Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 93

93 ਯਹੋਵਾਹ ਰਾਜਾ ਹੈ।
    ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
    ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
    ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
    ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
    ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
    ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।

ਜ਼ਬੂਰ 96

96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
    ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
    ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
    ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
    ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
    ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
    ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
ਪਰਿਵਾਰੋ ਅਤੇ ਕੌਮੋ ਉਸਤਤਿ ਦੇ
    ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
    ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
    ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10     ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
    ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
    ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
    ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
    ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।

ਜ਼ਬੂਰ 34

ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।

34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
    ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
    ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
    ਆਉ ਉਸ ਦੇ ਨਾਂ ਦਾ ਆਦਰ ਕਰੀਏ।
ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
    ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
    ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
    ਅਤੇ ਯਹੋਵਾਹ ਨੇ ਮੈਨੂੰ ਸੁਣਿਆ।
    ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
    ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
    ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
    ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
    ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
    ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
    ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
    ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
    ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
    ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
    ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।

17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
    ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
    ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
    ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
    ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
    ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
    ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
    ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।

2 ਰਾਜਿਆਂ 4:8-37

ਸ਼ੂਨੇਮ ਦੀ ਇੱਕ ਔਰਤ ਦਾ ਅਲੀਸ਼ਾ ਨੂੰ ਕਮਰਾ ਦੇਣਾ

ਇੱਕ ਦਿਨ ਅਲੀਸ਼ਾ ਸ਼ੂਨੇਮ ਵੱਲੋਂ ਦੀ ਲੰਘਿਆ। ਉੱਥੇ ਇੱਕ ਮਹੱਤਵਪੂਰਣ ਔਰਤ ਰਹਿੰਦੀ ਸੀ ਜਿਸਨੇ ਅਲੀਸ਼ਾ ਨੂੰ ਰਾਤ ਉੱਥੇ ਠਹਿਰਨ ਤੇ ਆਪਣੇ ਘਰ ਭੋਜਨ ਕਰਨ ਲਈ ਆਖਿਆ। ਤਾਂ ਫ਼ਿਰ ਜਦੋਂ ਵੀ ਅਲੀਸ਼ਾ ਉਸ ਰਾਹ ਤੋਂ ਦੀ ਲੰਘਦਾ ਰੋਟੀ ਖਾਣ ਲਈ ਉਹ ਉਸ ਘਰੇ ਰੁਕ ਜਾਂਦਾ।

ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ, “ਵੇਖੋ! ਉਹ ਮਨੁੱਖ ਜਿਸਦਾ ਨਾਂ ਅਲੀਸ਼ਾ ਹੈ, ਜੋ ਕਿ ਅਕਸਰ ਇਸ ਰਾਹ ਤੋਂ ਦੀ ਲੰਘਦਾ ਹੈ, ਪਰਮੇਸ਼ੁਰ ਦਾ ਕੋਈ ਪਵਿੱਤਰ ਮਨੁੱਖ ਹੈ। 10 ਆਪਾਂ ਛੱਤ ਉੱਪਰ ਉਸ ਲਈ ਇੱਕ ਕਮਰਾ ਪਾ ਦੇਈਏ ਅਤੇ ਉਸ ਦੇ ਕਮਰੇ ਵਿੱਚ ਇੱਕ ਮੰਜਾ, ਇੱਕ ਮੇਜ ਤੇ ਕੁਰਸੀ ਅਤੇ ਇੱਕ ਲਾਲਟੇਨ ਰੱਖ ਦੇਈਏ। ਇਉਂ ਫ਼ਿਰ ਉਹ ਜਦੋਂ ਕਦੇ ਵੀ ਇਸ ਰਾਹ ਤੋਂ ਦੀ ਜਾਵੇਗਾ, ਉਹ ਇਸ ਕਮਰੇ ਦੀ ਵਰਤੋਂ ਕਰ ਸੱਕਦਾ ਹੈ।”

11 ਇੱਕ ਦਿਨ ਅਲੀਸ਼ਾ ਉਸ ਔਰਤ ਦੇ ਘਰ ਗਿਆ ਅਤੇ ਉਸ ਕਮਰੇ ਵਿੱਚ ਥੋੜੀ ਦੇਰ ਰੁਕ ਕੇ ਉਸ ਨੇ ਅਰਾਮ ਕੀਤਾ। 12 ਤਦ ਅਲੀਸ਼ਾ ਨੇ ਆਪਣੇ ਸੇਵਕ ਗੇਹਾਜ਼ੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ ਕੇ ਲਿਆ।”

ਸੇਵਕ ਨੇ ਉਸ ਸ਼ੂਨੰਮੀ ਔਰਤ ਨੂੰ ਸੱਦਿਆ ਤਾਂ ਉਹ ਅਲੀਸ਼ਾ ਦੇ ਸਾਹਮਣੇ ਆਕੇ ਖੜੋ ਗਈ। 13 ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, “ਇਸ ਔਰਤ ਨੂੰ ਆਖ ਕਿ, ‘ਤੂੰ ਆਪਣੇ ਵੱਲੋਂ ਸਾਡੀ ਪੂਰੀ ਆਓ-ਭਗਤੀ ਕੀਤੀ ਹੈ ਸੋ ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਨਾਲ ਜਾਂ ਸੈਨਾਪਤੀ ਨਾਲ ਤੇਰੇ ਲਈ ਗੱਲ ਕਰੀਏ?’”

ਉਹ ਔਰਤ ਬੋਲੀ, “ਮੈਂ ਤਾਂ ਇੱਥੇ ਆਪਣੇ ਲੋਕਾਂ ਵਿੱਚਕਾਰ ਹੱਸਦੀ ਵੱਸਦੀ ਹਾਂ।”

14 ਤਾਂ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਾਂ ਫ਼ਿਰ ਇਸ ਲਈ ਕੀ ਕੀਤਾ ਜਾਵੇ?”

ਗੇਹਾਜੀ ਨੇ ਆਖਿਆ, “ਮੈਂ ਜਾਣਦਾ ਹਾਂ ਕਿ ਇਸ ਔਰਤ ਦਾ ਕੋਈ ਪੁੱਤਰ ਨਹੀਂ ਹੈ ਤੇ ਇਸਦਾ ਪਤੀ ਕਾਫ਼ੀ ਬਿਰਧ ਹੋ ਚੁੱਕਾ ਹੈ।”

15 ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਇੱਥੇ ਬੁਲਾ।”

ਤਾਂ ਗੇਹਾਜੀ ਨੇ ਉਸ ਔਰਤ ਨੂੰ ਬੁਲਾਇਆ ਤਾਂ ਉਹ ਆਕੇ ਉਸ ਦੇ ਦਰਵਾਜ਼ੇ ਕੋਲ ਖੜੋ ਗਈ। 16 ਅਲੀਸ਼ਾ ਨੇ ਉਸ ਨੂੰ ਕਿਹਾ, “ਇਸੇ ਰੁੱਤ ਬਸੰਤ ਦੇ ਦਿਨਾਂ ਦੇ ਕੋਲ ਤੇਰੀ ਆਪਣੀ ਗੋਦ ਵਿੱਚ ਪੁੱਤਰ ਹੋਵੇਗਾ ਜਿਸ ਨਾਲ ਤੂੰ ਕਲੋਲ ਕਰੇਗੀ।”

ਉਹ ਬੋਲੀ, “ਨਹੀਂ ਮੇਰੇ ਸੁਆਮੀ, ਪਰਮੇਸ਼ੁਰ ਦੇ ਮਨੁੱਖ ਆਪਣੀ ਟਹਿਲਣ ਨਾਲ ਝੂਠ ਨਾ ਬੋਲ।”

ਸ਼ੂਨੇਮ ਦੀ ਔਰਤ ਕੋਲ ਪੁੱਤਰ ਦਾ ਹੋਣਾ

17 ਪਰ ਉਹ ਔਰਤ ਗਰਭਵਤੀ ਹੋਈ ਤੇ ਉਸੇ ਬਸੰਤ ਦੇ ਮੌਸਮ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਅਲੀਸ਼ਾ ਦਾ ਵਾਕ ਸੀ।

18 ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲਕ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚੱਲਾ ਗਿਆ। 19 ਉਸ ਬਾਲਕ ਨੇ ਆਪਣੇ ਪਿਓ ਨੂੰ ਕਿਹਾ, “ਹਾਏ! ਮੇਰਾ ਸਿਰ! ਹਾਏ ਮੇਰਾ ਸਿਰ ਦੁੱਖਦਾ ਹੈ।”

ਪਿਤਾ ਨੇ ਆਪਣੇ ਟਹਿਲੂਏ ਨੂੰ ਕਿਹਾ, “ਜਾ, ਇਸ ਨੂੰ ਇਸਦੀ ਮਾਂ ਕੋਲ ਛੱਡ ਆ।”

20 ਸੇਵਕ ਉਸ ਬਾਲ ਨੂੰ ਉਸਦੀ ਮਾਂ ਕੋਲ ਛੱਡ ਆਇਆ। ਦੁਪਿਹਰ ਤੱਕ ਬਾਲਕ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਰਿਹਾ ਤੇ ਫਿਰ ਉਹ ਮਰ ਗਿਆ।

ਔਰਤ ਦਾ ਅਲੀਸ਼ਾ ਕੋਲ ਜਾਣਾ

21 ਉਸ ਔਰਤ ਨੇ ਮੋਏ ਹੋਏ ਬਾਲਕ ਨੂੰ ਅਲੀਸ਼ਾ ਦੇ ਮੰਜੇ ਉੱਪਰ ਪਾ ਦਿੱਤਾ। ਉਸ ਨੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਬਾਹਰ ਚਲੀ ਗਈ। 22 ਉਸ ਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਆਖਿਆ, “ਕਿਰਪਾ ਕਰਕੇ ਮੈਨੂੰ ਇੱਕ ਸੇਵਕ ਤੇ ਇੱਕ ਗਧਾ ਦੇ ਤਾਂ ਜੋ ਮੈਂ ਛੇਤੀ ਨਾਲ ਪਰਮੇਸ਼ੁਰ ਦੇ ਮਨੁੱਖ ਕੋਲ ਜਾਵਾਂ ਤੇ ਮੁੜ ਜਲਦੀ ਹੀ ਪਰਤ ਆਵਾਂ।”

23 ਉਸ ਔਰਤ ਦੇ ਪਤੀ ਨੇ ਕਿਹਾ, “ਤੂੰ ਅੱਜ ਹੀ ਪਰਮੇਸ਼ੁਰ ਦੇ ਮਨੁੱਖ ਕੋਲ ਕਿਉਂ ਜਾਣਾ ਚਾਹੁੰਦੀ ਹੈਂ? ਨਾ ਤਾਂ ਅੱਜ ਨਵਾਂ ਚੰਦ ਹੈ ਤੇ ਨਾ ਹੀ ਸਬਤ ਦਾ ਦਿਨ?”

ਉਸ ਨੇ ਕਿਹਾ, “ਫ਼ਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ।”

24 ਤਦ ਉਸ ਨੇ ਗਧੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕ ਨੂੰ ਆਖਿਆ, “ਜਲਦੀ ਕਰ, ਤੇ ਚੱਲੀਏ। ਜਦੋਂ ਤੀਕ ਮੈਂ ਤੈਨੂੰ ਨਾ ਆਖਾਂ ਪਸ਼ੂ ਨੂੰ ਹੌਲੀ ਨਾ ਕਰੀਂ।”

25 ਤਦ ਉਹ ਔਰਤ ਕਰਮਲ ਦੇ ਪਰਬਤ ਤੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਕੋਲ ਗਈ।

ਜਦੋਂ ਪਰਮੇਸ਼ੁਰ ਦੇ ਮਨੁੱਖ ਨੇ ਉਸ ਔਰਤ ਨੂੰ ਦੂਰੋ ਆਉਂਦਿਆਂ ਵੇਖਿਆ ਤਾਂ ਉਸ ਨੇ ਆਪਣੇ ਸੇਵਕ ਗੇਹਾਜੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ। 26 ਤੂੰ ਹੁਣ ਭੱਜ ਕੇ ਉਸ ਨੂੰ ਮਿਲ ਤੇ ਉਸ ਨੂੰ ਪੁੱਛ ਕਿ ਕੀ ਉਹ ਠੀਕ ਰਾਜੀ-ਖੁਸ਼ੀ ਤਾਂ ਹੈ? ਕੀ ਉਸਦਾ ਪਤੀ ਠੀਕ ਹੈ? ਕੀ ਉਸਦਾ ਬੱਚਾ ਰਾਜੀ ਹੈ?”

ਗੇਹਾਜੀ ਨੇ ਇਹ ਸਭ ਗੱਲਾਂ ਜਾਕੇ ਉਸ ਔਰਤ ਨੂੰ ਕਹੀਆਂ ਉਸ ਔਰਤ ਨੇ ਕਿਹਾ, “ਸਭ ਸੁੱਖ-ਸਾਂਦ ਹੈ।”

27 ਪਰ ਜਦੋਂ ਉਹ ਪਰਮੇਸ਼ੁਰ ਦੇ ਮਨੁੱਖ ਕੋਲ ਪਰਬਤ ਉੱਤੇ ਆਈ ਤਾਂ ਉਸ ਨੇ ਉਸ ਦੇ ਪੈਰ ਫ਼ੜ ਲਏ ਅਤੇ ਗੇਹਾਜੀ ਉਸ ਨੂੰ ਪਰੇ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ੁਰ ਦੇ ਮਨੁੱਖ ਨੇ ਆਖਿਆ, “ਉਸ ਨੂੰ ਰਹਿਣ ਦੇ, ਮਨ੍ਹਾ ਨਾ ਕਰ ਕਿਉਂ ਜੋ ਉਸਦਾ ਮਨ ਭਰਿਆ ਹੋਇਆ ਹੈ ਅਤੇ ਯਹੋਵਾਹ ਨੇ ਮੇਰੇ ਤੋਂ ਇਹ ਖਬਰ ਛੁਪਾਈ ਹੈ ਤੇ ਮੈਨੂੰ ਦੱਸਿਆ ਨਹੀਂ।”

28 ਤਦ ਸ਼ੂਨੰਮੀ ਔਰਤ ਨੇ ਕਿਹਾ, “ਹੇ ਸੁਆਮੀ! ਮੈਂ ਤਾਂ ਕਦੇ ਪੁੱਤਰ ਦਾ ਵਰ ਤੁਹਾਡੇ ਤੋਂ ਨਹੀਂ ਸੀ ਮੰਗਿਆ। ਮੈਂ ਪਹਿਲਾਂ ਵੀ ਆਖਿਆ ਸੀ, ‘ਮੈਨੂੰ ਗੁਮਰਾਹ ਨਾ ਕਰੋ।’”

29 ਤਦ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਿਆਰ ਹੋ, ਮੇਰੀ ਲਾਠੀ ਆਪਣੇ ਹੱਥ ਵਿੱਚ ਫ਼ੜ ਕੇ ਜਾਹ। ਰਾਹ ’ਚ ਕਿਸੇ ਵਿਅਕਤੀ ਨਾਲ ਗੱਲ ਕਰਨ ਲਈ ਨਾ ਰੁਕੀ ਜੇਕਰ ਰਾਹ ’ਚ ਕੋਈ ਸ਼ੁਭਕਾਮਨਵਾਂ ਦੇਵੇ, ਤਾਂ ਉਸ ਨੂੰ ਸ਼ੁਭਕਾਮਨਵਾਂ ਨਾ ਦੇਵੀਂ। ਫੇਰ ਮੇਰੀ ਸੋਟੀ ਬੱਚੇ ਦੇ ਮੂੰਹ ਉੱਤੇ ਪਾ ਦੇਵੀ ਜੇਕਰ ਰਾਹ ਵਿੱਚ ਤੈਨੂੰ ਕੋਈ ਕੁਝ ਪੁੱਛੇ ਉਸ ਨੂੰ ਉੱਤਰ ਨਾ ਦੇਵੀਂ।”

30 ਪਰ ਬੱਚੇ ਦੀ ਮਾਂ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਅਤੇ ਤੇਰੀ ਸੌਂਹ ਕਿ ਮੈਂ ਤੈਨੂੰ ਨਹੀਂ ਛੱਡਾਂਗੀ।”

ਤਾਂ ਅਲੀਸ਼ਾ ਉੱਥੋਂ ਉੱਠ ਕੇ ਉਸ ਦੇ ਮਗਰ ਤੁਰ ਪਿਆ।

31 ਗੇਹਾਜੀ ਅਲੀਸ਼ਾ ਤੋਂ ਪਹਿਲਾਂ ਪਹੁੰਚ ਗਿਆ, ਉਸ ਨੇ ਬੱਚੇ ਦੇ ਮੂੰਹ ਤੇ ਸੋਟੀ ਰਖੀ ਪਰ ਨਾ ਕੋਈ ਆਵਾਜ਼ ਸੀ ਨਾ ਬੱਚੇ ਨੂੰ ਕੋਈ ਸੁਰਤ ਸੀ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸ ਨੂੰ ਦੱਸਿਆ, “ਬੱਚਾ ਨਹੀਂ ਜਾਗਿਆ।”

ਸ਼ੂਨੰਮੀ ਔਰਤ ਦੇ ਬੱਚੇ ਦੇ ਪ੍ਰਾਣ ਵਾਪਸ ਆਉਣੇ

32 ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਉਸ ਨੇ ਵੇਖਿਆ ਕਿ ਮੋਇਆ ਹੋਇਆ ਬਾਲਕ ਉਸ ਦੇ ਮੰਜੇ ਤੇ ਪਿਆ ਹੋਇਆ ਸੀ। 33 ਅਲੀਸ਼ਾ ਕਮਰੇ ਅੰਦਰ ਗਿਆ ਅਤੇ ਅੰਦਰੋਂ ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਉਹ ਬਾਲਕ ਤੇ ਅਲੀਸ਼ਾ ਕਮਰੇ ਵਿੱਚ ਇੱਕਲੇ ਸਨ ਤਦ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 34 ਤਦ ਉਹ ਮੰਜੇ ਉੱਪਰ ਚੜ੍ਹ ਕੇ ਬਾਲਕ ਉੱਪਰ ਲੇਟ ਗਿਆ ਅਤੇ ਉਸ ਨੇ ਆਪਣਾ ਮੂੰਹ ਬਾਲਕ ਦੇ ਮੂੰਹ ਉੱਪਰ, ਆਪਣੀਆਂ ਅੱਖੀਆਂ ਉਸ ਦੀਆਂ ਅੱਖੀਆਂ ਉੱਪਰ ਅਤੇ ਆਪਣੇ ਹੱਥ ਉਸ ਦੇ ਹੱਥਾਂ ਉੱਪਰ ਰੱਖੇ ਤੇ ਉਸ ਬੱਚੇ ਦੇ ਸ਼ਰੀਰ ਉੱਪਰ ਪੱਸਰ ਕੇ ਉਸ ਦੇ ਸ਼ਰੀਰ ਨੂੰ ਨਿੱਘ ਦਿੱਤਾ ਤਾਂ ਬੱਚੇ ਦਾ ਸ਼ਰੀਰ ਨਿੱਘਾ ਹੋ ਗਿਆ।

35 ਫ਼ੇਰ ਅਲੀਸ਼ਾ ਉੱਥੋਂ ਹਟ ਕੇ ਕਮਰੇ ਵਿੱਚ ਇੱਧਰ ਉੱਧਰ ਟਹਿਲਣ ਲੱਗਾ ਫ਼ਿਰ ਉਹ ਵਾਪਸ ਜਾਕੇ ਬਾਲਕ ਦੇ ਸ਼ਰੀਰ ਉੱਪਰ ਲੇਟ ਗਿਆ ਅਤੇ ਫ਼ੇਰ ਬੱਚੇ ਨੇ ਸੱਤ ਵਾਰੀ ਛਿਕਿਆ ਅਤੇ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ।

36 ਤਦ ਅਲੀਸ਼ਾ ਨੇ ਗੇਹਾਜੀ ਨੂੰ ਬੁਲਾਇਆ ਅਤੇ ਕਿਹਾ, “ਜਾ, ਉਸ ਸ਼ੂਨੰਮੀ ਨੂੰ ਸੱਦ ਕੇ ਲਿਆ।”

ਗੇਹਾਜੀ ਉਸ ਨੂੰ ਸੱਦ ਲਿਆਇਆ, ਤਾਂ ਉਹ ਅਲੀਸ਼ਾ ਕੋਲ ਆਈ। ਫੇਰ ਅਲੀਸ਼ਾ ਨੇ ਉਸ ਨੂੰ ਕਿਹਾ, “ਹੁਣ ਤੂੰ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਸੱਕਦੀ ਹੈ।”

37 ਤਦ ਸ਼ੂਨੰਮੀ ਔਰਤ ਅੰਦਰ ਕਮਰੇ ’ਚ ਆਈ ਅਤੇ ਆਕੇ ਉਸ ਪਹਿਲਾਂ ਅਲੀਸ਼ਾ ਦੇ ਚਰਣ ਛੂਹੇ ਫ਼ਿਰ ਉਸ ਨੇ ਆਪਣੇ ਪੁੱਤਰ ਨੂੰ ਕੁੱਛੜ ਚੁੱਕਿਆ ਅਤੇ ਬਾਹਰ ਆ ਗਈ।

ਰਸੂਲਾਂ ਦੇ ਕਰਤੱਬ 9:10-31

10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ!”

ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ, ਮੈਂ ਇੱਥੇ ਹਾਂ।”

11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ। 12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸ ਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰੱਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”

13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ। 14 ਹੁਣ ਉਹ ਇੱਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸ ਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰੱਖਦੇ ਹਨ।”

15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸ ਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ। 16 ਮੈਂ ਉਸ ਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।”

17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।” 18 ਉਸੇ ਵੇਲੇ ਅਚਾਨਕ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹਿਆ ਕੁਝ ਡਿੱਗਿਆ ਅਤੇ ਉਸ ਨੂੰ ਦੁਬਾਰਾ ਦਿਖਣ ਲੱਗ ਪਿਆ। ਸੌਲੁਸ ਉੱਠਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। 19 ਫ਼ਿਰ ਉਸ ਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।

ਸੌਲੁਸ ਦਾ ਦੰਮਿਸਕ ਵਿੱਚ ਉਪਦੇਸ਼ ਦੇਣਾ

ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ। 20 ਜਲਦੀ ਹੀ ਉਸ ਨੇ ਪ੍ਰਾਰਥਨਾ ਸਥਾਨਾ ਉੱਪਰ ਯਿਸੂ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਵਿੱਚ ਪਰਚਾਰ ਕੀਤਾ ਕਿ, “ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।”

21 ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇੱਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”

22 ਪਰ ਸੌਲੁਸ ਦਿਨੋਂ-ਦਿਨ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਉਸ ਨੇ ਇਹ ਸਾਬਿਤ ਕਰ ਦਿੱਤਾ ਕਿ ਯਿਸੂ ਹੀ ਮਸੀਹ ਹੈ। ਉਸ ਦੇ ਪ੍ਰਮਾਣ ਇੰਨੇ ਜ਼ੋਰਦਾਰ ਹੁੰਦੇ ਸਨ ਕਿ ਜਿਹੜੇ ਯਹੂਦੀ ਦੰਮਿਸਕ ਵਿੱਚ ਰਹਿੰਦੇ ਸਨ ਉਹ ਉਸ ਨਾਲ ਬਹਿਸ ਨਹੀਂ ਕਰ ਪਾਉਂਦੇ ਸਨ।

ਸੌਲੁਸ ਦਾ ਯਹੂਦੀਆਂ ਤੋਂ ਬਚਣਾ

23 ਕਾਫ਼ੀ ਦਿਨਾਂ ਬਾਅਦ ਯਹੂਦੀਆਂ ਨੇ ਸੌਲੁਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਈ। 24 ਉਹ ਸੌਲੁਸ ਲਈ ਸ਼ਹਿਰ ਦੇ ਦਰਵਾਜਿਆਂ ਤੇ ਦਿਨ-ਰਾਤ ਪਹਿਰਾ ਦੇ ਰਹੇ ਸਨ, ਕਿਉਂਕਿ ਉਹ ਉਸ ਨੂੰ ਜਾਨੋਂ ਹੀ ਮਾਰ ਮੁਕਾਉਣਾ ਚਾਹੁੰਦੇ ਸੀ ਪਰ ਸੌਲੁਸ ਨੂੰ ਉਨ੍ਹਾਂ ਦੀ ਵਿਉਂਤ ਦਾ ਪਤਾ ਲੱਗ ਗਿਆ। 25 ਕੁਝ ਚੇਲਿਆਂ ਨੇ, ਜਿਨ੍ਹਾਂ ਨੂੰ ਪੌਲੁਸ ਨੇ ਸਿੱਖਿਆ ਦਿੱਤੀ ਸੀ, ਇੱਕ ਰਾਤ ਉਸ ਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ ਤੇ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ।

ਸੌਲੁਸ ਦਾ ਯਰੂਸ਼ਲਮ ਵਿੱਚ ਉਪਦੇਸ਼ ਦੇਣਾ

26 ਫ਼ਿਰ ਸੌਲੁਸ ਯਰੂਸ਼ਲਮ ਵਿੱਚ ਚੱਲਾ ਗਿਆ। ਉਸ ਨੇ ਨਿਹਚਾਵਾਨਾਂ ਦਾ ਸੰਗ ਕਰਨਾ ਚਾਹਿਆ ਪਰ ਉਹ ਉਸ ਕੋਲੋਂ ਡਰਦੇ ਸਨ। ਉਹ ਵਿਸ਼ਵਾਸ ਨਾ ਕਰ ਸੱਕੇ ਕਿ ਉਹ ਸੱਚਮੁੱਚ ਯਿਸੂ ਦਾ ਚੇਲਾ ਸੀ। 27 ਪਰ ਬਰਨਬਾਸ ਉਸ ਨੂੰ ਰਸੂਲਾਂ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਕਿਵੇਂ ਦੰਮਿਸ਼ਕ ਦੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਸੀ। ਅਤੇ ਉਸ ਨੇ ਉਸ ਨਾਲ ਗੱਲਾਂ ਵੀ ਕੀਤੀਆਂ ਸਨ ਅਤੇ ਕਿਵੇਂ ਉਹ ਦੰਮਿਸ਼ਕ ਵਿੱਚ ਪ੍ਰਭੂ ਦੇ ਨਾਂ ਉੱਤੇ ਬੇਧੜਕ ਹੋਕੇ ਉਪਦੇਸ਼ ਦਿੰਦਾ ਸੀ।

28 ਇਉਂ ਸੌਲੁਸ ਚੇਲਿਆਂ ਨਾਲ ਠਹਿਰਿਆ। ਉਹ ਯਰੂਸ਼ਲਮ ਦੀਆਂ ਸਾਰੀਆਂ ਥਾਵਾਂ ਤੇ ਗਿਆ ਅਤੇ ਖੁਲ੍ਹੇਆਮ ਪ੍ਰਭੂ ਬਾਰੇ ਬੋਲਿਆ। 29 ਉਹ ਅਕਸਰ ਯੂਨਾਨੀ ਬੋਲਣ ਵਾਲੇ ਯਹੂਦੀਆਂ ਨਾਲ ਗੱਲਾਂ ਕਰਦਾ ਅਤੇ ਉਨ੍ਹਾਂ ਨਾਲ ਇਸ ਬਾਰੇ ਚਰਚਾ ਕਰਦਾ ਪਰ ਉਹ ਉਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਉਂਦੇ। 30 ਜਦੋਂ ਭਰਾਵਾਂ ਨੂੰ ਇਸਦਾ ਪਤਾ ਲੱਗਾ, ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉਨ੍ਹਾਂ ਨੇ ਉੱਥੋਂ ਉਸ ਨੂੰ, ਤਰਸੁਸ ਨੂੰ ਭੇਜ ਦਿੱਤਾ।

31 ਸੋ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਸ਼ਾਂਤਮਈ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਕਲੀਸਿਯਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਗਈ। ਨਿਹਚਾਵਾਨਾਂ ਨੇ, ਜਿਸ ਢੰਗ਼ ਨਾਲ ਉਹ ਜਿਉਂਦੇ ਸਨ, ਦਰਸ਼ਾਇਆ ਕਿ ਉਨ੍ਹਾਂ ਨੇ ਪ੍ਰਭੂ ਦੀ ਇੱਜ਼ਤ ਕੀਤੀ। ਉਸ ਸਦਕਾ ਹੀ ਇਹ ਸਮੂਹ ਹੋਰ ਸੰਗਠਿਤ ਹੋਇਆ।

ਲੂਕਾ 3:7-18

ਯੂਹੰਨਾ ਨੇ ਉਸ ਭੀੜ ਨੂੰ ਆਖਿਆ, ਜੋ ਉਸ ਕੋਲ ਬਪਤਿਸਮਾ ਲੈਣ ਆਈ ਸੀ, “ਤੁਸੀਂ ਜ਼ਹਿਰੀਲੇ ਨਾਗਾਂ ਵਰਗੇ ਹੋ! ਤੁਹਾਨੂੰ ਆਉਣ ਵਾਲੀ ਕਰੋਪੀ ਤੋਂ ਭੱਜਣਾ ਕਿਸਨੇ ਦੱਸਿਆ? ਤੁੱਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਇਹ ਪ੍ਰਮਾਣਿਤ ਕਰਨ ਕਿ ਤੁਸੀਂ ਸੱਚਮੁੱਚ ਆਪਣੇ ਹਿਰਦੇ ਬਦਲੇ ਹਨ। ਤੁਸੀਂ ਆਪਣੇ ਆਪ ਵਿੱਚ ਇਹ ਨਾ ਆਖੋ ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਤਾਂ ਇਨ੍ਹਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸੱਕਦਾ ਹੈ। ਕੁਲਹਾੜਾ ਹੁਣ ਬਿਰਛਾਂ ਨੂੰ ਵੱਢਣ ਲਈ ਤਿਆਰ ਹੈ। ਜਿਹੜਾ ਵੀ ਬਿਰਛ ਚੰਗੇ ਫ਼ਲ ਨਹੀਂ ਦੇਵੇਗਾ, ਉਸ ਨੂੰ ਵੱਢੱਕੇ ਅੱਗ ਵਿੱਚ ਸੁੱਟਿਆ ਜਾਵੇਗਾ।”

10 ਤਾਂ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਸਾਨੂੰ ਕੀ ਕਰਨਾ ਚਾਹੀਦਾ ਹੈ?”

11 ਉਸ ਨੇ ਉੱਤਰ ਦਿੱਤਾ, “ਜੇਕਰ ਕਿਸੇ ਕੋਲ ਦੋ ਕਮੀਜ਼ਾਂ ਹਨ, ਤਾਂ ਉਸ ਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਦਿਉ ਜਿਸ ਕੋਲ ਇੱਕ ਵੀ ਨਹੀਂ ਹੈ। ਅਤੇ ਜੇਕਰ ਕਿਸੇ ਕੋਲ ਭੋਜਨ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਦਿਉ ਜਿਨ੍ਹਾਂ ਕੋਲ ਨਹੀਂ ਹੈ।”

12 ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ। ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”

13 ਉਸ ਲਈ ਉਸ ਨੇ ਜਵਾਬ ਦਿੱਤਾ, “ਜਿੰਨੇ ਦਾ ਤੁਹਾਨੂੰ ਆਦੇਸ਼ ਹੈ ਉਸਤੋਂ ਵੱਧ ਇੱਕਤਰ ਨਾ ਕਰੋ।”

14 ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?”

ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।”

15 ਸਭ ਲੋਕ ਮਸੀਹ ਨੂੰ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਇਹ ਵਿੱਚਾਰ ਕਰ ਰਹੇ ਸਨ ਕਿ “ਹੋ ਸੱਕਦਾ ਉਹ ਖੁਦ ਮਸੀਹ ਹੋਵੇ।”

16 ਫ਼ਿਰ ਯੂਹੰਨਾ ਨੇ ਸਾਰਿਆਂ ਨੂੰ ਜਵਾਬ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਦ ਜਿਹੜਾ ਮਨੁੱਖ ਆ ਰਿਹਾ ਹੈ ਉਹ ਮੇਰੇ ਤੋਂ ਕਿਤੇ ਵਡੇਰੇ ਤੇ ਉੱਚੇ ਕੰਮ ਕਰੇਗਾ। ਮੈਂ ਤਾਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਜੋਗ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17 ਉਸ ਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂੜੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਕਿ ਕਦੇ ਬੁੱਝਣ ਵਾਲੀ ਨਹੀਂ ਹੈ।” 18 ਇਸ ਤਰ੍ਹਾਂ, ਉਹ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਬਚਨ ਦੱਸਦਾ ਅਤੇ ਉਨ੍ਹਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਦਾ।

Punjabi Bible: Easy-to-Read Version (ERV-PA)

2010 by World Bible Translation Center