Book of Common Prayer
ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।
75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
    ਅਸੀਂ ਤੇਰੀ ਉਸਤਤਿ ਕਰਦੇ ਹਾਂ।
    ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।
2 ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
    ਮੈਂ ਬੇਲਾਗ ਨਿਆਂ ਕਰਾਂਗਾ।
3 ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
    ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
4 “ਕੁਝ ਲੋਕ ਬੜੇ ਗੁਮਾਨੀ ਹਨ।
    ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
5 ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”
6 ਧਰਤੀ ਉੱਤੇ ਕੋਈ ਸ਼ਕਤੀ ਨਹੀਂ
    ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
7 ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
    ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
8 ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
    ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
    ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
    ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
9 ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
    ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
    ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।
76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
    ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
2 ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
    ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
3 ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
    ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।
4 ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
    ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
5 ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
    ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
    ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
6 ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
    ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
7 ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
    ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
    ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
    ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
    ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।
11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
    ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
    ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।
ਦਾਊਦ ਦਾ ਇੱਕ ਗੀਤ।
23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
ਦਾਊਦ ਦਾ ਇੱਕ ਗੀਤ।
27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
2 ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
    ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
    ਪਰ ਉਹ ਔਕੜਨਗੇ ਅਤੇ ਡਿੱਗਣਗੇ।
3 ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
    ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
    ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”
4 ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
    ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
    ਅਤੇ ਉਸਦਾ ਮਹਿਲ ਵੇਖ ਸੱਕਾਂ।
5 ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
    ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
    ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
6 ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
    ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
    ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
7 ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
    ਮੇਰੇ ਤੇ ਦਯਾਵਾਨ ਹੋ।
8 ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
    ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
9 ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
    ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
    ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
    ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
    ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
    ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
    ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਏਲੀਯਾਹ ਨੂੰ ਉੱਠਾਉਣ ਦੀ ਯਹੋਵਾਹ ਦੀ ਵਿਉਂਤ
2 ਜਦੋਂ ਯਹੋਵਾਹ, ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਵੱਲ ਚੁੱਕਣ ਹੀ ਵਾਲਾ ਸੀ, ਏਲੀਯਾਹ, ਅਤੇ ਅਲੀਸ਼ਾ ਗਿਲਗਾਲ ਤੋਂ ਜਾ ਰਹੇ ਸਨ।
2 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਕਿਰਪਾ ਕਰਕੇ ਇੱਥੇ ਰੁਕ ਜਾ ਕਿਉਂ ਕਿ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਜਾਣ ਲਈਂ ਕਿਹਾ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਅਤੇ ਤੇਰੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਮੈਂ ਤੈਨੂੰ ਛੱਡ ਕੇ ਨਾ ਜਾਵਾਂਗਾ।” ਤਦ ਇਹ ਦੋਨੋ ਮਨੁੱਖ ਬੈਤਏਲ ਨੂੰ ਤੁਰ ਪਏ।
3 ਨਬੀਆਂ ਦਾ ਇੱਕ ਸਮੂਹ, ਜੋ ਕਿ ਬੈਤਏਲ ਵਿੱਚ ਸੀ, ਅਲੀਸ਼ਾ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸੁਆਮੀ ਨੂੰ, ਤੇਰੇ ਤੋਂ ਅਲੱਗ ਕਰ ਦੇਵੇਗਾ?”
ਅਲੀਸ਼ਾ ਨੇ ਕਿਹਾ, “ਮੈਨੂੰ ਪਤਾ ਹੈ, ਇਸ ਬਾਰੇ ਗੱਲ ਨਾ ਕਰੋ।”
4 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਅਲੀਸ਼ਾ ਤੂੰ ਇੱਥੇ ਠਹਿਰ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਇਕਰਾਰ ਕੀਤਾ ਸੀ ਕਿ ਜਦ ਤੱਕ ਯਹੋਵਾਹ ਜਿਉਂਦਾ ਰਹੇਗਾ ਤੇ ਜਦ ਤੀਕ ਤੂੰ ਜਿਉਂਦਾ ਰਹੇਂਗਾ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਉਹ ਦੋਨੋ ਫ਼ੇਰ ਯਰੀਹੋ ਨੂੰ ਤੁਰ ਪਏ।
5 ਯਰੀਹੋ ਵਿੱਚ ਇੱਕ ਨਬੀਆਂ ਦੀ ਟੋਲੀ ਅਲੀਸ਼ਾ ਕੋਲ ਆਈ ਅਤੇ ਆਕੇ ਉਸ ਨੂੰ ਕਹਿਣ ਲਗੀ, “ਕੀ ਤੂੰ ਜਾਣਦਾ ਹੈਂ ਕਿ ਅੱਜ ਯਹੋਵਾਹ ਤੇਰੇ ਸੁਆਮੀ ਨੂੰ ਤੇਰੇ ਤੋਂ ਜੁਦਾਅ ਕਰ ਦੂਰ ਲੈ ਜਾਵੇਗਾ?”
ਏਲੀਯਾਹ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਪਰ ਇਸ ਬਾਰੇ ਕੋਈ ਗੱਲ ਨਾ ਕਰੋ।”
6 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।”
ਅਲੀਸ਼ਾ ਨੇ ਆਖਿਆ, “ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਜਦ ਤਕ ਯਹੋਵਾਹ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਦੋਵੇਂ ਚੱਲੇ ਗਏ।
7 ਉੱਥੇ ਨਬੀਆਂ ਦੇ ਟੋਲੇ ਵਿੱਚੋਂ ਕੋਈ 50 ਦੇ ਕਰੀਬ ਮਨੁੱਖ ਸਨ, ਜਿਨ੍ਹਾਂ ਉਨ੍ਹਾਂ ਦਾ ਪਿੱਛਾ ਕੀਤਾ। ਏਲੀਯਾਹ ਅਤੇ ਅਲੀਸ਼ਾ ਯਰਦਨ ਦਰਿਆ ਕੋਲ ਠਹਿਰ ਗਏ ਅਤੇ ਉਹ 50 ਮਨੁੱਖ ਉਨ੍ਹਾਂ ਤੋਂ ਕਾਫ਼ੀ ਦੂਰ ਜਾਕੇ ਠਹਿਰ ਗਏ। 8 ਏਲੀਯਾਹ ਨੇ ਆਪਣਾ ਕੋਟ ਲਾਹ ਕੇ ਵਲੇਟਿਆ ਅਤੇ ਇਸ ਨਾਲ ਪਾਣੀ ਨੂੰ ਮਾਰਿਆ। ਇਸ ਨਾਲ ਪਾਣੀ ਖੱਬੇ ਅਤੇ ਸੱਜੇ ਦੋ ਹਿੱਸਿਆਂ ਵਿੱਚ ਵੰਡ ਗਿਆ। ਫ਼ੇਰ ਏਲੀਯਾਹ ਅਤੇ ਅਲੀਸ਼ਾ ਸੁੱਕੀ ਧਰਤੀ ਤੋਂ ਦੀ ਤੁਰ ਕੇ ਯਰਦਨ ਨਦੀ ਦੇ ਦੂਜੇ ਪਾਸੇ ਚੱਲੇ ਗਏ।
9 ਜਦੋਂ ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਮੈਨੂੰ ਤੇਰੇ ਤੋਂ ਜੁਦਾਅ ਕਰ ਦੇਵੇ, ਦੱਸ ਤੂੰ ਕਿ ਮੈਂ ਤੇਰੇ ਲਈ ਕੀ ਕਰਾਂ?”
ਅਲੀਸ਼ਾ ਨੇ ਕਿਹਾ, “ਤੇਰੇ ਆਤਮੇ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।”
10 ਏਲੀਯਾਹ ਨੇ ਕਿਹਾ, “ਤੂੰ ਕੁਝ ਅਜਿਹਾ ਮੰਗਿਆ ਜੋ ਕਿ ਬਹੁਤ ਮੁਸ਼ਕਿਲ ਹੈ! ਜੇਕਰ ਤੂੰ ਮੈਨੂੰ ਉਸ ਵੇਲੇ ਵੇਖੇਂ ਜਦੋਂ ਮੈਂ ਤੈਥੋਂ ਦੂਰ ਲਿਜਾਇਆ ਜਾਵਾਂਗਾ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਤੂੰ ਨਹੀਂ ਵੇਖੇਂਗਾ, ਤਾਂ ਇਹ ਨਹੀਂ ਵਾਪਰੇਗਾ।”
ਪਰਮੇਸ਼ੁਰ ਦਾ ਏਲੀਯਾਹ ਨੂੰ ਸੁਰਗਾਂ ’ਚ ਲੈ ਜਾਣਾ
11 ਏਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ। ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤੋਂ ਅਲੱਗ ਕਰ ਗਏ। ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ। ਤਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉੱਠਾਇਆ ਗਿਆ।
12 ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!”
ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ। 13 ਏਲੀਯਾਹ ਦਾ ਕੋਟ ਜ਼ਮੀਨ ਤੇ ਡਿੱਗ ਪਿਆ, ਤਾਂ ਅਲੀਸ਼ਾ ਨੇ ਉਸ ਨੂੰ ਚੁੱਕਿਆ ਅਤੇ ਯਰਦਨ ਨਦੀ ਦੇ ਕਿਨਾਰੇ ਆ ਗਿਆ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ, ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” 14 ਜਦ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਤਾਂ ਪਾਣੀ ਖੱਬੇ-ਸੱਜੇ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਅਤੇ ਅਲੀਸ਼ਾ ਦਰਿਆ ਪਾਰ ਕਰ ਗਿਆ।
ਨਬੀਆਂ ਨੇ ਏਲੀਯਾਹ ਬਾਰੇ ਪੁੱਛਿਆ
15 ਜਦੋਂ ਯਰੀਹੋ ਵਿੱਚ ਨਬੀਆਂ ਦੀ ਟੋਲੀ ਨੇ ਅਲੀਸ਼ਾ ਨੂੰ ਵੇਖਿਆ ਤਾਂ ਉਨ੍ਹਾਂ ਕਿਹਾ, “ਏਲੀਯਾਹ ਦੀ ਆਤਮਾ ਹੁਣ ਅਲੀਸ਼ਾ ਵਿੱਚ ਹੈ।” ਤਾਂ ਉਹ ਅਲੀਸ਼ਾ ਨੂੰ ਮਿਲਣ ਲਈ ਆਏ। ਉਨ੍ਹਾਂ ਅਲੀਸ਼ਾ ਦੇ ਸਾਹਮਣੇ ਸਿਰ ਝੁਕਾਇਆ ਅਤੇ ਉਸ ਨੂੰ ਕਿਹਾ, 16 “ਵੇਖ ਸਾਡੇ ਕੋਲ 50 ਤਕੜੇ ਆਦਮੀ ਹਨ। ਉਨ੍ਹਾਂ ਨੂੰ ਤੇਰੇ ਸੁਆਮੀ ਦੀ ਭਾਲ ਵਿੱਚ ਜਾਣ ਦੇ। ਹੋ ਸੱਕਦਾ ਹੈ ਕਿ ਯਹੋਵਾਹ ਦੇ ਆਤਮਾ ਨੇ ਏਲੀਯਾਹ ਨੂੰ ਉੱਪਰ ਚੁੱਕ ਲਿਆ ਹੋਵੇ ਅਤੇ ਕਿਸੇ ਪਹਾੜੀ ਦੀ ਚੋਟੀ ਉੱਤੇ ਛੱਡ ਦਿੱਤਾ ਹੋਵੇ ਜਾਂ ਕਿਸੇ ਵਾਦੀ ਵਿੱਚ ਲਾਹ ਦਿੱਤਾ ਹੋਵੇ।”
ਪਰ ਅਲੀਸ਼ਾ ਨੇ ਕਿਹਾ, “ਨਹੀਂ! ਤੁਸੀਂ ਏਲੀਯਾਹ ਨੂੰ ਭਾਲਣ ਲਈ ਆਪਣੇ ਬੰਦਿਆਂ ਨੂੰ ਨਾ ਭੇਜੋ।”
17 ਪਰ ਜਦ ਨਬੀਆਂ ਨੇ ਇੰਨਾ ਹਠ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ , “ਭੇਜ ਦੇਵੋ।”
ਤਾਂ ਉਨ੍ਹਾਂ ਨੇ 50 ਮਨੁੱਖ ਭੇਜੇ। ਉਨ੍ਹਾਂ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਕਿਤੇ ਨਾ ਲੱਭਾ। 18 ਤਦ ਆਦਮੀ ਯਰੀਹੋ ਵੱਲ ਗਏ, ਜਿੱਥੇ ਕਿ ਅਲੀਸ਼ਾ ਠਹਿਰਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉੱਨ੍ਹਾਂ ਨੂੰ ਏਲੀਯਾਹ ਕਿਤੇ ਨਹੀਂ ਲੱਭਿਆ। ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਾ ਜਾਣ ਲਈ ਨਹੀਂ ਆਖਿਆ ਸੀ?”
ਮਸੀਹ ਦੇ ਰਸੂਲ
4 ਇਹੀ ਹੈ ਜੋ ਲੋਕਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ; ਕਿ ਅਸੀਂ ਮਸੀਹ ਦੇ ਸੇਵਕ ਹਾਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਆਪਣੀਆਂ ਗੁਪਤ ਸੱਚਾਈਆਂ ਦਾ ਭਰੋਸਾ ਕੀਤਾ ਹੈ। 2 ਉਸ ਵਿਅਕਤੀ ਨੂੰ, ਜਿਸ ਉੱਤੇ ਕਿਸੇ ਕੰਮ ਦਾ ਭਰੋਸਾ ਕੀਤਾ ਜਾਂਦਾ ਹੈ, ਉਸ ਨੂੰ, ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਉਸ ਭਰੋਸੇ ਦੇ ਯੋਗ ਹੈ। 3 ਮੈਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਤੁਸੀਂ ਮੇਰਾ ਨਿਆਂ ਕਰਨ ਜਾ ਰਹੇ ਹੋ। ਅਤੇ ਮੈਨੂੰ ਕੋਈ ਫ਼ਿਕਰ ਨਹੀਂ ਜੇਕਰ ਮੇਰਾ ਨਿਆਂ ਕਿਸੇ ਮਨੁੱਖੀ ਕਚਿਹਰੀ ਦੁਆਰਾ ਕੀਤਾ ਜਾਂਦਾ ਹੈ। ਮੈਂ ਤਾਂ ਆਪਣੇ-ਆਪ ਦੀ ਪਰੱਖ ਵੀ ਨਹੀਂ ਕਰਦਾ। 4 ਮੈਂ ਨਹੀਂ ਜਾਣਦਾ ਕਿ ਮੈਂ ਕੋਈ ਬੁਰਾ ਕੰਮ ਕੀਤਾ ਹੈ। ਪਰ ਇਹ ਗੱਲ ਮੈਨੂੰ ਨਿਰਦੋਸ਼ ਸਿੱਧ ਨਹੀਂ ਕਰਦੀ ਇਹ ਪ੍ਰਭੂ ਹੀ ਹੈ ਜੋ ਮੇਰੀ ਪਰੱਖ ਕਰਦਾ ਹੈ। 5 ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
6 ਭਰਾਵੋ ਅਤੇ ਭੈਣੋ, ਮੈਂ ਅਪੁੱਲੋਸ ਅਤੇ ਆਪਣੇ-ਆਪ ਦਾ ਇਨ੍ਹਾਂ ਗੱਲਾਂ ਦੀ ਮਿਸਾਲ ਵਜੋਂ ਜ਼ਿਕਰ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਸੱਕੋਂ ਜਿਹੜੇ ਤੁਸੀਂ ਸਾਥੋਂ ਸਿੱਖੇ: “ਕੇਵਲ ਪੋਥੀਆਂ ਵਿੱਚ ਲਿਖੇ ਉੱਤੇ ਹੀ ਅਮਲ ਕਰੋ।” ਫ਼ੇਰ ਤੁਸੀਂ ਕਿਸੇ ਇੱਕ ਮਨੁੱਖ ਉੱਤੇ ਅਭਿਮਾਨ ਨਹੀਂ ਕਰੋਂਗੇ ਅਤੇ ਦੂਜੇ ਨੂੰ ਨਫ਼ਰਤ ਨਹੀਂ ਕਰੋਂਗੇ। 7 ਕੌਣ ਕਹਿੰਦਾ ਹੈ ਕਿ ਤੁਸੀਂ ਹੋਰਾਂ ਲੋਕਾਂ ਨਾਲੋਂ ਬਿਹਤਰ ਹੋ। ਇਸ ਲਈ ਜੇਕਰ ਜੋ ਤੁਹਾਡੇ ਕੋਲ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ, ਤਾਂ ਫ਼ੇਰ ਤੁਸੀਂ ਇਵੇਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਕਿ ਇਹ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੋਵੇ।
ਯਿਸੂ ਅਤੇ ਪੁਰਾਣੇ ਨੇਮ ਦੀਆਂ ਲਿਖਤਾਂ
17 “ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ। ਮੈਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ। 18 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾਂ ਜਾਏ ਸ਼ਰ੍ਹਾ ਵਿੱਚੋਂ ਕੁਝ ਵੀ ਅਲੋਪ ਨਹੀਂ ਹੋਵੇਗਾ। ਜਦ ਤੱਕ ਕਿ ਸਭ ਕੁਝ ਪੂਰਾ ਨਹੀਂ ਹੋਵੇਗਾ ਇੱਕ ਅਖਰ ਜਾਂ ਅਖਰ ਦੀ ਇੱਕ ਬਿੰਦੀ ਵੀ ਨਹੀਂ ਟਲੇਗੀ।
19 “ਜੇਕਰ ਕੋਈ ਵਿਅਕਤੀ ਅਣਆਗਿਆਕਾਰੀ ਹੈ ਅਤੇ ਦੂਜਿਆਂ ਨੂੰ ਵੀ ਆਗਿਆ ਨਾ ਮੰਨਣ ਦਾ ਉਪਦੇਸ਼ ਦਿੰਦਾ ਹੈ, ਤਾਂ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਘੱਟ ਮਹੱਤਵਪੂਰਣ ਹੋਵੇਗਾ। ਪਰ ਜਿਹੜਾ ਕੋਈ ਹੁਕਮਾਂ ਨੂੰ ਮੰਨੇਗਾ ਅਤੇ ਹੋਰਾਂ ਨੂੰ ਦੱਸੇਗਾ ਉਹ ਸਵਰਗ ਦੇ ਰਾਜ ਵਿੱਚ ਮਹਾਨ ਹੋਵੇਗਾ। 20 ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਵੇਂ ਵੀ ਨਹੀਂ ਵੜ ਸੱਕੋਂਗੇ।
2010 by World Bible Translation Center