Revised Common Lectionary (Complementary)
ਕਾਫ਼
81 ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।
82 ਮੈ ਉਨ੍ਹਾਂ ਚੀਜ਼ਾਂ ਲਈ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ।
ਪਰ ਮੇਰੀਆਂ ਅੱਖਾਂ ਥੱਕ ਜਾਂਦੀਆਂ ਹਨ।
ਯਹੋਵਾਹ, ਤੁਸੀਂ ਮੈਨੂੰ ਕਦੋਂ ਸੁਕੂਨ ਪਹੁੰਚਾਉਂਗੇ।
83 ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।
84 ਮੈਂ ਹੋਰ ਕਿੰਨਾ ਕੁ ਚਿਰ ਜੀਵਾਂਗਾ?
ਹੇ ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਕਦੋਂ ਸਜ਼ਾ ਦੇਵੋਂਗੇ ਜਿਹੜੇ ਮੈਨੂੰ ਦੰਡ ਦੇ ਰਹੇ ਹਨ।
85 ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ।
ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।
86 ਯਹੋਵਾਹ, ਲੋਕ ਤੁਹਾਡੇ ਸਾਰੇ ਹੁਕਮਾਂ ਉੱਤੇ ਭਰੋਸਾ ਕਰ ਸੱਕਦੇ ਹਨ।
ਉਹ ਲੋਕ ਮੈਨੂੰ ਦੰਡ ਦੇਣ ਵਿੱਚ ਗਲਤ ਹਨ
ਮੇਰੀ ਮਦਦ ਕਰੋ।
87 ਉਨ੍ਹਾਂ ਲੋਕਾਂ ਨੇ ਮੈਨੂੰ ਤਬਾਹ ਹੀ ਕਰ ਦਿੱਤਾ ਸੀ।
ਪਰ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਤੋਂ ਨਹੀਂ ਰੁਕਿਆ।
88 ਯਹੋਵਾਹ, ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਜਿਉਣ ਦਿਉ।
ਮੈਂ ਉਹੀ ਕਰਾਂਗਾ ਜੋ ਤੁਸੀਂ ਆਖੋਂਗੇ।
14 “ਲੋਕੀ ਇਕਰਾਰ ਕਰਦੇ ਹਨ ਅਤੇ ਆਖਦੇ ਹਨ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।’ ਪਰ ਸਮਾਂ ਆ ਰਿਹਾ ਹੈ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਇਹ ਗੱਲਾਂ ਨਹੀਂ ਆਖਣਗੇ। 15 ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰੀ ਦੇਸ਼ ਵਿੱਚੋਂ ਬਾਹਰ ਲਿਆਂਦਾ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਬਾਹਰ ਲਿਆਂਦਾ ਜਿੱਥੇ-ਜਿੱਥੇ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ।’ ਲੋਕ ਇਹ ਗੱਲਾਂ ਕਿਉਂ ਆਖਣਗੇ? ਕਿਉਂ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।
16 “ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ [a] ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ। 17 ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ। ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ। ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ। 18 ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਸਿਲਾ ਦਿਆਂਗਾ-ਮੈਂ ਉਨ੍ਹਾਂ ਦੇ ਹਰ ਪਾਪ ਦੀ ਦੋ ਵਾਰ ਸਜ਼ਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ‘ਨਾਪਾਕ’ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨਾਲ ਮੇਰੇ ਦੇਸ਼ ਨੂੰ ਨਾਪਾਕ ਬਣਾਇਆ ਹੈ। ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਪਰ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਬੁੱਤਾਂ ਨਾਲ ਭਰ ਦਿੱਤਾ ਹੈ।”
19 ਯਹੋਵਾਹ ਜੀ, ਤੁਸੀਂ ਹੀ ਮੇਰੀ ਸ਼ਕਤੀ ਅਤੇ ਮੇਰੀ ਸੁਰੱਖਿਆ ਵੀ ਹੋ।
ਮੁਸੀਬਤ ਦੇ ਸਮੇਂ ਤੁਸੀਂ ਸੁਰੱਖਿਅਤ ਸਥਾਨ ਹੋ।
ਦੁਨੀਆਂ ਦੇ ਕੋਨੇ-ਕੋਨੇ ਤੋਂ ਕੌਮਾਂ ਤੁਹਾਡੇ ਕੋਲ ਆਉਣਗੀਆਂ।
ਉਹ ਆਖਣਗੀਆਂ, “ਸਾਡੇ ਪੁਰਖਿਆਂ ਦੇ ਦੇਵਤੇ ਝੂਠੇ ਸਨ।
ਉਹ ਉਨ੍ਹਾਂ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ,
ਪਰ ਬੁੱਤ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦੇ ਸਨ।”
20 ਕੀ ਲੋਕ ਆਪਣੇ ਲਈ ਸੱਚਮੁੱਚ ਦੇ ਦੇਵਤੇ ਬਣਾ ਸੱਕਦੇ ਹਨ?
ਨਹੀਂ! ਉਹ ਸਿਰਫ਼ ਬੁੱਤ ਹੀ ਬਣਾ ਸੱਕਦੇ ਹਨ, ਪਰ ਬੁੱਤ ਸੱਚਮੁੱਚ ਦੇ ਦੇਵਤੇ ਨਹੀਂ ਹਨ।
21 ਯਹੋਵਾਹ ਆਖਦਾ ਹੈ, “ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਵਾਂਗਾ ਜਿਹੜੇ ਬੁੱਤ ਬਣਾਉਂਦੇ ਹਨ।
ਹਾਲੇ ਤਾਂ ਮੈਂ ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਤਾਕਤ ਬਾਰੇ ਸਿੱਖਿਆ ਦੇਵਾਂਗਾ।
ਫ਼ੇਰ ਉਹ ਜਾਣ ਲੈਣਗੇ ਕਿ ਮੈਂ ਪਰਮੇਸ਼ੁਰ ਹਾਂ।
ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”
ਯਿਸੂ ਅਤੇ ਉਸ ਦੇ ਭਰਾ
7 ਇਸ ਤੋਂ ਬਾਦ ਯਿਸੂ ਨੇ ਗਲੀਲ ਦੇ ਪ੍ਰਾਂਤ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਇਲਾਕੇ ਦੇ ਯਹੂਦੀਂ ਉਸ ਨੂੰ ਮਾਰਨਾ ਚਾਹੁੰਦੇ ਸਨ। 2 ਯਹੂਦੀਆਂ ਲਈ ਡੇਰਿਆਂ ਦੇ ਪੁਰਬ [a] ਦਾ ਸਮਾਂ ਨੇੜੇ ਆ ਰਿਹਾ ਸੀ। 3 ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਵਿਦਾ ਹੋ ਅਤੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕਰਿਸ਼ਮੇ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖ ਸੱਕਣ, 4 ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁਝ ਛੁਪਾਉਣਾ ਨਹੀਂ ਚਾਹੀਦਾ। ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਅਨੋਖੇ ਕੰਮ ਤੂੰ ਕਰਦਾ ਹੈਂ।” 5 ਯਿਸੂ ਦੇ ਭਰਾਵਾਂ ਨੇ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ।
6 ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਸਹੀ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ। 7 ਦੁਨੀਆਂ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਸੱਕਦੀ। ਪਰ ਇਹ ਮੇਰੇ ਨਾਲ ਨਫ਼ਰਤ ਕਰਦੀ ਹੈ। ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਭੈੜੇ ਕੰਮ ਕਰਦੇ ਹਨ। 8 ਇਸ ਲਈ ਤਿਉਹਾਰ ਤੇ ਤੁਸੀਂ ਜਾਵੋ। ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਵਾਂਗਾ। ਮੇਰੇ ਲਈ ਅਜੇ ਸਹੀ ਵਕਤ ਨਹੀਂ ਆਇਆ।” 9 ਇਹ ਆਖਣ ਤੋਂ ਬਾਦ ਯਿਸੂ ਗਲੀਲ ਵਿੱਚ ਹੀ ਠਹਿਰਿਆ।
2010 by World Bible Translation Center