Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 26

ਦਾਊਦ ਦਾ ਇੱਕ ਗੀਤ।

26 ਹੇ ਯਹੋਵਾਹ, ਮੇਰਾ ਨਿਆਂ ਕਰੋ। ਸਾਬਤ ਕਰੋ ਕਿ ਮੈਂ ਸ਼ੁੱਧ ਜੀਵਨ ਜੀਵਿਆ ਹੈ।
    ਮੈਂ ਹਮੇਸ਼ਾ ਯਹੋਵਾਹ ਵਿੱਚ ਯਕੀਨ ਰੱਖਿਆ ਹੈ।
ਹੇ ਪਰਮੇਸ਼ੁਰ, ਮੈਨੂੰ ਪਰੱਖੋ ਤੇ ਪਰਤਾਵੋ।
    ਮੇਰੇ ਦਿਲ ਅਤੇ ਮੇਰੇ ਮਨ ਨੂੰ ਪਰਤਿਆਵੋ।
ਮੈਂ ਸਦਾ ਹੀ ਤੁਹਾਡਾ ਕੋਮਲ ਪਿਆਰ ਵੇਖਦਾ ਹਾਂ।
    ਮੈਂ ਤੁਹਾਡੇ ਸੱਚਾਂ ਦੇ ਅਨੁਸਾਰ ਜਿਉਂਦਾ ਹਾਂ।
ਮੈਂ ਉਨ੍ਹਾਂ ਨਿਕੰਮੇ ਲੋਕਾਂ ਵਿੱਚੋਂ ਨਹੀਂ ਹਾਂ।
ਮੈਂ ਉਨ੍ਹਾਂ ਬਦੀ ਦੇ ਟੋਲਿਆਂ ਨੂੰ ਨਫ਼ਰਤ ਕਰਦਾ ਹਾਂ।
    ਮੈਂ ਕਦੇ ਵੀ ਬਦਚਲਣ ਲੋਕਾਂ ਦੇ ਉਨ੍ਹਾਂ ਸਮੂਹਾਂ ਦਾ ਸੰਗ ਨਹੀਂ ਕਰਾਂਗਾ।

ਹੇ ਯਹੋਵਾਹ, ਮੈਂ ਇਹ ਦਰਸਾਉਣ ਲਈ ਆਪਣੇ ਹੱਥ ਧੋਂਦਾ ਹਾਂ
    ਕਿ ਮੈਂ ਪਵਿੱਤਰ ਹਾਂ ਤਾਂ ਕਿ ਮੈਂ ਤੁਹਾਡੀ ਜਗਵੇਦੀ ਦੀ ਪਰਿਕ੍ਰਮਾ ਕਰ ਸੱਕਾਂ।
ਯਹੋਵਾਹ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
    ਮੈਂ ਉਨ੍ਹਾਂ ਅਚਰਜ ਗੱਲਾਂ ਬਾਰੇ ਗਾਉਂਦਾ ਹਾਂ ਜੋ ਤੁਸਾਂ ਕੀਤੀਆਂ ਹਨ।
ਯਹੋਵਾਹ, ਮੈਂ ਤੁਹਾਡੇ ਮੰਦਰ ਨੂੰ ਪਿਆਰ ਕਰਦਾ ਹਾਂ।
    ਮੈਂ ਤੁਹਾਡੇ ਮਹਿਮਾਮਈ ਤੰਬੂ ਨੂੰ ਪਿਆਰ ਕਰਦਾ ਹਾਂ।

ਹੇ ਯਹੋਵਾਹ, ਮੈਨੂੰ ਉਨ੍ਹਾਂ ਪਾਪੀਆਂ ਸਮੇਤ ਨਾ ਗਿਣੋ।
    ਮੈਨੂੰ ਉਨ੍ਹਾਂ ਕਾਤਲਾਂ ਸੰਗ ਕਤਲ ਨਾ ਕਰੋ।
10 ਹੋ ਸੱਕਦਾ ਉਹ ਲੋਕ ਹੋਰਾਂ ਲੋਕਾਂ ਨੂੰ ਧੋਖਾ ਦਿੰਦੇ ਹੋਣ।
    ਹੋ ਸੱਕਦਾ ਉਹ ਮੰਦੇ ਕਾਰੇ ਕਰਨ ਦੇ ਪੈਸੇ ਲੈਂਦੇ ਹੋਣ।
11 ਪਰ ਮੈਂ ਬੇਕਸੂਰ ਹਾਂ।
    ਇਸ ਲਈ ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਹੋਵੇ ਤੇ ਮੈਨੂੰ ਬਚਾਵੋ।
12 ਮੈਂ ਸਾਰੇ ਖਤਰਿਆਂ ਤੋਂ ਸੁਰੱਖਿਅਤ ਹਾਂ।
    ਹੇ ਯਹੋਵਾਹ, ਮੈਂ ਉਨ੍ਹਾਂ ਲੋਕਾਂ ਦਰਮਿਆਨ ਖਲੋਕੇ ਤੁਹਾਡੀ ਉਸਤਤਿ ਕਰ ਰਿਹਾ ਹਾਂ, ਜਿਹੜੇ ਤੁਹਾਡੇ ਲੋਕਾਂ ਨੂੰ ਆਪਣੀ ਸਭਾ ਲਈ ਸੱਦਾ ਦੇ ਰਹੇ ਹਨ।

ਜ਼ਬੂਰ 28

ਦਾਊਦ ਦਾ ਇੱਕ ਗੀਤ।

28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
    ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
    ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ।
ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
    ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
    ਮੇਰੇ ਉੱਤੇ ਮਿਹਰ ਕਰੋ।
ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ।
    ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ।
    ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ।
ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ।
    ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
    ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ।
ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
    ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
    ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ।

ਯਹੋਵਾਹ ਦੀ ਉਸਤਤਿ ਕਰੋ।
    ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ।
ਯਹੋਵਾਹ ਹੀ ਮੇਰੀ ਤਾਕਤ ਹੈ।
ਉਹੀ ਮੇਰੀ ਢਾਲ ਹੈ।
    ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ।
ਮੈਂ ਬਹੁਤ ਪ੍ਰਸੰਨ ਹਾਂ,
    ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ।
    ਯਹੋਵਾਹ ਉਸ ਨੂੰ ਬਚਾਉਂਦਾ ਹੈ।
    ਯਹੋਵਾਹ ਉਸਦੀ ਸ਼ਕਤੀ ਹੈ।

ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ।
    ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ।
    ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।

ਜ਼ਬੂਰ 36

ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ।

36 ਮੰਦਾ ਆਦਮੀ ਬਹੁਤ ਹੀ ਮੰਦਾ ਕਰਦਾ ਹੈ ਜਦੋਂ ਉਹ ਆਪਣੇ-ਆਪ ਨੂੰ ਆਖਦਾ,
    ਮੈਂ ਨਹੀਂ ਡਰਾਂਗਾ ਅਤੇ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗਾ।
ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ।
    ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ,
    ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
ਉਸ ਦੇ ਸ਼ਬਦ ਨਿਰਾਰਥਕ ਝੂਠ ਹਨ।
    ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
ਰਾਤ ਵੇਲੇ, ਉਹ ਫ਼ਜ਼ੂਲ ਦੀਆਂ ਵਿਉਂਤਾਂ ਬਣਾਉਂਦਾ ਹੈ।
    ਉਹ ਜਾਗਦਾ ਅਤੇ ਕੁਝ ਵੀ ਚੰਗਾ ਨਹੀਂ ਕਰਦਾ।
    ਪਰ ਉਹ ਬਦੀ ਕਰਨ ਤੋਂ ਇਨਕਾਰ ਨਹੀਂ ਕਰਦਾ।

ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ।
    ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।
ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ।
    ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ।
ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
ਤੁਹਾਡੀ ਪਿਆਰ ਭਰੀ ਦਯਾ ਨਾਲੋਂ ਕੁਝ ਵੀ ਅਨਮੋਲ ਨਹੀਂ।
    ਲੋਕ ਅਤੇ ਦੂਤ ਤੁਹਾਡੇ ਵੱਲ ਸੁਰੱਖਿਆ ਲਈ ਆਉਂਦੇ ਹਨ।
ਯਹੋਵਾਹ, ਉਹ ਤੁਹਾਡੇ ਘਰ ਵਿੱਚਲੀਆਂ ਸ਼ੁਭ ਚੀਜ਼ਾਂ ਪਾਸੋਂ ਨਵੀਂ ਸ਼ਕਤੀ ਹਾਸਲ ਕਰਦੇ ਹਨ।
    ਤੁਸੀਂ ਉਨ੍ਹਾਂ ਨੂੰ ਆਪਣੀ ਅਦਭੁਤ ਨਦੀ ਦਾ ਨੀਰ ਪੀਣ ਦਿੰਦੇ ਹਨ।
ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ।
    ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ।
10 ਯਹੋਵਾਹ, ਉਨ੍ਹਾਂ ਲੋਕਾਂ ਨੂੰ ਪਿਆਰ ਕਰੀ ਜਾਉ।
    ਜਿਹੜੇ ਸੱਚਮੁੱਚ ਤੁਹਾਨੂੰ ਜਾਣਦੇ ਹਨ।
    ਅਤੇ ਉਨ੍ਹਾਂ ਲੋਕਾਂ ਲਈ ਸ਼ੁਭ ਗੱਲਾਂ ਕਰੋ ਜਿਹੜੇ ਤੁਹਾਡੇ ਵੱਲ ਸੱਚੇ ਹਨ।
11 ਹੇ ਯਹੋਵਾਹ, ਮੈਨੂੰ ਗੁਮਾਨੀ ਲੋਕਾਂ ਦੇ ਜਾਲ ਵਿੱਚ ਨਾ ਫ਼ਸਣ ਦਿਉ।
    ਮੈਂ ਦੁਸ਼ਟ ਲੋਕਾਂ ਦੁਆਰਾ ਨਾ ਫ਼ੜਿਆ ਜਾਵਾਂ।

12 ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ:
    “ਬਦਕਾਰ ਲੋਕ ਇੱਥੇ ਡਿੱਗੇ ਸਨ।
    ਉਹ ਕੁਚਲੇ ਗਏ।
    ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”

ਜ਼ਬੂਰ 39

ਨਿਰਦੇਸ਼ਕ ਲਈ, ਯਦੂਥੂਨ ਨੂੰ। ਦਾਊਦ ਦਾ ਇੱਕ ਗੀਤ।

39 ਮੈਂ ਆਖਿਆ, “ਮੈਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ ਜੋ ਮੈਂ ਆਖਾਂਗਾ।
    ਮੈਂ ਆਪਣੀ ਜ਼ੁਬਾਨ ਨੂੰ, ਮੈਥੋਂ ਪਾਪ ਕਰਾਉਣ ਦਾ ਕਾਰਣ ਨਹੀਂ ਬਣਨ ਦੇਵਾਂਗਾ।
    ਮੈਂ ਆਪਣਾ ਮੂੰਹ ਬੰਦ ਰੱਖਾਂਗਾ ਜਦੋਂ ਮੈਂ ਦੁਸ਼ਟ ਲੋਕਾਂ ਦੁਆਰਾ ਘਿਰਿਆ ਹੋਵਾਂਗਾ।”
ਇਸ ਲਈ ਮੈਂ ਕੁਝ ਵੀ ਨਹੀਂ ਆਖਿਆ।
    ਮੈਂ ਤਾਂ ਕੋ ਚੰਗੀ ਗੱਲ ਵੀ ਨਹੀਂ ਆਖੀ।
    ਪਰ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ।
ਮੈਂ ਬਹੁਤ ਕ੍ਰੋਧ ਵਿੱਚ ਸਾਂ।
    ਅਤੇ ਮੈਂ ਜਿੰਨਾ ਵੀ ਇਸ ਬਾਰੇ ਸੋਚਿਆ,
    ਮੈਂ ਹੋਰ ਕ੍ਰੋਧਵਾਨ ਹੋ ਗਿਆ। ਇਸ ਲਈ ਮੈਂ ਕੁਝ ਆਖਿਆ।

ਯਹੋਵਾਹ, ਮੈਨੂੰ ਦੱਸੋ, ਹੁਣ ਮੇਰੇ ਨਾਲ ਕੀ ਹੋਵੇਗਾ?
    ਮੈਨੂੰ ਦੱਸੋ, ਮੈਂ ਕਿੰਨਾ ਕੁ ਚਿਰ ਜੀਵਾਂਗਾ?
    ਮੈਨੂੰ ਜਾਣ ਲੈਣ ਦਿਉ, ਅਸਲ ਵਿੱਚ ਮੇਰੀ ਉਮਰ ਕਿੰਨੀ ਛੋਟੀ ਹੈ।
ਹੇ ਯਹੋਵਾਹ, ਤੁਸੀਂ ਮੈਨੂੰ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਪਲ ਪ੍ਰਦਾਨ ਕੀਤਾ ਹੈ।
    ਤੁਹਾਡੇ ਮੁਕਾਬਲੇ, ਮੇਰੀ ਥੋੜੀ ਜਿਹੀ ਉਮਰ ਕੁਝ ਵੀ ਨਹੀਂ।
ਹਰ ਬੰਦੇ ਦਾ ਜੀਵਨ ਸਿਰਫ਼ ਬੱਦਲ ਵਰਗਾ ਹੈ।
    ਜਿਹੜਾ ਛੇਤੀ ਹੀ ਉੱਡ ਜਾਂਦਾ ਹੈ, ਕੋਈ ਵੀ ਬੰਦਾ ਸਦਾ ਲਈ ਨਹੀਂ ਰਹਿੰਦਾ।

ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ।
    ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ
    ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।

ਇਸੇ ਲਈ, ਮੇਰੇ ਮਾਲਕ, ਮੇਰੇ ਕੋਲ ਕੀ ਆਸ ਹੈ?
    ਤੁਸੀਂ ਹੀ ਮੇਰੀ ਆਸ ਹੋ।
ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਬਚਾਉ ਜਿਹੜੇ ਮੈਂ ਕੀਤੇ ਸਨ।
    ਮੇਰੇ ਨਾਲ ਦੁਸ਼ਟ ਆਦਮੀ ਵਰਗਾ ਸਲੂਕ ਨਾ ਹੋਣ ਦਿਉ।
ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ।
    ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ,
    ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।
10 ਪਰ ਹੇ ਪਰਮੇਸ਼ੁਰ ਮੈਨੂੰ ਦੰਡ ਦੇਣ ਤੋਂ ਰੁਕ ਜਾਵੋ।
    ਤੁਸੀਂ ਨਹੀਂ ਰੁਕੇ ਤਾਂ ਮੈਨੂੰ ਤਬਾਹ ਕਰ ਦਿਉਂਗੇ।
11 ਯਹੋਵਾਹ, ਤੁਸੀਂ ਲੋਕਾਂ ਨੂੰ ਜਿਉਣ ਦਾ ਸਹੀ ਰਸਤਾ ਸਿੱਖਾਉਣ ਲਈ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦਿੰਦੇ ਹੋ।
    ਜਿਵੇਂ ਇੱਕ ਪਤੰਗਾ ਕੱਪੜੇ ਨੂੰ ਬਰਬਾਦ ਕਰਦਾ ਹੈ, ਤਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦਿਉ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਹਨ।
    ਹਾਂ, ਸਾਡਾ ਜੀਵਨ ਇੱਕ ਨਿੱਕੇ ਬੱਦਲ ਵਰਗਾ ਹੈ ਜਿਹੜਾ ਛੇਤੀ ਹੀ ਉੱਡ ਜਾਂਦਾ ਹੈ।

12 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਮੇਰੇ ਵਿਰਲਾਪ ਵੱਲ ਧਿਆਨ ਦਿਉ।
    ਮੇਰੇ ਹੰਝੂਆਂ ਵੱਲ ਵੇਖੋ।
ਮੈਂ ਤੁਹਾਡੇ ਸੰਗ ਵਿੱਚ ਸਿਰਫ਼ ਇੱਕ ਮੁਸਾਫ਼ਿਰ ਹਾਂ ਜਿਹੜਾ ਜੀਵਨ ਗੁਜਾਰ ਰਿਹਾ ਹੈ।
    ਆਪਣੇ ਸਾਰੇ ਪੁਰਖਿਆਂ ਦੀ ਤਰ੍ਹਾਂ, ਮੈਂ ਇੱਥੇ ਥੋੜੇ ਸਮੇਂ ਲਈ ਰਹਿੰਦਾ ਹਾਂ।
13 ਯਹੋਵਾਹ, ਮੈਨੂੰ ਇੱਕਲਾ ਛੱਡ ਦਿਉ। ਅਤੇ ਮੈਨੂੰ ਖੁਸ਼ ਹੋਣ ਦਿਉ,
    ਇਸ ਤੋਂ ਪਹਿਲਾਂ ਕਿ ਮੈਂ ਮਰ ਜਾਵਾਂ ਅਤੇ ਮੁੱਕ ਜਾਵਾਂ।

1 ਰਾਜਿਆਂ 8:65-9:9

65 ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਥ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ [a] ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇੱਕਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕੱਠਿਆਂ ਖੂਬ ਖਾਧਾ, ਪੀਤਾ ਤੇ ਰੱਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾ ਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ। 66 ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਂ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾ ਨਾਲ ਚੱਲੇ ਗਏ।

ਪਰਮੇਸ਼ੁਰ ਦਾ ਸੁਲੇਮਾਨ ਕੋਲ ਦੁਬਾਰਾ ਆਉਣਾ

ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸ ਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।

ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ। ਯਹੋਵਾਹ ਨੇ ਉਸ ਨੂੰ ਕਿਹਾ,

“ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ। ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਂ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸ ਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ।

6-7 “ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਤੋਂ ਉਸ ਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮੰਨੋਗੇ,ਤਾਂ ਮੈਂ ਇਸ ਨੂੰ ਢਾਹ ਦੇਵਾਂਗਾ। ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ? ਤਾਂ ਬਾਕੀ ਆਖਣਗੇ, ‘ਇਉਂ ਇਸ ਲਈ ਹੋਇਆ ਕਿਉਂ ਕਿ ਇੱਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।’”

ਯਾਕੂਬ 2:14-26

ਨਿਹਚਾ ਅਤੇ ਚੰਗਿਆਈਆਂ

14 ਮੇਰੇ ਭਰਾਵੋ ਅਤੇ ਭੈਣੋ ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਸ ਦੇ ਕੋਲ ਨਿਹਚਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਸਦੀ ਨਿਹਚਾ ਨਿਕਾਰਥਕ ਹੈ। ਕੀ ਇਹੋ ਜਿਹੀ ਨਿਹਚਾ ਉਸ ਨੂੰ ਬਚਾ ਸੱਕਦੀ ਹੈ? ਨਹੀਂ। 15 ਮਸੀਹ ਵਿੱਚ ਕੁਝ ਭਰਾ ਜਾਂ ਭੈਣ ਸ਼ਾਇਦ ਉਸ ਦਿਨ ਲਈ ਕੱਪੜੇ ਅਤੇ ਰੋਟੀ ਦੇ ਲੋੜਵੰਦ ਹੋਣ। 16 ਪਰ ਤੁਸੀਂ ਉਸ ਵਿਅਕਤੀ ਨੂੰ ਆਖੋ, “ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਆਪਣੇ ਆਪ ਨੂੰ ਗਰਮਾਓ ਅਤੇ ਚੋਖਾ ਖਾਓ।” ਤੁਸੀਂ ਸਿਰਫ਼ ਇਹੀ ਗੱਲਾਂ ਆਖਦੇ ਹੋ ਪਰ ਤੁਸੀਂ ਉਸ ਵਿਅਕਤੀ ਨੂੰ ਉਹ ਚੀਜ਼ਾਂ ਨਹੀਂ ਦਿੰਦੇ ਜੋ ਉਸ ਨੂੰ ਲੋੜੀਂਦੀਆਂ ਹਨ। ਜੇ ਤੁਸੀਂ ਉਸ ਵਿਅਕਤੀ ਦੀ ਸਹਾਇਤਾ ਨਹੀਂ ਕਰਦੇ, ਤਾਂ ਇਸਦਾ ਕੀ ਫ਼ਾਇਦਾ ਹੈ। 17 ਨਿਹਚਾ ਦੇ ਨਾਲ ਵੀ ਇਹੀ ਹੈ। ਜੇ ਨਿਹਚਾ ਕੁਝ ਨਹੀਂ ਸੰਵਾਰਦੀ ਤਾਂ ਉਹ ਨਿਹਚਾ ਨਿਰਜੀਵ ਹੈ ਕਿਉਂਕਿ ਉਹ ਇੱਕਲੀ ਹੈ।

18 ਕੋਈ ਵਿਅਕਤੀ ਸ਼ਾਇਦ ਇਹ ਆਖੇ, “ਤੂੰ ਨਿਹਚਾ ਰੱਖਦਾ ਹੈ, ਪਰ ਮੈਂ ਕੰਮ ਕਰਦਾ ਹਾਂ।” ਮੈਨੂੰ ਆਪਣੀ ਨਿਹਚਾ ਦਿਖਾ। ਤੇਰੀ ਨਿਹਚਾ ਕੁਝ ਵੀ ਨਹੀਂ ਕਰਦੀ। ਮੈਂ ਆਪਣੇ ਅਮਲਾਂ ਰਾਹੀਂ ਤੈਨੂੰ ਆਪਣੀ ਨਿਹਚਾ ਦਿਖਾਵਾਂਗਾ। 19 ਤੁਸੀਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਇੱਕ ਹੈ। ਠੀਕ ਹੈ। ਪਰ ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਹਨ ਅਤੇ ਡਰ ਨਾਲ ਕੰਬਦੀਆਂ ਹਨ।

20 ਓ ਮੂਰਖ ਵਿਅਕਤੀ। ਕੀ ਤੈਨੂੰ ਇਹ ਅਵਸ਼ ਦਰਸ਼ਾਉਣਾ ਪਵੇਗਾ ਕਿ ਜਿਹੜੀ ਨਿਹਚਾ ਕੁਝ ਵੀ ਨਹੀਂ ਕਰਦੀ ਉਹ ਨਿਕੰਮੀ ਹੈ? 21 ਅਬਰਾਹਾਮ ਸਾਡਾ ਪਿਤਾ ਸੀ। ਅਬਰਾਹਾਮ ਨੂੰ ਧਰਮੀ ਉਸ ਦੇ ਅਮਲ ਰਾਹੀਂ ਬਣਾਇਆ ਗਿਆ ਸੀ। ਉਸ ਨੇ ਜਗਵੇਦੀ ਉੱਪਰ ਪਰਮੇਸ਼ੁਰ ਨੂੰ ਆਪਣਾ ਪੁੱਤਰ ਇਸਹਾਕ ਭੇਂਟ ਕੀਤਾ। 22 ਇਸ ਲਈ ਤੁਸੀਂ ਸਮਝ ਲਵੋ ਕਿ ਅਬਰਾਹਾਮ ਦੀ ਨਿਹਚਾ ਅਤੇ ਉਸ ਦੇ ਅਮਲਾਂ ਨੇ ਇੱਕ ਸਾਥ ਕਾਰਜ ਕੀਤਾ। ਉਸ ਦੀ ਨਿਹਚਾ ਨੂੰ ਉਸ ਦੇ ਅਮਲਾਂ ਰਾਹੀਂ ਸੰਪੂਰਣ ਬਣਾਇਆ ਗਿਆ। 23 ਹਰ ਗੱਲ ਤੋਂ ਪੋਥੀ ਦਾ ਪੂਰਾ ਅਰਥ ਸਪੱਸ਼ਟ ਹੁੰਦਾ ਹੈ ਜਿਹੜੀ ਆਖਦੀ ਹੈ, “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਇਸ ਨਿਹਚਾ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] ਅਬਰਾਹਾਮ ਨੂੰ “ਪਰਮੇਸ਼ੁਰ ਦਾ ਮਿੱਤਰ” [b] ਆਖਿਆ ਜਾਂਦਾ ਸੀ। 24 ਇਸ ਲਈ ਤੁਸੀਂ ਦੇਖਦੇ ਹੋ ਕਿ ਕਿਸੇ ਵਿਅਕਤੀ ਨੂੰ ਉਸ ਦੇ ਅਮਲਾਂ ਰਾਹੀਂ ਤਾਂ ਧਰਮੀ ਬਣਾਇਆ ਜਾ ਸੱਕਦਾ ਹੈ ਪਰ ਉਸ ਨੂੰ ਸਿਰਫ਼ ਨਿਹਚਾ ਰਾਹੀਂ ਧਰਮੀ ਨਹੀਂ ਬਣਾਇਆ ਜਾ ਸੱਕਦਾ।

25 ਦੂਸਰੀ ਮਿਸਾਲ ਰਹਾਬ ਦੀ ਹੈ। ਰਹਾਬ ਇੱਕ ਵੇਸ਼ਵਾ ਸੀ, ਪਰ ਉਸ ਨੂੰ ਉਸ ਦੇ ਅਮਲ ਰਾਹੀਂ ਧਰਮੀ ਬਣਾਇਆ ਗਿਆ। ਉਸ ਨੇ ਪਰਮੇਸ਼ੁਰ ਦੇ ਲੋਕਾਂ ਲਈ ਸੂਹੀਆਂ ਦੀ ਸਹਾਇਤਾ ਕੀਤੀ। ਉਸ ਨੇ ਉਨ੍ਹਾਂ ਦਾ ਸਵਾਗਤ ਆਪਣੇ ਮਹਿਮਾਨਾਂ ਵਾਂਗ ਕੀਤਾ ਅਤੇ ਇੱਕ ਵੱਖਰੇ ਰਸਤੇ ਦੁਆਰਾ ਉਨ੍ਹਾਂ ਦੀ ਬਚ ਨਿਕਲਣ ਵਿੱਚ ਸਹਾਇਤਾ ਕੀਤੀ। [c]

26 ਆਤਮਾ ਤੋਂ ਬਿਨਾ ਵਿਅਕਤੀ ਦਾ ਸਰੀਰ ਇੱਕ ਲੋਥ ਹੈ। ਨਿਹਚਾ ਬਾਰੇ ਵੀ ਇਵੇਂ ਹੀ ਹੈ ਜਿਹੜਾ ਨਿਹਚਾ ਨਹੀਂ ਕਰਦਾ ਉਹ ਮੁਰਦਾ ਹੈ।

ਮਰਕੁਸ 14:66-72

ਪਤਰਸ ਇਹ ਕਹਿੰਦਿਆਂ ਡਰਿਆ ਕਿ ਉਹ ਯਿਸੂ ਨੂੰ ਜਾਣਦਾ ਹੈ(A)

66 ਉਸ ਵਕਤ, ਪਤਰਸ ਥੱਲੇ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਗੋਲੀ ਆਈ ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ। 67 ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।”

68 ਪਰ ਪਤਰਸ ਨੇ ਕਿਹਾ ਮੈਂ ਉਸ ਦੇ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉੱਥੋਂ ਉੱਠ ਕੇ ਡਿਓਢੀ ਵੱਲ ਨੂੰ ਚੱਲਾ ਗਿਆ। [a]

69 ਜਦੋਂ ਗੋਲੀ ਨੇ ਉਸ ਨੂੰ ਉੱਥੇ ਖੜ੍ਹਾ ਵੇਖਿਆ, ਉਸ ਨੇ ਉੱਥੇ ਖੜ੍ਹੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।” 70 ਪਤਰਸ ਫ਼ਿਰ ਉਸ ਦੇ ਕਹਿਣੇ ਤੋਂ ਮੁੱਕਰ ਗਿਆ।

ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖੜ੍ਹੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।”

71 ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿੜਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸ ਨੂੰ ਨਹੀਂ ਜਾਣਦਾ।”

72 ਜਦੋਂ ਪਤਰਸ ਨੇ ਇਹ ਕਿਹਾ, “ਕੁੱਕੜ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸ ਨੂੰ ਕੀ ਕਿਹਾ ਸੀ; ਕਿ ਕੁੱਕੜ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬੜਾ ਦੁੱਖੀ ਹੋਇਆ ਅਤੇ ਰੋਣ ਲੱਗ ਪਿਆ।

Punjabi Bible: Easy-to-Read Version (ERV-PA)

2010 by World Bible Translation Center