New Testament in a Year
24 ਯਹੂਦੀ ਆਗੂਆਂ ਨੇ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ।”
25 ਉਸ ਮਨੁੱਖ ਨੇ ਆਖਿਆ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਗਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖ ਸੱਕਦਾ ਹਾਂ।”
26 ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਕਿਵੇਂ ਤੇਰੀਆਂ ਅੱਖਾਂ ਚੰਗੀਆਂ ਕੀਤੀਆਂ?”
27 ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?”
28 ਯਹੂਦੀਆਂ ਦੇ ਆਗੂ ਬੜੇ ਕਰੋਧ ਵਿੱਚ ਆਏ ਅਤੇ ਫਿਰ ਉਸ ਆਦਮੀ ਨੂੰ ਬੜਾ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਆਦਮੀ ਦਾ ਚੇਲਾ ਹੈ। ਤੇ ਅਸੀਂ ਮੂਸਾ ਦੇ ਚੇਲੇ ਹਾਂ। 29 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਆਦਮੀ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ।”
30 ਉਸ ਮਨੁੱਖ ਨੇ ਕਿਹਾ, “ਇਹ ਬੜੀ ਅਜੀਬ ਗੱਲ ਹੈ। ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ। ਪਰ ਇਸਨੇ ਮੇਰੀਆਂ ਅੱਖਾਂ ਰਾਜੀ ਕੀਤੀਆਂ ਹਨ। 31 ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਵਿਅਕਤੀ ਨੂੰ ਸੁਣਦਾ ਹੈ ਜੋ ਸ਼ਰਧਾਲੂ ਹੈ ਅਤੇ ਉਸ ਦੇ ਹੁਕਮਾਂ ਦਾ ਆਗਿਆਕਾਰੀ ਹੈ। 32 ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਚੰਗੀਆਂ ਕੀਤੀਂ ਹੋਣ। 33 ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ। ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹੀ ਗੱਲ ਕਰਨ ਯੋਗ ਨਾ ਹੁੰਦਾ।”
34 ਯਹੂਦੀਆਂ ਦੇ ਆਗੂਆਂ ਨੇ ਜਵਾਬ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ। ਕੀ ਤੂੰ ਸਾਨੂੰ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?” ਫਿਰ ਉਨ੍ਹਾਂ ਨੇ ਉਸ ਨੂੰ ਚੱਲੇ ਜਾਣ ਲਈ ਕਿਹਾ।
ਆਤਮਕ ਅੰਨ੍ਹਾਪਨ
35 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਇੱਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਆਦਮੀ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?”
36 ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਵਿੱਚ ਵਿਸ਼ਵਾਸ ਕਰ ਸੱਕਾਂ।”
37 ਮਨੁਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।”
38 ਮਨੁਖ ਨੇ ਆਖਿਆ, “ਪ੍ਰਭੂ! ਮੈਂ ਨਿਹਚਾ ਕਰਦਾ ਹਾਂ। ਤੇ ਫਿਰ ਉਸ ਆਦਮੀ ਨੇ ਝੁਕ ਕੇ ਯਿਸੂ ਨੂੰ ਮੱਥਾ ਟੇਕਿਆ।”
39 ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।”
40 ਕੁਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆਂ ਅਤੇ ਆਖਿਆ, “ਕੀ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ?”
41 ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਤੁਸੀਂ ਆਖਦੇ ਹੋ, ਅਸੀਂ ਵੇਖ ਸੱਕਦੇ ਹਾਂ, ਇਸ ਲਈ ਤੁਸੀਂ ਦੋਸ਼ੀ ਹੋਣਾ ਜਾਰੀ ਰੱਖਦੇ ਹੋ।”
2010 by World Bible Translation Center