Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਿਰਮਿਯਾਹ 3-5

“ਜੋ ਕੋਈ ਬੰਦਾ ਆਪਣੀ ਪਤਨੀ ਨੂੰ ਤਲਾਕ ਦਿੰਦਾ,
    ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਉਹ ਕਿਸੇ ਹੋਰ ਨਾਲ ਵਿਆਹ ਕਰ ਲੈਂਦੀ ਹੈ,
    ਕੀ ਉਹ ਬੰਦਾ ਫ਼ੇਰ ਵੀ ਆਪਣੀ ਪਤਨੀ ਵੱਲ ਆ ਸੱਕਦਾ ਹੈ?
    ਨਹੀਂ! ਜੇ ਉਹ ਬੰਦਾ ਉਸ ਔਰਤ ਕੋਲ ਵਾਪਸ ਜਾਂਦਾ ਹੈ, ਤਾਂ ਉਹ ਜ਼ਮੀਨ ਪਰਦੂਸ਼ਿਤ ਹੋ ਜਾਵੇਗੀ।
ਯਹੂਦਾਹ, ਤੂੰ ਆਪਣੇ ਅਨੇਕਾਂ ਪ੍ਰੇਮੀਆਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ ਸੀ।
    ਅਤੇ ਹੁਣ ਤੂੰ ਮੇਰੇ ਕੋਲ ਵਾਪਸ ਆਉਣਾ ਚਾਹੁੰਦਾ ਹੈਂ!”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਨੰਗੀਆਂ ਪਹਾੜੀਆਂ ਦੀਆਂ ਸਿਖਰਾਂ ਵੱਲ ਦੇਖ, ਯਹੂਦਾਹ।
    ਕੀ ਉੱਥੇ ਕੋਈ ਅਜਿਹੀ ਥਾਂ ਹੈ, ਜਿੱਥੇ ਤੂੰ ਆਪਣੇ ਪ੍ਰੇਮੀਆਂ ਨਾਲ ਭੋਗ ਨਹੀਂ ਕੀਤਾ?
ਤੂੰ ਆਪਣੇ ਪ੍ਰੇਮੀਆਂ ਦੇ ਇੰਤਜ਼ਾਰ ਵਿੱਚ ਸੜਕ ਕੰਢੇ ਬੈਠ ਰਿਹਾ ਹੈਂ,
    ਜਿਵੇਂ ਕੋਈ ਅਰਬ ਵਾਸੀ ਮਾਰੂਬਲ ਅੰਦਰ ਇੰਤਜ਼ਾਰ ਕਰਦਾ ਹੈ।
ਤੂੰ ਉਹ ਧਰਤੀ ਨਾਪਾਕ ਕਰ ਦਿੱਤੀ!
    ਕਿਵੇਂ? ਤੂੰ ਬਹੁਤ ਸਾਰੀਆਂ ਮੰਦੀਆਂ ਗੱਲਾਂ
    ਕੀਤੀਆਂ ਅਤੇ ਤੂੰ ਮੇਰੇ ਨਾਲ ਬੇਵਫ਼ਾ ਸੈਂ।
ਤੂੰ ਪਾਪ ਕੀਤਾ, ਇਸ ਲਈ ਬਰੱਖਾ ਨਹੀਂ ਹੋਈ।
    ਬਰੱਖਾ ਰੁੱਤ ਵਿੱਚ ਕੋਈ ਬਹਾਰ ਦਾ ਮੌਸਮ ਨਹੀਂ ਸੀ।
ਪਰ ਫ਼ੇਰ ਵੀ ਤੈਨੂੰ ਸ਼ਰਮਿੰਦਗੀ ਤੋਂ ਇਨਕਾਰ ਹੈ।
    ਤੇਰੇ ਚਿਹਰੇ ਦੀ ਤੱਕਣੀ ਕਿਸੇ ਵੇਸਵਾ ਦੀ ਤੱਕਣੀ ਵਰਗੀ ਹੈ।
ਉਦੋਂ ਜਦੋਂ ਉਹ ਸ਼ਰਮਿੰਦਗੀ ਤੋਂ ਇਨਕਾਰ ਕਰਦੀ ਹੈ।
    ਤੈਨੂੰ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਤੋਂ ਇਨਕਾਰ ਹੈ।
ਪਰ ਹੁਣ ਤੂੰ ‘ਬਾਪੂ’ ਬੁਲਾ ਰਿਹਾ ਹੈਂ,
    ਤੂੰ ਆਖਿਆ ਸੀ, ‘ਮੇਰੇ ਬਚਪਨ ਤੋਂ ਹੀ ਤੁਸੀਂ ਮੇਰੇ ਮਿੱਤਰ ਸੀ।’
ਤੂੰ ਇਹ ਵੀ ਆਖਿਆ, ‘ਪਰਮੇਸ਼ੁਰ ਹਮੇਸ਼ਾ ਤੇਰੇ ਨਾਲ ਨਰਾਜ਼ ਨਹੀਂ ਹੋਵੇਗਾ।
    ਪਰਮੇਸ਼ੁਰ ਦਾ ਕਹਿਰ ਸਦਾ ਲਈ ਨਹੀਂ ਰਹੇਗਾ।’

“ਯਹੂਦਾਹ, ਤੂੰ ਇਹ ਗੱਲਾਂ ਆਖਦਾ ਹੈਂ,
    ਪਰ ਤੂੰ ਬਦੀ ਕਰਦਾ ਹੈਂ, ਜਿੰਨੀ ਤੂੰ ਕਰ ਸੱਕਦਾ ਹੈਂ।”

ਦੋ ਬੁਰੀਆਂ ਭੈਣਾਂ: ਇਸਰਾਏਲ ਅਤੇ ਯਹੂਦਾਹ

ਯਹੋਵਾਹ ਨੇ ਰਾਜੇ ਯੋਸ਼ੀਯਾਹ ਦੇ ਸ਼ਾਸਨਕਾਲ ਦੇ ਸਮੇਂ ਦੌਰਾਨ ਮੈਨੂੰ ਆਖਿਆ, “ਯਿਰਮਿਯਾਹ ਕੀ ਤੂੰ ਦੇਖੀਆਂ ਨੇ ਉਹ ਮੰਦੀਆਂ ਗੱਲਾਂ ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ? ਤੂੰ ਦੇਖਿਆ ਹੀ ਹੈ ਕਿਵੇਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਉਸ ਨੇ ਹਰ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਦੀ ਛਾਂ ਹੇਠਾਂ ਵਿਭਚਾਰ ਕੀਤਾ ਹੈ। ਮੈਂ ਆਪਣੇ-ਆਪ ਨੂੰ ਆਖਿਆ, ‘ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।’ ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸ ਦੇ ਅਮਲਾਂ ਨੂੰ ਦੇਖਿਆ। ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸ ਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸ ਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ। ਯਹੂਦਾਹ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਵੇਸਵਾ ਵਰਗੇ ਕੰਮ ਕਰ ਰਹੀ ਸੀ। ਇਸ ਲਈ ਉਸ ਨੇ ਆਪਣੇ ਦੇਸ ਨੂੰ ‘ਨਾਪਾਕ’ ਕਰ ਦਿੱਤਾ। ਉਸ ਨੇ ਪੱਥਰ ਅਤੇ ਲਕੜੀ ਦੇ ਬਣੇ ਬੁੱਤਾਂ ਦੀ ਉਪਾਸਨਾ ਕਰਕੇ ਵਿਭਚਾਰ ਦਾ ਪਾਪ ਕੀਤਾ। 10 ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

11 ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ ਨੇ ਮੇਰੇ ਨਾਲ ਵਫ਼ਾ ਨਹੀਂ ਕੀਤੀ। ਪਰ ਉਸ ਦੇ ਕੋਲ ਬੇਵਫ਼ਾ ਯਹੂਦਾਹ ਨਾਲੋਂ ਬਿਹਤਰ ਬਹਾਨਾ ਸੀ। 12 ਯਿਰਮਿਯਾਹ, ਉੱਤਰ ਵੱਲ ਦੇਖ ਅਤੇ ਇਹ ਸੰਦੇਸ਼ ਸੁਣਾ:

“‘ਇਸਰਾਏਲ ਦੇ ਬੇਵਫ਼ਾ ਲੋਕੋ, ਤੁਸੀਂ ਵਾਪਸ ਪਰਤ ਆਓ।’
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਤੁਹਾਡੇ ਨਾਲ ਨਰਾਜ਼ ਹੋਣਾ ਛੱਡ ਦਿਆਂਗਾ।
    ਮੈਂ ਰਹਿਮ ਨਾਲ ਭਰਪੂਰ ਹਾਂ।’
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
    ‘ਮੈਂ ਹਮੇਸ਼ਾ ਲਈ ਤੁਹਾਡੇ ਨਾਲ ਨਰਾਜ਼ ਨਹੀਂ ਹੋਵਾਂਗਾ।
13 ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ।
    ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ।
    ਇਹ ਤੁਹਾਡਾ ਪਾਪ ਹੈ।
ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ।
    ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

14 “ਤੁਸੀਂ ਲੋਕੀ ਬੇਵਫ਼ਾ ਹੋ। ਪਰ ਮੇਰੇ ਵੱਲ ਵਾਪਸ ਪਰਤ ਆਓ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਮੈਂ ਤੁਹਾਡਾ ਮਾਲਕ ਹਾਂ। ਮੈਂ ਹਰ ਸ਼ਹਿਰ ਵਿੱਚੋਂ ਇੱਕ ਬੰਦਾ ਅਤੇ ਹਰ ਪਰਿਵਾਰ ਵਿੱਚੋਂ ਦੋ ਬੰਦੇ ਲਵਾਂਗਾ ਅਤੇ ਤੁਹਾਨੂੰ ਸੀਯੋਨ ਵਾਪਸ ਲਿਆਵਾਂਗਾ। 15 ਫ਼ੇਰ ਮੈਂ ਤੁਹਾਨੂੰ ਨਵੇਂ ਹਾਕਮ ਦੇਵਾਂਗਾ। ਉਹ ਹਾਕਮ ਮੇਰੇ ਵਫ਼ਾਦਾਰ ਹੋਣਗੇ। ਉਹ ਤੁਹਾਡੀ ਗਿਆਨ ਅਤੇ ਸਮਝਦਾਰੀ ਨਾਲ ਅਗਵਾਈ ਕਰਨਗੇ। 16 ਉਨ੍ਹਾਂ ਦਿਨਾਂ ਅੰਦਰ, ਦੇਸ਼ ਵਿੱਚ ਤੁਸੀਂ ਬਹੁਤ ਗਿਣਤੀ ਵਿੱਚ ਹੋਵੋਂਗੇ।” ਇਹ ਯਹੋਵਾਹ ਵੱਲੋਂ ਸੰਦੇਸ਼ ਸੀ।

“ਉਸ ਸਮੇਂ ਲੋਕ ਇਹ ਕਦੇ ਨਹੀਂ ਆਖਣਗੇ, ‘ਮੈਨੂੰ ਉਹ ਦਿਨ ਯਾਦ ਹਨ ਜਦੋਂ ਸਾਡੇ ਕੋਲ ਯਹੋਵਾਹ ਦੇ ਨੇਮ ਦਾ ਸੰਦੂਕ ਸੀ।’ ਉਹ ਪਵਿੱਤਰ ਸੰਦੂਕ ਬਾਰੇ ਮੁੜਕੇ ਸੋਚਣਗੇ ਵੀ ਨਹੀਂ। ਉਹ ਉਸ ਨੂੰ ਚੇਤੇ ਵੀ ਨਹੀਂ ਕਰਨਗੇ ਅਤੇ ਨਾ ਉਸਦਾ ਵਿਗੋਚਾ ਮਹਿਸੂਸ ਕਰਨਗੇ। ਉਹ ਫ਼ੇਰ ਕਦੇ ਪਵਿੱਤਰ ਸੰਦੂਕ ਨਹੀਂ ਬਨਾਉਣਗੇ। 17 ਉਸ ਸਮੇਂ, ਯਰੂਸ਼ਲਮ ਦਾ ਸ਼ਹਿਰ ‘ਯਹੋਵਾਹ ਦਾ ਸਿੰਘਾਸਣ’ ਸਦਾਵੇਗਾ। ਸਾਰੀਆਂ ਕੌਮਾਂ ਇਕੱਠੀਆਂ ਹੋਕੇ ਯਰੂਸ਼ਲਮ ਸ਼ਹਿਰ ਵਿੱਚ ਯਹੋਵਾਹ ਦੇ ਨਾਮ ਦਾ ਆਦਰ ਕਰਨ ਲਈ ਆਉਣਗੀਆਂ। ਉਹ ਹੁਣ ਆਪਣੇ ਜ਼ਿੱਦੀ ਮੰਦੇ ਦਿਲਾਂ ਦੇ ਪਿੱਛੇ ਨਹੀਂ ਲੱਗਣਗੇ। 18 ਉਨ੍ਹਾਂ ਦਿਨਾਂ ਅੰਦਰ, ਯਹੂਦਾਹ ਦਾ ਪਰਿਵਾਰ ਇਸਰਾਏਲ ਦੇ ਪਰਿਵਾਰ ਨਾਲ ਆ ਮਿਲੇਗਾ। ਉਹ ਉੱਤਰ ਦੇ ਕਿਸੇ ਦੇਸ ਵੱਲੋਂ ਇਕੱਠੇ ਹੋਕੇ ਆਉਣਗੇ। ਉਹ ਉਸ ਧਰਤੀ ਉੱਤੇ ਆਉਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

19-20 ਮੈਂ, ਯਹੋਵਾਹ ਨੇ, ਆਪਣੇ-ਆਪ ਨੂੰ ਆਖਿਆ,

“ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਰਗਾ ਸਲੂਕ ਕਰਨਾ ਚਾਹੁੰਦਾ ਹਾਂ।
    ਮੈਂ ਤੁਹਾਨੂੰ ਇੱਕ ਪ੍ਰਸੰਨ ਧਰਤੀ ਦੇਣਾ ਚਾਹੁੰਦਾ ਹਾਂ,
    ਅਜਿਹੀ ਧਰਤੀ ਜਿਹੜੀ ਕਿਸੇ ਵੀ ਹੋਰ ਕੌਮ ਨਾਲੋਂ ਵੱਧੇਰੇ ਖੂਬਸੂਰਤ ਹੋਵੇਗੀ।’
ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ‘ਪਿਤਾ’ ਆਖਕੇ ਸਦ੍ਦੋਁਗੇ।
    ਮੈਂ ਸੋਚਿਆ ਸੀ ਕਿ ਤੁਸੀਂ ਹਮੇਸ਼ਾ ਮੇਰੇ ਅਨੁਯਾਈ ਹੋਵੋਂਗੇ।
ਪਰ ਤੁਸੀਂ ਉਸ ਔਰਤ ਵਰਗੇ ਰਹੇ ਹੋ ਜਿਹੜੀ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ।
    ਇਸਰਾਏਲ ਦੇ ਪਰਿਵਾਰ, ਤੂੰ ਮੇਰੇ ਨਾਲ ਬੇਵਫ਼ਾਈ ਕੀਤੀ ਹੈ!”
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
21 “ਤੁਸੀਂ ਨੰਗੀਆਂ ਪਹਾੜੀਆਂ ਉੱਤੇ ਰੋਣਾ-ਧੋਣਾ ਸੁਣ ਸੱਕਦੇ ਹੋ।
    ਇਸਰਾਏਲ ਦੇ ਲੋਕ ਰੋ ਰਹੇ ਨੇ ਅਤੇ ਰਹਿਮ ਲਈ ਪ੍ਰਾਰਥਨਾ ਕਰ ਰਹੇ ਨੇ।
ਉਹ ਬਹੁਤ ਮੰਦੇ ਬਣ ਗਏ ਸਨ।
    ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਗਏ ਸਨ।”

22 ਯਹੋਵਾਹ ਨੇ ਇਹ ਵੀ ਆਖਿਆ, “ਇਸਰਾਏਲ ਦੇ ਲੋਕੋ, ਤੁਸੀਂ ਮੇਰੇ ਨਾਲ ਬੇਵਫ਼ਾ ਹੋ।
    ਪਰ ਮੇਰੇ ਵੱਲ ਪਰਤ ਕੇ ਆ ਜਾਓ!
    ਪਰਤ ਆਓ ਅਤੇ ਮੈਂ ਤੁਹਾਨੂੰ ਮੇਰੇ ਨਾਲ ਬੇਵਫ਼ਾਈ ਕਰਨ ਲਈ ਮਾਫ਼ ਕਰ ਦਿਆਂਗਾ।”

“ਲੋਕਾਂ ਨੂੰ ਆਖਣਾ ਚਾਹੀਦਾ ਹੈ, ‘ਹਾਂ, ਅਸੀਂ ਤੁਹਾਡੇ ਕੋਲ ਪਰਤ ਆਵਾਂਗੇ।
    ਤੁਸੀਂ ਹੀ ਯਹੋਵਾਹ ਸਾਡੇ ਪਰਮੇਸ਼ੁਰ ਹੋ।
23 ਪਹਾੜੀਆਂ ਉੱਤੇ ਬੁੱਤਾਂ ਦੀ ਉਪਾਸਨਾ ਕਰਨਾ ਮੂਰੱਖਤਾਈ ਸੀ।
    ਪਹਾੜੀਆਂ ਉੱਤੇ ਸ਼ੋਰ-ਸ਼ਰਾਬੇ ਦੀਆਂ ਸਮੂਹ ਦਾਵਤਾਂ ਗ਼ਲਤ ਸਨ।
ਅਵੱਸ਼ ਹੀ ਇਸਰਾਏਲ ਦੀ ਮੁਕਤੀ
    ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਆਉਂਦੀ ਹੈ।
24 ਭਿਆਨਕ ਝੂਠੇ ਦੇਵਤੇ ਬਆਲ ਨੇ ਹਰ ਉਹ ਚੀਜ਼ ਖਾ ਲਈ ਹੈ ਜਿਹੜੀ ਸਾਡੇ ਪੁਰਖਿਆਂ ਦੀ ਮਲਕੀਅਤ ਸੀ।
    ਇਹ ਉਦੋਂ ਤੋਂ ਵਾਪਰਿਆ ਜਦੋਂ ਅਸੀਂ ਬੱਚੇ ਸਾਂ।”
ਉਸ ਭਿਆਨਕ ਝੂਠੇ ਦੇਵਤੇ ਨੇ ਸਾਡੇ ਪੁਰਖਿਆਂ ਦੀਆਂ ਭੇਡਾਂ ਅਤੇ ਪਸ਼ੂਆਂ ਨੂੰ
    ਅਤੇ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ।
25 ਆਓ ਆਪਾਂ ਸ਼ਰਮਿੰਦਗੀ ਨਾਲ ਲੇਟ ਜਾਈਏ,
    ਸ਼ਰਮਿੰਦਗੀ ਸਾਨੂੰ ਰਜਾਈ ਵਾਂਗ ਢੱਕ ਲਵੇ।
ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਹੈ।
    ਅਸੀਂ ਅਤੇ ਸਾਡੇ ਪੁਰਖਿਆਂ ਨੇ ਪਾਪ ਕੀਤਾ ਹੈ।
ਅਸੀਂ ਆਪਣੇ ਬਚਪਨ ਦੇ ਸਮੇਂ ਤੋਂ ਹੀ
    ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ।’”

ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਇਸਰਾਏਲ, ਜੇ ਤੂੰ ਪਰਤ ਆਉਣਾ ਚਾਹੁੰਦਾ ਹੈਂ,
    ਤਾਂ ਮੇਰੇ ਵੱਲ ਪਰਤ ਆ।
ਆਪਣੇ ਬੁੱਤਾਂ ਨੂੰ ਸੁੱਟ ਦੇ।
    ਮੇਰੇ ਤੋਂ ਦੂਰ ਭਟਕ ਨਾ।
ਜੇ ਤੂੰ ਇਹ ਆਖਦਿਆਂ ਹੋਇਆਂ ਇਕਰਾਰ ਕਰਨ ਲਈ ਮੇਰੇ ਨਾਮ ਦਾ ਇਸਤੇਮਾਲ ਸੱਚਾਈ,
    ਇਮਾਨਦਾਰੀ ਅਤੇ ਸਹੀ ਢੰਗ ਨਾਲ ਕਰੇਂਗਾ, ‘ਯਹੋਵਾਹ ਦੀ ਜ਼ਿੰਦਗੀ ਦੁਆਰਾ,’
    ਤਾਂ ਕੌਮਾਂ ਨੂੰ ਯਹੋਵਾਹ ਵੱਲੋਂ ਅਸੀਸ ਮਿਲੇਗੀ।
ਉਹ ਉਨ੍ਹਾਂ ਗੱਲਾਂ ਬਾਰੇ ਚਰਚਾ ਕਰਨਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਨੇ।”

ਇਹੀ ਹੈ ਜੋ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਕਹਿੰਦਾ ਹੈ:

“ਆਪਣੇ ਖੇਤਾਂ ਨੂੰ ਵਾਹੋ ਜਿਹੜੇ ਵਾਹੇ ਨਹੀਂ ਗਏ ਹਨ
    ਅਤੇ ਕੰਡਿਆਂ ਵਿੱਚਕਾਰ ਬੀਜ ਨਾ ਬੀਜੋ।
ਯਹੋਵਾਹ ਦੇ ਬੰਦੇ ਬਣ ਜਾਓ।
    ਆਪਣੇ ਦਿਲਾਂ ਨੂੰ ਬਦਲ ਦਿਓ!
ਯਹੂਦਾਹ ਦੇ ਬੰਦਿਓ ਅਤੇ ਯਰੂਸ਼ਲਮ ਦੇ ਲੋਕੋ, ਜੇ ਤੁਸੀਂ ਨਹੀਂ ਬਦਲੋਁਗੇ ਤਾਂ
    ਮੈਂ ਬਹੁਤ ਕਹਿਰਵਾਨ ਹੋ ਜਾਵਾਂਗਾ।
ਮੇਰਾ ਕਹਿਰ ਅੱਗ ਵਾਂਗ, ਤੇਜ਼ੀ ਨਾਲ ਫ਼ੈਲ ਜਾਵੇਗਾ,
    ਅਤੇ ਮੇਰਾ ਕਹਿਰ ਤੁਹਾਨੂੰ ਸਾੜ ਕੇ ਸੁਆਹ ਕਰ ਦੇਵੇਗਾ।
ਅਤੇ ਉਸ ਅੱਗ ਨੂੰ ਕੋਈ ਵੀ ਨਹੀਂ ਬੁਝਾ ਸੱਕੇਗਾ।
    ਇਹ ਕਿਉਂ ਵਾਪਰੇਗਾ? ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ।”

ਉੱਤਰ ਵੱਲੋਂ ਆਉਂਦੀ ਤਬਾਹੀ

“ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ

ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ,
    ‘ਸਾਰੇ ਦੇਸ਼ ਅੰਦਰ ਤੁਰ੍ਹੀ ਵਜਾ ਦਿਓ।’
ਉੱਚੀ-ਉੱਚੀ ਪੁਕਾਰੋ ਤੇ ਆਖੋ,
    ‘ਇਕੱਠੇ ਹੋਕੇ ਆਓ!
    ਆਓ ਸੁਰੱਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀ।’
ਸੀਯੋਨ ਵੱਲ ਸੰਕੇਤ ਦਾ ਝੰਡਾ ਉੱਚਾ ਕਰੋ।
    ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੰਤਜ਼ਾਰ ਨਾ ਕਰੋ!
ਇਹੀ ਕਰੋ ਕਿਉਂ ਕਿ ਮੈਂ ਉੱਤਰ ਵੱਲੋਂ ਤਬਾਹੀ ਲਿਆ ਰਿਹਾ ਹਾਂ।
    ਮੈਂ ਭਿਆਨਕ ਤਬਾਹੀ ਲਿਆ ਰਿਹਾ ਹਾਂ।”
ਸ਼ੇਰ ਆਪਣੀ ਗੁਫ਼ਾ ਵਿੱਚੋਂ ਬਾਹਰ ਆ ਰਿਹਾ ਹੈ।
    ਕੌਮਾਂ ਦੀ ਤਬਾਹੀ ਕਰਨ ਵਾਲੇ ਨੇ ਕੂਚ ਕਰ ਦਿੱਤਾ ਹੈ।
ਉਹ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਆਪਣੇ ਘਰੋ ਚੱਲ ਪਿਆ ਹੈ।
    ਤੁਹਾਡੇ ਕਸਬੇ ਤਬਾਹ ਹੋ ਜਾਣਗੇ।
    ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਨਹੀਂ ਬਚਣਗੇ।
ਸੋਗ ਦੇ ਬਸਤਰ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ!
    ਕਿਉਂ ਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ।
ਯਹੋਵਾਹ ਆਖਦਾ ਹੈ, “ਉਸ ਸਮੇਂ, ਜਦੋਂ ਇਹ ਵਾਪਰੇਗਾ,
    ਰਾਜਾ ਅਤੇ ਉਸ ਦੇ ਅਧਿਕਾਰੀ ਆਪਣਾ ਹੌਸਲਾ ਛੱਡ ਜਾਣਗੇ,
ਜਾਜਕ ਭੈਭੀਤ ਹੋ ਜਾਣਗੇ,
    ਨਬੀ ਤ੍ਰੈਹ ਜਾਣਗੇ।”

10 ਫ਼ੇਰ ਮੈਂ, ਯਿਰਮਿਯਾਹ ਨੇ ਆਖਿਆ, “ਪ੍ਰਭੂ ਮੇਰੇ ਯਹੋਵਾਹ, ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਸੱਚਮੁੱਚ ਧੋਖਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਆਖਿਆ ਸੀ, ‘ਤੁਹਾਨੂੰ ਸ਼ਾਂਤੀ ਮਿਲੇਗੀ।’ ਪਰ ਹੁਣ ਉਨ੍ਹਾਂ ਦੇ ਸਿਰਾਂ ਉੱਤੇ ਤਲਵਾਰ ਲਟਕ ਰਹੀ ਹੈ।”

11 ਉਸ ਸਮੇਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ
    ਇੱਕ ਸੰਦੇਸ਼ ਦਿੱਤਾ ਜਾਵੇਗਾ,
“ਨੰਗੀਆਂ ਪਹਾੜੀਆਂ ਤੋਂ ਇੱਕ ਹਵਾ ਵਗ ਰਹੀ ਹੈ।
    ਇਹ ਮਾਰੂਬਲ ਵਿੱਚੋਂ ਮੇਰੇ ਲੋਕਾਂ ਲਈ ਆਉਂਦੀ ਹੈ।
ਇਹ ਕੋਮਲ ਹਵਾ ਨਹੀਂ ਜਿਸਦਾ ਇਸਤੇਮਾਲ ਕਿਸਾਨ
    ਤੂੜੀ ਉਡਾਉਣ ਲਈ ਕਰਦੇ ਹਨ।
12 ਇਹ ਇੱਕ ਤਕੜੀ ਹਵਾ ਹੈ ਜੋ ਮੈਥੋਂ ਆਉਂਦੀ ਹੈ।
    ਹੁਣ ਮੈਂ ਯਹੂਦਾਹ ਦੇ ਖਿਲਾਫ਼ ਆਪਣਾ ਨਿਆਂ ਘੋਸ਼ਿਤ ਕਰਾਂਗਾ।”
13 ਦੇਖੋ! ਦੁਸ਼ਮਣ ਬੱਦਲ ਵਾਂਗ ਉੱਠ ਰਿਹਾ ਹੈ।
    ਉਸ ਦੇ ਰੱਥ ਵਾਵਰੋਲੇ ਵਾਂਗ ਆਉਂਦੇ ਨੇ।
    ਉਸ ਦੇ ਘੋੜੇ ਬਾਜ਼ਾਂ ਨਾਲੋਂ ਵੀ ਤੇਜ਼ ਤਰਾਰ ਨੇ।
ਸਾਡੇ ਲਈ ਇਹ ਬਹੁਤ ਬੁਰਾ ਹੋਵੇਗਾ!
    ਅਸੀਂ ਬਰਬਾਦ ਹੋ ਗਏ ਹਾਂ!

14 ਯਰੂਸ਼ਲਮ ਦੇ ਲੋਕੋ,
    ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ।
ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸੱਕੋ।
    ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।
15 ਸੰਦੇਸ਼ਵਾਹਕ ਦੀ ਅਵਾਜ਼ ਨੂੰ ਸੁਣੋ ਜਿਹੜੀ
    ਦਾਨ ਦੇ ਦੇਸ ਅੰਦਰੋਂ ਆ ਰਹੀ ਹੈ।
ਇੱਕ ਬੰਦਾ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ
    ਮੰਦੀ ਖਬਰ ਲਿਆ ਰਿਹਾ ਹੈ।
16 “ਇਸਦੀ ਸੂਚਨਾ ਇਸ ਕੌਮ ਨੂੰ ਦੇਵੋ।
    ਇਹ ਖਬਰ ਯਰੂਸ਼ਲਮ ਦੇ ਲੋਕਾਂ ਅੰਦਰ ਫ਼ੈਲਾ ਦਿਓ।
ਇੱਕ ਦੂਰ-ਦੁਰਾਡੇ ਦੇਸ਼ ਵਿੱਚੋਂ ਦੁਸ਼ਮਣ ਆ ਰਹੇ ਨੇ।
    ਉਹ ਦੁਸ਼ਮਣ ਯਹੂਦਾਹ ਦੇ ਸ਼ਹਿਰਾਂ ਦੇ ਖਿਲਾਫ਼ ਜੰਗ ਦੇ ਨਾਰੇ ਮਾਰ ਰਹੇ ਨੇ।
17 ਦੁਸ਼ਮਣ ਨੇ ਯਰੂਸ਼ਲਮ ਨੂੰ ਖੇਤ ਦੀ
    ਰਾਖੀ ਕਰਨ ਵਾਲੇ ਬੰਦਿਆਂ ਵਾਂਗ ਘੇਰ ਲਿਆ ਹੈ।
ਯਹੂਦਾਹ, ਤੂੰ ਮੇਰੇ ਖਿਲਾਫ਼ ਹੋ ਗਿਆ ਸੀ!
    ਇਸ ਲਈ ਦੁਸ਼ਮਣ ਤੇਰੇ ਵਿਰੁੱਧ ਆ ਰਿਹਾ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

18 “ਜਿਸ ਢੰਗ ਨਾਲ ਤੁਸੀਂ ਰਹਿੰਦੇ ਸੀ ਅਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ
    ਉਨ੍ਹਾਂ ਨੇ ਹੀ ਤੁਹਾਡੇ ਲਈ ਇਹ ਮੁਸੀਬਤ ਲਿਆਂਦੀ ਹੈ।
ਇਹ ਤੁਹਾਡੀ ਬਦੀ ਹੀ ਸੀ ਜਿਸਨੇ ਤੁਹਾਡਾ ਜੀਵਨ ਇੰਨਾ ਮੁਸ਼ਕਿਲ ਕਰ ਦਿੱਤਾ ਸੀ।
    ਤੁਹਾਡੇ ਬਦੀ ਭਰੇ ਜੀਵਨ ਨੇ ਦੁੱਖ ਲਿਆਂਦਾ ਜਿਹੜਾ ਤੁਹਾਡੇ ਦਿਲ ਦੇ ਧੁਰ ਅੰਦਰ ਰਿੜਕਦਾ ਹੈ।”

ਯਿਰਮਿਯਾਹ ਦੀ ਪੁਕਾਰ

19 ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ।
    ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ।
ਆਹ, ਮੈਂ ਕਿੰਨਾ ਭੈਭੀਤ ਹਾਂ।
    ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।
ਮੈਂ ਸ਼ਾਂਤ ਨਹੀਂ ਹੋ ਸੱਕਦਾ।
ਕਿਉਂ ਕਿ ਮੈਂ ਵਜ੍ਜਦੀ ਹੋਈ ਤੁਰ੍ਹੀ ਦੀ ਅਵਾਜ਼ ਸੁਣ ਲਈ ਹੈ।
    ਤੁਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!
20 ਤਬਾਹੀ ਉੱਤੇ ਤਬਾਹੀ ਆ ਰਹੀ ਹੈ!
    ਸਾਰਾ ਦੇਸ਼ ਤਬਾਹ ਹੋ ਗਿਆ ਹੈ!
ਅਚਾਨਕ ਹੀ ਮੇਰੇ ਤੰਬੂ ਨਸ਼ਟ ਹੋਏ ਨੇ!
    ਮੇਰੇ ਪਰਦੇ ਪਾਟ ਗਏ ਨੇ!
21 ਯਹੋਵਾਹ, ਹੋਰ ਕਿੰਨਾ ਕੁ ਚਿਰ ਮੈਂ ਜੰਗ ਦੇ ਝੰਡਿਆਂ ਨੂੰ ਦੇਖਾਂਗਾ?
    ਹੋਰ ਕਿੰਨਾ ਕੁ ਚਿਰ ਮੈਨੂੰ ਜੰਗ ਦੀਆਂ ਤੁਰ੍ਹੀਆਂ ਨੂੰ ਸੁਣਨਾ ਪਵੇਗਾ?

22 ਪਰਮੇਸ਼ੁਰ ਨੇ ਆਖਿਆ, “ਮੇਰੇ ਲੋਕ ਮੂਰਖ ਨੇ।
    ਉਹ ਮੈਨੂੰ ਨਹੀਂ ਜਾਣਦੇ।
ਉਹ ਮੂਰਖ ਬੱਚੇ ਹਨ।
    ਉਹ ਨਹੀਂ ਸਮਝਦੇ।
ਉਹ ਬਦੀ ਕਰਨ ਵਿੱਚ ਮਾਹਰ ਹਨ,
    ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।”

ਤਬਾਹੀ ਆ ਰਹੀ ਹੈ

23 ਮੈਂ ਧਰਤੀ ਵੱਲ ਦੇਖਿਆ।
    ਧਰਤੀ ਖਾਲੀ ਸੀ, ਧਰਤੀ ਉੱਤੇ ਕੁਝ ਵੀ ਨਹੀਂ ਸੀ।
ਮੈਂ ਅਕਾਸ਼ ਵੱਲ ਦੇਖਿਆ।
    ਅਤੇ ਇਸਦੀ ਰੌਸ਼ਨੀ ਚਲੀ ਗਈ ਸੀ।
24 ਮੈਂ ਪਹਾੜਾਂ ਵੱਲ ਦੇਖਿਆ,
    ਅਤੇ ਉਹ ਹਿੱਲ ਰਹੇ ਸਨ। ਸਾਰੀਆਂ ਪਹਾੜੀਆਂ ਕੰਬ ਰਹੀਆਂ ਸਨ।
25 ਮੈਂ ਦੇਖਿਆ, ਪਰ ਓੱਥੇ ਕੋਈ ਲੋਕ ਨਹੀਂ ਸਨ।
    ਅਕਾਸ਼ ਦੇ ਸਾਰੇ ਪੰਛੀ ਉੱਡ ਗਏ ਸਨ।
26 ਮੈਂ ਦੇਖਿਆ, ਅਤੇ ਚੰਗੀ ਧਰਤੀ ਮਾਰੂਬਲ ਹੋ ਗਈ ਸੀ।
    ਉਸ ਦੇਸ਼ ਦੇ ਸਾਰੇ ਹੀ ਸ਼ਹਿਰ ਤਬਾਹ ਹੋ ਗਏ ਸਨ।
ਇਹ ਯਹੋਵਾਹ ਨੇ ਕੀਤਾ ਸੀ।
    ਯਹੋਵਾਹ ਨੇ, ਉਸ ਦੇ ਕਹਿਰ ਨੇ ਇਹ ਕੀਤਾ ਸੀ।

27 ਯਹੋਵਾਹ ਇਹ ਗੱਲਾਂ ਆਖਦਾ ਹੈ:
“ਸਾਰਾ ਦੇਸ਼ ਤਬਾਹ ਹੋ ਜਾਵੇਗਾ।
    ਪਰ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
28 ਇਸ ਦੇ ਕਾਰਣ, ਧਰਤੀ ਪਿੱਟੇਗੀ
    ਅਤੇ ਹੇਨਰਾ ਅਕਾਸ਼ ਉੱਤੇ ਛਾ ਜਾਵੇਗਾ।
ਮੈਂ ਬੋਲ ਦਿੱਤਾ ਹੈ ਅਤੇ ਇਹ ਬਦਲੇਗਾ ਨਹੀਂ।
    ਮੈਂ ਇੱਕ ਨਿਆਂ ਕਰ ਦਿੱਤਾ ਹੈ ਅਤੇ ਮੈਂ ਆਪਣੇ ਇਰਾਦੇ ਨੂੰ ਨਹੀਂ ਬਦਲਾਂਗਾ।”

29 ਯਹੂਦਾਹ ਦੇ ਲੋਕ ਘੋੜਸਵਾਰਾਂ ਅਤੇ ਤੀਰਅੰਦਾਜ਼ਾਂ ਦੀ
    ਅਵਾਜ਼ ਸੁਣਨਗੇ ਅਤੇ ਲੋਕ ਭੱਜ ਜਾਣਗੇ!
ਕੁਝ ਲੋਕ ਗੁਫ਼ਾਵਾਂ ਅੰਦਰ ਛੁਪ ਜਾਣਗੇ,
    ਕੁਝ ਲੋਕ ਝਾੜੀਆਂ ਅੰਦਰ ਛੁਪ ਜਾਣਗੇ,
    ਕੁਝ ਲੋਕ ਚੱਟਾਨਾਂ ਉੱਤੇ ਚੜ੍ਹ ਜਾਣਗੇ।
ਯਹੂਦਾਹ ਦੇ ਸਾਰੇ ਸ਼ਹਿਰ ਸੱਖਣੇ ਹੋ ਜਾਣਗੇ।
    ਉਨ੍ਹਾਂ ਅੰਦਰ ਕੋਈ ਵੀ ਬੰਦਾ ਨਹੀਂ ਰਹੇਗਾ।

30 ਯਹੂਦਾਹ, ਤੂੰ ਤਬਾਹ ਕੀਤਾ ਗਿਆ ਹੈਂ।
    ਇਸ ਲਈ ਹੁਣ ਤੂੰ ਕੀ ਕਰ ਰਿਹਾ ਹੈਂ?
ਤੂੰ ਆਪਣੀ ਸਭ ਤੋਂ ਸੋਹਣੀ ਲਾਲ ਪੋਸ਼ਾਕ ਕਿਉਂ ਪਾਈ ਹੋਈ ਹੈ?
    ਤੂੰ ਸੋਨੇ ਦੇ ਗਹਿਣੇ ਕਿਉਂ ਪਹਿਨੇ ਹੋਏ ਨੇ?
ਤੂੰ ਆਪਣੀਆਂ ਅੱਖਾਂ ਕਿਉਂ ਸਿਂਗਾਰੀਆਂ ਨੇ?
    ਤੂੰ ਆਪਣੇ-ਆਪ ਨੂੰ ਸੁੰਦਰ ਬਣਾਇਆ ਪਰ ਇਹ ਸਿਰਫ਼ ਵਕਤ ਦੀ ਬਰਬਾਦੀ ਹੈ।
ਤੈਨੂੰ ਤੇਰੇ ਪ੍ਰੇਮੀ ਨਫ਼ਰਤ ਕਰਦੇ ਨੇ।
    ਉਹ ਤੈਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ।
31 ਮੈਂ ਕਿਸੇ ਬੱਚਾ ਜੰਮਦੀ ਔਰਤ ਦੀ ਅਵਾਜ਼ ਸੁਣ ਰਿਹਾ ਹਾਂ।
    ਇਹ ਚੀਖ ਉਸ ਔਰਤ ਵਰਗੀ ਹੈ ਜਿਹੜੀ ਪਹਿਲੋਠੇ ਬੱਚੇ ਨੂੰ ਜੰਮ ਰਹੀ ਹੋਵੇ।
    ਇਹ ਸੀਯੋਨ ਦੀ ਧੀ ਦੀ ਚੀਖ ਹੈ।
ਉਹ ਇਹ ਆਖਦੀ ਹੋਈ ਪ੍ਰਾਰਥਨਾ ਵਿੱਚ ਆਪਣੇ ਹੱਥ ਉਟਾ ਰਹੀ ਹੈ,
    “ਆਹ! ਮੈਂ ਬੇਹੋਸ਼ ਹੋਣ ਵਾਲੀ ਹਾਂ!
    ਮੇਰੇ ਚੌਗਿਰਦੇ ਕਾਤਲ ਖਲੋਤੇ ਨੇ!”

ਯਹੂਦਾਹ ਦੇ ਲੋਕਾਂ ਦੀ ਬਦੀ

ਯਹੋਵਾਹ ਆਖਦਾ ਹੈ, “ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਨ੍ਹਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਕੀ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਸੱਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਂਗੇ ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ! ਲੋਕੀ ਇਕਰਾਰ ਕਰਦੇ ਨੇ ਤੇ ਆਖਦੇ ਨੇ, ‘ਜਿਵੇਂ ਕਿ ਯਹੋਵਾਹ ਹਾਜ਼ਰ ਨਾਜ਼ਰ ਹੈ।’ ਪਰ ਅਸਲ ਵਿੱਚ ਉਨ੍ਹਾਂ ਦਾ ਭਾਵ ਅਜਿਹਾ ਨਹੀਂ ਹੁੰਦਾ।”

ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ
    ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵਫ਼ਾਦਾਰ ਹੋਣ।
ਤੁਸੀਂ ਯਹੂਦਾਹ ਦੇ ਲੋਕਾਂ ਨੂੰ ਸੱਟ ਮਾਰੀ
    ਪਰ ਉਨ੍ਹਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ।
ਤੁਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ।
    ਪਰ ਉਨ੍ਹਾਂ ਨੇ ਸਬਕ ਸਿੱਖਣ ਤੋਂ ਇਨਕਾਰ ਕਰ ਦਿੱਤਾ।
ਉਹ ਬਹੁਤ ਜ਼ਿੱਦੀ ਬਣ ਗਏ।
    ਉਨ੍ਹਾਂ ਆਪਣੇ ਮੰਦੇ ਅਮਲਾਂ ਉੱਤੇ ਅਫ਼ਸੋਸ ਕਰਨ ਤੋਂ ਇਨਕਾਰ ਕੀਤਾ।

ਪਰ ਮੈਂ ਆਪਣੇ ਦਿਲ ਵਿੱਚ ਆਖਿਆ,
    “ਅਵੱਸ਼ ਹੀ ਸਿਰਫ਼ ਗਰੀਬ ਲੋਕ ਅਜਿਹੇ ਹੋਣਗੇ ਜਿਹੜੇ ਇੰਨੇ ਮੂਰਖ ਹਨ।
ਗਰੀਬ ਲੋਕਾਂ ਨੇ ਯਹੋਵਾਹ ਦੇ ਮਾਰਗ ਦੀ ਸਿੱਖਿਆ ਨਹੀਂ ਲਈ।
    ਗਰੀਬ ਲੋਕ ਆਪਣੇ ਪਰਮੇਸ਼ੁਰ ਦੀ ਬਿਵਸਬਾ ਨਹੀਂ ਜਾਣਦੇ।
ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ।
    ਮੈਂ ਉਨ੍ਹਾਂ ਨਾਲ ਗੱਲ ਕਰਾਂਗਾ।
ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ।
    ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।”
ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ
    ਹੋ ਜਾਣ ਲਈ ਇਕੱਠੇ ਹੋ ਗਏ ਸਨ।
ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ।
    ਇਸ ਲਈ ਜੰਗਲ ਦਾ ਇੱਕ ਸ਼ੇਰ ਉਨ੍ਹਾਂ ਉੱਤੇ ਹਮਲਾ ਕਰੇਗਾ।
ਮਾਰੂਬਲ ਦਾ ਇੱਕ ਬਘਿਆੜ ਉਨ੍ਹਾਂ ਨੂੰ ਮਾਰ ਸੁੱਟੇਗਾ।
    ਉਨ੍ਹਾਂ ਦੇ ਸ਼ਹਿਰ ਨੇੜੇ ਇੱਕ ਚੀਤਾ ਲੁਕਿਆ ਹੋਇਆ ਹੈ।
ਚੀਤਾ ਹਰ ਉਸ ਬੰਦੇ ਨੂੰ ਚੀਰ ਦੇਵੇਗਾ ਜਿਹੜਾ ਸ਼ਹਿਰ ਵਿੱਚੋਂ ਬਾਹਰ ਆਵੇਗਾ।
    ਅਜਿਹਾ ਇਸ ਲਈ ਵਾਪਰੇਗਾ
ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਬਾਰ-ਬਾਰ ਪਾਪ ਕੀਤਾ ਹੈ।
    ਉਹ ਅਨੇਕਾਂ ਵਾਰੀ ਯਹੋਵਾਹ ਤੋਂ ਭਟਕ ਗਏ ਹਨ।

ਪਰਮੇਸ਼ੁਰ ਨੇ ਆਖਿਆ, “ਯਹੂਦਾਹ, ਮੈਨੂੰ ਇੱਕ ਵਾਰੀ ਵੀ ਚੰਗਾ ਜਿਹਾ ਕਾਰਣ ਦੱਸ ਕਿ ਮੈਨੂੰ ਤੈਨੂੰ ਮਾਫ਼ ਕਿਉਂ ਕਰ ਦੇਣਾ ਚਾਹੀਦਾ ਸੀ।
ਤੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ ਹੈ।
    ਉਨ੍ਹਾਂ ਨੇ ਬੁੱਤਾਂ ਨਾਲ ਇਕਰਾਰ ਕੀਤੇ ਹਨ ਅਤੇ ਉਹ ਬੁੱਤ ਸੱਚਮੁੱਚ ਦੇਵਤੇ ਨਹੀਂ ਹਨ!
ਮੈਂ ਤੇਰੇ ਬੱਚਿਆਂ ਨੂੰ ਹਰ ਚੀਜ਼ ਦਿੱਤੀ ਜਿਸਦੀ ਉਨ੍ਹਾਂ ਨੂੰ ਲੋੜ ਸੀ।
    ਪਰ ਫ਼ੇਰ ਵੀ ਉਹ ਮੇਰੇ ਨਾਲ ਬੇਵਫ਼ਾ ਰਹੇ!
    ਉਨ੍ਹਾਂ ਵੱਧੇਰੇ ਸਮਾਂ ਵੇਸਵਾਵਾਂ ਨਾਲ ਗੁਜ਼ਾਰਿਆ।
ਉਹ ਅਜਿਹੇ ਘੋੜਿਆਂ ਵਰਗੇ ਹਨ ਜਿਨ੍ਹਾਂ ਕੋਲ ਖਾਣ ਲਈ ਬਹੁਤ ਕੁਝ ਸੀ ਅਤੇ ਉਹ ਜਿਨਸੀ ਮਿਲਾਪ ਲਈ ਤਿਆਰ ਹਨ।
    ਉਹ ਉਸ ਘੋੜੇ ਵਰਗੇ ਹਨ ਜਿਹੜਾ ਆਪਣੇ ਗੁਆਂਢੀ ਦੀ ਪਤਨੀ ਨੂੰ ਸੱਦ ਰਿਹਾ ਹੈ।
ਕੀ ਮੈਨੂੰ ਯਹੂਦਾਹ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਲਈ

10 “ਯਹੂਦਾਹ ਦੀਆਂ ਅੰਗੂਰੀ ਵੇਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਜਾਵੋ।
    ਵੇਲਾਂ ਨੂੰ ਕੱਟ ਸੁੱਟੋ। (ਪਰ ਪੂਰੀ ਤਰ੍ਹਾਂ ਬਰਬਾਦ ਨਾ ਕਰੋ ਉਨ੍ਹਾਂ ਨੂੰ।)
    ਕੱਟ ਦੇਵੋ ਉਨ੍ਹਾਂ ਦੀਆਂ ਸਾਰੀਆਂ ਟਾਹਣੀਆਂ।
    ਕਿਉਂ ਕਿ ਇਹ ਟਾਹਣੀਆਂ ਯਹੋਵਾਹ ਦੀ ਮਲਕੀਅਤ ਨਹੀਂ ਹਨ।
11 ਇਸਰਾਏਲ ਦਾ ਪਰਿਵਾਰ ਅਤੇ ਯਹੂਦਾਹ ਦਾ ਪਰਿਵਾਰ ਰਿਹਾ ਹੈ
    ਬੇਵਫ਼ਾ ਮੇਰੇ ਨਾਲ ਹਰ ਤਰ੍ਹਾਂ।”
    ਸੰਦੇਸ਼ ਹੈ ਇਹ ਯਹੋਵਾਹ ਵੱਲੋਂ।

12 “ਉਨ੍ਹਾਂ ਲੋਕਾਂ ਯਹੋਵਾਹ ਬਾਰੇ ਝੂਠ ਬੋਲਿਆ ਹੈ।
    ਉਨ੍ਹਾਂ ਆਖਿਆ ਹੈ, ‘ਯਹੋਵਾਹ ਸਾਡੇ ਨਾਲ ਕੁਝ ਨਹੀਂ ਕਰੇਗਾ।
ਸਾਡੇ ਨਾਲ ਕੁਝ ਵੀ ਨਹੀਂ ਵਾਪਰੇਗਾ।
    ਅਸੀਂ ਕਿਸੇ ਦੁਸ਼ਮਣ ਨੂੰ ਸਾਡੇ ਉੱਤੇ ਹਮਲਾ ਕਰਦਿਆਂ ਨਹੀਂ ਦੇਖਾਂਗੇ।
    ਅਸੀਂ ਕਦੇ ਵੀ ਭੁੱਖੇ ਨਹੀਂ ਮਰਾਂਗੇ।’
13 ਇਹ ਝੂਠੇ ਨਬੀ ਸਿਰਫ਼ ਫ਼ੋਕੀ ਹਵਾ ਹਨ।
    ਪਰਮੇਸ਼ੁਰ ਦਾ ਬਚਨ ਉਨ੍ਹਾਂ ਅੰਦਰ ਨਹੀਂ।
    ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ।”

14 ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਗੱਲਾਂ ਆਖੀਆਂ:
    “ਉਨ੍ਹਾਂ ਲੋਕਾਂ ਆਖਿਆ ਸੀ ਕਿ ਮੈਂ ਉਨ੍ਹਾਂ ਨੂੰ ਸਜ਼ਾ ਨਹੀਂ ਦਿਆਂਗਾ।
ਇਸ ਲਈ ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਦਿੰਦਾ ਹਾਂ ਉਹ ਅੱਗ ਵਰਗੇ ਹੋਣਗੇ,
    ਅਤੇ ਉਹ ਲੋਕ ਲੱਕੜ ਵਰਗੇ ਹੋਣਗੇ।
    ਉਹ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਾੜ ਦੇਵੇਗੀ!”
15 ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ,
    “ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ।
ਇਹ ਪੁਰਾਣੀ ਕੌਮ ਹੈ,
    ਇਹ ਪੁਰਾਤਨ ਕੌਮ ਹੈ।
ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ।
    ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।
16 ਉਨ੍ਹਾਂ ਦੇ ਤੀਰਾਂ ਦੇ ਭੱਬੇ ਖੁੱਲ੍ਹੀਆਂ ਕਬਰਾਂ ਵਰਗੇ ਨੇ।
    ਉਨ੍ਹਾਂ ਦੇ ਸਾਰੇ ਹੀ ਆਦਮੀ ਮਜ਼ਬੂਤ ਸਿਪਾਹੀ ਨੇ।
17 ਉਹ ਸਿਪਾਹੀ ਉਨ੍ਹਾਂ ਸਮੂਹ ਫ਼ਸਲਾਂ ਨੂੰ ਖਾ ਜਾਣਗੇ,
    ਜਿਨ੍ਹਾਂ ਦੀ ਤੁਸੀਂ ਵਾਢੀ ਕੀਤੀ ਹੈ।
ਉਹ ਤੁਹਾਡਾ ਸਾਰਾ ਭੋਜਨ ਖਾ ਜਾਣਗੇ।
    ਉਹ ਤੁਹਾਡੇ ਧੀਆਂ ਪੁੱਤਰਾਂ ਨੂੰ ਖਾ ਜਾਣਗੇ।
ਉਹ ਤੁਹਾਡੇ ਵੱਗਾਂ ਅਤੇ ਇੱਜੜਾਂ ਨੂੰ ਖਾ ਜਾਣਗੇ,
    ਉਹ ਤੁਹਾਡੇ ਅੰਗੂਰਾਂ ਅਤੇ ਤੁਹਾਡੇ ਅੰਜੀਰਾਂ ਨੂੰ ਖਾ ਜਾਣਗੇ।”

18 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਪਰ ਯਹੂਦਾਹ, ਜਦੋਂ ਇਹ ਭਿਆਨਕ ਦਿਨ ਆਉਣਗੇ, ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। 19 ਯਹੂਦਾਹ ਦੇ ਲੋਕ ਤੈਨੂੰ ਪੁੱਛਣਗੇ, ‘ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਮੰਦੀ ਗੱਲ ਕਿਉਂ ਕੀਤੀ ਹੈ?’ ਉਨ੍ਹਾਂ ਨੂੰ ਇਹ ਜਵਾਬ ਦੇਣਾ: ‘ਯਹੂਦਾਹ ਦੇ ਲੋਕੋ, ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਅਤੇ ਤੁਸੀਂ ਆਪਣੀ ਹੀ ਧਰਤੀ ਉੱਤੇ ਵਿਦੇਸ਼ੀ ਬੁੱਤਾਂ ਦੀ ਸੇਵਾ ਕੀਤੀ ਹੈ। ਤੁਸੀਂ ਇਹ ਗੱਲਾਂ ਕੀਤੀਆਂ ਨੇ, ਇਸ ਲਈ ਹੁਣ ਤੁਸੀਂ ਉਸ ਧਰਤੀ ਵਿੱਚ ਵਿਦੇਸ਼ੀਆਂ ਦੀ ਸੇਵਾ ਕਰੋਂਗੇ, ਜਿਹੜੀ ਤੁਹਾਡੀ ਨਹੀਂ ਹੈ।’”

20 ਯਹੋਵਾਹ ਨੇ ਆਖਿਆ, “ਯਾਕੂਬ ਦੇ ਪਰਿਵਾਰ ਨੂੰ ਇਹ ਸੰਦੇਸ਼ ਦੇਵੋ।
    ਇਹ ਸੰਦੇਸ਼ ਯਹੂਦਾਹ ਦੀ ਕੌਮ ਅੰਦਰ ਦੇਵੋ,
21 ਇਹ ਸੰਦੇਸ਼ ਸੁਣੋ:
    ਮੂਰਖ ਲੋਕੋ ਤੁਹਾਨੂੰ ਕੋਈ ਸਮਝ ਨਹੀਂ ਹੈ,
ਤੁਹਾਡੀਆਂ ਅੱਖਾਂ ਹਨ ਪਰ ਤੁਸੀਂ ਨਹੀਂ ਦੇਖ ਸੱਕਦੇ!
    ਤੁਹਾਡੇ ਕੰਨ ਹਨ ਪਰ ਤੁਸੀਂ ਸੁਣਦੇ ਨਹੀਂ!
22 ਅਵੱਸ਼ ਹੀ ਤੁਸੀਂ ਮੇਰੇ ਕੋਲੋਂ ਭੈਭੀਤ ਹੋ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
    “ਤੁਹਾਨੂੰ ਮੇਰੇ ਸਾਹਮਣੇ ਡਰ ਨਾਲ ਕੰਬ ਜਾਣਾ ਚਾਹੀਦਾ ਹੈ।
ਮੈਂ ਹੀ ਉਹ ਹਾਂ ਜਿਸਨੇ ਸਮੁੰਦਰ ਦੀ ਹੱਦ ਬਨਾਉਣ ਲਈ ਕੰਢਿਆਂ ਨੂੰ ਬਣਾਇਆ ਸੀ।
    ਮੈਂ ਇਸ ਨੂੰ, ਪਾਣੀ ਨੂੰ ਹਮੇਸ਼ਾ ਵਾਸਤੇ ਇਸਦੇ ਸਿਰ ਥਾਂ ਰੱਖਣ ਵਾਸਤੇ ਸਾਜਿਆ ਸੀ।
ਭਾਵੇਂ ਲਹਿਰਾਂ ਕੰਢਿਆਂ ਨਾਲ ਟਕਰਾਉਣ, ਪਰ ਉਹ ਇਸ ਨੂੰ ਤਬਾਹ ਨਹੀਂ ਕਰਨਗੀਆਂ।
    ਭਾਵੇਂ ਆਉਂਦੀਆਂ ਹੋਈਆਂ ਲਹਿਰਾਂ ਗਰਜਣ, ਪਰ ਉਹ ਕੰਢਿਆਂ ਤੋਂ ਪਾਰ ਨਹੀਂ ਜਾ ਸੱਕਦੀਆਂ।
23 ਪਰ ਯਹੂਦਾਹ ਦੇ ਲੋਕ ਜ਼ਿੱਦੀ ਨੇ।
    ਉਹ ਸਦਾ ਮੇਰੇ ਵਿਰੁੱਧ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਨੇ।
    ਉਨ੍ਹਾਂ ਮੇਰੇ ਕੋਲੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਮੈਨੂੰ ਛੱਡ ਦਿੱਤਾ ਸੀ।
24 ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ,
    ‘ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ।
ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ।
    ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।’
25 ਯਹੂਦਾਹ ਦੇ ਲੋਕੋ, ਤੁਸੀਂ ਗ਼ਲਤ ਕੰਮ ਕੀਤਾ ਹੈ।
    ਇਸ ਲਈ ਬਰੱਖਾ ਅਤੇ ਫ਼ਸਲਾਂ ਨਹੀਂ ਆਈਆਂ।
    ਤੁਹਾਡੇ ਪਾਪਾਂ ਨੇ ਤੁਹਾਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਮਾਨਣ ਤੋਂ ਦੂਰ ਰੱਖਿਆ ਹੈ।
26 ਮੇਰੇ ਲੋਕਾਂ ਅੰਦਰ ਮੰਦੇ ਆਦਮੀ ਨੇ।
    ਉਹ ਮੰਦੇ ਲੋਕ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਨੇ।
ਉਹ ਲੋਕ ਆਪਣੇ ਜਾਲ ਵਿਛਾਉਂਦੇ ਨੇ
    ਪਰ ਉਹ ਪੰਛੀਆਂ ਦੀ ਬਾਵੇਂ ਬੰਦਿਆਂ ਨੂੰ ਫ਼ਾਹੁਂਦੇ ਹਨ।
27 ਇਨ੍ਹਾਂ ਮੰਦੇ ਲੋਕਾਂ ਦੇ ਘਰ ਝੂਠ ਨਾਲ ਭਰੇ ਹੋਏ ਹਨ,
    ਜਿਵੇਂ ਪਿਂਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ।
ਉਨ੍ਹਾਂ ਦੇ ਝੂਠ ਨੇ ਉਨ੍ਹਾਂ ਨੂੰ ਅਮੀਰ ਅਤੇ ਤਾਕਤਵਰ ਬਣਾ ਦਿੱਤਾ ਹੈ।
28     ਉਹ ਆਪਣੇ ਮੰਦੇ ਅਮਲਾਂ ਕਾਰਣ ਮੋਟੇ-ਤਾਜ਼ੇ ਹੋ ਗਏ ਨੇ।
ਉਨ੍ਹਾਂ ਦੇ ਮੰਦੇ ਅਮਲਾਂ ਦਾ ਕੋਈ ਅੰਤ ਨਹੀਂ।
    ਉਹ ਯਤੀਮਾਂ ਦੀ ਸਹਾਇਤਾ ਨਹੀਂ ਕਰਦੇ
    ਅਤੇ ਉਹ ਗਰੀਬ ਲੋਕਾਂ ਬਾਰੇ ਨਿਰਪੱਖ ਨਿਆਂ ਨਹੀਂ ਕਰਦੇ।
29 ਕੀ ਯਹੂਦਾਹ ਦੇ ਲੋਕਾਂ ਨੂੰ ਮੈਨੂੰ ਇਹ ਗੱਲਾਂ ਕਰਨ ਲਈ ਇਹ ਸਜ਼ਾ ਦੇਣੀ ਚਾਹੀਦੀ ਹੈ?”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਤੁਸੀਂ ਜਾਣਦੇ ਸੀ ਕਿ ਮੈਨੂੰ ਇਹੋ ਜਿਹੀ ਕੌਮ ਨੂੰ ਸਜ਼ਾ ਦੇਣੀ ਚਾਹੀਦੀ ਹੈ।
    ਮੈਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਦੇ ਉਹ ਅਧਿਕਾਰੀ ਨੇ।”

30 ਯਹੋਵਾਹ ਆਖਦਾ ਹੈ, “ਯਹੂਦਾਹ ਦੇ ਦੇਸ ਅੰਦਰ ਇੱਕ ਭਿਆਨਕ
    ਅਤੇ ਭੈਭੀਤ ਕਰਨ ਵਾਲੀ ਗੱਲ ਵਾਪਰ ਗਈ ਹੈ।
31 ਨਬੀ ਝੂਠ ਬੋਲਦੇ ਨੇ।
    ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ!
    ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”

1 ਤਿਮੋਥਿਉਸ ਨੂੰ 4

ਝੂਠੇ ਉਪਦੇਸ਼ਕਾਂ ਬਾਰੇ ਚੇਤਾਵਨੀ

ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ। ਉਹ ਉਪਦੇਸ਼ ਉਨ੍ਹਾਂ ਲੋਕਾਂ ਵੱਲੋਂ ਆਉਂਦੇ ਹਨ ਜੋ ਝੂਠੇ ਅਤੇ ਕਪਟੀ ਹਨ। ਉਨ੍ਹਾਂ ਲੋਕਾਂ ਨੇ ਸਹੀ ਅਤੇ ਗਲਤ ਵਿੱਚ ਫ਼ਰਕ ਕਰਨ ਦੀ ਆਪਣੀ ਯੋਗਤਾ ਗੁਆ ਲਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀ ਅੰਤਰ ਆਤਮਾ ਨੂੰ ਗਰਮ ਲੋਹੇ ਨਾਲ ਸਾੜ ਦਿੱਤਾ ਗਿਆ ਹੋਵੇ। ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਨਿਹਚਾਵਾਨ ਹਨ ਅਤੇ ਜਿਹੜੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਧੰਨਵਾਦ ਕਰਕੇ ਖਾ ਸੱਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ। ਹਰ ਉਹ ਚੀਜ਼ ਜਿਹੜੀ ਪਰਮੇਸ਼ੁਰ ਨੇ ਸਾਜੀ ਹੈ ਚੰਗੀ ਹੈ। ਪਰਮੇਸ਼ੁਰ ਦੀ ਸਾਜੀ ਹੋਈ ਕੋਈ ਵੀ ਚੀਜ਼ ਨਾਮੰਜ਼ੂਰ ਨਹੀਂ ਕਰਨੀ ਚਾਹੀਦੀ ਜੇ ਇਸ ਨੂੰ ਪਰਮੇਸ਼ੁਰ ਦੇ ਧੰਨਵਾਦ ਨਾਲ ਲਿਆ ਜਾਵੇ। ਪਰਮੇਸ਼ੁਰ ਦੁਆਰਾ ਸਾਜਿਆ ਹੋਇਆ ਸਭ ਕੁਝ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਬਣ ਜਾਂਦਾ ਹੈ।

ਮਸੀਹ ਯਿਸੂ ਦੇ ਚੰਗੇ ਸੇਵਕ ਬਣੋ

ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ। ਲੋਕ ਮੂਰਖ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਸੱਚ ਨਾਲ ਕੋਈ ਮੇਲ ਨਹੀਂ। ਉਨ੍ਹਾਂ ਕਹਾਣੀਆਂ ਦੇ ਅਨੁਸਾਰ ਨਾ ਚੱਲੋ। ਪਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਵਜੋਂ ਤਿਆਰ ਕਰੋ। ਤੁਹਾਡੀ ਸਰੀਰਿਕ ਕਸਰਤ ਕਿਸੇ ਗੱਲੋਂ ਤੁਹਾਡੀ ਸਹਾਇਤਾ ਕਰਦੀ ਹੈ। ਪਰ ਪਰਮੇਸ਼ੁਰ ਦੀ ਸੇਵਾ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕਰਦੀ ਹੈ। ਪਰਮੇਸ਼ੁਰ ਦੀ ਸੇਵਾ ਤੁਹਾਡੀ ਵਰਤਮਾਨ ਜ਼ਿੰਦਗੀ ਅਤੇ ਭਵਿੱਖ ਦੀ ਜ਼ਿਦਗੀ ਲਈ ਵੀ ਅਸੀਸਾਂ ਦਾ ਵਾਅਦਾ ਕਰਦੀ ਹੈ। ਜੋ ਮੈਂ ਆਖ ਰਿਹਾਂ ਉਹ ਸੱਚ ਹੈ ਅਤੇ ਤੁਹਾਨੂੰ ਇਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। 10 ਇਹੀ ਕਾਰਣ ਹੈ ਕਿ ਅਸੀਂ ਕੰਮ ਕਰਦੇ ਹਾਂ ਅਤੇ ਸੰਘਰਸ਼ ਕਰਦੇ ਹਾਂ; ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਵਿੱਚ ਆਸ ਰੱਖਦੇ ਹਾਂ। ਉਹ ਸਮੂਹ ਲੋਕਾਂ ਦਾ ਮੁਕਤੀਦਾਤਾ ਹੈ। ਖਾਸ ਤੌਰ ਤੇ ਜਿਹੜੇ ਲੋਕ ਉਸ ਵਿੱਚ ਨਿਹਚਾ ਰੱਖਦੇ ਹਨ।

11 ਹੁਕਮ ਦਿਉ ਅਤੇ ਇਨ੍ਹਾਂ ਗੱਲਾਂ ਦੇ ਉਪਦੇਸ਼ ਦਿਉ। 12 ਤੁਸੀਂ ਨੌਜਵਾਨ ਹੋ ਪਰ ਕਿਸੇ ਨੂੰ ਇਸ ਤਰ੍ਹਾਂ ਦਾ ਵਰਤਾਓ ਨਾ ਕਰਨ ਦਿਉ ਜਿਵੇਂ ਤੁਸੀਂ ਮਹੱਤਵਪੂਰਣ ਨਹੀਂ ਹੋ। ਉਨ੍ਹਾਂ ਲਈ ਆਪਣੇ ਭਾਸ਼ਣ ਵਿੱਚ, ਆਪਣੇ ਜ਼ਿੰਦਗੀ ਦੇ ਢੰਗ ਵਿੱਚ, ਆਪਣੇ ਪ੍ਰੇਮ ਵਿੱਚ, ਆਪਣੀ ਨਿਹਚਾ ਵਿੱਚ ਅਤੇ ਆਪਣੇ ਪਵਿੱਤਰ ਜੀਵਨ ਵਿੱਚ ਇੱਕ ਉਦਾਹਰਣ ਬਣੋ।

13 ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦੇ ਰਹੋ, ਉਨ੍ਹਾਂ ਨੂੰ ਮਜਬੂਤ ਬਣਾਉ, ਅਤੇ ਉਪਦੇਸ਼ ਦਿਉ। ਜਦੋਂ ਤੱਕ ਮੈਂ ਆਉਂਦਾ ਨਹੀਂ ਇਹ ਗੱਲਾਂ ਕਰੋ। 14 ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰੱਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ। 15 ਇਹ ਗੱਲਾਂ ਕਰਦੇ ਰਹੋ। ਇਨ੍ਹਾਂ ਗੱਲਾਂ ਨੂੰ ਕਰਨ ਲਈ ਆਪਣਾ ਜੀਵਨ ਅਰਪਨ ਕਰ ਦਿਉ। ਫ਼ੇਰ ਸਾਰੇ ਲੋਕ ਵੇਖ ਸੱਕਣਗੇ ਕਿ ਤੁਹਾਡਾ ਆਤਮਕ ਜੀਵਨ ਪ੍ਰਗਤੀ ਕਰ ਰਿਹਾ ਹੈ। 16 ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰੱਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸੱਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।

Punjabi Bible: Easy-to-Read Version (ERV-PA)

2010 by World Bible Translation Center