੱਲੋਂ ਸੁਗਾਤਾਂ

12 ਹੁਣ, ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਤਮਕ ਸੁਗਾਤਾਂ ਬਾਰੇ ਜਾਣ ਲਵੋ। ਤੁਸੀਂ ਆਪਣੇ ਵਿਸ਼ਵਾਸੀ ਹੋਣ ਤੋਂ ਪਹਿਲਾਂ ਦਿਆਂ ਜ਼ਿੰਦਗੀਆਂ ਬਾਰੇ ਜਾਣਦੇ ਹੋ। ਤੁਸੀਂ ਖੁਦ ਜ਼ਿੰਦਗੀ ਹੀਣ ਮੂਰਤੀਆਂ ਦੀ ਉਪਾਸਨਾ ਵੱਲ ਅੰਨ੍ਹੇਵਾਹ ਖਿੱਚੇ ਗਏ ਸੀ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸੱਕਦਾ, “ਯਿਸੂ ਪ੍ਰਭੂ ਹੈ।”

ਆਤਮਕ ਸੁਗਾਤਾਂ ਕਈ ਤਰ੍ਹਾਂ ਦੀਆਂ ਹਨ ਪਰ ਉਹ ਸਾਰੀਆਂ ਉਸੇ ਆਤਮਾ ਵੱਲੋਂ ਹਨ। ਸੇਵਾ ਕਰਨ ਦੇ ਕਈ ਤਰੀਕੇ ਹਨ; ਪਰ ਇਹ ਸਾਰੇ ਤਰੀਕੇ ਉਸੇ ਪ੍ਰਭੂ ਵੱਲੋਂ ਹਨ। ਅਤੇ ਇਸਦੇ ਵੀ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਲੋਕਾਂ ਵਿੱਚ ਕਾਰਜ ਕਰਦਾ ਹੈ। ਪਰ ਇਹ ਸਾਰੇ ਤਰੀਕੇ ਉਸੇ ਪਰਮੇਸ਼ੁਰ ਵੱਲੋਂ ਹਨ। ਪਰਮੇਸ਼ੁਰ ਸਾਡੇ ਵਿੱਚ ਸਭ ਕਾਰਜ ਕਰਦਾ ਹੈ।

ਆਤਮਾ ਦਾ ਕਾਰਜ ਹਰ ਮਨੁੱਖ ਵਿੱਚ ਵੇਖਿਆ ਜਾ ਸੱਕਦਾ ਹੈ। ਆਤਮਾ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਸਾਨੂੰ ਇਹ ਤੋਹਫ਼ਾ ਦਿੰਦਾ ਹੈ। ਆਤਮਾ ਇੱਕ ਵਿਅਕਤੀ ਨੂੰ ਇਹ ਦਾਤ ਸਿਆਣਪ ਦੀ ਬੋਲੀ ਬੋਲਣ ਲਈ ਦਿੰਦਾ ਹੈ। ਅਤੇ ਉਹੀ ਆਤਮਾ ਗਿਆਨ ਨਾਲ ਬੋਲਣ ਦੀ ਦਾਤ ਬਖਸ਼ਦਾ ਹੈ। ਉਹੀ ਆਤਮਾ ਇੱਕ ਵਿਅਕਤੀ ਨੂੰ ਵਿਸ਼ਵਾਸ ਪ੍ਰਦਾਨ ਕਰਦਾ ਹੈ। ਅਤੇ ਉਹੀ ਆਤਮਾ ਕਿਸੇ ਵਿਅਕਤੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਦਾ ਹੈ। 10 ਦੂਸਰੇ ਵਿਅਕਤੀ ਨੂੰ, ਕਰਿਸ਼ਮੇ ਕਰਨ ਦੀ ਦਾਤ ਬਖਸ਼ਦਾ ਹੈ, ਅਤੇ ਕਿਸੇ ਹੋਰ ਵਿਅਕਤੀ ਨੂੰ ਅਗੰਮ ਵਾਕ ਕਰਨ ਦੀ, ਅਤੇ ਕਿਸੇ ਹੋਰ ਵਿਅਕਤੀ ਨੂੰ ਨੇਕ ਅਤੇ ਬਦ ਰੂਹਾਂ ਦੇ ਵਿੱਚਕਾਰ ਫ਼ਰਕ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ। ਆਤਮਾ ਕਿਸੇ ਵਿਅਕਤੀ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਅਤੇ ਕਿਸੇ ਦੂਸਰੇ ਵਿਅਕਤੀ ਨੂੰ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਕਰਨ ਦੀ ਸ਼ਕਤੀ ਦਿੰਦਾ ਹੈ। 11 ਉਹੀ ਆਤਮਾ, ਇਹ ਸਾਰੀਆਂ ਗੱਲਾਂ ਕਰਦਾ ਹੈ। ਆਤਮਾ ਇਹ ਨਿਰਨਾ ਕਰਦਾ ਹੈ ਕਿ ਹਰ ਵਿਅਕਤੀ ਨੂੰ ਕੀ ਦੇਣਾ ਹੈ।

ਮਸੀਹ ਦਾ ਸਰੀਰ

12 ਇੱਕ ਮਨੁੱਖ ਦਾ ਸਰੀਰ ਕੇਵਲ ਇੱਕ ਹੈ, ਪਰ ਇਸਦੇ ਕਈ ਅੰਗ ਹਨ। ਹਾਂ, ਇੱਕੋ ਸਰੀਰ ਦੇ ਕਈ ਅੰਗ ਹੁੰਦੇ ਹਨ, ਪਰ ਇਹ ਸਾਰੇ ਅੰਗ ਕੇਵਲ ਇੱਕ ਸਰੀਰ ਬਣਾਉਂਦੇ ਹਨ। ਮਸੀਹ ਵੀ ਇਸੇ ਤਰ੍ਹਾਂ ਹੈ। 13 ਸਾਡੇ ਵਿੱਚੋਂ ਕੁਝ ਲੋਕ ਯਹੂਦੀ ਹਨ ਅਤੇ ਕੁਝ ਯੂਨਾਨੀ ਗੈਰ ਯਹੂਦੀ ਹਨ; ਸਾਡੇ ਵਿੱਚੋਂ ਕੁਝ ਗੁਲਾਮ ਹਨ ਅਤੇ ਕੁਝ ਆਜ਼ਾਦ ਹਨ। ਪਰ ਸਾਨੂੰ ਇੱਕ ਆਤਮਾ ਰਾਹੀਂ, ਇੱਕ ਸਰੀਰ ਬਣਨ ਲਈ ਬਪਤਿਸਮਾ ਦਿੱਤਾ ਗਿਆ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹੀ ਇੱਕ ਆਤਮਾ ਦਿੱਤਾ ਗਿਆ ਹੈ।

14 ਅਤੇ ਇੱਕ ਵਿਅਕਤੀ ਦੇ ਸਰੀਰ ਦੇ ਇੱਕ ਤੋਂ ਬਹੁਤੇ ਅੰਗ ਹੁੰਦੇ ਹਨ। ਇਸਦੇ ਬਹੁਤ ਸਾਰੇ ਅੰਗ ਹੁੰਦੇ ਹਨ। 15 ਇੱਕ ਪੈਰ ਆਖ ਸੱਕਦਾ ਹੈ “ਮੈਂ ਹੱਥ ਨਹੀਂ ਹਾਂ। ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ।” ਪਰ ਸਿਰਫ਼ ਇਹ ਆਖਣ ਨਾਲ, ਪੈਰ ਸਰੀਰ ਦਾ ਭਾਗ ਹੋਣ ਤੋਂ ਨਹੀਂ ਰੁਕਦਾ। 16 ਇੱਕ ਕੰਨ ਆਖਦਾ ਹੈ, “ਮੈਂ ਅੱਖ ਨਹੀਂ ਹਾਂ ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ।” ਪਰ ਸਿਰਫ਼ ਇਹ ਆਖਣ ਨਾਲ, ਕੰਨ ਸਰੀਰ ਦਾ ਅੰਗ ਹੋਣਾ ਬੰਦ ਨਹੀਂ ਕਰਦਾ। 17 ਜੇ ਸਾਰਾ ਸਰੀਰ ਹੀ ਇੱਕ ਅੱਖ ਹੁੰਦਾ ਤਾਂ ਸਰੀਰ ਸੁਣ ਸੱਕਣ ਦੇ ਯੋਗ ਨਹੀਂ ਹੁੰਦਾ। ਜਾਂ ਸਾਰਾ ਸਰੀਰ ਹੀ ਕੰਨ ਹੁੰਦਾ ਤਾਂ ਸਰੀਰ ਕਿਸੇ ਵੀ ਚੀਜ਼ ਨੂੰ ਵੀ ਸੁੰਘ ਨਹੀਂ ਸੀ ਸੱਕਦਾ। 18-19 ਜੇ ਸਰੀਰ ਦਾ ਹਰ ਇੱਕ ਅੰਗ ਇੱਕ ਹੀ ਹੁੰਦਾ ਤਾਂ ਸਰੀਰ ਹੋਣਾ ਹੀ ਨਹੀਂ ਸੀ। ਪਰ ਜਿਵੇਂ ਪਰਮੇਸ਼ੁਰ ਨੂੰ ਚੰਗਾ ਲੱਗਾ ਉਸ ਨੇ ਸਰੀਰ ਵਿੱਚ ਅੰਗਾਂ ਨੂੰ ਰੱਖ ਦਿੱਤਾ। ਉਸ ਨੇ ਹਰ ਇੱਕ ਦੀ ਥਾਂ ਬਣਾਈ ਹੈ। 20 ਇਸੇ ਲਈ ਹੁਣ ਭਾਵੇਂ ਅਨੇਕਾਂ ਅੰਗ ਹਨ, ਸਰੀਰ ਸਿਰਫ਼ ਇੱਕ ਹੀ ਹੈ।

21 ਅੱਖ ਹੱਥ ਨੂੰ ਇਹ ਨਹੀਂ ਕਹਿ ਸੱਕਦੀ, “ਮੈਨੂੰ ਤੇਰੀ ਲੋੜ ਨਹੀਂ” ਅਤੇ ਸਿਰ ਪੈਰ ਨੂੰ ਇਹ ਨਹੀਂ ਕਹਿ ਸੱਕਦਾ, “ਮੈਨੂੰ ਤੇਰੀ ਲੋੜ ਨਹੀਂ।” 22 ਨਹੀਂ, ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ ਸੱਚਮੁੱਚ ਬਹੁਤ ਲੋੜੀਂਦੇ ਹਨ। 23 ਅਤੇ ਸਰੀਰ ਦੇ ਉਨ੍ਹਾਂ ਅੰਗਾਂ ਲਈ ਜਿਨ੍ਹਾਂ ਨੂੰ ਅਸੀ ਘੱਟ ਸਤਿਕਾਰ ਯੋਗ ਸਮਝਦੇ ਹਾਂ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ। ਅਤੇ ਸਰੀਰ ਦੇ ਉਹ ਅੰਗ ਜਿਨ੍ਹਾਂ ਨੂੰ ਅਸੀ ਵਿਖਾਉਣਾ ਪਸੰਦ ਨਹੀਂ ਕਰਦੇ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ। 24 ਪਰ ਸਾਡੇ ਸਰੀਰ ਦੇ ਉਹ ਅੰਗ ਜਿਹੜੇ ਖੂਬਸੂਰਤ ਹਨ ਉਨ੍ਹਾਂ ਨੂੰ ਸਾਡੇ ਖਾਸ ਧਿਆਨ ਦੀ ਲੋੜ ਨਹੀਂ ਹੁੰਦੀ। ਪਰ ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਇਕੱਠਿਆਂ ਰੱਖਿਆ ਤਾਂ ਜੋ ਇਨ੍ਹਾਂ ਅੰਗਾਂ ਨੂੰ ਵੱਧੇਰੇ ਗੌਰਵ ਦਿੱਤਾ ਜਾਵੇ ਜਿਸਦੀ ਇਨ੍ਹਾਂ ਨੂੰ ਲੋੜ ਹੈ। 25 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਸਾਡਾ ਸਰੀਰ ਵੰਡਿਆ ਨਾ ਜਾਵੇ। ਪਰਮੇਸ਼ੁਰ ਦੀ ਮਨਸ਼ਾ ਇਹ ਸੀ ਕਿ ਸਾਰੇ ਅੰਗ ਇੱਕ ਦੂਸਰੇ ਦਾ ਇੱਕੋ ਜਿਹਾ ਧਿਆਨ ਰੱਖਣ। 26 ਜੇ ਸਰੀਰ ਦਾ ਇੱਕ ਅੰਗ ਦੁੱਖੀ ਹੈ ਤਾਂ ਜੋ ਹੋਰ ਸਾਰੇ ਅੰਗ ਵੀ ਇਸਦੇ ਨਾਲ ਦੁੱਖੀ ਹੁੰਦੇ ਹਨ। ਜਾਂ ਜੇ ਇੱਕ ਅੰਗ ਨੂੰ ਇੱਜ਼ਤ ਮਿਲਦੀ ਹੈ ਤਾਂ ਦੂਸਰੇ ਅੰਗ ਵੀ ਇਸ ਇੱਜ਼ਤ ਦੇ ਹਿੱਸੇਦਾਰ ਹੁੰਦੇ ਹਨ।

27 ਤੁਸੀਂ ਸਾਰੇ ਇਕੱਠੇ ਮਸੀਹ ਦਾ ਸਰੀਰ ਹੋ। ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ। 28 ਅਤੇ ਪਰਮੇਸ਼ੁਰ ਨੇ ਹਰ ਇੱਕ ਨੂੰ ਕਲੀਸਿਯਾ ਵਿੱਚ ਇੱਕ ਜਗ਼੍ਹਾ ਦਿੱਤੀ ਹੈ: ਪਹਿਲਾਂ ਉਸ ਨੇ ਰਸੂਲਾਂ ਨੂੰ ਜਗ਼੍ਹਾ ਦਿੱਤੀ, ਦੂਸਰੀ ਨਬੀਆਂ ਨੂੰ, ਅਤੇ ਤੀਸਰੀ ਗੁਰੂਆਂ ਨੂੰ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਥਾਂ ਦਿੱਤੀ ਹੈ। ਜਿਹੜੇ ਕਰਿਸ਼ਮੇ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਲਾਜ਼ ਕਰਨ ਦੀਆਂ ਦਾਤਾਂ ਹਨ, ਉਨ੍ਹਾਂ ਲੋਕਾਂ ਨੂੰ ਜਿਹੜੇ ਅਗਵਾਈਆਂ ਕਰ ਸੱਕਣ ਦੇ ਯੋਗ ਹਨ, ਅਤੇ ਉਨ੍ਹਾਂ ਨੂੰ ਜਿਹੜੇ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰ ਸੱਕਦੇ ਹਨ। 29 ਸਾਰੇ ਲੋਕ ਰਸੂਲ ਨਹੀਂ ਹਨ। ਸਾਰੇ ਲੋਕ ਨਬੀ ਨਹੀਂ ਹਨ। ਸਾਰੇ ਲੋਕ ਉਸਤਾਦ ਨਹੀਂ ਹਨ। ਸਾਰੇ ਲੋਕ ਕਰਿਸ਼ਮੇ ਨਹੀਂ ਕਰ ਸੱਕਦੇ। 30 ਸਾਰੇ ਲੋਕਾਂ ਕੋਲ ਦੂਜੇ ਦਾ ਇਲਾਜ਼ ਕਰਨ ਦੀਆਂ ਦਾਤਾਂ ਨਹੀਂ ਹੁੰਦੀਆਂ। ਸਾਰੇ ਲੋਕ ਭਿੰਨ-ਭਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਵਿੱਚ ਗੱਲ ਨਹੀਂ ਕਰਦੇ। ਸਾਰੇ ਲੋਕ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਨਹੀਂ ਕਰ ਸੱਕਦੇ। 31 ਪਰ ਸੱਚਮੁੱਚ ਤੁਹਾਨੂੰ ਮਹਾਨ ਦਾਤਾਂ ਦੀ ਪ੍ਰਾਪਤੀ ਕਰਨ ਦੀ ਕਾਮਨਾ ਕਰਨੀ ਚਾਹੀਦੀ ਹੈ। ਅਤੇ ਹੁਣ ਮੈਂ ਤੁਹਾਨੂੰ ਸਰਬੋਤਮ ਮਾਰਗ ਦਿਖਾਉਂਦਾ ਹਾਂ।

Punjabi Bible: Easy-to-Read Version (ERV-PA)

2010 by World Bible Translation Center