Revised Common Lectionary (Complementary)
111 ਯਹੋਵਾਹ ਦੀ ਉਸਤਤਿ ਕਰੋ।
ਮੈਂ ਸੱਚੇ ਦਿਲੋਂ ਯਹੋਵਾਹ ਦਾ ਉਸ ਸਭਾ ਵਿੱਚ, ਧੰਨਵਾਦ ਕਰਦਾ ਹਾਂ
ਜਿੱਥੇ ਚੰਗੇ ਲੋਕ ਇਕੱਠਾ ਹੁੰਦੇ ਹਨ।
2 ਯਹੋਵਾਹ ਮਹਾਨ ਗੱਲਾਂ ਕਰਦਾ ਹਾਂ।
ਲੋਕੀਂ ਉਹ ਸ਼ੁਭ ਚੀਜ਼ਾਂ ਮੰਗਦੇ ਹਨ ਜਿਹੜੀਆਂ ਪਰਮੇਸ਼ੁਰ ਪਾਸੋਂ ਮਿਲਦੀਆਂ ਹਨ।
3 ਪਰਮੇਸ਼ੁਰ ਸੱਚਮੁੱਚ ਸ਼ਾਨਦਾਰ ਅਤੇ ਮਹਾਨ ਗੱਲਾਂ ਕਰਦਾ ਹੈ।
ਉਸ ਦੀ ਨੇਕੀ ਸਦਾ ਲਈ ਜਾਰੀ ਰਹਿੰਦੀ ਹੈ।
4 ਪਰਮੇਸ਼ੁਰ ਹੈਰਾਨੀ ਭਰੀਆਂ ਗੱਲਾਂ ਕਰਦਾ ਹੈ।
ਤਾਂ ਜੋ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
5 ਪਰਮੇਸ਼ੁਰ ਆਪਣੇ ਪੈਰੋਕਾਰਾਂ ਨੂੰ ਭੋਜਨ ਦਿੰਦਾ ਹੈ।
ਪਰਮੇਸ਼ੁਰ ਸਦਾ ਲਈ ਆਪਣਾ ਕਰਾਰ ਚੇਤੇ ਰੱਖਦਾ ਹੈ।
6 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਨੇ, ਜੋ ਪਰਮੇਸ਼ੁਰ ਨੇ ਕੀਤੀਆਂ ਸਨ ਉਸ ਦੇ ਬੰਦਿਆਂ ਨੂੰ ਦਰਸਾ ਦਿੱਤਾ
ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇ ਰਿਹਾ ਸੀ।
7 ਉਹ ਸਭ ਕੁਝ ਜੋ ਪਮਰੇਸ਼ੁਰ ਕਰਦਾ, ਚੰਗਾ ਅਤੇ ਬੇਲਾਗ ਹੈ।
ਉਸ ਦੇ ਹਰ ਹੁਕਮ ਵਿੱਚ ਯਕੀਨ ਰੱਖਿਆ ਜਾ ਸੱਕਦਾ ਹੈ।
8 ਪਰਮੇਸ਼ੁਰ ਦੇ ਹੁਕਮ ਸਦਾ ਹੀ ਸਥਿਰ ਰਹਿਣਗੇ।
ਉਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਦੇ ਕਾਰਣ, ਇਮਾਨਦਾਰ ਅਤੇ ਸ਼ੁੱਧ ਸਨ।
9 ਪਰਮੇਸ਼ੁਰ ਨੇ ਕਿਸੇ ਨੂੰ ਆਪਣੇ ਬੰਦਿਆਂ ਨੂੰ ਬਚਾਉਣ ਲਈ ਭੇਜਿਆ।
ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਜਿਹੜਾ ਸਦਾ ਲਈ ਜਾਰੀ ਰਹੇਗਾ।
ਪਰਮੇਸ਼ੁਰ ਦਾ ਨਾਮ ਮਹਾਨ ਅਤੇ ਪਵਿੱਤਰ ਹੈ।
10 ਸਿਆਣਪਤਾ ਯਹੋਵਾਹ ਲਈ ਡਰ ਅਤੇ ਇੱਜ਼ਤ ਨਾਲ ਸ਼ੁਰੂ ਹੁੰਦੀ ਹੈ।
ਉਹ ਲੋਕ ਜਿਹੜੇ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਬਹੁਤ ਸਿਆਣੇ ਹਨ।
ਪਰਮੇਸ਼ੁਰ ਦੀ ਉਸਤਤਿ ਸਦਾ-ਸਦਾ ਲਈ ਗਾਈ ਜਾਵੇਗੀ।
ਤਿੰਨ ਮਹਿਮਾਨ
18 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁੱਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। 2 ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਹਮਣੇ ਖਲੋਤਿਆਂ ਦੇਖਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। 3 ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। 4 ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁੱਖਾਂ ਹੇਠਾਂ ਆਰਾਮ ਕਰ ਸੱਕਦੇ ਹੋਂ। 5 ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰੱਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”
ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।”
6 ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” 7 ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। 8 ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।
9 ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”
ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।”
10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”
ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”
13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸੱਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।”
15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)
ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”
ਪੌਲੁਸ ਫ਼ਿਲਿੱਪੀਆਂ ਦੇ ਮਸੀਹੀਆਂ ਦਾ ਧੰਨਵਾਦ ਕਰਦਾ
10 ਤੁਸੀਂ ਮੇਰੇ ਹਿੱਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ। 11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਹਲਾਤਾਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿੱਖ ਲਿਆ ਹੈ। 12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਹਾਲ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁੱਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ। 13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।
14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ। 15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉੱਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮਕਦੂਨਿਯਾ ਛੱਡਿਆ, ਤੁਹਾਡੀ ਹੀ ਇੱਕਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।
2010 by World Bible Translation Center