Revised Common Lectionary (Complementary)
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
ਹਿਜ਼ਕੀਯਾਹ ਦਾ ਬਹੁਤ ਬਿਮਾਰ ਹੋਣਾ
20 ਉਸੇ ਸਮੇਂ ਦੌਰਾਨ, ਹਿਜ਼ਕੀਯਾਹ ਬਹੁਤ ਬਿਮਾਰ ਹੋ ਗਿਆ ਅਤੇ ਮਰਨ ਕਿਨਾਰੇ ਸੀ। ਫ਼ੇਰ ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਕੋਲ ਆਇਆ ਅਤੇ ਆਖਿਆ, “ਯਹੋਵਾਹ ਆਖਦਾ ਹੈ, ਆਪਣੇ ਟੱਬਰ ਦੇ ਲੋਕਾਂ ਲਈ ਆਪਣੀ ਵਸੀਅਤ ਲਿਖ ਦੇ ਕਿਉਂ ਕਿ ਤੂੰ ਮਰ ਜਾਣ ਵਾਲਾ ਹੈਂ। ਤੂੰ ਜਿਉਂਦਾ ਨਹੀਂ ਬਚੇਂਗਾ।”
2 ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਫ਼ੇਰਕੇ ਪ੍ਰਾਰਥਨਾ ਕੀਤੀ ਅਤੇ ਕਿਹਾ, 3 “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ! ਯਾਦ ਕਰੋ ਕਿ ਮੈਂ ਕਿਵੇਂ ਪੂਰੀ ਵਫ਼ਾਦਾਰੀ ਨਾਲ ਸੱਚੇ ਦਿਲੋਂ ਤੇਰੀ ਸੇਵਾ ਕੀਤੀ ਤੇ ਜੋ ਕੰਮ ਤੈਨੂੰ ਠੀਕ ਲੱਗੇ ਮੈਂ ਉਹੀ ਕੀਤੇ।” ਉਸ ਬਾਅਦ ਹਿਜ਼ਕੀਯਾਹ ਬੜੀ ਜ਼ੋਰ-ਜ਼ੋਰ ਦੀ ਰੋਇਆਾ।
4 ਯਸਾਯਾਹ ਅਜੇ ਵਿਹੜੇ ਦੇ ਮੱਧ ਵਿੱਚ ਵੀ ਨਹੀਂ ਸੀ ਪਹੁੰਚਿਆ ਜਦੋਂ ਯਹੋਵਾਹ ਦਾ ਬਚਨ ਉਸ ਕੋਲ ਆਇਆ। ਯਹੋਵਾਹ ਨੇ ਆਖਿਆ, 5 “ਵਾਪਸ ਮੁੜ ਅਤੇ ਜਾਕੇ ਹਿਜ਼ਕੀਯਾਹ ਨੂੰ ਆਖ ਜੋ ਕਿ ਮੇਰੇ ਲੋਕਾਂ ਦਾ ਪਰਧਾਨ ਹੈ ਕਿ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਉਸ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਵੇਖ ਲਏ ਹਨ। ਇਸ ਲਈ ਹੁਣ ਮੈਂ ਤੈਨੂੰ ਰਾਜ਼ੀ ਕਰਾਂਗਾ। ਤੀਜੇ ਦਿਨ ਤੂੰ ਯਹੋਵਾਹ ਦੇ ਮੰਦਰ ਵਿੱਚ ਜਾਵੇਂਗਾ। 6 ਅਤੇ ਮੈਂ ਤੇਰੀ ਉਮਰ ਦੇ 15ਵਰ੍ਹੇ ਹੋਰ ਵੱਧਾਅ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ। ਅਤੇ ਇਸ ਸ਼ਹਿਰ ਨੂੰ ਆਪਣੇ ਨਮਿੱਤ ਅਤੇ ਦਾਊਦ ਨਾਲ ਮੈਂ ਜੋ ਇਕਰਾਰ ਕੀਤਾ ਸੀ ਉਸ ਦੇ ਕਾਰਣ ਇਸ ਸ਼ਹਿਰ ਨੂੰ ਬਚਾਵਾਂਗਾ।”
7 ਤਦ ਯਸਾਯਾਹ ਨੇ ਆਖਿਆ, “ਤੁਸੀਂ ਹੰਜੀਰਾਂ ਦੀ ਲੇਪ ਬਣਾਕੇ ਦੁੱਖਦੇ ਭਾਗ ਉੱਤੇ ਲਗਾਵੋ।”
ਤਦ ਉਨ੍ਹਾਂ ਹੰਜੀਰਾਂ ਦੀ ਲੇਪ ਬਣਾਕੇ ਹਿਜ਼ਕੀਯਾਹ ਦੇ ਦੁੱਖਦੇ ਰੋਗੀ ਅੰਗਾਂ ਉੱਪਰ ਲਗਾਇਆ ਤੇ ਉਹ ਬਿਲਕੁਲ ਠੀਕ ਹੋ ਗਿਆ।
ਹਿਜ਼ਕੀਯਾਹ ਲਈ ਇੱਕ ਚਿਨ੍ਹ
8 ਫ਼ੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ, “ਕੀ ਚਿੰਨ੍ਹ ਹੈ ਕਿ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਨ ਉਸ ਦੇ ਮੰਦਰ ਜਾਵਾਂਗਾ?”
9 ਯਸਾਯਾਹ ਨੇ ਆਖਿਆ, “ਤੂੰ ਕੀ ਚਾਹੁੰਦਾ ਹੈਂ ਤੂੰ ਦੱਸ ਕਿ ਇਸ ਨਿਸ਼ਾਨ ਵਜੋਂ ਪਰਛਾਵਾਂ ਦਸ ਕਦਮ ਤੇਰੇ ਅਗਾਂਹ ਨੂੰ ਜਾਵੇ ਕਿ ਪਰਛਾਵਾਂ ਤੇਰੇ ਤੋਂ ਦਸ ਕਦਮ ਪਿੱਛਾਂਹ ਨੂੰ ਜਾਵੇ [a] ਇਹ ਇਸ ਲਈ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਕਿਹਾ ਹੈ ਉਸ ਨੂੰ ਕਰੇਂਗਾ ਕਿਉਂ ਕਿ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ।”
10 ਹਿਜ਼ਕੀਯਾਹ ਨੇ ਕਿਹਾ, “ਪਰਛਾਵੇਂ ਦਾ ਦਸ ਕਦਮ ਅਗਾਂਹ ਜਾਣਾ ਤਾਂ ਸੌਖਾ ਜਿਹਾ ਕੰਮ ਹੈ। ਨਹੀਂ! ਪਰਛਾਵੇਂ ਨੂੰ ਦਸ ਕਦਮ ਪਿੱਛਾਂਹ ਨੂੰ ਕਹੋ ਮੁੜੇ।”
11 ਫ਼ਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਤਾਂ ਯਹੋਵਾਹ ਨੇ ਉਸ ਪਰਛਾਵੇਂ ਨੂੰ ਦਸ ਕਦਮ ਪਿੱਛਾਂਹ ਵੱਲ ਨੂੰ ਮੋੜ ਦਿੱਤਾ। ਯਾਨੀ ਕਿ ਜਿੰਨਾਂ ਉਹ ਢੱਲ ਚੁੱਕਿਆ ਸੀ ਉਨਾ ਹੀ ਪਿੱਛਾਂਹ ਨੂੰ ਮੋੜ ਦਿੱਤਾ।
ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ(A)
14 ਤਦ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਬਾਕੀ ਚੇਲਿਆਂ ਕੋਲ ਆਏ। ਉਨ੍ਹਾਂ ਵੇਖਿਆ ਕਿ ਇੱਕ ਵੱਡੀ ਭੀੜ ਉਨ੍ਹਾਂ ਦੇ ਗਿਰਦ ਇਕੱਠੀ ਹੋ ਗਈ ਹੈ। ਨੇਮ ਦੇ ਉਪਦੇਸ਼ਕ ਚੇਲਿਆਂ ਨਾਲ ਬਹਸ ਕਰ ਰਹੇ ਸਨ। 15 ਜਦੋਂ ਲੋਕਾਂ ਨੇ ਯਿਸੂ ਨੂੰ ਵੇਖਿਆ, ਉਹ ਉਸ ਨੂੰ ਵੇਖਕੇ ਬੜੇ ਹੈਰਾਨ ਹੋਏ ਅਤੇ ਉਹ ਉਸਦਾ ਸਵਾਗਤ ਕਰਨ ਲਈ ਉਸ ਵੱਲ ਭੱਜੇ।
16 ਯਿਸੂ ਨੇ ਪੁੱਛਿਆ, “ਤੁਸੀਂ ਨੇਮ ਦੇ ਉਪਦੇਸ਼ਕਾਂ ਨਾਲ ਕੀ ਵਿਵਾਦ ਕਰ ਰਹੇ ਹੋ?”
17 ਭੀੜ ਵਿੱਚੋਂ ਇੱਕ ਮਨੁੱਖ ਨੇ ਜਵਾਬ ਦਿੱਤਾ, “ਗੁਰੂ! ਮੈਂ ਆਪਣਾ ਪੁੱਤਰ ਤੁਹਾਡੀ ਸ਼ਰਣ ਵਿੱਚ ਲਿਆਇਆ ਹਾਂ, ਇਸਦੇ ਅੰਦਰ ਆਤਮਾ ਪ੍ਰਵੇਸ਼ ਕਰ ਗਿਆ ਹੈ ਜੋ ਮੇਰੇ ਬੱਚੇ ਨੂੰ ਬੋਲਣ ਤੋਂ ਹਟਾਉਂਦਾ ਹੈ। 18 ਉਹ ਭਰਿਸ਼ਟ-ਆਤਮਾ ਜਦੋਂ ਵੀ ਉਸ ਨੂੰ ਫ਼ੜਦਾ ਹੈ, ਉਸਤੇ ਹਮਲਾ ਕਰਕੇ ਉਸ ਨੂੰ ਪਟਕਾ ਕੇ ਜ਼ਮੀਨ ਤੇ ਮਾਰਦਾ ਹੈ। ਮੇਰੇ ਪੁੱਤਰ ਦੇ ਮੂੰਹ ਚੋਂ ਝੱਗ ਵਗਦੀ ਹੈ ਅਤੇ ਉਹ ਆਪਣੇ ਦੰਦ ਕਰੀਚਦਾ ਹੈ ਅਤੇ ਆਕੜ ਜਾਂਦਾ ਹੈ। ਮੈਂ ਤੇਰੇ ਚੇਲਿਆਂ ਨੂੰ ਇਹ ਭਰਿਸ਼ਟ ਆਤਮਾ ਬਾਹਰ ਕੱਢਣ ਲਈ ਆਖਿਆ ਸੀ, ਪਰ ਉਹ ਇਉਂ ਕਰਨ ਤੋਂ ਅਸਮਰਥ ਰਹੇ।”
19 ਯਿਸੂ ਨੇ ਆਖਿਆ, “ਹੇ ਬੇਪਰਤੀਤ ਲੋਕੋ! ਮੈਨੂੰ ਕਦੋਂ ਤੱਕ ਤੁਹਾਡੇ ਸੰਗ ਰਹਿਣਾ ਪਵੇਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਬੱਚੇ ਨੂੰ ਮੇਰੇ ਕੋਲ ਲਿਆਓ!”
20 ਤਾਂ ਚੇਲੇ ਉਸ ਲੜਕੇ ਨੂੰ ਉਸ ਕੋਲ ਲਿਆਏ। ਜਦੋਂ ਭਰਿਸ਼ਟ-ਆਤਮਾ ਨੇ ਯਿਸੂ ਨੂੰ ਵੇਖਿਆ ਤਾਂ ਆਤਮਾ ਨੇ ਬੱਚੇ ਨੂੰ ਕੰਬਣ ਲਈ ਮਜਬੂਰ ਕੀਤਾ। ਫ਼ਿਰ ਮੂੰਹੋ ਝੱਗ ਕੱਢਦਾ ਹੋਇਆ ਬੱਚਾ ਡਿੱਗ ਪਿਆ ਅਤੇ ਜ਼ਮੀਨ ਤੇ ਲੇਟ ਗਿਆ।
21 ਯਿਸੂ ਨੇ ਬੱਚੇ ਦੇ ਪਿਤਾ ਨੂੰ ਪੁੱਛਿਆ, “ਇਹ ਬੱਚੇ ਦੇ ਨਾਲ ਕਦੋਂ ਦਾ ਵਾਪਰ ਰਿਹਾ ਹੈ?”
ਪਿਤਾ ਨੇ ਜਵਾਬ ਦਿੱਤਾ, “ਜਦੋਂ ਉਹ ਬਹੁਤ ਛੋਟਾ ਸੀ। 22 ਭਰਿਸ਼ਟ ਆਤਮਾ ਉਸ ਨੂੰ ਮਾਰਨ ਲਈ ਅਕਸਰ ਅੱਗ ਤੇ ਕਦੇ ਪਾਣੀ ਵਿੱਚ ਸੁੱਟ ਦਿੰਦਾ ਸੀ। ਜੇਕਰ ਤੂੰ ਕੁਝ ਕਰ ਸੱਕਦਾ ਹੈ ਤਾਂ ਸਾਡੇ ਤੇ ਦਯਾ ਕਰ? ਸਾਡੀ ਸਹਾਇਤਾ ਕਰ।”
23 ਯਿਸੂ ਨੇ ਉਸ ਦੇ ਪਿਤਾ ਨੂੰ ਕਿਹਾ, “ਤੂੰ ਆਖਿਆ, ‘ਜੇ ਤੂੰ ਕਰ ਸੱਕਦਾ ਹੈਂ।’ ਵਿਸ਼ਵਾਸ ਕਰਨ ਵਾਲੇ ਵਿਅਕਤੀ ਲਈ ਸਭ ਕੁਝ ਸੰਭਵ ਹੈ।”
24 ਪਿਤਾ ਬੜਾ ਉਤਸੁਕ ਹੋ ਗਿਆ ਅਤੇ ਆਖਣ ਲੱਗਾ, “ਮੈਂ ਪਰਤੀਤ ਵਾਲਾ ਹਾਂ। ਮੇਰੇ ਤੇ ਕਿਰਪਾ ਕਰੋ ਕਿ ਮੈਂ ਹੋਰ ਪਰਤੀਤ ਕਰਨ ਵਾਲਾ ਬਣਾ।”
25 ਯਿਸੂ ਨੇ ਵੇਖਿਆ ਸਭ ਲੋਕ ਇਹ ਵੇਖਣ ਲਈ ਉਸ ਕੋਲ ਨੱਸੇ ਆ ਰਹੇ ਸਨ ਕਿ ਕੀ ਵਾਪਰ ਰਿਹਾ ਸੀ। ਫ਼ਿਰ ਉਸ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਆਖਿਆ, “ਤੂੰ ਭਰਿਸ਼ਟ ਆਤਮਾ, ਤੂੰ ਇਸ ਬੱਚੇ ਨੂੰ ਗੂੰਗਾ ਅਤੇ ਬੋਲਾ ਬਣਾ ਦਿੱਤਾ ਹੈ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਸ ਬੱਚੇ ਵਿੱਚੋਂ ਬਾਹਰ ਆ ਜਾ, ਅਤੇ ਮੁੜ ਕਦੀ ਵੀ ਉਸ ਵਿੱਚ ਪ੍ਰਵੇਸ਼ ਨਾ ਕਰੀਂ।”
26 ਭਰਿਸ਼ਟ ਆਤਮਾ ਚੀਕਿਆ ਅਤੇ ਬੱਚੇ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਅਤੇ ਫ਼ੇਰ ਬਾਹਰ ਨਿਕਲ ਆਇਆ। ਜਦੋਂ ਉਹ ਬੱਚੇ ਨੂੰ ਭੁੰਜੇ ਡੇਗ ਕੇ ਉਸ ਵਿੱਚੋਂ ਬਾਹਰ ਨਿਕਲਿਆ ਤਾਂ ਬੱਚਾ ਮਰਿਆ ਹੋਇਆ ਜਾਪਦਾ ਸੀ। ਬੜੇ ਲੋਕਾਂ ਨੇ ਕਿਹਾ, “ਉਹ ਮਰ ਗਿਆ ਹੈ।” 27 ਪਰ ਯਿਸੂ ਨੇ ਬੱਚੇ ਦਾ ਹੱਥ ਫ਼ੜਿਆ ਤੇ ਉਹ ਉੱਠ ਕੇ ਖਲੋ ਗਿਆ।
28 ਜਦੋਂ ਯਿਸੂ ਘਰ ਵਾਪਸ ਆਇਆ ਤਾਂ ਉਸ ਦੇ ਚੇਲੇ ਉਸ ਵਕਤ ਉਸ ਕੋਲ ਉੱਥੇ ਇੱਕਲੇ ਸਨ ਤਾਂ ਉਸ ਨੂੰ ਆਖਣ ਲੱਗੇ, “ਕੀ ਵਜਹ ਹੈ ਕਿ ਅਸੀਂ ਉਸ ਭਰਿਸ਼ਟ-ਆਤਮਾ ਨੂੰ ਉਸ ਵਿੱਚੋਂ ਬਾਹਰ ਨਹੀਂ ਕੱਢ ਸੱਕੇ?”
29 ਯਿਸੂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦਾ ਆਤਮਾ ਸਿਰਫ਼ ਪ੍ਰਾਰਥਨਾ ਕਰਨ ਦੇ ਨਾਲ ਹੀ ਬਾਹਰ ਕੱਢਿਆ ਜਾ ਸੱਕਦਾ ਹੈ।”
2010 by World Bible Translation Center