New Testament in a Year
28 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ। ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ। ਪਰ ਤੁਸੀਂ ਉਸ ਨੂੰ ਨਹੀਂ ਜਾਣਦੇ। 29 ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ। ਉਹੀ ਹੈ ਜਿਸਨੇ ਮੈਨੂੰ ਭੇਜਿਆ ਹੈ।”
30 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਛੂਹ ਨਾ ਸੱਕਿਆ। ਕਿਉਂ ਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਸਹੀ ਸਮਾਂ ਨਹੀਂ ਸੀ। 31 ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਕੀ ਜਦੋਂ ਉਹ ਆਵੇਗਾ ਤਾਂ ਇਸ ਆਦਮੀ ਤੋਂ ਵੀ ਵੱਧ ਕਰਾਮਾਤਾਂ ਕਰੇਗਾ? ਇਸ ਲਈ ਇਹੀ ਮਸੀਹ ਹੋਣਾ ਚਾਹੀਦਾ ਹੈ।”
ਯਹੂਦੀਆਂ ਵੱਲੋਂ ਯਿਸੂ ਨੂੰ ਕੈਦ ਵਿੱਚ ਪਾਉਣ ਦੀ ਕੋਸ਼ਿਸ਼
32 ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਚਰਚਾਵਾਂ ਸੁਣੀਆਂ, ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਕੁਝ ਮੰਦਰ ਦੇ ਪਹਿਰੇਦਾਰਾਂ ਨੂੰ ਉਸ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ। 33 ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜਾ ਚਿਰ ਹੋਰ ਮੈਂ ਤੁਹਾਡੇ ਨਾਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚੱਲਾ ਜਾਵਾਂਗਾ, ਜਿਸ ਨੇ ਮੈਨੂੰ ਇੱਥੇ ਭੇਜਿਆ ਹੈ। 34 ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸੱਕੋਂਗੇ ਕਿਉਂ ਕਿ ਤੁਸੀਂ ਉੱਥੇ ਨਹੀਂ ਪਹੁੰਚ ਪਾਵੋਂਗੇ ਜਿੱਥੇ ਮੈਂ ਹਾਂ।”
35 ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚੱਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸੱਕਦੇ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਜਿੱਥੇ ਸਾਡੇ ਲੋਕ ਰਹਿੰਦੇ ਹਨ? ਕੀ ਉਹ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਣ ਜਾ ਰਿਹਾ ਹੈ? 36 ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਭਾਲ ਨਹੀਂ ਸੱਕੋਂਗ਼ੇ। ਅਤੇ ਤੁਸੀਂ ਉੱਥੇ ਪਹੁੰਚਣ ਦੇ ਕਾਬਿਲ ਨਹੀਂ ਹੋਵੋਂਗੇ ਜਿੱਥੇ ਮੈਂ ਹਾਂ। ਇਸ ਦਾ ਕੀ ਮਤਲਬ ਹੋਇਆ?”
ਯਿਸੂ ਦੇ ਪਵਿੱਤਰ ਆਤਮਾ ਬਾਰੇ ਉਪਦੇਸ਼
37 ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਖਲੋ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਸ ਨੂੰ ਮੇਰੇ ਕੋਲ ਆਕੇ ਪੀਣ ਦਿਉ। 38 ਇਹ ਪੋਥੀਆਂ ਵਿੱਚ ਲਿਖਿਆ ਹੈ ਕੋ ਜੋ ਮੇਰੇ ਵਿੱਚ ਵਿਸ਼ਵਾਸ ਕਰੇਗਾ ਅਮ੍ਰਿਤ ਜਲ ਦੇ ਦਰਿਆ ਉਸ ਦੇ ਦਿਲ ਵੱਲੋਂ ਵਹਿਣਗੇ।” 39 ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸੱਕਣਗੇ। ਕਿਉਂ ਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂ ਕਿ ਹਾਲੇ ਯਿਸੂ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ।
ਲੋਕਾਂ ਦਾ ਯਿਸੂ ਬਾਰੇ ਵਿਵਾਦ
40 ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ। ਕੁਝ ਇੱਕ ਨੇ ਕਿਹਾ, “ਸੱਚ-ਮੁੱਚ ਹੀ ਇਹ ਮਨੁੱਖ ਨਬੀ ਹੈ।”
41 ਕੁਝ ਹੋਰਾਂ ਨੇ ਆਖਿਆ, “ਉਹ ਮਸੀਹਾ ਹੈ।”
ਕੁਝ ਹੋਰਨਾਂ ਨੇ ਆਖਿਆ, “ਮਸੀਹਾ ਗਲੀਲ ਵਿੱਚ ਨਹੀਂ ਆਵੇਗਾ। 42 ਇਹ ਪੋਥੀ ਵਿੱਚ ਲਿਖਿਆ ਹੋਇਆ ਹੈ ਕਿ ਮਸੀਹਾ ਦਾਊਦ ਦੇ ਪਰਿਵਾਰ ਵਿੱਚੋਂ ਆਵੇਗਾ। ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ।” 43 ਇਸ ਲਈ ਲੋਕਾਂ ਦਾ ਯਿਸੂ ਬਾਰੇ ਆਪਸ ਵਿੱਚ ਮਤਭੇਦ ਸੀ। 44 ਕੁਝ ਲੋਕ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ।
ਯਹੂਦੀ ਆਗੂਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ
45 ਇਸ ਲਈ ਮੰਦਰ ਦੇ ਪਹਿਰੇਦਾਰ, ਫ਼ਰੀਸੀਆਂ ਅਤੇ ਪਰਧਾਨ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪੁੱਛਿਆ, “ਤੁਸੀਂ ਯਿਸੂ ਨੂੰ ਗਿਰਫ਼ਤਾਰ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?”
46 ਮੰਦਰ ਦੇ ਪਹਿਰੇਦਾਰਾਂ ਨੇ ਅੱਗੋਂ ਆਖਿਆ, “ਇਸਦੇ ਬਰਾਬਰ ਦੇ ਕਦੇ ਕਿਸੇ ਹੋਰ ਮਨੁੱਖ ਨੇ ਬਚਨ ਨਹੀਂ ਕੀਤੇ ਹਨ।”
47 ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਭਾਵ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ। 48 ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ? ਨਹੀਂ! 49 ਪਰ ਇਹ ਲੋਕ, ਜਿਨ੍ਹਾਂ ਨੂੰ ਸ਼ਰ੍ਹਾ ਦਾ ਨਹੀਂ ਪਤਾ, ਪਰਮੇਸ਼ੁਰ ਦੇ ਸ਼ਰਾਪ ਹੇਠਾਂ ਹਨ।”
50 ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ। 51 ਕੀ ਸਾਡੀ ਸ਼ਰ੍ਹਾ ਕਿਸੇ ਨੂੰ ਉਸ ਨੂੰ ਸੁਣੇ ਅਤੇ ਜਾਣੇ ਬਿਨਾ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ?
52 ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਵਿੱਚੋਂ ਹੈ? ਪੋਥੀਆਂ ਪੜ੍ਹੋ ਫ਼ਿਰ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ।”
(ਯੂਹੰਨਾ ਦੀਆਂ ਕੁਝ ਪੁਰਾਣੀਆਂ ਪਤ੍ਰ੍ਰੀਆਂ ਵਿੱਚ ਤੁਕ 7:53-8:11 ਨਹੀਂ ਹਨ।)
ਇੱਕ ਔਰਤ ਬਦਕਾਰੀ ਕਰਦਿਆਂ ਫ਼ੜੀ ਗਈ
53 ਸਾਰੇ ਯਹੂਦੀ ਆਗੂ ਉੱਥੋਂ ਆਪੋ-ਆਪਣੇ ਘਰ ਚੱਲੇ ਗਏ।
2010 by World Bible Translation Center