New Testament in a Year
28 ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਂਗੇ ਤਾਂ ਤੁਸੀਂ ਜਾਣ ਜਾਵੋਂਗ਼ੇ ਕਿ ਮੈਂ ਉਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿੱਖਾਇਆ ਹੈ। 29 ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹ ਪਸੰਦ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇੱਕਲਾ ਨਹੀਂ ਛੱਡਿਆ।” 30 ਜਦੋਂ ਯਿਸੂ ਅਜਿਹੀਆਂ ਗੱਲਾਂ ਆਖ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
ਯਿਸੂ ਦਾ ਪਾਪ ਤੋਂ ਮੁਕਤੀ ਬਾਰੇ ਉਪਦੇਸ਼
31 ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਵਿੱਚ ਨਿਹਚਾ ਰੱਖਦੇ ਸਨ, “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ। 32 ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”
33 ਯਹੂਦੀਆਂ ਨੇ ਜਵਾਬ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ਼ ਹਾਂ। ਅਸੀਂ ਕਦੇ ਵੀ ਕਿਸੇ ਦੇ ਸੇਵਕ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਨਾ ਕਿ ਅਸੀਂ ਮੁਕਤ ਹੋ ਜਾਵਾਂਗੇ?”
34 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹੜਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ। 35 ਇੱਕ ਗੁਲਾਮ ਹਮੇਸ਼ਾ ਵਾਸਤੇ ਪਰਿਵਾਰ ਨਾਲ ਨਹੀਂ ਰਹਿੰਦਾ ਪਰ ਇੱਕ ਪੁੱਤਰ ਹਮੇਸ਼ਾ ਪਰਿਵਾਰ ਨਾਲ ਰਹਿੰਦਾ ਹੈ। 36 ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰ ਦਿੰਦਾ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਵੋਂਗੇ। 37 ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ਼ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਉਪਦੇਸ਼ ਨੂੰ ਕਬੂਲਣ ਲਈ ਰਾਜੀ ਨਹੀਂ ਹੋ। 38 ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਦਰਸਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”
39 ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।”
ਯਿਸੂ ਨੇ ਆਖਿਆ, “ਜੇਕਰ ਸੱਚ ਮੁੱਚ ਤੁਸੀਂ ਅਬਰਾਹਾਮ ਦੀ ਅੰਸ਼ ਹੁੰਦੇ, ਤਾਂ ਤੁਸੀਂ ਉਹੀ ਕਰਨੀਆਂ ਕਰਦੇ ਜੋ ਅਬਰਾਹਾਮ ਨੇ ਕੀਤੀਆਂ। 40 ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰ ਦੇਣਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ 41 ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।”
ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਵਾਂਗ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”
42 ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ। ਮੈਂ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ। 43 ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂ ਕਿ ਤੁਸੀਂ ਮੇਰੇ ਉਪਦੇਸ਼ਾਂ ਨੂੰ ਸੁਨਣ ਲਈ ਤਿਆਰ ਨਹੀਂ ਹੋ। 44 ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸਦੀ ਅੰਸ਼ ਹੋ ਤੇ ਸਿਰਫ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਹਤਿਆਰਾ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਸਵਰੂਪ ਪ੍ਰਗਟਾਉਂਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।
45 “ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। 46 ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸੱਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਦੱਸ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? 47 ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
ਯਿਸੂ ਆਪਣੇ ਅਤੇ ਅਬਰਾਹਾਮ ਬਾਰੇ ਦੱਸਦਾ ਹੈ
48 ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਆਖਿਆ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਪ੍ਰਵੇਸ਼ ਕਰ ਗਿਆ ਹੈ।”
49 ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਸਨਮਾਨ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50 ਮੈਂ ਆਪਣੇ-ਆਪ ਵਾਸਤੇ ਮਾਨ ਨਹੀਂ ਚਹੁੰਦਾ। ਇੱਕ ਅਜਿਹਾ ਹੈ ਜੋ ਮੈਨੂੰ ਮਾਣ ਦੇਣਾ ਚਾਹੁੰਦਾ ਹੈ। ਉਹ ਮੁਨਸਫ ਹੈ। 51 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਉਪਦੇਸ਼ ਤੇ ਚੱਲੇਗਾ ਉਹ ਕਦੇ ਵੀ ਨਹੀਂ ਮਰੇਗਾ।”
52 ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇੱਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ‘ਉਹ ਕਦੇ ਵੀ ਨਹੀਂ ਮਰੇਗਾ।’ 53 ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਤਾਂ ਤੂੰ ਭਲਾ ਆਪਣੇ-ਆਪ ਨੂੰ ਕੀ ਸਮਝਦਾ ਹੈਂ?”
54 ਯਿਸੂ ਨੇ ਜਵਾਬ ਦਿੱਤਾ, “ਜੇਕਰ ਮੈਂ ਆਪਣੇ-ਆਪ ਦਾ ਸਤਿਕਾਰ ਚਾਹੁੰਦਾ ਹਾਂ, ਤਾਂ ਉਸ ਸਤਿਕਾਰ ਦੀ ਕੋਈ ਕੀਮਤ ਨਹੀਂ। ਪਰ ਜਿਹੜਾ ਮੈਨੂੰ ਸਤਿਕਾਰਦਾ ਹੈ, ਮੇਰਾ ਪਿਤਾ ਹੈ। ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ। 55 ਪਰ ਵਾਸਤਵ ਵਿੱਚ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ। ਜੇਕਰ ਮੈਂ ਇਹ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ। 56 ਤੁਹਾਡਾ ਪਿਤਾ ਅਬਰਾਹਾਮ ਬੜਾ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇਗਾ। ਉਸ ਨੇ ਇਸ ਨੂੰ ਵੇਖਿਆ ਅਤੇ ਬੜਾ ਖੁਸ਼ ਹੋਇਆ।”
57 ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸੱਕਦਾ ਹੈ ਜਦ ਕਿ ਤੂੰ ਪੰਜਾਹਾਂ ਵਰ੍ਹਿਆਂ ਦਾ ਵੀ ਨਹੀਂ।”
58 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।” 59 ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਤੇ ਸੁੱਟਣ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁਕ ਗਿਆ ਅਤੇ ਮੰਦਰ ਛੱਡ ਕੇ ਚੱਲਾ ਗਿਆ।
2010 by World Bible Translation Center