Print Page Options
Previous Prev Day Next DayNext

New Testament in a Year

Read the New Testament from start to finish, from Matthew to Revelation.
Duration: 365 days
Punjabi Bible: Easy-to-Read Version (ERV-PA)
Version
ਯੂਹੰਨਾ 3:19-36

19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।

ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ

22 ਇਸ ਪਿੱਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਗਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23 ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲਿਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਅਥਾਹ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾ ਰਹੇ ਸਨ। 24 ਇਹ ਗੱਲ ਯੂਹੰਨਾ ਨੂੰ ਕੈਦ ਭੇਜਣ ਤੋਂ ਪਹਿਲਾਂ ਵਾਪਰੀ।

25 ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਧਾਰਮਿਕ ਸ਼ੁੱਧਤਾ ਬਾਰੇ ਬਹਿਸ ਕੀਤੀ। 26 ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਜਾ ਰਹੇ ਸਨ।”

27 ਯੂਹੰਨਾ ਨੇ ਉੱਤਰ ਦਿੱਤਾ, “ਬੰਦਾ ਉਹੀ ਪ੍ਰਾਪਤ ਕਰ ਸੱਕਦਾ ਹੈ ਜੋ ਉਸ ਨੂੰ ਪਰਮੇਸ਼ੁਰ ਦਿੰਦਾ। 28 ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ ‘ਮੈਂ ਮਸੀਹ ਨਹੀਂ ਹਾਂ ਪਰ ਮੈਂ ਪਰਮੇਸ਼ੁਰ ਦੁਆਰਾ ਉਸ ਵਾਸਤੇ ਰਾਹ ਬਨਾਉਣ ਲਈ ਭੇਜਿਆ ਗਿਆ ਸੀ।’ 29 ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30 ਉਸ ਨੂੰ ਵੱਧਣਾ ਚਾਹੀਦਾ ਹੈ ਅਤੇ ਮੈਨੂੰ ਘਟਣਾ ਚਾਹੀਦਾ ਹੈ।

ਉਹ ਸਵਰਗ ਤੋਂ ਆਉਂਦਾ ਹੈ

31 “ਉਹ ਇੱਕ ਜੋ ਉੱਪਰੋਂ ਆ ਰਿਹਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ ਬਾਕੀ ਸਾਰਿਆਂ ਤੋਂ ਮਹਾਨ ਹੈ। 32 ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33 ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34 ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਘੱਲਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਅਸੀਮਿਤ ਆਤਮਾ ਦਿੰਦਾ ਹੈ। 35 ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ। ਪਿਤਾ ਨੇ ਪੁੱਤਰ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36 ਉਹ ਵਿਅਕਤੀ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ। ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ।”

Punjabi Bible: Easy-to-Read Version (ERV-PA)

2010 by World Bible Translation Center