New Testament in a Year
ਯਿਸੂ ਦਾ ਸਲੀਬ ਤੇ ਮਾਰੇ ਜਾਣਾ(A)
26 ਸਿਪਾਹੀ ਉਸ ਨੂੰ ਮਾਰਨ ਵਾਸਤੇ ਉੱਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ੜ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਆ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸ ਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕ ਕੇ ਉਸ ਦੇ ਮਗਰ ਆਉਣ ਦਾ ਹੁਕਮ ਦਿੱਤਾ।
27 ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿੱਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿੱਟ ਰਹੀਆਂ ਸਨ। 28 ਪਰ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬੱਚਿਆਂ ਵਾਸਤੇ ਰੋਵੋ। 29 ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁੱਧ ਪੀਂਦੇ ਬੱਚੇ ਨਹੀਂ ਹਨ।’ 30 ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾੜੀਆਂ ਨੂੰ ਆਖ਼ਣਗੇ ‘ਸਾਨੂੰ ਢੱਕ ਲਵੋ।’ [a] 31 ਜੇਕਰ ਭਲੇ ਲੋਕਾਂ ਨਾਲ ਅਜਿਹਾ ਹੋਇਆ ਤਾਂ ਫਿਰ ਬੁਰੇ ਲੋਕਾਂ ਦਾ ਕੀ ਹਾਲ ਹੋਵੇਗਾ।”
32 ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ। 33 ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉੱਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ।
34 ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।”
ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ। 35 ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
36 ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, 37 “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!” 38 ਉਸ ਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39 ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40 ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ। 41 ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।” 42 ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”
43 ਤਦ ਯਿਸੂ ਨੇ ਉਸ ਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”
ਯਿਸੂ ਦੀ ਮੌਤ(B)
44 ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢੱਕਿਆ ਗਿਆ ਸੀ। 45 ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪੜਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ। 46 ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” [b] ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ।
47 ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰੱਖ ਸੀ।”
48 ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿੱਟੀਆਂ ਅਤੇ ਉੱਥੋਂ ਚੱਲੇ ਗਏ। 49 ਯਿਸੂ ਦੇ ਨਜ਼ਦੀਕ ਦੇ ਮਿੱਤਰ ਉੱਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉੱਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖੜ੍ਹੇ ਹੋਕੇ ਇਹ ਸਭ ਵਾਪਰਦਾ ਵੇਖਿਆ।
ਅਰਿਮਥੇਆ ਦਾ ਯੂਸੁਫ਼(C)
50-51 ਉੱਥੇ ਇੱਕ ਆਦਮੀ ਯਹੂਦੀਆਂ ਦੇ ਇੱਕ ਨਗਰ ਅਰਿਮਥੇਆ ਤੋਂ ਸੀ ਉਸਦਾ ਨਾਂ ਯੂਸੁਫ਼ ਸੀ। ਉਹ ਚੰਗਾ ਅਤੇ ਧਰਮੀ ਬੰਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂ ਕਿ ਯੂਸੁਫ਼ ਯਹੂਦੀਆਂ ਦੀ ਸਭਾ ਦਾ ਸਦੱਸ ਸੀ, ਪਰ ਉਸ ਨੇ ਬਾਕੀ ਯਹੂਦੀ ਆਗੂਆਂ ਨਾਲ ਯਿਸੂ ਬਾਰੇ ਇਨ੍ਹਾਂ ਯੋਜਨਾਵਾਂ ਅਤੇ ਕੰਮਾਂ ਨਾਲ ਸਹਿਮਤ ਨਾ ਹੋਇਆ। 52 ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸਰੀਰ ਮੰਗਿਆ। 53 ਉਸ ਨੇ ਯਿਸੂ ਦੇ ਸਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸਰੀਰ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹੜੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ। 54 ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ।
55 ਉਹ ਔਰਤਾਂ ਜਿਹੜੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ। 56 ਫਿਰ ਉਹ ਘਰ ਮੁੜ ਆਈਆਂ ਅਤੇ ਯਿਸੂ ਦੇ ਸਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ।
ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।
2010 by World Bible Translation Center