Book of Common Prayer
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।
40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
    ਉਸ ਨੇ ਮੇਰੀਆਂ ਚੀਕਾਂ ਸੁਣੀਆਂ।
2 ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
    ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
    ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
3 ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
    ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
    ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
4 ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
    ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
5 ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
    ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
    ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
    ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
    ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
    ਮੈਨੂੰ ਲੈ ਜਾਉ। ਮੈਂ ਆ ਰਿਹਾ।
    ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
    ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
9 ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
    ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
    ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
    ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
    ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।
12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
    ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
    ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
    ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
    ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
    ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
    ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
    ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
    ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
    ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”
17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
    ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
    ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”
54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
    ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
    ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
3 ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
    ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
4 ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
    ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
5 ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
    ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।
6 ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
    ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
7 ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
    ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।
51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
    ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
2 ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
    ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
3 ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
    ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
4 ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
    ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
    ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
    ਤੁਹਾਡੇ ਨਿਆਂ ਨਿਰਪੱਖ ਹਨ।
5 ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
    ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
6 ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
    ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
7 ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
    ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
8 ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
    ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
9 ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
    ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
    ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
    ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
    ਮੈਨੂੰ ਉਹ ਖੁਸ਼ੀ ਫ਼ੇਰ ਦਿਉ।
    ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
    ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
    ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15     ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
    ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
    ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।
18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
    ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
    ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
    ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।
20 ਤਾਂ ਅਹਾਬ ਨੇ ਸਾਰੇ ਇਸਰਾਏਲੀਆਂ ਤੇ ਉਨ੍ਹਾਂ ਨਬੀਆਂ ਨੂੰ ਕਰਮਲ ਪਰਬਤ ਤੇ ਬੁਲਾਇਆ। 21 ਏਲੀਯਾਹ ਨੇ ਸਾਰੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਆਖਿਆ, “ਤੁਸੀਂ ਕਦੋਂ ਤੀਕ ਦੁਚਿਤੀ ਵਿੱਚ ਰਹੋਗੇ? ਜੇਕਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ। ਜੇਕਰ ਬਆਲ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ!”
ਪਰ ਲੋਕ ਇੱਕ ਸ਼ਬਦ ਵੀ ਨਾ ਬੋਲੇ। 22 ਤਾਂ ਏਲੀਯਾਹ ਮੁੜ ਬੋਲਿਆ, “ਮੈਂ ਇੱਥੇ ਇੱਕਲਾ ਹੀ ਯਹੋਵਾਹ ਦਾ ਨਬੀ ਆਇਆ ਹਾਂ ਜਦ ਕਿ ਇੱਥੇ ਬਆਲ ਦੇ 450 ਨਬੀ ਹਨ। 23 ਦੋ ਬਲਦ ਲਿਆਓ ਅਤੇ ਬਾਲ ਦੇ ਨਬੀਆਂ ਨੂੰ ਇੱਕ ਬਲਦ ਰੱਖਣ ਦਿਓ। ਉਹ ਇਸ ਨੂੰ ਮਾਰ ਕੇ ਇਸਦੇ ਟੁਕੜੇ ਕਰ ਲੈਣ, ਅਤੇ ਲੱਕੜਾਂ ਉੱਤੇ ਪਾ ਦੇਣ, ਪਰ ਉਨ੍ਹਾਂ ਨੂੰ ਅੱਗ ਨਾ ਬਾਲਣ ਦਿਓ। ਇਵੇਂ ਹੀ ਮੈਂ ਦੂਜੇ ਬਲਦ ਨਾਲ ਕਰਾਂਗਾ ਤੇ ਮੈਂ ਵੀ ਅੱਗ ਨਹੀਂ ਬਾਲਾਂਗਾ। 24 ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।”
ਸਭ ਲੋਕਾਂ ਨੇ ਉੱਤਰ ਦਿੱਤਾ, “ਬਹੁਤ ਵੱਧੀਆ।”
25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, “ਤੁਸੀਂ ਇੱਥੇ ਅਨੇਕਾਂ ਹੀ ਹੋ ਸੋ ਤੁਸੀਂ ਪਹਿਲੇ ਜਾਵੋ ਤੇ ਆਪਣਾ ਬਲਦ ਚੁਣਕੇ ਤਿਆਰ ਕਰੋ, ਪਰ ਅੱਗ ਨਾ ਬਾਲਣਾ।”
26 ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸ ਨੂੰ ਲਿਆ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, “ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!” ਪਰ ਕੋਈ ਹੁੰਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ।
27 ਦੁਪਹਿਰ ਵੇਲੇ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ ਅਤੇ ਕਿਹਾ, “ਜੇਕਰ ਬਆਲ ਸੱਚਮੁੱਚ ਪਰਮੇਸ਼ੁਰ ਹੈ ਤਾਂ ਤੁਹਾਨੂੰ ਉਸ ਨੂੰ ਉੱਚੀ ਆਵਾਜ਼ ਵਿੱਚ ਬੁਲਾਉਣਾ ਚਾਹੀਦਾ ਹੈ! ਕੀ ਪਤਾ ਉਹ ਕੁਝ ਸੋਚ ਰਿਹਾ ਹੋਵੇ ਜਾਂ ਕਿਸੇ ਕੰਮ ਵਿੱਚ ਰੁਝਿਆ ਹੋਵੇ? ਜਾਂ ਉਹ ਕਿਤੇ ਸਫ਼ਰ ਕਰ ਰਿਹਾ ਹੋਵੇ! ਹੋ ਸੱਕਦਾ ਹੈ ਉਹ ਸੌਂ ਰਿਹਾ ਹੋਵੇ। ਇਸ ਲਈ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਉਸ ਨੂੰ ਜਗਾਉਣਾ ਚਾਹੀਦਾ ਹੈ!” 28 ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ। 29 ਜਦੋਂ ਦੁਪਿਹਰ ਲੰਘ ਗਈ, ਉਹ ਸੰਧਿਆ ਦੀ ਭੇਟ ਚੜ੍ਹਾਉਣ ਦੀ ਘੜੀ ਤਾਈਂ ਰੋਲਾ ਪਾਉਂਦੇ ਰਹੇ, ਓੱਥੇ ਕੋਈ ਆਵਾਜ਼ ਨਹੀਂ ਸੀ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂ ਧਿਆਨ ਨਹੀਂ ਦਿੱਤਾ।
30 ਤਦ ਏਲੀਯਾਹ ਨੇ ਹਰੇਕ ਨੂੰ ਕਿਹਾ, “ਹੁਣ, ਮੇਰੇ ਕੋਲ ਆਓ।” ਤਦ ਸਾਰੇ ਲੋਕਾ ਏਲੀਯਾਹ ਦੇ ਦੁਆਲੇ ਇਕੱਠੇ ਹੋ ਗਏ। ਫ਼ੇਰ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਨੂੰ ਤਿਆਰ ਕੀਤਾ। 31 ਏਲੀਯਾਹ ਨੇ 12 ਪੱਥਰ ਲੇ ਹਰ ਪਰਿਵਾਰ-ਸਮੂਹ ਲਈ ਇੱਕ ਪੱਥਰ ਲਿਆ ਗਿਆ ਤੇ ਇਨ੍ਹਾਂ ਪਰਿਵਾਰ-ਸਮੂਹਾਂ ਦੇ ਨਾਂ ਯਾਕੂਬ ਦੇ 12 ਪੁੱਤਰਾਂ ਤੇ ਰੱਖੇ ਗਏ। ਯਾਕੂਬ ਹੀ ਉਹ ਮਨੁੱਖ ਸੀ ਜਿਸ ਨੂੰ ਯਹੋਵਾਹ ਨੇ ਇਸਰਾਏਲ ਆਖਿਆ ਸੀ। 32 ਏਲੀਯਾਹ ਨੇ ਇਨ੍ਹਾਂ ਪੱਥਰ ਨਾਲ ਯਹੋਵਾਹ ਦੇ ਨਾਉਂ ਉੱਪਰ ਇੱਕ ਜਗਵੇਦੀ ਬਣਾਈ ਅਤੇ ਇਸਦੇ ਚੁਫ਼ੇਰੇ ਇੱਕ ਖਾਈ ਬਣਾਈ। ਇਹ ਇੰਨੀ ਡੂੰਘੀ ਤੇ ਚੌੜੀ ਸੀ ਕਿ ਇਸ ਵਿੱਚ ਸੱਤ ਗੈਲਨ ਪਾਣੀ ਸਮਾਅ ਸੱਕੇ। 33 ਤਦ ਏਲੀਯਾਹ ਨੇ ਜਗਵੇਦੀ ਤੇ ਲੱਕੜਾਂ ਰੱਖੀਆਂ ਉਸ ਨੇ ਬਲਦ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਲੱਕੜ ਤੇ ਰੱਖਿਆ। 34 ਤਦ ਏਲੀਯਾਹ ਨੇ ਕਿਹਾ, “4 ਮਰਤਬਾਨ ਪਾਣੀ ਦੇ ਭਰੋ। ਉਸ ਪਾਣੀ ਨੂੰ ਹੋਮ ਦੀ ਬਲੀ ਅਤੇ ਬਾਲਣ ਉੱਪਰ ਡੋਹਲ ਦਿਓ।” ਤਦ ਏਲੀਯਾਹ ਨੇ ਕਿਹਾ, “ਇਸ ਨੂੰ ਦੁਬਾਰਾ ਕਰੋ।” ਫਿਰ ਉਸ ਕਿਹਾ, “ਇਸ ਨੂੰ ਤੀਜੀ ਵਾਰ ਫ਼ਿਰ ਕਰੋ।” 35 ਇਉਂ ਪਾਣੀ ਜਗਵੇਦੀ ਵਿੱਚੋਂ ਵਗਦਾ ਹੋਇਆ ਖਾਈ ਨੂੰ ਭਰਨ ਲੱਗਾ।
36 ਤਾਂ ਤਕਾਲਾਂ ਦੀ ਬਲੀ ਚੜ੍ਹਾਉਣ ਦੇ ਵੇਲੇ ਏਲੀਯਾਹ ਨਬੀ ਨੇ ਜਗਵੇਦੀ ਦੇ ਨੇੜੇ ਆਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਸਭ ਨੂੰ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਦਾ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। 37 ਹੇ ਯਹੋਵਾਹ, ਮੇਰੀ ਗੱਲ ਸੁਣ! ਮੇਰੀ ਪ੍ਰਾਰਥਨਾ ਦਾ ਉਤਰ ਦੇਹ ਤਾਂ ਜੋ ਇਹ ਲੋਕ ਜਾਨਣ ਕਿ ਤੂੰ ਯਹੋਵਾਹ ਹੀ ਪਰਮੇਸ਼ੁਰ ਹੈਂ ਅਤੇ ਤੂੰ ਹੀ ਹੈਂ ਜੋ ਉਨ੍ਹਾਂ ਦੇ ਦਿਲ ਬਦਲ ਰਿਹਾ ਹੈਂ।”
38 ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿੱਚਲਾ ਸਾਰਾ ਪਾਣੀ ਸੁਕਾਅ ਦਿੱਤਾ। 39 ਇਹ ਸਭ ਕੁਝ ਲੋਕਾਂ ਸਾਹਮਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!”
40 ਤਦ ਏਲੀਯਾਹ ਨੇ ਕਿਹਾ, “ਬਆਲ ਦੇ ਨਬੀਆਂ ਨੂੰ ਫ਼ੜ ਲਵੋ, ਕੋਈ ਵੀ ਬਚ ਕੇ ਨੱਸੇ ਨਾ!” ਤਾਂ ਲੋਕਾਂ ਨੇ ਸਾਰੇ ਨਬੀਆਂ ਨੂੰ ਫ਼ੜ ਲਿਆ। ਏਲੀਯਾਹ ਨੇ ਉਨ੍ਹਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾਕੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।
ਮਸੀਹ ਹਰ ਗੱਲ ਨਾਲੋਂ ਵੱਧੇਰੇ ਮਹੱਤਵਪੂਰਣ ਹੈ
3 ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵੱਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
2 ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁੱਤਿਆਂ ਵਰਗੇ ਹਨ। ਉਹ ਸੁੰਨਤ ਦੀ ਮੰਗ ਕਰਦੇ ਹਨ। 3 ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਸੱਚੀ ਸੁੰਨਤ ਹੋਈ ਹੈ। ਅਸੀਂ ਪਰਮੇਸ਼ੁਰ ਦੀ ਉਪਾਸਨਾ ਉਸ ਦੇ ਆਤਮਾ ਰਾਹੀਂ ਕਰਦੇ ਹਾਂ ਅਤੇ ਆਪਣਾ ਵਿਸ਼ਵਾਸ ਆਪਣੇ ਖੁਦ ਵਿੱਚ ਰੱਖਣ ਦੀ ਬਜਾਏ ਮਸੀਹ ਯਿਸੂ ਵਿੱਚ ਰੱਖਦੇ ਹਾਂ। 4 ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰੱਖ ਸੱਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖ ਸੱਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵੱਧ ਕਾਰਣ ਹਨ। 5 ਮੇਰੀ ਸੁੰਨਤ ਜੰਮਨ ਤੋਂ ਬਾਦ ਅੱਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ। 6 ਮੈਂ ਆਪਣੇ ਯਹੂਦੀ ਧਰਮ ਬਾਰੇ ਬੜਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬੜੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲੱਭਿਆ।
7 ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ। 8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸੱਕਾਂ। 9 ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। 10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸ ਨੂੰ ਮੌਤ ਤੋਂ ਜਿਵਾਲਿਆ ਹੈ। ਮੈਂ ਮਸੀਹ ਦੇ ਦੁੱਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ। 11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸੱਕਦਾ ਹਾਂ ਜੋ ਮੌਤ ਤੋਂ ਜਿਵਾਲੇ ਜਾਣਗੇ।
ਟੀਚੇ ਉੱਪਰ ਪਹੁੰਚਣ ਦਾ ਜਤਨ
12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁੱਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਹਮਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ।
15 ਸਾਨੂੰ ਸਾਰਿਆਂ ਨੂੰ, ਜਿਹੜੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗੱਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪੱਸ਼ਟ ਕਰ ਦੇਵੇਗਾ। 16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ(A)
3 ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। 2 ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨ ਬਦਲੋ, ਕਿਉਂਕਿ ਸੁਰਗ ਦਾ ਰਾਜ ਜਲਦੀ ਹੀ ਆ ਰਿਹਾ ਹੈ।” 3 ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ:
“ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
    ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’” (B)
4 ਯੂਹੰਨਾ ਦੇ ਕੱਪੜੇ ਊਂਠ ਦੇ ਵਾਲਾਂ ਤੋਂ ਬਣੇ ਸਨ ਅਤੇ ਚੰਮ ਦੀ ਪੇਟੀ ਉਸ ਦੇ ਲੱਕ ਦੇ ਦੁਆਲੇ ਸੀ। ਅਤੇ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ। 5 ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਨਦੀ ਦੇ ਆਸੇ-ਪਾਸੇ ਦੀਆਂ ਥਾਵਾਂ ਦੇ ਸਭ ਲੋਕ ਉਸਦਾ ਪ੍ਰਚਾਰ ਸੁਣਨ ਲਈ ਆਏ। 6 ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
7 ਪਰ ਜਦੋਂ ਉਸ ਨੇ ਵੇਖਿਆ ਕਿ ਫ਼ਰੀਸੀਆਂ [a] ਅਤੇ ਸਦੂਕੀਆਂ [b] ਵਿੱਚੋਂ ਬਥੇਰੇ ਉਸ ਕੋਲੋਂ ਬਪਤਿਸਮਾ ਲੈਣ ਆਏ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸਾਰੇ ਸੱਪ ਹੋ! ਤੁਹਾਨੂੰ ਪਰਮੇਸ਼ੁਰ ਦੇ ਆਉਣ ਵਾਲੇ ਕਰੋਪ ਤੋਂ ਭੱਜਣਾ ਕਿਸਨੇ ਦੱਸਿਆ ਹੈ? 8 ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਇਹ ਦਰਸ਼ਾ ਸੱਕੋਂ ਕਿ ਤੁਸੀਂ ਆਪਣੇ ਜੀਵਨ ਅਤੇ ਮਨ ਬਦਲ ਲਏ ਹਨ। 9 ਆਪਣੇ ਮਨ ਵਿੱਚ ਇਸ ਗੱਲ ਤੇ ਮਾਣ ਕਰਨ ਦੀ ਨਾ ਸੋਚੋ, ‘ਅਸੀਂ ਅਬਰਾਹਾਮ ਦੇ ਬੱਚੇ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਲਈ ਇਨ੍ਹਾਂ ਪੱਥਰਾਂ ਵਿੱਚੋਂ ਬੱਚੇ ਪੈਦਾ ਕਰ ਸੱਕਦਾ ਹੈ। 10 ਰੁੱਖਾਂ ਨੂੰ ਡੇਗਣ ਲਈ ਕੁਹਾੜਾ ਤਿਆਰ ਹੈ, ਹਰ ਉਹ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।
11 “ਮੈਂ ਤਾਂ ਤੁਹਾਨੂੰ ਤੁਹਾਡੇ ਮਨ ਅਤੇ ਜੀਵਨ ਬਦਲਣ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਮਹਾਨ ਹੈ ਅਤੇ ਮੈਂ ਤਾਂ ਉਸਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12 ਉਸਦੀ ਤੰਗਲੀ ਉਸ ਦੇ ਹੱਥ ਵਿੱਚ ਹੈ। ਉਹ ਕਣਕ ਨੂੰ ਤੂੜੀ ਤੋਂ ਅਲੱਗ ਕਰੇਗਾ। ਉਹ ਕਣਕ ਨੂੰ ਕੋਠੇ ਵਿੱਚ ਜਮਾ ਕਰੇਗਾ। ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਾਈ ਨਹੀਂ ਜਾ ਸੱਕਦੀ।”
2010 by World Bible Translation Center