Book of Common Prayer
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
    ਆਪਣੇ ਕੰਨਾਂ ਨੂੰ ਬੰਦ ਨਾ ਕਰੋ।
    ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
    ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
    ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
    ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
    ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
    ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
    ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
    ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
    ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
    ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
    ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
    ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
    ਜੋ ਹਵਾ ਨਾਲ ਉੱਡ ਜਾਂਦੀ ਹੈ।
    ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
    ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
    ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
    ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
    ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
    ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
    ਸਾਰੇ ਜਗਤ ਦੇ ਪਰਮੇਸ਼ੁਰ।
146 ਯਹੋਵਾਹ ਦੀ ਉਸਤਤਿ ਕਰੋ।
    ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
    ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
    ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
    ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
    ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
    ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
    ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8     ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
    ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
    ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
    ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
    ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
147 ਯਹੋਵਾਹ ਦੀ ਉਸਤਤਿ ਕਰੋ ਕਿਉਂਕਿ ਉਹ ਭਲਾ ਹੈ।
    ਸਾਡੇ ਪਰਮੇਸ਼ੁਰ ਲਈ, ਉਸਤਤਿ ਦੇ ਗੀਤ ਗਾਵੋ।
    ਉਸਦੀ ਉਸਤਤਿ ਕਰਨਾ ਚੰਗਾ ਅਤੇ ਸੁਹਾਨਾ ਹੈ।
2 ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ।
    ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ।
    ਜਿਹੜੇ ਕੈਦ ਹੋ ਗਏ ਸਨ।
3 ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ।
    ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
4 ਪਰਮੇਸ਼ੁਰ ਤਾਰਿਆ ਦੀ ਗਿਣਤੀ ਕਰਦਾ ਹੈ
    ਅਤੇ ਉਹ ਹਰ ਇੱਕ ਦਾ ਨਾਮ ਜਾਣਦਾ ਹੈ।
5 ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ।
    ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
6 ਯਹੋਵਾਹ ਨਿਆਸਰਿਆ ਦਾ ਆਸਰਾ ਹੈ,
    ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
7 ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
    ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
8 ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
    ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
9 ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
    ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
10 ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
    ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
12 ਹੇ ਯਰੂਸ਼ਲਮ, ਯਹੋਵਾਹ ਦੀ ਉਸਤਤਿ ਕਰੋ!
    ਹੇ ਸੀਯੋਨ, ਪਰਮੇਸ਼ੁਰ ਦੀ ਉਸਤਤਿ ਕਰ।
13 ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ।
    ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
14 ਪਰਮੇਸ਼ੁਰ ਨੇ ਸਾਡੇ ਦੇਸ਼ ਵਿੱਚ ਅਮਨ ਲਿਆਂਦਾ, ਇਸ ਲਈ ਸਾਡੇ ਦੁਸ਼ਮਣਾਂ ਯੁੱਧ ਵਿੱਚ ਸਾਡਾ ਅਨਾਜ ਨਹੀਂ ਲੁੱਟਿਆ
    ਅਤੇ ਤੇਰੇ ਕੋਲ ਭੋਜਨ ਲਈ ਬਹੁਤ ਅਨਾਜ ਹੈ।
15 ਪਰਮੇਸ਼ੁਰ ਧਰਤੀ ਨੂੰ ਆਦੇਸ਼ ਦਿੰਦਾ ਹੈ,
    ਅਤੇ ਇਹ ਛੇਤੀ ਹੀ ਮੰਨ ਲੈਂਦੀ ਹੈ।
16 ਪਰਮੇਸ਼ੁਰ ਓਨਾ ਚਿਰ ਤੱਕ ਬਰਫ਼ਬਾਰੀ ਕਰਦਾ ਹੈ ਜਿੰਨਾ ਚਿਰ ਤੱਕ, ਜ਼ਮੀਨ ਉਨ ਵਾਂਗ ਸਫ਼ੇਦ ਨਹੀਂ ਹੋ ਜਾਂਦੀ,
    ਪਰਮੇਸ਼ੁਰ ਕੋਹਰੇ ਨੂੰ ਹਵਾ ਵਿੱਚ ਘੱਟੇ ਵਾਂਗ ਉਡਾਉਂਦਾ ਹੈ।
17 ਪਰਮੇਸ਼ੁਰ ਆਕਾਸ਼ ਉੱਤੋਂ ਪੱਥਰਾ ਵਾਂਗ ਗੜ੍ਹੇਮਾਰ ਕਰਦਾ ਹੈ।
    ਕੋਈ ਵੀ ਬੰਦਾ ਉਸ ਵੱਲੋਂ ਭੇਜੀ ਠੰਡ ਨੂੰ ਨਹੀਂ ਝੱਲ ਸੱਕਦਾ।
18 ਫ਼ਿਰ ਪਰਮੇਸ਼ੁਰ ਇੱਕ ਹੋਰ ਆਦੇਸ਼ ਦਿੰਦਾ ਹੈ ਅਤੇ ਗਰਮ ਹਵਾ ਵਗ ਪੈਂਦੀ ਹੈ।
    ਫ਼ਿਰ ਬਰਫ਼ ਪਿਘਲਦੀ ਹੈ ਅਤੇ ਪਾਣੀ ਵਗ ਪੈਂਦਾ ਹੈ।
19 ਪਰਮੇਸ਼ੁਰ ਨੇ ਯਾਕੂਬ (ਇਸਰਾਏਲ) ਨੂੰ ਆਦੇਸ਼ ਦਿੱਤਾ,
    ਉਸ ਨੇ ਆਪਣੇ ਨੇਮ ਅਤੇ ਅਸੂਲ ਇਸਰਾਏਲ ਨੂੰ ਦਿੱਤੇ।
20 ਪਰਮੇਸ਼ੁਰ ਨੇ ਅਜਿਹਾ ਕਿਸੇ ਹੋਰ ਕੌਮ ਲਈ ਨਹੀਂ ਕੀਤਾ।
    ਪਰਮੇਸ਼ੁਰ ਨੇ ਆਪਣੇ ਨੇਮ ਹੋਰਾਂ ਲੋਕਾਂ ਨੂੰ ਨਹੀਂ ਸਿੱਖਾਏ।
ਯਹੋਵਾਹ ਦੀ ਉਸਤਤਿ ਕਰੋ।
ਨਿਰਦੇਸ਼ਕ ਲਈ: ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
85 ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ।
    ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।
2 ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ।
    ਉਨ੍ਹਾਂ ਦੇ ਗੁਨਾਹ ਮਿਟਾ ਦਿਉ।
3 ਯਹੋਵਾਹ, ਕਹਿਰਵਾਨ ਹੋਣਾ ਛੱਡੋ।
    ਪਾਗਲ ਨਾ ਹੋਵੋ।
4 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੇ ਉੱਤੇ ਕਹਿਰਵਾਨ ਨਾ ਹੋਵੋ,
    ਅਤੇ ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰ ਲਵੋ।
5 ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?
6 ਮਿਹਰ ਕਰੋ ਅਤੇ ਸਾਨੂੰ ਫ਼ਿਰ ਤੋਂ ਜਿਉਣ ਜੋਗੇ ਬਣਾ ਦਿਉ।
    ਆਪਣੇ ਲੋਕਾਂ ਨੂੰ ਖੁਸ਼ ਕਰੋ।
7 ਯਹੋਵਾਹ, ਸਾਨੂੰ ਬਚਾਉ ਅਤੇ ਸਾਨੂੰ ਦਰਸ਼ਾਉ
    ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ।
8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
    ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
    ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
    ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
    ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
    ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
    ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
    ਅਤੇ ਉਸਦਾ ਰਾਹ ਤਿਆਰ ਕਰੇਗੀ।
ਦਾਊਦ ਦੀ ਇੱਕ ਪ੍ਰਾਰਥਨਾ।
86 ਮੈਂ ਇੱਕ ਗਰੀਬ ਬੇਸਹਾਰਾ ਆਦਮੀ ਹਾਂ।
    ਯਹੋਵਾਹ, ਕਿਰਪਾ ਕਰਕੇ ਮੈਨੂੰ ਸੁਣੋ ਅਤੇ ਮੈਨੂੰ ਮੇਰੀ ਪ੍ਰਾਰਥਨਾ ਦਾ ਉੱਤਰ ਦਿਉ।
2 ਯਹੋਵਾਹ, ਮੈਂ ਤੁਹਾਡਾ ਚੇਲਾ ਹਾਂ।
    ਕਿ ਰਪਾ ਕਰਕੇ ਮੈਨੂੰ ਬਚਾਉ।
ਮੈਂ ਤੁਹਾਡਾ ਨੌਕਰ ਹਾਂ।
    ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
    ਇਸੇ ਲਈ ਤੁਸੀਂ ਮੇਰੀ ਰੱਖਿਆ ਕਰੋ।
3 ਮੇਰੇ ਮਾਲਕ, ਮੇਰੇ ਉੱਪਰ ਮਿਹਰਬਾਨੀ ਕਰੋ
    ਮੈਂ ਸਾਰਾ ਦਿਨ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ।
4 ਹੇ ਮਾਲਕ, ਮੈਂ ਆਪਣਾ ਜੀਵਨ ਤੁਹਾਨੂੰ ਸੌਂਪਦਾ ਹਾਂ।
    ਮੈਨੂੰ ਖੁਸ਼ੀ ਦਿਉ ਮੈਂ ਤੁਹਾਡਾ ਸੇਵਕ ਹਾਂ।
5 ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ।
ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ।
    ਤੁਸੀਂ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।
6 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਰਹਿਮ ਲਈ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਮੈਂ ਆਪਣੀ ਸੰਕਟ ਦੀ ਘੜੀ ਵਿੱਚ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹਾਂ।
    ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉੱਤਰ ਦੇਵੋਂਗੇ।
8 ਹੇ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ।
    ਕੋਈ ਹੋਰ ਉਹ ਨਹੀਂ ਕਰ ਸੱਕਦਾ ਜੋ ਤੁਸਾਂ ਕੀਤਾ ਹੈ।
9 ਹੇ ਮਾਲਕ, ਤੁਸੀਂ ਹਰ ਬੰਦੇ ਨੂੰ ਬਣਾਇਆ ਹੈ।
ਉਹ ਸਾਰੇ ਆਉਣ ਅਤੇ ਤੁਹਾਡੀ ਉਪਾਸਨਾ ਕਰਨ।
    ਉਹ ਸਾਰੇ ਤੁਹਾਡੇ ਨਾਮ ਨੂੰ ਸਤਿਕਾਰਨ।
10 ਹੇ ਪਰਮੇਸ਼ੁਰ, ਤੁਸੀਂ ਮਹਾਨ ਹੋ।
ਤੁਸੀਂ ਅਦਭੁਤ ਗੱਲਾਂ ਕਰਦੇ ਹੋ।
    ਤੁਸੀਂ ਅਤੇ ਸਿਰਫ਼ ਤੁਸੀਂ ਹੀ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ,
    ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ।
ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ
    ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ।
    ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ।
    ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ।
    ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
    ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ।
    ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
    ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ।
    ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
    ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣ ਲਈ
    ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਅਲੀਸ਼ਾ ਦਾ ਨੌਜੁਆਨ ਨਬੀ ਨੂੰ ਯੇਹੂ ਨੂੰ ਮਸਹ ਕਰਨ ਲਈ ਕਹਿਣਾ
9 ਅਲੀਸ਼ਾ ਨਬੀ ਨੇ ਨਬੀਆਂ ਦੇ ਟੋਲੇ ਵਿੱਚੋਂ ਇੱਕ ਨੂੰ ਸੱਦ ਕੇ ਉਸ ਨੂੰ ਆਖਿਆ, “ਆਪਣਾ ਆਪ ਕੱਸ ਅਤੇ ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ-ਗਿਲਆਦ ਵਿੱਚ ਜਾਹ। 2 ਜਦ ਤੂੰ ਉੱਥੇ ਜਾਵੇਂ ਤਾਂ ਨਿਮਸ਼ੀ ਦੇ ਪੋਤਰੇ, ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭੀ। ਫ਼ਿਰ ਤੂੰ ਅੰਦਰ ਜਾਕੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਾਕੇ ਅੰਦਰਲੀ ਕੋਠੜੀ ਵਿੱਚ ਲੈ ਜਾਵੀਂ। 3 ਫ਼ਿਰ ਤੇਲ ਦੀ ਕੁੱਪੀ ਲੈ ਕੇ ਉਸ ਦੇ ਸਿਰ ਤੇ ਰੋੜ ਦੇਵੀਂ ਅਤੇ ਆਖੀਂ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਫ਼ਿਰ ਤੂੰ ਬੂਹਾ ਖੋਲ੍ਹ ਕੇ ਨੱਸ ਆਵੀ, ਉੱਥੇ ਰੁਕੀ ਨਾ।”
4 ਸੋ ਇਹ ਜੁਆਨ ਨਬੀ ਰਾਮੋਥ-ਗਿਲਆਦ ਨੂੰ ਗਿਆ। 5 ਜਦੋਂ ਨੌਜੁਆਨ ਉੱਥੇ ਪਹੁੰਚਿਆ ਤਾਂ ਉਸ ਨੇ ਉੱਥੇ ਸੈਨਾ ਦੇ ਕਪਤਾਨਾਂ ਨੂੰ ਬੈਠੇ ਹੋਏ ਵੇਖਿਆ। ਤਾਂ ਉਸ ਨੌਜੁਆਨ ਨੇ ਆਖਿਆ, “ਹੇ ਕਪਤਾਨ! ਮੈਂ ਤੇਰੇ ਲਈ ਇੱਕ ਸੁਨੇਹਾ ਲੈ ਕੇ ਆਇਆ ਹਾਂ।”
ਯੇਹੂ ਬੋਲਿਆ “ਅਸੀਂ ਸਾਰੇ ਹੀ ਇੱਥੇ ਬੈਠੇ ਹਾਂ, ਸਾਡੇ ਸਾਰਿਆਂ ਵਿੱਚੋਂ ਕਿਸ ਲਈ ਸੁਨੇਹਾ ਲੈ ਕੇ ਤੂੰ ਆਇਆ ਹੈਂ?”
ਉਸ ਨੌਜੁਆਨ ਨੇ ਕਿਹਾ, “ਸੰਦੇਸ਼ ਹੇ ਕਪਤਾਨ! ਤੇਰੇ ਲਈ ਹੀ ਹੈ।”
6 ਤਦ ਯੇਹੂ ਉੱਠ ਕੇ ਘਰ ਅੰਦਰ ਗਿਆ ਤਦ ਨੌਜੁਆਨ ਨਬੀ ਨੇ ਯੇਹੂ ਦੇ ਸਿਰ ਤੇ ਤੇਲ ਡੋਹਲ ਦਿੱਤਾ ਅਤੇ ਉਸ ਨੂੰ ਆਖਿਆ, “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, ‘ਮੈਂ ਤੈਨੂੰ ਯਹੋਵਾਹ ਦੇ ਲੋਕਾਂ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। 7 ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀ। ਇਸ ਤਰੀਕੇ ਮੈਂ ਈਜ਼ਬਲ ਤੋਂ ਆਪਣੇ ਸੇਵਕਾਂ ਦੀ ਮੌਤ, ਨਬੀਆਂ ਦੀ ਅਤੇ ਹੋਰ ਯਹੋਵਾਹ ਦੇ ਸੇਵਕਾਂ ਦੀ ਜੋ ਕਤਲ ਹੋਏ ਬਦਲਾ ਲਵਾਂਗਾ। 8 ਇਉਂ ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ। ਮੈਂ ਉਸ ਦੇ ਘਰਾਣੇ ’ਚੋ ਇੱਕ ਵੀ ਮੁੰਡੇ ਨੂੰ ਜਿਉਂਦਾ ਨਾ ਛੱਡਾਂਗਾ। 9 ਮੈਂ ਅਹਾਬ ਦੇ ਘਰ ਨੂੰ ਨਬਾਟ ਦੇ ਪੁੱਤਰ, ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗ ਕਰ ਦੇਵਾਂਗਾ। 10 ਈਜ਼ਬਲ ਨੂੰ ਦਫ਼ਨਾਇਆ ਨਹੀਂ ਜਾਵੇਗਾ ਸਗੋਂ ਉਸਦੀ ਲਾਸ਼ ਨੂੰ ਯਿਜ਼ਰਏਲ ਵਿੱਚ ਕੁੱਤੇ ਖਾਣਗੇ।’”
ਫ਼ੇਰ ਉਹ ਨੌਜੁਆਨ ਨਬੀ ਦਰਵਾਜ਼ਾ ਖੋਲ੍ਹਕੇ ਭੱਜ ਗਿਆ।
ਸੇਵਕਾਂ ਨੇ ਯੇਹੂ ਨੂੰ ਪਾਤਸ਼ਾਹ ਠਹਿਰਾਇਆ
11 ਫ਼ਿਰ ਯੇਹੂ ਆਪਣੇ ਪਾਤਸ਼ਾਹ ਦੇ ਅਫ਼ਸਰਾਂ ਕੋਲ ਵਾਪਿਸ ਗਿਆ। ਉਨ੍ਹਾਂ ਵਿੱਚੋਂ ਇੱਕ ਨੇ ਯੇਹੂ ਨੂੰ ਪੁੱਛਿਆ, “ਕੀ ਸਭ ਕੁਝ ਠੀਕ-ਠਾਕ ਹੈ? ਇਹ ਕਮਲਾ ਆਦਮੀ ਤੇਰੇ ਕੋਲ ਕਿਉਂ ਆਇਆ ਸੀ?”
ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਤੁਸੀਂ ਉਸ ਆਦਮੀ ਨੂੰ ਅਤੇ ਉਸ ਦੇ ਗੱਲ ਕਰਨ ਦੇ ਸਨਕੀ ਤਰੀਕੇ ਨੂੰ ਵੀ ਜਾਣਦੇ ਹੋ।”
12 ਅਫ਼ਸਰਾਂ ਨੇ ਕਿਹਾ, “ਨਹੀਂ! ਸਾਨੂੰ ਸੱਚ ਦੱਸ ਕਿ ਉਸ ਨੇ ਕੀ ਆਖਿਆ ਹੈ?” ਤਾਂ ਯੇਹੂ ਨੇ ਉਹ ਸਭ ਗੱਲਾਂ ਜੋ ਨੌਜੁਆਨ ਨਬੀ ਨੇ ਕਰੀਆਂ ਸਨ ਉਹ ਉਨ੍ਹਾਂ ਅਫ਼ਸਰਾਂ ਨੂੰ ਦੱਸੀਆਂ ਅਤੇ ਕਿਹਾ, “ਯਹੋਵਾਹ ਨੇ ਇਹ ਆਖਿਆ ਸੀ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ।”
13 ਤਦ ਉਨ੍ਹਾਂ ਸਭਨਾਂ ਨੇ ਛੇਤੀ ਕੀਤੀ ਅਤੇ ਹਰੇਕ ਮਨੁੱਖ ਨੇ ਆਪਣੇ ਕੱਪੜੇ ਲੈ ਕੇ ਉਸ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਪਰ ਵਿਛਾਏ ਅਤੇ ਤੁਰ੍ਹੀ ਵਜਾਕੇ ਇਹ ਐਲਾਨ ਕੀਤਾ ਕਿ ਯੇਹੂ ਪਾਤਸ਼ਾਹ ਹੈ।
ਯੇਹੂ ਦਾ ਯਿਜ਼ਰਏਲ ਜਾਣਾ
14 ਇਉਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ।
ਉਸ ਵਕਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਕਾਰਣ ਯੋਰਾਮ ਸਾਰੇ ਇਸਰਾਏਲ ਸਮੇਤ ਰਾਮੋਥ-ਗਿਲਆਦ ਦੀ ਦੇਖਭਾਲ ਕਰਦਾ ਸੀ। 15 ਯੋਰਾਮ ਪਾਤਸ਼ਾਹ, ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਿਆ। ਪਰ ਅਰਾਮੀਆਂ ਨੇ ਯੋਰਾਮ ਪਾਤਸ਼ਾਹ ਨੂੰ ਫ਼ੱਟੜ ਕੀਤਾ, ਇਸ ਲਈ ਉਹ ਉਨ੍ਹਾਂ ਜ਼ਖਮਾਂ ਤੋਂ ਰਾਹਤ ਪਾਉਣ ਲਈ ਤੇ ਠੀਕ ਹੋਣ ਲਈ ਯਿਜ਼ਰਏਲ ਮੁੜ ਗਿਆ ਸੀ।
ਇਸ ਲਈ ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਹੀ ਨਵਾਂ ਪਾਤਸ਼ਾਹ ਹਾਂ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਾਹਰ ਜਾਕੇ ਯਿਜ਼ਰਾਏਲ ਨੂੰ ਇਹ ਖਬਰ ਨਾ ਦੇਣ ਦਿਓ।”
16 ਯੋਰਾਮ ਯਿਜ਼ਰਏਲ ਵਿੱਚ ਅਰਾਮ ਕਰ ਰਿਹਾ ਸੀ, ਤਾਂ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ। ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਵੀ ਯੋਰਾਮ ਨੂੰ ਮਿਲਣ ਲਈ ਉੱਥੇ ਆਇਆ ਹੋਇਆ ਸੀ।
ਆਪਣੇ ਸਰੀਰਾਂ ਦੀ ਵਰਤੋਂ ਪਰਮੇਸ਼ੁਰ ਦੀ ਮਹਿਮਾ ਲਈ ਕਰੋ
12 “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਸਾਰੀਆਂ ਗੱਲਾਂ ਸ਼ੁਭ ਨਹੀਂ ਹਨ। “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਮੈਂ ਕਿਸੇ ਨੂੰ ਵੀ ਆਪਣਾ ਹਾਕਮ ਬਣਨ ਦੀ ਇਜਾਜ਼ਤ ਨਹੀਂ ਦੇਵੇਂਗਾ। 13 “ਭੋਜਨ ਮਿਹਦੇ ਵਾਸਤੇ ਹੈ ਅਤੇ ਮਿਹਦਾ ਭੋਜਨ ਵਾਸਤੇ” ਠੀਕ ਹੈ। ਪਰ ਪਰਮੇਸ਼ੁਰ ਦੋਹਾਂ ਦਾ ਹੀ ਨਾਸ਼ ਕਰ ਦੇਵੇਗਾ। ਸਰੀਰ ਜਿਨਸੀ ਗੁਨਾਹ ਵਾਸਤੇ ਨਹੀਂ ਹੈ। ਸਰੀਰ ਪ੍ਰਭੂ ਵਾਸਤੇ ਹੈ ਅਤੇ ਪ੍ਰਭੂ ਸਰੀਰ ਵਾਸਤੇ ਹੈ। 14 ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ ਪ੍ਰਭੂ ਯਿਸੂ ਨੂੰ ਮੁਰਦੇ ਤੋਂ ਵਾਪਸ ਲਿਆਂਦਾ। ਪਰਮੇਸ਼ੁਰ ਸਾਨੂੰ ਵੀ ਮੌਤ ਤੋਂ ਵਾਪਸ ਜਿਵਾਲੇਗਾ। 15 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਰੀਰ ਖੁਦ ਮਸੀਹ ਦੇ ਸਰੀਰ ਦਾ ਇੱਕ ਅੰਗ ਹਨ। ਇਸ ਲਈ ਸਾਨੂੰ ਕਦੇ ਵੀ ਮਸੀਹ ਦੇ ਅੰਗਾਂ ਨੂੰ ਕਿਸੇ ਵੇਸ਼ਵਾ ਦੇ ਅੰਗਾਂ ਨਾਲ ਨਹੀਂ ਜੋੜਨਾ ਚਾਹੀਦਾ। 16 ਪੋਥੀਆਂ ਵਿੱਚ ਲਿਖਿਆ ਹੋਇਆ ਹੈ “ਦੋ ਮਨੁੱਖ ਇੱਕ ਬਣ ਜਾਣਗੇ” [a] ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਕਿਸੇ ਵੇਸ਼ਵਾ ਦੇ ਨਾਲ ਮਿਲਦਾ ਹੈ ਉਹ ਸਰੀਰ ਪੱਖੋਂ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ। 17 ਪਰ ਉਹ ਜਿਹੜਾ ਵਿਅਕਤੀ ਖੁਦ ਆਪਣੇ ਆਪ ਨੂੰ ਪ੍ਰਭੂ ਨਾਲ ਜੋੜ ਲੈਂਦਾ ਹੈ ਉਹ ਆਤਮਾ ਵਿੱਚ ਪ੍ਰਭੂ ਨਾਲ ਇੱਕ ਹੋ ਜਾਂਦਾ ਹੈ।
18 ਇਸ ਲਈ ਜਿਨਸੀ ਗੁਨਾਹ ਤੋਂ ਦੂਰ ਰਹੋ। ਹਰ ਗੁਨਾਹ ਜਿਹੜਾ ਕੋਈ ਵੀ ਵਿਅਕਤੀ ਕਰਦਾ ਹੈ ਉਸ ਦੇ ਸਰੀਰ ਤੋਂ ਬਾਹਰ ਹੁੰਦਾ ਹੈ। ਪਰ ਜਿਨਸੀ ਗੁਨਾਹ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਦੇ ਵਿਰੁੱਧ ਗੁਨਾਹ ਕਰਦਾ ਹੈ। 19 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਹੈ ਜਿੱਥੇ ਪਵਿੱਤਰ ਆਤਮਾ ਦਾ ਨਿਵਾਸ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਤੁਸੀਂ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ। ਤੁਸੀਂ ਆਪਣੇ ਖੁੱਦ ਦੇ ਨਹੀਂ ਹੋ। 20 ਤੁਹਾਨੂੰ ਪਰਮੇਸ਼ੁਰ ਦੁਆਰਾ ਮੁੱਲ ਤਾਰਕੇ ਖਰੀਦਿਆ ਗਿਆ ਹੈ। ਇਸ ਲਈ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦਾ ਸਤਿਕਾਰ ਕਰੋ।
ਯਿਸੂ ਦਾ ਦਾਨ ਕਰਨ ਬਾਰੇ ਉਪਦੇਸ਼
6 “ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।
2 “ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ। 3 ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ। 4 ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।
ਯਿਸੂ ਦਾ ਪ੍ਰਾਰਥਨਾ ਬਾਰੇ ਉਪਦੇਸ਼(A)
5 “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। 6 ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।
ਯਿਸੂ ਦਾ ਵਰਤ ਬਾਰੇ ਉਪਦੇਸ਼
16 “ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚੁੱਕੇ ਹਨ। 17 ਪਰ ਜਦੋਂ ਤੁਸੀਂ ਵਰਤ ਰੱਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ। 18 ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ।
2010 by World Bible Translation Center