Revised Common Lectionary (Complementary)
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
ਔਰਤਾਂ ਲਈ ਬਿਧੀਆਂ
19 “ਜੇ ਕਿਸੇ ਔਰਤ ਦਾ ਮਾਹਵਾਰੀ ਸਮੇਂ ਖੂਨ ਵਗਦਾ ਹੈ, ਤਾਂ ਉਹ ਸੱਤ ਦਿਨਾਂ ਤੱਕ ਪਲੀਤ ਰਹੇਗੀ। ਜੇ ਕੋਈ ਬੰਦਾ ਉਸ ਨੂੰ ਛੂਹ ਲੈਂਦਾ ਹੈ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। 20 ਇਸਤੋਂ ਇਲਾਵਾ ਹਰ ਉਹ ਚੀਜ਼ ਜਿਸ ਉੱਤੇ ਮਾਹਵਾਰੀ ਸਮੇਂ ਵਾਲੀ ਔਰਤ ਲੇਟਦੀ ਹੈ। ਪਲੀਤ ਹੋ ਜਾਵੇਗੀ। ਅਤੇ ਹਰ ਉਹ ਚੀਜ਼, ਜਿਸ ਉੱਤੇ ਉਹ ਉਸ ਸਮੇਂ ਦੌਰਾਨ ਬੈਠਦੀ ਹੈ, ਪਲੀਤ ਹੋ ਜਾਵੇਗੀ। 21 ਜੇ ਕੋਈ ਬੰਦਾ ਉਸ ਔਰਤ ਦੇ ਬਿਸਤਰੇ ਨੂੰ ਛੂੰਹਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। 22 ਜੇ ਕੋਈ ਵੀ ਕਿਸੇ ਅਜਿਹੀ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ? ਉਹ ਸ਼ਾਮ ਤੱਕ ਪਲੀਤ ਰਹੇਗਾ। 23 ਜੇ ਕੋਈ ਬੰਦਾ ਕਿਸੇ ਉਸ ਚੀਜ਼ ਨੂੰ ਛੂੰਹਦਾ ਜੋ ਬਿਸਤਰੇ ਉੱਤੇ ਸੀ ਜਾਂ ਜਿਸ ਉੱਤੇ ਉਹ ਬੈਠੀ ਹੋਈ ਸੀ, ਉਹ ਸ਼ਾਮ ਤੱਕ ਪਲੀਤ ਰਹੇਗਾ।
24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਉਸ ਦੇ ਮਾਹਵਾਰੀ ਸਮੇਂ ਦੌਰਾਨ, ਸੰਭੋਗ ਕਰਦਾ ਹੈ, ਉਹ ਸੱਤਾਂ ਦਿਨਾਂ ਤੱਕ ਪਲੀਤ ਰਹੇਗਾ। ਹਰ ਉਹ ਬਿਸਤਰ ਜਿਸ ਉੱਤੇ ਉਹ ਆਦਮੀ ਸੌਵੇਗਾ, ਪਲੀਤ ਹੋਵੇਗਾ।
25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸ ਨੂੰ ਮਾਹਵਾਰੀ ਦੇ ਸਮੇਂ ਤੋਂ ਵੱਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ। 26 ਖੂਨ ਪੈਣ ਦੇ ਸਮੇਂ ਦੌਰਾਨ ਜਿਹੜੇ ਬਿਸਤਰੇ ਉੱਤੇ ਉਹ ਔਰਤ ਲੇਟਦੀ ਹੈ ਉਹ ਉਸ ਦੇ ਮਾਹਵਾਰੀ ਸਮੇਂ ਦੇ ਬਿਸਤਰੇ ਵਰਗਾ ਹੀ ਹੋਵੇਗਾ। ਹਰ ਉਹ ਚੀਜ਼ ਜਿਸ ਉੱਤੇ ਉਹ ਔਰਤ ਬੈਠਦੀ ਹੈ ਉਹ ਉਸੇ ਤਰ੍ਹਾਂ ਪਲੀਤ ਹੋਵੇਗੀ ਜਿਵੇਂ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੈ। 27 ਜੇ ਕੋਈ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਬੰਦਾ ਪਲੀਤ ਹੋਵੇਗਾ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 28 ਔਰਤ ਦੇ ਖੂਨ ਬੰਦ ਹੋਣ ਤੋਂ ਮਗਰੋਂ, ਉਸ ਨੂੰ ਸੱਤਾਂ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋਵੇਗੀ। 29 ਫ਼ੇਰ ਅੱਠਵੇਂ ਦਿਨ, ਔਰਤ ਨੂੰ ਦੋ ਘੁੱਗੀਆਂ ਜਾਂ ਦੋ ਕਬੂਤਰ ਲੈ ਕੇ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਤੇ ਜਾਜਕ ਕੋਲ ਲੈ ਕੇ ਆਉਣਾ ਚਾਹੀਦਾ ਹੈ। 30 ਫ਼ੇਰ ਜਾਜਕ ਨੂੰ ਪੰਛੀ, ਇੱਕ ਪੰਛੀ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਸ ਲਈ ਯਹੋਵਾਹ ਦੇ ਸਾਹਮਣੇ ਉਸ ਦੇ ਨਾਪਾਕ ਖੂਨ ਵਗਣ ਖਾਤਰ ਪਰਾਸਚਿਤ ਕਰੇਗਾ।
31 “ਇਸ ਤਰ੍ਹਾਂ ਤੁਹਾਨੂੰ ਇਸਰਾਏਲ ਦੇ ਲੋਕਾਂ ਨੂੰ ਪਲੀਤ ਹੋਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਤੁਸੀਂ ਚੇਤਾਵਨੀ ਨਹੀਂ ਦਿਉਂਗੇ, ਤਾਂ ਹੋ ਸੱਕਦਾ ਹੈ ਕਿ ਉਹ ਮੇਰੇ ਪਵਿੱਤਰ ਤੰਬੂ ਨੂੰ ਪਲੀਤ ਕਰ ਦੇਣ। ਅਤੇ ਫ਼ੇਰ ਉਨ੍ਹਾਂ ਨੂੰ ਮਰਨਾ ਪਵੇਗਾ।”
ਸਾਥੀ ਮਸੀਹੀਆਂ ਦੀ ਸਹਾਇਤਾ ਕਰੋ
9 ਅਸਲ ਵਿੱਚ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਦੀ ਇਸ ਮਦਦ ਬਾਰੇ ਲਿਖਣ ਦੀ, ਮੇਰੇ ਲਈ, ਕੋਈ ਜ਼ਰੂਰਤ ਨਹੀਂ। 2 ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰਨੀ ਚਾਹੁੰਦੇ ਹੋ। ਇਸ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਨੂੰ ਮਾਣ ਨਾਲ ਕਹਿੰਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਅਖਾਯਾ ਦੇ ਲੋਕ ਪਿੱਛਲੇ ਵਰ੍ਹੇ ਤੋਂ ਹੀ ਦਾਨ ਦੇਣ ਲਈ ਤਿਆਰ ਸੀ। ਅਤੇ ਤੁਹਾਡੀ ਦੇਣ ਦੀ ਇਸ ਕਾਮਨਾ ਨੇ ਹੋਰ ਬਹੁਤ ਸਾਰੇ ਲੋਕਾਂ ਵਿੱਚ ਵੀ ਦੇਣ ਦੀ ਕਾਮਨਾ ਨੂੰ ਪੈਦਾ ਕੀਤਾ ਹੈ। 3 ਪਰ ਮੈਂ ਤੁਹਾਡੇ ਵੱਲ ਭਰਾਵਾਂ ਨੂੰ ਘੱਲ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਸ ਮਾਮਲੇ ਸੰਬੰਧੀ ਤੁਹਾਡੇ ਬਾਰੇ ਮੇਰਾ ਇਹ ਘਮੰਡ ਵਿਅਰਥ ਜਾਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸੇ ਤਰ੍ਹਾਂ ਤਿਆਰ ਰਹੋ ਜਿਵੇਂ ਮੈਂ ਤੁਹਾਡੇ ਬਾਰੇ ਕਿਹਾ ਸੀ। 4 ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋੜ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ। 5 ਇਸ ਲਈ ਮੈਂ ਸੋਚਿਆ ਕਿ ਇਸਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੱਲ ਆਈਏ ਮੈਨੂੰ ਚਾਹੀਦਾ ਹੈ ਕਿ ਇਨ੍ਹਾਂ ਭਰਾਵਾਂ ਨੂੰ ਤੁਹਾਡੇ ਵੱਲ ਘੱਲਾਂ। ਉਹ ਤੋਹਫ਼ਾ ਤਿਆਰ ਕਰ ਸੱਕਣਗੇ ਜਿਸਦਾ ਤੁਸੀਂ ਵਾਅਦਾ ਕੀਤਾ ਸੀ। ਇਹ ਤੁਹਾਡਾ ਤੋਹਫ਼ਾ ਹੋਵੇਗਾ। ਫ਼ੇਰ ਜਦੋਂ ਅਸੀਂ ਆਵਾਂਗੇ ਤਾਂ ਉਹ ਤੋਹਫ਼ਾ ਤਿਆਰ ਹੋਵਗਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ। ਫ਼ੇਰ ਇਹ ਤੋਹਫ਼ਾ ਇੱਕ ਸਵੈਂਇੱਛਿਤ ਤੋਹਫ਼ਾ ਹੋਵੇਗਾ ਨਾ ਕਿ ਅਣਇੱਛਿਤ।
2010 by World Bible Translation Center