Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਸਾਯਾਹ 50-52

ਇਸਰਾਏਲ ਨੂੰ ਉਸ ਦੇ ਗੁਨਾਹ ਕਾਰਣ ਸਜ਼ਾ ਮਿਲੀ

50 ਯਹੋਵਾਹ ਆਖਦਾ ਹੈ,
“ਇਸਰਾਏਲ ਦੇ ਲੋਕੋ, ਤੁਸੀਂ ਆਖਦੇ ਹੋ ਕਿ ਮੈਂ ਤੁਹਾਡੀ ਮਾਤਾ, ਯਰੂਸ਼ਲਮ ਨੂੰ ਤਲਾਕ ਦੇ ਦਿੱਤਾ ਹੈ।
    ਪਰ ਉਹ ਕਾਨੂੰਨੀ ਪਰਚਾ ਕਿੱਥੋ ਹੈ ਜਿਹੜਾ ਸਾਬਤ ਕਰਦਾ ਹੈ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ?
ਮੇਰੇ ਬਚਿਓ, ਕੀ ਮੈਂ ਕਿਸੇ ਦਾ ਕਰਜ਼ਾ ਦੇਣਾ ਸੀ?
    ਕੀ ਮੈਂ ਕਰਜ਼ਾ ਦੇਣ ਲਈ ਕੁਝ ਵੇਚ ਦਿੱਤਾ?
ਨਹੀਂ! ਤੁਸੀਂ ਇਸ ਲਈ ਵੇਚੇ ਗਏ ਸੀ ਕਿਉਂ ਕਿ ਤੁਸੀਂ ਮੰਦੇ ਕੰਮ ਕੀਤੇ ਸਨ।
    ਤੁਹਾਡੀ ਮਾਤਾ, ਯਰੂਸ਼ਲਮ ਨੂੰ ਤੁਹਾਡੇ ਮੰਦੇ ਕੰਮਾਂ ਕਾਰਣ ਦੂਰ ਭੇਜਿਆ ਗਿਆ ਸੀ, ਜਿਹੜੇ ਤੁਸੀਂ ਕੀਤੇ ਸਨ।
ਮੈਂ ਘਰ ਆਇਆ ਸਾਂ ਅਤੇ ਮੈਨੂੰ ਓੱਥੇ ਕੋਈ ਨਹੀਂ ਮਿਲਿਆ।
    ਮੈਂ ਬਾਰ-ਬਾਰ ਅਵਾਜ਼ਾਂ ਮਾਰੀਆਂ ਪਰ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ।
ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਤੁਹਾਨੂੰ ਬਚਾਉਣ ਦੇ ਕਾਬਿਲ ਨਹੀਂ।
    ਮੇਰੇ ਕੋਲ ਤੁਹਾਨੂੰ, ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਉਣ ਦੀ ਸ਼ਕਤੀ ਹੈ।
ਦੇਖੋ, ਜੇ ਮੈਂ ਸਮੁੰਦਰ ਨੂੰ ਸੁੱਕ ਜਾਣ ਦਾ ਹੁਕਮ ਦਿੰਦਾ ਹਾਂ, ਤਾਂ ਇਹ ਸੁੱਕ ਜਾਵੇਗਾ।
    ਮੱਛੀਆਂ ਬਿਨਾ ਪਾਣੀ ਦੇ ਮਰ ਜਾਣਗੀਆਂ ਤੇ ਉਨ੍ਹਾਂ ਦੇ ਸ਼ਰੀਰ ਸੜ ਜਾਣਗੇ।
ਮੈਂ ਅਕਾਸ਼ਾਂ ਨੂੰ ਕਾਲਾ ਬਣਾ ਸੱਕਦਾ ਹਾਂ।
    ਮੈਂ ਅਕਾਸ਼ਾਂ ਨੂੰ ਅੰਧਕਾਰ ਵਿੱਚ ਢੱਕ ਸੱਕਦਾ ਹਾਂ, ਸੋਗੀ ਬਸਤਰਾਂ ਜਿੰਨਾ ਕਾਲਾ।”

ਪਰਮੇਸ਼ੁਰ ਦਾ ਸੇਵਕ ਸੱਚਮੁੱਚ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ

ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ। ਮੇਰਾ ਪ੍ਰਭੂ, ਯਹੋਵਾਹ ਸਿੱਖਣ ਵਿੱਚ ਮੇਰੀ ਸਹਾਇਤਾ ਕਰਦਾ ਹੈ, ਅਤੇ ਮੈਂ ਉਸ ਦੇ ਵਿਰੁੱਧ ਨਹੀਂ ਹੋਇਆ ਹਾਂ। ਮੈਂ ਉਸ ਦੇ ਪਿੱਛੇ ਲੱਗਣ ਤੋਂ ਨਹੀਂ ਹਟਾਂਗਾ। ਮੈਂ ਉਨ੍ਹਾਂ ਲੋਕਾਂ ਦੀ ਮਾਰ ਝੱਲਾਂਗਾ। ਮੈਂ ਉਨ੍ਹਾਂ ਵੱਲੋਂ ਆਪਣੀ ਦਾੜੀ ਦੇ ਵਾਲਾਂ ਨੂੰ ਪੁਟ੍ਟਵਾ ਲਵਾਂਗਾ। ਜਦੋਂ ਉਹ ਮੈਨੂੰ ਬੁਰਾ ਭਲਾ ਆਖਣਗੇ ਅਤੇ ਮੇਰੇ ਮੂੰਹ ਉੱਤੇ ਬੁਕੱਣਗੇ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਛੁਪਾਵਾਂਗਾ। ਮੇਰਾ ਮਾਲਿਕ ਯਹੋਵਾਹ ਮੇਰੀ ਸਹਾਇਤਾ ਕਰੇਗਾ। ਇਸ ਲਈ ਜਿਹੜਾ ਉਹ ਮੈਨੂੰ ਮੰਦਾ ਬੋਲਣਗੇ, ਉਸਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਮੈਂ ਮਜ਼ਬੂਤ ਬਣਾਂਗਾ। ਮੈਂ ਜਾਣਦਾ ਹਾਂ ਕਿ ਮੈਂ ਨਿਰਾਸ਼ ਨਹੀਂ ਹੋਵਾਂਗਾ।

ਯਹੋਵਾਹ ਮੇਰੇ ਨਾਲ ਹੈ। ਉਹ ਦਰਸਾਉਂਦਾ ਹੈ ਕਿ ਮੈਂ ਨਿਰਦੋਸ਼ ਹਾਂ। ਇਸ ਲਈ ਕੋਈ ਵੀ ਬੰਦਾ ਮੈਨੂੰ ਦੋਸ਼ੀ ਨਹੀਂ ਦਰਸਾ ਸੱਕੇਗਾ। ਜੇ ਕੋਈ ਮੈਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਮੇਰੇ ਕੋਲ ਆਵੇ, ਅਤੇ ਅਸੀਂ ਮੁਕੱਦਮਾ ਲੜਾਂਗੇ। ਪਰ ਦੇਖੋ, ਮੇਰਾ ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਕੋਈ ਵੀ ਬੰਦਾ ਮੈਨੂੰ ਬੁਰਾ ਨਹੀਂ ਸਿੱਧ ਕਰ ਸੱਕਦਾ। ਉਹ ਸਾਰੇ ਲੋਕ ਪੁਰਾਣੇ ਅਤੇ ਬੇਕਾਰ ਕੱਪੜਿਆਂ ਵਾਂਗ ਹੋ ਜਾਣਗੇ। ਉਨ੍ਹਾਂ ਨੂੰ ਕੀੜੇ ਖਾ ਲੈਣਗੇ।

10 ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।

11 “ਦੇਖੋ, ਤੁਸੀਂ ਲੋਕ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀਆਂ ਅੱਗਾਂ ਅਤੇ ਮਸ਼ਾਲਾਂ (ਰੌਸ਼ਨੀਆਂ) ਬਾਲਦੇ ਹੋ। ਇਸ ਲਈ ਆਪਣੇ ਢੰਗ ਨਾਲ ਜੀਵੋ। ਪਰ, ਤੁਹਾਨੂੰ ਸਜ਼ਾ ਮਿਲੇਗੀ! ਤੁਸੀਂ ਆਪਣੀਆਂ ਹੀ ਅੱਗਾਂ ਅਤੇ ਮਸ਼ਾਲਾਂ ਵਿੱਚ ਡਿੱਗ ਪਵੋਂਗੇ ਅਤੇ ਤੁਸੀਂ ਸੜ ਜਾਵੋਗੇ। ਮੈਂ ਅਜਿਹਾ ਵਾਪਰਨ ਦੇਵਾਂਗਾ।”

ਇਸਰਾਏਲ ਨੂੰ ਅਬਰਾਹਾਮ ਵਰਗਾ ਹੋਣਾ ਚਾਹੀਦਾ ਹੈ

51 “ਤੁਹਾਡੇ ਵਿੱਚੋਂ ਕੁਝ ਲੋਕ ਨੇਕੀ ਦਾ ਜੀਵਨ ਜਿਉਣ ਦੀ ਸਖਤ ਕੋਸ਼ਿਸ਼ ਕਰਦੇ ਹੋ। ਤੁਸੀਂ ਯਹੋਵਾਹ ਕੋਲ ਸਹਾਇਤਾ ਲਈ ਜਾਂਦੇ ਹੋ। ਸੁਣੋ ਮੇਰੀ ਗੱਲ। ਤੁਹਾਨੂੰ ਆਪਣੇ ਪਿਤਾ ਅਬਰਾਹਾਮ ਵੱਲ ਦੇਖਣਾ ਚਾਹੀਦਾ ਹੈ। ਉਹੀ ਉਹ ਚੱਟਾਨ ਹੈ ਜਿਸਤੋਂ ਤੁਸੀਂ ਕੱਟ ਕੇ ਬਣਾਏ ਗਏ ਸੀ। ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”

ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸ ਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸੱਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓੱਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉੱਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਧੰਨਵਾਦ ਅਤੇ ਜਿੱਤ ਦੇ ਗੀਤ ਗਾਉਣਗੇ।

“ਮੇਰੇ ਲੋਕੋ, ਸੁਣੀ ਮੇਰੀ ਗੱਲ!
    ਮੇਰੇ ਨਿਆਂੇ ਉਨ੍ਹਾਂ ਰੌਸ਼ਨੀਆਂ ਵਾਂਗ ਹੋਣਗੇ ਦਰਸਾਉਣਗੇ ਜਿਹੜੇ ਕਿ ਕਿਵੇਂ ਜਿਉਣਾ ਹੈ।
ਮੈਂ ਛੇਤੀ ਹੀ ਦਰਸਾ ਦੇਵਾਂਗਾ ਕਿ ਮੈਂ ਨਿਰਪੱਖ ਹਾਂ।
    ਛੇਤੀ ਹੀ ਮੈਂ ਤੁਹਾਨੂੰ ਬਚਾਵਾਂਗਾ।
ਮੈਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਾਂਗਾ ਅਤੇ ਸਾਰੀਆਂ ਕੌਮਾਂ ਬਾਰੇ ਨਿਆਂ ਕਰਾਂਗਾ।
    ਦੂਰ-ਦੁਰਾਡੀਆਂ ਥਾਵਾਂ ਦੇ ਸਾਰੇ ਲੋਕ ਮੇਰਾ ਇੰਤਜ਼ਾਰ ਕਰ ਰਹੇ ਨੇ।
    ਸਹਾਈਤਾ ਲਈ, ਉਹ ਮੇਰੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਨੇ।
ਅਕਾਸ਼ਾਂ ਵੱਲ ਦੇਖੋ!
    ਹੇਠਾਂ ਧਰਤੀ ਵੱਲ ਆਪਣੇ ਆਲੇ-ਦੁਆਲੇ ਦੇਖੋ!
ਅਕਾਸ਼ ਧੂੰਏਁ ਦੇ ਬੱਦਲਾਂ ਵਾਂਗ ਅਲੋਪ ਹੋ ਜਾਣਗੇ।
    ਧਰਤੀ ਪਾਟੇ ਪੁਰਾਣੇ ਕੱਪੜਿਆਂ ਵਾਂਗ ਬਣ ਜਾਵੇਗੀ।
ਲੋਕ ਧਰਤੀ ਉੱਤੇ ਮਰ ਜਾਣਗੇ, ਪਰ ਮੇਰੀ ਮੁਕਤੀ ਸਦਾ ਰਹੇਗੀ।
    ਮੇਰੀ ਨੇਕੀ ਕਦੇ ਖਤਮ ਨਹੀਂ ਹੋਵੇਗੀ।
ਤੁਸੀਂ ਲੋਕ, ਜਿਹੜੇ ਨੇਕੀ ਨੂੰ ਸਮਝਦੇ ਹੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ।
    ਤੁਸੀਂ ਲੋਕ ਜਿਹੜੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਦੇ ਹੋ, ਤੁਹਾਨੂੰ ਉਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ।
ਬੁਰੇ ਬੰਦਿਆਂ ਕੋਲੋਂ ਭੈਭੀਤ ਨਾ ਹੋਵੋ।
    ਉਨ੍ਹਾਂ ਮੰਦੀਆਂ ਗੱਲਾਂ ਤੋਂ ਭੈਭੀਤ ਨਾ ਹੋਵੋ ਜਿਹੜੀਆਂ ਉਹ ਤੁਹਾਨੂੰ ਆਖਦੇ ਨੇ।
ਕਿਉਂ ਕਿ ਉਹ ਫ਼ਟੇ-ਪੁਰਾਣੇ ਕੱਪੜਿਆਂ ਵਾਂਗ ਬਣ ਜਾਣਗੇ, ਉਨ੍ਹਾਂ ਨੂੰ ਕੀੜੇ ਖਾ ਲੈਣਗੇ।
    ਉਹ ਉੱਨ ਵਾਂਗ ਹੋ ਜਾਣਗੇ।
ਪਰ ਮੇਰੀ ਨੇਕੀ ਸਦਾ ਲਈ ਰਹੇਗੀ।
    ਮੇਰੀ ਮੁਕਤੀ ਸਦਾ-ਸਦਾ ਲਈ ਰਹੇਗੀ।”

ਪਰਮੇਸ਼ੁਰ ਦੀ ਆਪਣੀ ਸ਼ਕਤੀ ਉਸ ਦੇ ਬੰਦਿਆਂ ਨੂੰ ਬਚਾਵੇਗੀ

ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ!
    ਜਾਗ ਪਓ! ਤਕੜੇ ਬਣੋ!
ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ,
    ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ।
ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ।
    ਤੁਸੀਂ ਅਜਗਰ ਨੂੰ ਹਰਾਇਆ ਸੀ।
10 ਤੁਸੀਂ ਸਮੁੰਦਰ ਨੂੰ ਖੁਸ਼ਕ ਕਰ ਦਿੱਤਾ ਸੀ!
    ਤੁਸੀਂ ਮਹਾਂ ਡੂੰਘ ਦੇ ਪਾਣੀ ਸੁਕਾ ਦਿੱਤੇ ਸੀ!
ਤੁਸੀਂ ਸਮੁੰਦਰ ਦੇ ਡੂੰਘੇ ਹਿੱਸੇ ਇੱਕ ਰਸਤੇ ਵਿੱਚ ਬਦਲ ਦਿੱਤੇ ਸਨ।
    ਤੁਹਾਡੇ ਲੋਕ ਉਸ ਰਾਹ ਨੂੰ ਪਾਰ ਕਰ ਗਏ ਸੀ ਅਤੇ ਬਚ ਗਏ ਸਨ।
11 ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।
    ਉਹ ਖੁਸ਼ੀ-ਖੁਸ਼ੀ ਸੀਯੋਨ ਨੂੰ ਪਰਤਨਗੇ।
ਉਹ ਬਹੁਤ-ਬਹੁਤ ਪ੍ਰਸੰਨ ਹੋਣਗੇ,
    ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੇ ਸਦਾ-ਸਦਾ ਲਈ ਤਾਜ ਵਰਗੀ ਹੋਵੇਗੀ।
ਉਹ ਖੁਸ਼ੀ ਨਾਲ ਗਾ ਰਹੇ ਹੋਣਗੇ।
    ਸਾਰੀ ਉਦਾਸੀ ਕਿਤੇ ਦੂਰ ਭੱਜ ਗਈ ਹੋਵੇਗੀ।

12 ਯਹੋਵਾਹ ਆਖਦਾ ਹੈ, “ਮੈਂ ਹੀ ਉਹ ਹਾਂ, ਜਿਹੜਾ ਤੁਹਾਨੂੰ ਸੱਕੂਨ ਪਹੁੰਚਾਉਂਦਾ ਹੈ।
    ਇਸ ਲਈ ਤੁਸੀਂ ਲੋਕਾਂ ਕੋਲੋਂ ਕਿਉਂ ਭੈਭੀਤ ਹੋਵੋਁ?
    ਉਹ ਸਿਰਫ਼ ਬੰਦੇ ਹੀ ਹਨ ਜਿਹੜੇ ਜਿਉਂਦੇ ਹਨ ਤੇ ਮਰ ਜਾਂਦੇ ਹਨ।
ਉਹ ਸਿਰਫ਼ ਇਨਸਾਨ ਹਨ-ਉਹ ਘਾਹ ਵਾਂਗ ਮਰ ਜਾਂਦੇ ਨੇ।”

13 ਤੁਹਾਨੂੰ ਯਹੋਵਾਹ ਨੇ ਸਾਜਿਆ ਸੀ।
    ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਨੂੰ ਸਾਜਿਆ ਸੀ!
    ਅਤੇ ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਉੱਤੇ ਅਕਾਸ਼ ਵਿਛਾੇ ਸਨ!
ਪਰ ਤੁਸੀਂ ਉਸ ਨੂੰ ਤੇ ਉਸ ਦੀ ਸ਼ਕਤੀ ਨੂੰ ਭੁੱਲ ਜਾਂਦੇ ਹੋ।
    ਇਸ ਲਈ ਤੁਸੀਂ ਉਨ੍ਹਾਂ ਗੁਸੈਲੇ ਲੋਕਾਂ ਕੋਲੋਂ ਸਦਾ ਭੈਭੀਤ ਹੋ ਜਾਂਦੇ ਹੋ ਜਿਹੜੇ ਤੁਹਾਨੂੰ ਦੁੱਖ ਦਿੰਦੇ ਨੇ।
ਉਨ੍ਹਾਂ ਲੋਕਾਂ ਨੇ ਤੁਹਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਸੀ।
    ਪਰ ਹੁਣ ਉਹ ਕਿੱਥੋ ਨੇ? ਉਹ ਸਾਰੇ ਹੀ ਖਤਮ ਹੋ ਗਏ ਨੇ।

14 ਕੈਦ ਵਿੱਚਲੇ ਲੋਕ ਛੇਤੀ ਹੀ ਰਿਹਾ ਹੋ ਜਾਣਗੇ।
    ਉਹ ਕੈਦ ਵਿੱਚ ਮਰਨਗੇ ਤੇ ਸੜਨਗੇ ਨਹੀਂ।
    ਉਨ੍ਹਾਂ ਲੋਕਾਂ ਕੋਲ ਕਾਫ਼ੀ ਭੋਜਨ ਹੋਵੇਗਾ।

15 “ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
    ਮੈਂ ਸਮੁੰਦਰ ਨੂੰ ਰਿੜਕ ਦਿੰਦਾ ਹਾਂ ਅਤੇ ਲਹਿਰਾਂ ਬੰਦ ਕਰ ਦਿੰਦਾ ਹਾਂ।”
    (ਉਸ ਦਾ ਨਾਮ ਸਰਬ-ਸ਼ਕਤੀਮਾਨ ਹੈ।)

16 “ਮੇਰੇ ਸੇਵਕ, ਮੈਂ ਤੈਨੂੰ ਉਹ ਸ਼ਬਦ ਦੇਵਾਂਗਾ ਜੋ ਮੈਂ ਚਾਹੁਂਨਾ ਕਿ ਤੂੰ ਆਖੇਁ। ਅਤੇ ਮੈਂ ਤੈਨੂੰ ਆਪਣੇ ਹੱਥੀਂ ਛਾਵਾਂ ਕਰਾਂਗਾ ਅਤੇ ਤੇਰੀ ਰੱਖਿਆ ਕਰਾਂਗਾ। ਮੈਂ ਤੇਰਾ ਇਸਤੇਮਾਲ ਨਵੇਂ ਅਕਾਸ਼ ਅਤੇ ਨਵੀਂ ਧਰਤੀ ਸਾਜਣ ਲਈ ਕਰਾਂਗਾ। ਮੈਂ ਤੇਰੀ ਵਰਤੋਂ ਇਸਰਾਏਲ ਨੂੰ ਇਹ ਆਖਣ ਲਈ ਕਰਾਂਗਾ, ‘ਤੁਸੀਂ ਮੇਰੇ ਲੋਕ ਹੋਂ।’”

ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ

17 ਜਾਗੋ! ਜਾਗੋ!
    ਯਰੂਸ਼ਲਮ, ਉੱਠ ਪਵੋ!
ਯਹੋਵਾਹ ਤੇਰੇ ਨਾਲ ਬਹੁਤ ਨਾਰਾਜ਼ ਸੀ।
    ਇਸੇ ਲਈ ਤੈਨੂੰ ਸਜ਼ਾ ਦਿੱਤੀ ਗਈ।
ਇਹ ਸਜ਼ਾ ਜ਼ਹਿਰ ਦੇ ਪਿਆਲੇ ਵਾਂਗ ਸੀ, ਜੋ ਤੈਨੂੰ ਪੀਣਾ ਪੈਣਾ ਸੀ,
    ਤੇ ਤੂੰ ਇਹ ਪੀ ਲਿਆ।

18 ਯਰੂਸ਼ਲਮ ਵਿੱਚ ਬਹੁਤ ਲੋਕ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਉਸਦਾ ਆਗੂ ਨਹੀਂ ਬਣਿਆ। ਉਸ ਦੇ ਪੈਦਾ ਕੀਤੇ ਬੱਚਿਆਂ ਵਿੱਚੋਂ ਕੋਈ ਵੀ ਉਸਦਾ ਪੱਬ ਪ੍ਰਦਰਸ਼ਕ ਨਹੀਂ ਬਣਿਆ। 19 ਯਰੂਸ਼ਲਮ ਲਈ ਮੁਸੀਬਤਾਂ ਦੋ ਸਮੂਹਾਂ ਵਿੱਚ ਆਈਆਂ। ਚੋਰੀ ਅਤੇ ਭੋਜਨ ਦੀ ਰਾਸ਼ਨਿਂਗ, ਵੱਡੀ ਭੁੱਖਮਰੀ ਅਤੇ ਜੰਗ।

ਜਦੋਂ ਤੂੰ ਦੁੱਖ ਭੋਗ ਰਹੀ ਸੀ ਤਾਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕੀਤੀ। ਕਿਸੇ ਬੰਦੇ ਨੇ ਤੇਰੇ ਉੱਤੇ ਦਇਆ ਨਹੀਂ ਕੀਤੀ। 20 ਤੇਰੇ ਲੋਕ ਕਮਜ਼ੋਰ ਹੋ ਗਏ। ਉਹ ਧਰਤੀ ਤੇ ਡਿੱਗ ਪਏ ਤੇ ਉੱਥੇ ਹੀ ਪਏ ਰਹੇ। ਉਹ ਬੰਦੇ ਹਰ ਗਲੀ ਦੇ ਮੋੜ ਉੱਤੇ ਪਏ ਸਨ। ਉਹ ਜਾਲ ਵਿੱਚ ਫ਼ਸੇ ਜਾਨਵਰਾਂ ਵਰਗੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਹਿਰ ਦੀ ਸਜ਼ਾ ਓਦੋਁ ਤੱਕ ਮਿਲੀ ਜਦੋਂ ਉਹ ਹੋਰ ਸਜ਼ਾ ਸਹਾਰਨ ਦੇ ਕਾਬਿਲ ਨਹੀਂ ਰਹੇ ਸਨ। ਜਦੋਂ ਪਰਮੇਸ਼ੁਰ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਹੋਰ ਸਜ਼ਾ ਦੇਵੇਗਾ, ਤਾਂ ਉਹ ਬਹੁਤ ਕਮਜ਼ੋਰ ਹੋ ਗਏ।

21 ਗਰੀਬ ਯਰੂਸ਼ਲਮ, ਸੁਣ ਮੇਰੀ ਗੱਲ। ਤੂੰ ਸ਼ਰਾਬੀ ਆਦਮੀ ਦੀ ਤਰ੍ਹਾਂ ਕਮਜ਼ੋਰ ਹੈਂ ਪਰ ਤੈਨੂੰ ਸ਼ਰਾਬ ਦਾ ਨਸ਼ਾ ਨਹੀਂ ਹੈ। ਤੂੰ ਜ਼ਹਿਰ ਦੇ ਉਸ ਪਿਆਲੇ ਕਾਰਣ ਕਮਜ਼ੋਰ ਹੈ।

22 ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ। 23 ਹੁਣ ਮੈਂ ਆਪਣੇ ਗੁੱਸੇ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਾਂਗਾ ਜਿਨ੍ਹਾਂ ਨੇ ਤੈਨੂੰ ਦੁੱਖ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤੈਨੂੰ ਆਖਿਆ ਸੀ, ‘ਸਾਡੇ ਅੱਗੇ ਝੁਕੋ, ਅਤੇ ਅਸੀਂ ਤੈਨੂੰ ਕੁਚਲ ਦਿਆਂਗੇ!’ ਉਨ੍ਹਾਂ ਨੇ ਤੈਨੂੰ ਉਨ੍ਹਾਂ ਅੱਗੇ ਝੁਕਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਉਹ ਤੇਰੀ ਪਿੱਠ ਨੂੰ ਮਿੱਟੀ ਵਾਂਗ ਲਿਤਾੜਨ ਲੱਗੇ। ਤੂੰ ਉਨ੍ਹਾਂ ਲਈ ਚੱਲਣ ਵਾਲਾ ਇੱਕ ਰਸਤਾ ਸੀ।”

ਇਸਰਾਏਲ ਬਚ ਜਾਵੇਗਾ

52 ਜਾਗੋ! ਜਾਗੋ ਸੀਯੋਨ!
    ਆਪਣੇ ਬਸਤਰ ਪਹਿਨ! ਆਪਣੀ ਮਜ਼ਬੂਤੀ ਫ਼ੜ!
ਪਵਿੱਤਰ ਯਰੂਸ਼ਲਮ ਉੱਠ ਖੜ੍ਹਾ ਹੋ।
    ਫ਼ੇਰ ਤੇਰੇ ਅੰਦਰ ਉਹ ਲੋਕ ਦਾਖਲ ਨਹੀਂ ਹੋਣਗੇ ਜਿਨ੍ਹਾਂ ਪਰਮੇਸ਼ੁਰ ਦੀ ਅਗਵਾਈ ਨਹੀਂ ਮੰਨੀ।
    ਉਹ ਲੋਕ ਸ਼ੁੱਧ ਅਤੇ ਸਾਫ਼ ਨਹੀਂ ਹਨ।
ਗਰਦ ਨੂੰ ਝਾੜ ਸੁੱਟ! ਆਪਣੀ ਅਦਭੁਤ ਪੁਸ਼ਾਕ ਪਹਿਨ ਲੈ!
ਹੇ ਯਰੂਸ਼ਲਮ, ਸੀਯੋਨ ਦੀਏ ਧੀਏ,
    ਤੂੰ ਕੈਦੀ ਸੀ ਪਰ ਹੁਣ ਆਪਣੇ-ਆਪ ਨੂੰ ਉਨ੍ਹਾਂ ਜ਼ੰਜ਼ੀਰਾਂ ਤੋਂ ਅਜ਼ਾਦ ਕਰ ਲੈ ਜਿਹੜੀਆਂ ਤੇਰੀ ਧੌਣ ਦੁਆਲੇ ਹਨ!
ਯਹੋਵਾਹ ਆਖਦਾ ਹੈ,
    “ਤੁਹਾਨੂੰ ਪੈਸਿਆਂ ਬਦਲੇ ਨਹੀਂ ਵੇਚਿਆ ਗਿਆ।
    ਇਸ ਲਈ ਮੈਂ ਤੁਹਾਨੂੰ ਸੁਤੰਤਰ ਕਰਨ ਲਈ ਪੈਸੇ ਦਾ ਇਸਤੇਮਾਲ ਨਹੀਂ ਕਰਾਂਗਾ।”

ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਮੇਰੇ ਲੋਕ ਪਹਿਲਾਂ ਮਿਸਰ ਵੱਲ ਰਹਿਣ ਲਈ ਗਏ-ਤੇ ਫ਼ੇਰ ਉਹ ਗੁਲਾਮ ਬਣ ਗਏ। ਬਾਦ ਵਿੱਚ ਅੱਸ਼ੂਰ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ। ਹੁਣ ਦੇਖੋ ਕੀ ਵਾਪਰਿਆ ਹੈ! ਇੱਕ ਹੋਰ ਕੌਮ ਨੇ ਮੇਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਉਸ ਦੇਸ਼ ਨੂੰ ਮੇਰੇ ਲੋਕਾਂ ਨੂੰ ਗੁਲਾਮ ਬਨਾਉਣ ਲਈ ਪੈਸਾ ਨਹੀਂ ਅਦਾ ਕਰਨਾ ਪਿਆ। ਇਹ ਕੌਮ ਮੇਰੇ ਲੋਕਾਂ ਉੱਤੇ ਹਕੂਮਤ ਕਰਦੀ ਹੈ ਅਤੇ ਉਨ੍ਹਾਂ ਉੱਤੇ ਹੱਸਦੀ ਹੈ। ਉਹ ਲੋਕ ਹਮੇਸ਼ਾ ਮੇਰੇ ਬਾਰੇ ਬੁਰਾ ਭਲਾ ਆਖਦੇ ਹਨ।”

ਯਹੋਵਾਹ ਆਖਦਾ ਹੈ, “ਇਹ ਵਾਪਰਿਆ ਹੈ ਤਾਂ ਜੋ ਮੇਰੇ ਬੰਦੇ ਮੇਰੇ ਬਾਰੇ ਗਿਆਨ ਲੈ ਸੱਕਣ। ਮੇਰੇ ਬੰਦੇ ਜਾਣ ਲੈਣਗੇ ਕਿ ਮੈਂ ਕੀ ਹਾਂ। ਮੇਰੇ ਬੰਦੇ ਮੇਰਾ ਨਾਮ ਜਾਣ ਲੈਣਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਉਹ ਹਾਂ [a] ਜਿਹੜਾ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ।”

ਕਿਸੇ ਸੰਦੇਸ਼ਵਾਹਕ ਨੂੰ ਪਹਾੜੀ ਤੋਂ ਉੱਤਰ ਕੇ ਸ਼ੁਭ ਸਮਾਚਾਰ ਲਿਆਉਂਦਿਆਂ ਦੇਖਣਾ ਕਿੰਨਾ ਅਦਭੁਤ ਹੈ। ਸੰਦੇਸ਼ ਵਾਹਕ ਕੋਲੋਂ ਐਲਾਨ ਸੁਣਦਿਆਂ ਇਹ ਖੁਸ਼ੀ ਲਿਆਉਂਦਾ ਹੈ, “ਸੀਯੋਨ, ਇੱਥੇ ਅਮਨ ਹੈ! ਅਸੀਂ ਬਚ ਗਏ ਹਾਂ! ਤੁਹਾਡਾ ਪਰਮੇਸ਼ੁਰ ਰਾਜਾ ਹੈ।”

ਸ਼ਹਿਰ ਦੇ ਪਹਿਰੇਦਾਰ ਹੋਕਰੇ ਦੇਣਾ ਸ਼ੁਰੂ ਕਰਦੇ ਹਨ।
    ਉਹ ਮਿਲਕੇ ਖੁਸ਼ੀ ਮਨਾ ਰਹੇ ਹਨ!
ਕਿਉਂ ਕਿ ਉਨ੍ਹਾਂ ਵਿੱਚੋਂ ਹਰ ਕੋਈ, ਯਹੋਵਾਹ ਨੂੰ ਸੀਯੋਨ ਪਰਤਦਿਆਂ ਦੇਖਦਾ ਹੈ।

ਯਰੂਸ਼ਲ਼ਮ, ਤੇਰੇ ਤਬਾਹ ਹੋਏ ਭਵਨ ਫ਼ੇਰ ਖੁਸ਼ੀ ਨਾਲ ਭਰਪੂਰ ਹੋਣਗੇ।
ਤੁਸੀਂ ਸਾਰੇ ਮਿਲਕੇ ਖੁਸ਼ੀ ਮਨਾਓਗੇ, ਕਿਉਂ ਕਿ ਯਹੋਵਾਹ ਯਰੂਸ਼ਲਮ ਉੱਤੇ ਮਿਹਰਬਾਨ ਹੋਵੇਗਾ।
    ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।
10 ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਮੂਹ ਕੌਮਾਂ ਨੂੰ ਦਰਸਾਏਗਾ।
    ਦੂਰ-ਦੁਰਾਡੇ ਦੇ ਸਾਰੇ ਦੇਸ਼ ਦੇਖਣਗੇ ਕਿ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕਿਵੇਂ ਬਚਾਉਂਦਾ ਹੈ।

11 ਤੁਹਾਨੂੰ ਲੋਕਾਂ ਨੂੰ, ਓਬੋਁ ਚੱਲੇ ਜਾਣਾ ਚਾਹੀਦਾ ਹੈ
    ਆਪਣੀ ਗੁਲਾਮੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ!
ਜਾਜਕੋ, ਤੁਸੀਂ ਚੁੱਕੀਆਂ ਹੋਈਆਂ ਨੇ ਉਹ ਵਸਤਾਂ ਜਿਹੜੀਆਂ ਉਪਾਸਨਾ ਲਈ ਵਰਤੀਆਂ ਜਾਂਦੀਆਂ ਨੇ।
    ਇਸ ਲਈ ਆਪਣੇ-ਆਪ ਨੂੰ ਸ਼ੁੱਧ ਬਣਾਓ।
    ਓਸ ਸ਼ੈਅ ਨੂੰ ਛੂਹੋ ਨਾ ਜਿਹੜੀ ਅਪਵਿੱਤਰ ਹੈ।
12 ਤੁਸੀਂ ਆਪਣੀ ਅਧੀਨਗੀ ਨੂੰ ਛੱਡ ਦਿਓਗੇ।
    ਪਰ ਉਹ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ ਉਹ ਕਾਹਲੀ ਵਿੱਚ।
    ਤੁਹਾਨੂੰ ਭੱਜਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਤੁਸੀਂ ਤੁਰ ਜਾਓਗੇ, ਤੇ ਯਹੋਵਾਹ ਤੁਹਾਡੇ ਨਾਲ ਚੱਲੇਗਾ।
    ਯਹੋਵਾਹ ਤੁਹਾਡੇ ਅੱਗੇ-ਅੱਗੇ ਹੋਵੇਗਾ,
    ਅਤੇ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਿੱਛੇ-ਪਿੱਛੇ ਹੋਵੇਗਾ।

ਪਰਮੇਸ਼ੁਰ ਦਾ ਦੁੱਖੀ ਸੇਵਕ

13 “ਮੇਰੇ ਸੇਵਕ ਵੱਲ ਦੇਖੋ। ਉਹ ਬਹੁਤ ਕਾਮਯਾਬ ਹੋਵੇਗਾ। ਉਹ ਬਹੁਤ ਮਹ੍ਹਤਵਪੂਰਣ ਹੋਵੇਗਾ, ਭਵਿੱਖ ਵਿੱਚ ਲੋਕ ਉਸਦਾ ਆਦਰ ਕਰਨਗੇ ਅਤੇ ਉਸ ਨੂੰ ਇੱਜ਼ਤ ਦੇਣਗੇ।

14 “ਪਰ ਬਹੁਤੇ ਲੋਕ ਪਰੇਸ਼ਾਨ ਹੋਏ ਸਨ ਜਦੋਂ ਉਨ੍ਹਾਂ ਨੇ ਮੇਰੇ ਸੇਵਕ ਨੂੰ ਦੇਖਿਆ ਸੀ। ਉਹ ਇੰਨੀ ਬੁਰੀ ਤਰ੍ਹਾਂ ਦੁੱਖੀ ਸੀ ਕਿ ਉਹ ਉਸ ਨੂੰ ਮਨੁੱਖ ਵਜੋਂ ਮੁਸ਼ਕਿਲ ਨਾਲ ਪਛਾਣ ਸੱਕਦੇ ਸਨ। 15 ਪਰ ਹੋਰ ਬਹੁਤ ਸਾਰੇ ਬੰਦੇ ਵੀ ਹੈਰਾਨ ਹੋਣਗੇ। ਰਾਜੇ ਉਸ ਨੂੰ ਦੇਖਣਗੇ, ਹੈਰਾਨ ਹੋਣਗੇ, ਅਤੇ ਇੱਕ ਸ਼ਬਦ ਵੀ ਨਹੀਂ ਬੋਲ ਸੱਕਣਗੇ। ਉਹ ਲੋਕ ਮੇਰੇ ਸੇਵਕ ਬਾਰੇ ਕਹਾਣੀ ਨਹੀਂ ਸੁਣਨਗੇ। ਉਨ੍ਹਾਂ ਨੇ ਦੇਖਿਆ ਸੀ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਕਹਾਣੀ ਨਹੀਂ ਸੁਣੀ ਸੀ ਪਰ ਉਨ੍ਹਾਂ ਨੇ ਸਮਝ ਲਿਆ ਸੀ।”

1 ਥੱਸਲੁਨੀਕੀਆਂ ਨੂੰ 5

ਪ੍ਰਭੂ ਦੀ ਆਮਦ ਲਈ ਤਿਆਰ ਰਹੋ

ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ। ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਦਿਨ ਪ੍ਰਭੂ ਫ਼ੇਰ ਆਵੇਗਾ ਉਸੇ ਤਰ੍ਹਾਂ ਹੈਰਾਨ ਭਰਿਆ ਹੋਵੇਗਾ ਜਿਵੇਂ ਉਦੋਂ ਜਦੋਂ ਰਾਤ ਵੇਲੇ ਚੋਰ ਆਉਂਦਾ ਹੈ। ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।

ਪਰ ਤੁਸੀਂ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਜਿਉਂਦੇ। ਇਸ ਲਈ ਉਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਨਹੀਂ ਕਰੇਗਾ। ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ। ਇਸ ਲਈ ਸਾਨੂੰ ਹੋਰਨਾਂ ਲੋਕਾਂ ਵਾਂਗ ਨਹੀਂ ਜਿਉਂਣਾ ਚਾਹੀਦਾ। ਸਾਨੂੰ ਜਾਗੇ ਰਹਿਣਾ ਚਾਹੀਦਾ ਅਤੇ ਸਵੈ-ਕਾਬੂ ਹੋਣਾ ਚਾਹੀਦਾ ਹੈ। ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ। ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।

ਪਰਮੇਸ਼ੁਰ ਨੇ ਸਾਨੂੰ ਆਪਣਾ ਕਹਿਰ ਝੱਲਣ ਲਈ ਨਹੀਂ ਚੁਣਿਆ। ਪਰਮੇਸ਼ੁਰ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ। 10 ਯਿਸੂ ਸਾਡੇ ਲਈ ਮਰਿਆ ਤਾਂ ਜੋ ਅਸੀਂ ਇਕੱਠੇ ਉਸ ਦੇ ਨਾਲ ਜਿਉਂ ਸੱਕੀਏ। ਜਦੋਂ ਉਹ ਆਵੇਗਾ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਉਂਦੇ ਹੋਈਏ ਜਾਂ ਮਰ ਚੁੱਕੇ ਹੋਈਏ। 11 ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।

ਆਖਰੀ ਉਪਦੇਸ਼ ਅਤੇ ਸ਼ੁਭਕਾਮਨਾਵਾਂ

12 ਹੁਣ ਭਰਾਵੋ ਅਤੇ ਭੈਣੋ, ਉਨ੍ਹਾਂ ਦੀ ਇੱਜ਼ਤ ਕਰੋ ਜਿਹੜੇ ਤੁਹਾਡੇ ਦਰਮਿਆਨ ਸਖਤ ਮਿਹਨਤ ਕਰਦੇ ਹਨ, ਜਿਹੜੇ ਤੁਹਾਡੀ ਪ੍ਰਭੂ ਵਿੱਚ ਅਗਵਾਈ ਕਰਦੇ ਹਨ। ਅਤੇ ਤੁਹਾਨੂੰ ਉਪਦੇਸ਼ ਦਿੰਦੇ ਹਨ। 13 ਉਨ੍ਹਾਂ ਦੀ ਇੱਜ਼ਤ ਉਸ ਕੰਮ ਦੀ ਖਾਤਿਰ, ਇੱਕ ਖਾਸ ਪ੍ਰੇਮ ਨਾਲ ਕਰੋ, ਜਿਹੜਾ ਉਹ ਕਰਦੇ ਹਨ।

ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹੋ। 14 ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣ ਲਈ ਆਖਦੇ ਹਾਂ ਜਿਹੜੇ ਕੰਮ ਨਹੀਂ ਕਰਦੇ। ਉਨ੍ਹਾਂ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਕਰੋ ਜਿਹੜੇ ਡਰਦੇ ਹਨ। ਜਿਹੜੇ ਕਮਜ਼ੋਰ ਹਨ ਉਨ੍ਹਾਂ ਦੀ ਸਹਾਇਤਾ ਕਰੋ। ਹਰ ਕਿਸੇ ਨਾਲ ਨਿਮ੍ਰ ਹੋਵੋ। 15 ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।

16 ਹਮੇਸ਼ਾ ਖੁਸ਼ ਰਹੋ। 17 ਕਦੇ ਵੀ ਪ੍ਰਾਰਥਨਾ ਕਰਨੀ ਨਾ ਛੱਡੋ। 18 ਹਰ ਵੇਲੇ ਪਰਮੇਸ਼ੁਰ ਦਾ ਧੰਨਵਾਦ ਕਰੋ। ਇਹੀ ਹੈ ਜੋ ਮਸੀਹ ਯਿਸੂ ਵਿੱਚ ਪਰਮੇਸ਼ੁਰ ਤੁਹਾਥੋਂ ਚਾਹੁੰਦਾ ਹੈ।

19 ਪਵਿੱਤਰ ਆਤਮਾ ਦੇ ਕਾਰਜ ਨੂੰ ਨਾ ਰੋਕੋ। 20 ਅਗੰਮੀ ਵਾਕਾਂ ਨੂੰ ਇੰਝ ਨਾ ਸਮਝੋ ਜਿਵੇਂ ਕਿ ਉਹ ਮਹੱਤਵਹੀਣ ਹੋਣ। 21 ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ। 22 ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ।

23 ਅਸੀ ਪ੍ਰਾਰਥਨਾ ਕਰਦੇ ਹਾਂ ਕਿ ਅਮਨ ਦਾ ਪਰਮੇਸ਼ੁਰ ਖੁਦ ਤੁਹਾਨੂੰ ਉਸੇ ਦਾ ਹੋਣ ਲਈ ਪਵਿੱਤਰ ਬਣਾਵੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਅਤੇ ਜੀਵਨ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਸੁੱਰੱਖਿਅਤ ਅਤੇ ਦੋਸ਼ ਰਹਿਤ ਰਹਿਣ। 24 ਉਹ ਪਰਮੇਸ਼ੁਰ ਜਿਸਨੇ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡੇ ਲਈ ਇਹ ਕਰੇਗਾ। ਤੁਸੀਂ ਉਸ ਵਿੱਚ ਵਿਸ਼ਵਾਸ ਰੱਖ ਸੱਕਦੇ ਹੋ।

25 ਭਰਾਵੋ ਅਤੇ ਭੈਣੋ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। 26 ਜਦੋਂ ਤੁਸੀਂ ਇਕੱਠੇ ਹੋਵੋਂ ਤਾਂ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇੱਕ ਪਵਿੱਤਰ ਚੁੰਮਣ ਨਾਲ ਸ਼ੁਭਕਾਮਨਾਵਾਂ ਦਿਉ। 27 ਮੈਂ ਤੁਹਾਨੂੰ ਪ੍ਰਭੂ ਦੇ ਇਖਤਿਆਰ ਨਾਲ ਮਸੀਹ ਵਿੱਚ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇਹ ਪੱਤਰ ਪੜ੍ਹਕੇ ਸੁਣਾਉਣ ਲਈ ਆਖਦਾ ਹਾਂ। 28 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।

Punjabi Bible: Easy-to-Read Version (ERV-PA)

2010 by World Bible Translation Center