New Testament in a Year
24 ਯਹੂਦੀ ਯਿਸੂ ਦੇ ਆਲੇ-ਦੁਆਲੇ ਇੱਕਤਰ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰੱਖੇਂਗਾ? ਜੇਕਰ ਤੂੰ ਮਸੀਹ ਹੈਂ ਤਾ ਸਾਨੂੰ ਸਾਫ਼-ਸਾਫ਼ ਕਹਿ।”
25 ਯਿਸੂ ਨੇ ਆਖਿਆ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਮੈਂ ਆਪਣੇ ਪਿਤਾ ਦੇ ਨਾਂ ਤੇ ਕਰਾਮਾਤਾਂ ਕਰਦਾ ਹਾਂ। ਅਤੇ ਉਹ ਕਰਾਮਾਤਾਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ। 26 ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂ ਕਿ ਤੁਸੀਂ ਮੇਰੇ ਇੱਜੜ ਦੀਆਂ ਭੇਡਾਂ ਨਹੀਂ ਹੋ। 27 ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰਾ ਅਨੁਸਰਣ ਕਰਦੀਆਂ ਹਨ। 28 ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾਹੀ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸੱਕਦਾ ਹੈ। 29 ਮੇਰੇ ਪਿਤਾ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ ਹੈ। ਉਹ ਸਭ ਤੋਂ ਮਹਾਨ ਹੈ। 30 ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸੱਕਦਾ। ਮੈਂ ਅਤੇ ਪਿਤਾ ਇੱਕ ਹਾਂ।”
31 ਯਹੂਦੀਆਂ ਨੇ ਇਹ ਸੁਣਿਆ ਅਤੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ। 32 ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਅਨੇਕਾਂ ਚੰਗੀਆਂ ਕਰਨੀਆਂ ਵਿਖਾਈਆਂ। ਉਨ੍ਹਾਂ ਵਿੱਚੋਂ ਕਿਸ ਕਾਰਜ ਵਾਸਤੇ ਤੁਸੀਂ ਮੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਹੋ?”
33 ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਸੁੱਟ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਖਿਲਾਫ਼ ਬੋਲਿਆ ਹੈਂ। ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ। ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ।”
34 ਯਿਸੂ ਨੇ ਆਖਿਆ, “ਇਹ ਤੁਹਾਡੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ।’ [a] 35 ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸੱਕਦੀ। 36 ਫਿਰ ਤੁਸੀਂ ਕਿਵੇਂ ਕਹਿ ਸੱਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹਾਂ। ਸਿਰਫ਼ ਕਿਉਂ ਕਿ ਮੈਂ ਆਖਿਆ ਹੈ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ?’ ਮੈਂ ਉਹ ਹਾਂ ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ। 37 ਜੇਕਰ ਮੈਂ ਉਹ ਗੱਲਾਂ ਨਾ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸਤੇ ਵਿਸ਼ਵਾਸ ਨਾ ਕਰੋ। 38 ਪਰ ਜੇ ਮੈਂ ਉਹ ਗੱਲਾਂ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਵਿਸ਼ਵਾਸ ਕਰੋ ਜਿਹੜੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਂਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।”
39 ਯਹੂਦੀ ਫੇਰ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਤੋਂ ਬਚ ਗਿਆ।
40 ਯਿਸੂ ਫਿਰ ਯਰਦਨ ਨਦੀ ਦੇ ਪਾਰ ਦੀ ਥਾਂ ਨੂੰ ਚੱਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਠਹਿਰਿਆ। 41 ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਕਰਿਸ਼ਮਾ ਨਹੀਂ ਕੀਤਾ, ਪਰ ਜੋ ਕੁਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ।” 42 ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸਦਾ ਵਿਸ਼ਵਾਸ ਕੀਤਾ।
2010 by World Bible Translation Center