Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 41

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

41 ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ।
    ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
ਯਹੋਵਾਹ ਉਸ ਬੰਦੇ ਦੀ ਰੱਖਿਆ ਕਰੇਗਾ ਅਤੇ ਉਸਦੀ ਜ਼ਿੰਦਗੀ ਬਚਾਵੇਗਾ।
    ਉਹ ਬੰਦਾ ਧਰਤੀ ਉੱਤੇ ਸੁਭਾਗਾ ਹੋਵੇਗਾ।
    ਪਰਮੇਸ਼ੁਰ ਉਸ ਬੰਦੇ ਨੂੰ ਆਪਣੇ ਦੁਸ਼ਮਣਾਂ ਹੱਥੋਂ ਤਬਾਹ ਨਹੀਂ ਹੋਣ ਦੇਵੇਗਾ।
ਜਦੋਂ ਉਹ ਬੰਦਾ ਬਿਮਾਰ ਅਤੇ ਲਾਚਾਰ ਹੋਵੇਗਾ, ਯਹੋਵਾਹ ਉਸ ਨੂੰ ਤਾਕਤ ਦੇਵੇਗਾ।
    ਉਹ ਬੰਦਾ ਬਿਮਾਰੀ ਵਿੱਚ ਮੰਜੇ ਉੱਤੇ ਪਿਆ ਹੋ ਸੱਕਦਾ, ਪਰ ਪਰਮੇਸ਼ੁਰ ਉਸ ਨੂੰ ਨਿਰੋਗ ਕਰੇਗਾ।

ਮੈਂ ਆਖਿਆ, “ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਂ ਤੁਹਾਡੇ ਵਿਰੁੱਧ ਗੁਨਾਹ ਕੀਤਾ, ਮੇਰਾ ਪਾਪ ਮੁਆਫ਼ ਕਰ ਦਿਉ ਅਤੇ ਮੈਨੂੰ ਨਿਰੋਗ ਕਰ ਦਿਉ।”
ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਉਹ ਆਖ ਰਹੇ ਹਨ, “ਉਹ ਕਦੋਂ ਮਰੇਗਾ ਅਤੇ ਭੁਲਾਇਆ ਜਾਵੇਗਾ।”
ਲੋਕ ਮੈਨੂੰ ਮਿਲਣ ਆਉਂਦੇ ਹਨ ਪਰ ਉਸ ਬਾਰੇ ਨਹੀਂ ਦੱਸਦੇ ਜੋ ਉਹ ਅਸਲ ਵਿੱਚ ਸੋਚ ਰਹੇ ਹਨ।
    ਉਹ ਬਸ ਮੇਰੀ ਖਬਰ ਲੈਣ ਖਾਤਿਰ ਆਉਂਦੇ ਹਨ।
ਫ਼ੇਰ ਉਹ ਚੱਲੇ ਜਾਂਦੇ ਹਨ
    ਅਤੇ ਆਪਣੀ ਅਫ਼ਵਾਹਾਂ ਫ਼ੈਲਾਉਂਦੇ ਹਨ।
ਮੇਰੇ ਦੁਸ਼ਮਣ ਮੇਰੇ ਬਾਰੇ ਬੁਰੀ ਖੁਸਰ-ਫ਼ੁਸਰ ਕਰਦੇ ਹਨ।
    ਉਹ ਮੇਰੇ ਬਾਰੇ ਛੜਯੰਤਰ ਰਚ ਰਹੇ ਹਨ।
ਉਹ ਆਖਦੇ ਹਨ, “ਉਸਨੇ ਕੋਈ ਗਲਤ ਗੱਲ ਕੀਤੀ ਹੈ।
    ਇਸੇ ਕਾਰਣ ਉਹ ਬਿਮਾਰ ਹੈ।
    ਮੈਨੂੰ ਉਮੀਦ ਹੈ ਉਹ ਕਦੇ ਵੀ ਚੰਗਾ ਨਹੀਂ ਹੋਵੇਗਾ।”
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ।
    ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
10 ਇਸ ਲਈ ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਨੂੰ ਉੱਠ ਖਲੋਣ ਦਿਉ ਅਤੇ ਮੈਂ ਉਨ੍ਹਾਂ ਨੂੰ ਭਾਜੀ ਮੋੜਾਂਗਾ।
11 ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ।
    ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
12 ਮੈਂ ਬੇਕਸੂਰ ਸਾਂ ਅਤੇ ਤੁਸੀਂ ਮੈਨੂੰ ਸਹਾਰਾ ਦਿੱਤਾ।
    ਤੁਸਾਂ ਮੈਨੂੰ ਖਲੋ ਜਾਣ ਦਿੱਤਾ ਅਤੇ ਤੁਸੀਂ ਸਦਾ ਲਈ ਮੇਰੀ ਸੇਵਾ ਕਰਨ ਦਿੱਤੀ।

13 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
    ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ।

ਆਮੀਨ ਫੇਰ ਆਮੀਨ।।

ਜ਼ਬੂਰ 52

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”

52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
    ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
    ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
    ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
    ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
    ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।

ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
    ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।

ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
    ਅਤੇ ਉਸਦਾ ਆਦਰ ਕਰਨਾ ਸਿੱਖਣਗੇ।
    ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
“ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
    ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”

ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
    ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।

ਜ਼ਬੂਰ 44

ਨਿਰਦੇਸ਼ਕ ਲਈ: ਕੋਰਹ ਦਾ ਇੱਕ ਭੱਗਤੀ ਗੀਤ।

44 ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ।
    ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ।
    ਉਨ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।
ਹੇ ਪਰਮੇਸ਼ੁਰ, ਇਹ ਧਰਤੀ ਤੁਸਾਂ ਹੋਰਾਂ ਪਾਸੋਂ ਆਪਣੀ ਮਹਾਨ ਸ਼ਕਤੀ ਰਾਹੀਂ ਜਿੱਤ ਲਈ ਸੀ।
    ਅਤੇ ਇਹ ਅਸਾਂ ਨੂੰ ਸੌਂਪ ਦਿੱਤੀ ਸੀ।
ਤੁਸਾਂ ਉਨ੍ਹਾਂ ਵਿਦੇਸ਼ੀਆਂ ਨੂੰ ਕੁਚਲ ਦਿੱਤਾ ਸੀ।
    ਤੁਸੀਂ ਉਨ੍ਹਾਂ ਨੂੰ ਇਸ ਧਰਤੀ ਵਿੱਚੋਂ ਬਾਹਰ ਕੱਢ ਦਿੱਤਾ।
ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ।
    ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ।
ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ।
    ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
    ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ।
    ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
ਹੇ ਪਰਮੇਸ਼ੁਰ ਤੁਹਾਡੀ ਮਦਦ ਨਾਲ, ਅਸੀਂ ਆਪਣੇ ਦੁਸ਼ਮਣਾਂ ਨੂੰ ਪਿੱਛਾਂਹ ਧੱਕ ਦੇਵਾਂਗੇ।
    ਤੁਹਾਡਾ ਨਾਮ ਲੈ ਕੇ ਅਸੀਂ ਆਪਣੇ ਦੁਸ਼ਮਣਾਂ ਨੂੰ ਕੁਚਲ ਦਿਆਂਗੇ।
ਮੈਨੂੰ ਆਪਣੇ ਤੀਰਾਂ ਅਤੇ ਕਮਾਣ ਉੱਤੇ ਇਤਬਾਰ ਨਹੀਂ
    ਮੇਰੀ ਤਲਵਾਰ ਮੈਨੂੰ ਨਹੀਂ ਬਚਾ ਸੱਕਦੀ।
ਹੇ ਪਰਮੇਸ਼ੁਰ ਤੁਸਾਂ ਸਾਨੂੰ ਮਿਸਰ ਕੋਲੋਂ ਬਚਾਇਆ
    ਤੁਸੀਂ ਸਾਡੇ ਦੁਸ਼ਮਣਾਂ ਨੂੰ ਸ਼ਰਮਸਾਰ ਕਰ ਦਿੱਤਾ ਸੀ।
ਅਸੀਂ ਪਰਮੇਸ਼ੁਰ ਦੀ ਦਿਨ ਭਰ ਉਸਤਤਿ ਕੀਤੀ ਹੈ।
    ਅਤੇ ਅਸੀਂ ਤੁਹਾਡੇ ਨਾਮ ਦੀ ਸਦਾ-ਸਦਾ ਉਸਤਤਿ ਕਰਾਂਗੇ।

ਪਰ, ਹੇ ਪਰਮੇਸ਼ੁਰ, ਤੁਸਾਂ ਸਾਨੂੰ ਛੱਡ ਦਿੱਤਾ ਅਤੇ ਸਾਨੂੰ ਸ਼ਰਮਸਾਰ ਕਰ ਦਿੱਤਾ।
    ਤੁਸੀਂ ਸਾਡੇ ਸੰਗ ਮੈਦਾਨੇ ਜੰਗ ਵਿੱਚ ਨਹੀਂ ਆਏ।
10 ਤੁਸਾਂ ਸਾਡੇ ਦੁਸ਼ਮਣਾਂ ਨੂੰ ਸਾਨੂੰ ਪਿੱਛਾਂਹ ਧੱਕਣ ਦਿੱਤਾ।
    ਸਾਡੇ ਦੁਸ਼ਮਣਾਂ ਨੇ ਸਾਡੀ ਦੌਲਤ ਲੈ ਲਈ।
11 ਤੁਸੀਂ ਸਾਨੂੰ ਭੇਡਾਂ ਵਾਂਗ ਰੋਟੀ ਦੀ ਤਰ੍ਹਾਂ ਦੇ ਦਿੱਤਾ।
    ਤੁਸੀਂ ਸਾਨੂੰ ਕੌਮਾਂ ਵਿੱਚ ਖਿਲਰਨ ਲਈ ਮਜਬੂਰ ਕੀਤਾ।
12 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਨੂੰ ਬਿਨਾ ਮੁੱਲ ਤੋਂ ਵੇਚ ਦਿੱਤਾ ਸੀ।
13 ਸਾਡੇ ਗੁਆਂਢੀ ਦੇਸ਼ਾਂ ਲਈ ਤੁਸਾਂ ਸਾਨੂੰ ਇੱਕ ਮਜ਼ਾਕ ਬਣਾ ਦਿੱਤਾ।
    ਉਹ ਸਾਡੇ ਉੱਪਰ ਹੱਸਦੇ ਹਨ ਅਤੇ ਸਾਡਾ ਮਜ਼ਾ ਉਡਾਉਂਦੇ ਹਨ।
14 ਅਸੀਂ ਲੋਕਾਂ ਵੱਲੋਂ ਸੁਣਾਏ ਜਾਂਦੇ ਕਿਸੇ ਚੁਟਕਲੇ ਵਰਗੇ ਹਾਂ।
    ਬਿਨ ਕੌਮਾਂ ਦੇ ਲੋਕ ਵੀ ਸਾਡੇ ਉੱਤੇ ਹੱਸਦੇ ਹਨ ਅਤੇ ਸਿਰ ਹਿਲਾਉਂਦੇ ਹਨ।
15 ਮੈਂ ਸ਼ਰਮ ਵਿੱਚ ਡੁੱਬਿਆ ਹਾਂ।
    ਮੈਂ ਸਾਰਾ ਦਿਨ ਆਪਣੀ ਸ਼ਰਮਿੰਦਗੀ ਨੂੰ ਤੱਕਦਾ ਹਾਂ।
16 ਮੈਂ ਸ਼ਰਮ ਨਾਲ ਮੂੰਹ ਛੁਪਾਉਂਦਾ ਹਾਂ, ਉਨ੍ਹਾਂ ਮਖੌਲਾਂ ਅਤੇ ਚੋਭਾਂ ਤੋਂ ਜੋ ਮੇਰੇ ਦੁਸ਼ਮਣਾਂ ਵੱਲੋਂ ਮੇਰੇ ਉੱਤੇ ਲਾਈਆਂ ਜਾਂਦੀਆਂ ਹਨ।
    ਜੋ ਮੇਰੇ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ।
17 ਹੇ ਪਰਮੇਸ਼ੁਰ ਅਸੀਂ ਤੁਹਾਨੂੰ ਨਹੀਂ ਭੁੱਲੇ ਹਾਂ
    ਫ਼ੇਰ ਵੀ ਤੁਸੀਂ ਇਹ ਗੱਲਾਂ ਸਾਡੇ ਨਾਲ ਕਰਦੇ ਹੋ।
ਅਸੀਂ ਉਦੋਂ ਝੂਠੇ ਨਹੀਂ ਸਾਂ ਜਦੋਂ ਅਸੀਂ ਉਸ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਸਨ ਜੋ ਅਸੀਂ ਤੁਹਾਡੇ ਨਾਲ ਕੀਤਾ ਸੀ।
18 ਹੇ ਪਰਮੇਸ਼ੁਰ, ਅਸੀਂ ਤੁਹਾਨੂੰ ਪਿੱਠ ਨਹੀਂ ਦਿੱਤੀ ਹੈ
    ਅਸੀਂ ਤੁਹਾਡੀ ਅਗਵਾਈ ਨੂੰ ਨਹੀਂ ਛੱਡਿਆ ਹੈ।
19 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਸ ਥਾਵੇਂ ਕੁਚਲ ਦਿੱਤਾ ਹੈ ਜਿੱਥੇ ਗਿੱਦੜ ਰਹਿੰਦੇ ਹਨ।
    ਤੁਸੀਂ ਸਨੂੰ ਉਸ ਥਾਵੇਂ ਛੱਡ ਦਿੱਤਾ ਹੈ ਜੋ ਮੌਤ ਵਰਗੀ ਹਨੇਰੀ ਹੈ।
20 ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ।
    ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
21 ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ।
    ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
22 ਹੇ ਪਰਮੇਸ਼ੁਰ, ਹਰ ਰੋਜ਼ ਅਸੀਂ ਤੁਹਾਡੇ ਲਈ ਮਰਦੇ ਹਾਂ।
    ਅਸੀਂ ਉਨ੍ਹਾਂ ਭੇਡਾਂ ਵਰਗੇ ਸਾਂ ਜਿਨ੍ਹਾਂ ਨੂੰ ਮਾਰਨ ਵਾਸਤੇ ਲਿਜਾਇਆ ਜਾਣ ਵਾਲਾ ਹੁੰਦਾ ਹੈ।
23 ਉੱਠੋ, ਮੇਰੇ ਮਾਲਿਕ।
    ਤੁਸੀਂ ਕਿਉਂ ਸੌਂ ਰਹੇ ਹੋ? ਉੱਠ ਪਵੋ।
    ਸਾਨੂੰ ਸਦਾ ਲਈ ਛੱਡ ਕੇ ਨਾ ਜਾਵੋ।
24 ਹੇ ਪਰਮੇਸ਼ੁਰ, ਤੁਸੀਂ ਸਾਡੇ ਕੋਲੋਂ ਕਿਉਂ ਲੁਕ ਗਏ ਹੋਂ?
    ਕੀ ਤੁਸੀਂ ਸਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਭੁੱਲ ਗਏ ਹੋ?
25 ਸਾਨੂੰ ਖਾਕ ਅੰਦਰ ਧੱਕ ਦਿੱਤਾ ਹੈ।
    ਅਸੀਂ ਮੂਧੇ ਊਁਹ ਖਾਕ ਵਿੱਚ ਪਏ ਹਾਂ।
26 ਹੇ ਪਰਮੇਸ਼ੁਰ ਉੱਠੋ ਅਤੇ ਸਾਡੀ ਸਹਾਇਤਾ ਕਰੋ।
    ਸਾਨੂੰ ਆਪਣੇ ਸੱਚੇ ਪਿਆਰ ਸਦਕਾ ਬਚਾ ਲਵੋ।

1 ਰਾਜਿਆਂ 13:1-10

ਪਰਮੇਸ਼ੁਰ ਦਾ ਬੈਤਏਲ ਵਿਰੁੱਧ ਬੋਲਣਾ

13 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤਏਲ ਨੂੰ ਆਇਆ। ਜਦੋਂ ਉਹ ਓੱਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,

“ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”

ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”

ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, “ਇਸ ਆਦਮੀ ਨੂੰ ਫ਼ੜ ਲਵੋ!” ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸ ਨੂੰ ਹਿਲਾ ਨਾ ਸੱਕਿਆ। ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।”

ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।”

ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, “ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। ਯਹੋਵਾਹ ਦਾ ਇਹ ਹੁਕਮ ਸੀ ਕਿ ਇੱਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।” 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤਏਲ ਲਈ ਆਇਆ।

ਫ਼ਿਲਿੱਪੀਆਂ ਨੂੰ 1:1-11

ਮਸੀਹ ਯਿਸੂ ਦੇ ਸੇਵਕਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ, ਮਸੀਹ ਵਿੱਚ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਫ਼ਿਲਿੱਪੈ ਵਿੱਚ ਰਹਿੰਦੇ ਹਨ, ਅਤੇ ਤੁਹਾਡੇ ਸਾਰੇ ਬਜ਼ੁਰਗਾਂ [a] ਅਤੇ ਖਾਸ ਸਹਾਇਕਾਂ ਨੂੰ ਸ਼ੁਭਕਾਮਨਾਵਾਂ।

ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਮਿਲਦੀ ਰਹੇ।

ਪੌਲੁਸ ਦੀ ਪ੍ਰਾਰਥਨਾ

ਹਰ ਵੇਲੇ ਜਦੋਂ ਵੀ ਮੈਂ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਸਾਰਿਆਂ ਲਈ ਹਮੇਸ਼ਾ ਅਨੰਦ ਨਾਲ ਪ੍ਰਾਰਥਨਾ ਕਰਦਾ ਹਾਂ। ਮੈਂ ਉਸ ਸਹਾਇਤਾ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜੀ ਤੁਸੀਂ ਉਸ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖੁਸ਼ਖਬਰੀ ਫ਼ੈਲਾਉਣ ਵਿੱਚ ਕੀਤੀ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰੱਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸ ਨੂੰ ਪੂਰਾ ਕਰੇਗਾ।

ਅਤੇ ਮੈਂ ਜਾਣਦਾ ਹਾਂ ਕਿ ਮੇਰਾ ਤੁਹਾਡੇ ਸਾਰਿਆਂ ਲਈ ਇਉਂ, ਸੋਚਣਾ ਠੀਕ ਹੀ ਹੈ। ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਜਗ਼੍ਹਾ ਹੈ। ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਨੂੰ ਸਾਂਝਾ ਕਰਦੇ ਹੋ। ਤੁਸੀਂ ਉਦੋਂ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਸਾਂਝੀ ਕਰਦੇ ਹੋ ਜਦੋਂ ਮੈਂ ਕੈਦ ਵਿੱਚ ਹੁੰਦਾ ਹਾਂ, ਜਦੋਂ ਮੈਂ ਖੁਸ਼ਖਬਰੀ ਦੀ ਰੱਖਿਆ ਕਰ ਰਿਹਾ ਹੁੰਦਾ ਹਾਂ, ਅਤੇ ਜਦੋਂ ਮੈਂ ਖੁਸ਼ਖਬਰੀ ਦੇ ਸੱਚ ਨੂੰ ਸਾਬਤ ਕਰ ਰਿਹਾ ਹੁੰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਮਸੀਹ ਯਿਸੂ ਦੇ ਪਿਆਰ ਨਾਲ ਦੇਖਣ ਦਾ ਚਾਹਵਾਨ ਹਾਂ।

ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ:

ਤੁਹਾਡਾ ਪ੍ਰੇਮ ਵੱਧ ਤੋਂ ਵੱਧ ਵੱਧੇ, ਤੁਹਾਡੇ ਕੋਲ ਸੱਚਾ ਗਿਆਨ ਹੋਵੇ ਅਤੇ ਤੁਹਾਡੇ ਪਿਆਰ ਨਾਲ ਸਮਝ ਹੋਵੇ; 10 ਤੁਸੀਂ ਚੰਗੇ ਤੇ ਮਾੜੇ ਵਿੱਚ ਫ਼ਰਕ ਕਰਨ ਯੋਗ ਹੋਵੋਂ ਅਤੇ ਆਪਣੇ ਲਈ ਸਭ ਤੋਂ ਚੰਗਾ ਚੁਣ ਸੱਕੋਂ; ਤੁਸੀਂ ਮਸੀਹ ਦੇ ਆਉਣ ਲਈ ਪਵਿੱਤਰ ਅਤੇ ਨਿਰਦੋਸ਼ ਹੋਵੋਂ। 11 ਤੁਸੀਂ ਯਿਸੂ ਮਸੀਹ ਦੀ ਸਹਾਇਤਾ ਨਾਲ ਪਰਮੇਸ਼ੁਰ ਨੂੰ ਮਹਿਮਾ ਅਤੇ ਉਸਤਤਿ ਲਿਆਉਣ ਲਈ ਚੰਗੀਆਂ ਕਰਨੀਆਂ ਕਰ ਸੱਕੋਂ।

ਮਰਕੁਸ 15:40-47

40 ਕੁਝ ਔਰਤਾਂ ਥੋੜੀ ਦੂਰੀ ਤੇ ਖੜ੍ਹੀਆਂ ਇਹ ਵੇਖ ਰਹੀਆਂ ਸਨ। ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਅਤੇ ਯੋਸੇਸ ਦੀ ਮਾਂ ਮਰਿਯਮ ਸਨ ਯਾਕੂਬ ਛੋਟਾ ਪੁੱਤਰ ਸੀ। 41 ਜਿਸ ਵਕਤ ਯਿਸੂ ਗਲੀਲ ਵਿੱਚ ਸੀ, ਉਸ ਵਕਤ ਇਹ ਔਰਤਾਂ ਉਸ ਦੇ ਨਾਲ ਰਹਿੰਦੀਆਂ ਅਤੇ ਉਸਦੀ ਦੇਖ-ਭਾਲ ਕਰਦੀਆਂ ਸਨ। ਹੋਰ ਵੀ ਬਹੁਤ ਸਾਰੀਆਂ ਔਰਤਾਂ ਉੱਥੇ ਮੌਜੂਦ ਸਨ। ਇਹ ਔਰਤਾਂ ਉਸ ਨਾਲ ਯਰੂਸ਼ਲਮ ਤੋਂ ਆਈਆਂ ਸਨ।

ਯਿਸੂ ਦਾ ਦਫ਼ਨਾਇਆ ਜਾਣਾ(A)

42 ਇਸ ਦਿਨ ਨੂੰ ਤਿਆਰੀ ਦਾ ਦਿਨ ਕਿਹਾ ਜਾਂਦਾ ਸੀ (ਜਿਸਦਾ ਅਰਥ ਸਬਤ ਤੋਂ ਇੱਕ ਦਿਨ ਪਹਿਲਾਂ) ਅਤੇ ਹਨੇਰਾ ਹੋ ਰਿਹਾ ਸੀ। 43 ਅਰਿਮਥੈਆ ਦਾ ਯੂਸੁਫ਼ ਇੱਕ ਯਹੂਦੀ ਸਭਾ ਦਾ ਮੰਨਿਆ ਹੋਇਆ ਪ੍ਰਸ਼ਿਧ ਸਦੱਸ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਬੜੀ ਬਹਾਦੁਰੀ ਨਾਲ ਪਿਲਾਤੁਸ ਕੋਲ ਆਇਆ ਤੇ ਯਿਸੂ ਦੇ ਸਰੀਰ ਦੀ ਮੰਗ ਕੀਤੀ।

44 ਪਿਲਾਤੁਸ ਇਹ ਸੁਣਕੇ ਹੈਰਾਨ ਹੋਇਆ ਕਿ ਯਿਸੂ ਪਹਿਲਾਂ ਹੀ ਮਰ ਚੁੱਕਾ ਸੀ। ਉਸ ਨੇ ਫ਼ੌਜ ਦੇ ਇੱਕ ਸੂਬੇਦਾਰ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ ਕਿ ਕੀ ਵਾਕਈ ਉਹ ਮਰ ਚੁੱਕਿਆ ਸੀ। 45 ਸੂਬੇਦਾਰ ਨੇ ਪਿਲਾਤੁਸ ਨੂੰ ਦੱਸਿਆ ਕਿ ਯਿਸੂ ਮਰ ਗਿਆ ਹੈ। ਜਦੋਂ ਉਸ ਨੇ ਇਹ ਸੁਣਿਆ ਤਾਂ ਪਿਲਾਤੁਸ ਨੇ ਲੋਥ ਯੂਸੁਫ਼ ਨੂੰ ਦੇ ਦਿੱਤੀ।

46 ਤਾਂ ਯੂਸੁਫ਼ ਨੇ ਇੱਕ ਮਹੀਨ ਕੱਪੜਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਣ ਲਈ ਇੱਕ ਵੱਡਾ ਪੱਥਰ ਰੇੜ ਦਿੱਤਾ। 47 ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਜਗ੍ਹਾ ਨੂੰ ਵੇਖ ਰਹੀਆਂ ਸਨ ਜਿੱਥੇ ਕਿ ਯਿਸੂ ਨੂੰ ਰੱਖਿਆ ਗਿਆ ਸੀ।

Punjabi Bible: Easy-to-Read Version (ERV-PA)

2010 by World Bible Translation Center