Revised Common Lectionary (Complementary)
22 ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ:
“ਮੈਂ ਇੱਕ ਉੱਚੇ ਲੰਮੇ ਦਿਆਰ ਦੀ ਟਾਹਣੀ ਲਵਾਂਗਾ।
ਮੈਂ ਰੁੱਖ ਦੀ ਚੋਟੀ ਤੋਂ ਇੱਕ ਛੋਟੀ ਟਾਹਣੀ ਲਵਾਂਗਾ।
ਅਤੇ ਮੈਂ ਖੁਦ ਇਸ ਨੂੰ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ।
23 ਮੈਂ ਖੁਦ ਇਸ ਨੂੰ ਇਸਰਾਏਲ ਦੇ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ।
ਉਹ ਟਾਹਣੀ ਵੱਧਕੇ ਰੁੱਖ ਬਣ ਜਾਵੇਗੀ।
ਇਸਦੀਆਂ ਟਾਹਣੀਆਂ ਉੱਗਣਗੀਆਂ ਅਤੇ ਇਸ ਨੂੰ ਲੱਗੇਗਾ ਫ਼ਲ।
ਇਹ ਦਿਆਰ ਦਾ ਇੱਕ ਖੂਬਸੂਰਤ ਰੁੱਖ ਬਣ ਜਾਵੇਗੀ।
ਇਸ ਦੀਆਂ ਟਾਹਣੀਆਂ ਉੱਤੇ ਬਹੁਤ ਪੰਛੀ ਬੈਠਣਗੇ।
ਬਹੁਤ ਪੰਛੀ ਇਸ ਦੀਆਂ ਟਾਹਣੀਆਂ ਦੀ ਛਾਂ ਅੰਦਰ ਰਹਿਣਗੇ।
24 “ਫ਼ੇਰ ਪਤਾ ਲੱਗ ਜਾਵੇਗਾ ਹੋਰਨਾਂ ਰੁੱਖਾਂ ਨੂੰ ਕਿ
ਮੈਂ ਲੰਮੇ ਰੁੱਖਾਂ ਨੂੰ ਧਰਤ ਉੱਤੇ ਡਿੱਗਣ ਦਿੰਦਾ ਹਾਂ
ਅਤੇ ਛੋਟੇ ਰੁੱਖਾਂ ਨੂੰ ਬਹੁਤ ਵੱਡੇ ਵੱਧਣ ਦਿੰਦਾ ਹਾਂ।
ਮੈਂ ਹਰੇ ਰੁੱਖਾਂ ਨੂੰ ਸੁੱਕਾ ਦਿੰਦਾ ਹਾਂ,
ਅਤੇ ਮੈਂ ਸੁਕੇ ਰੁੱਖਾਂ ਨੂੰ ਹਰਾ ਕਰ ਦਿੰਦਾ ਹਾਂ।
ਮੈਂ ਯਹੋਵਾਹ ਹਾਂ।
ਜੇ ਮੈਂ ਕੁਝ ਕਰਨ ਲਈ ਜੋ ਆਖਦਾ ਹਾਂ ਤਾਂ ਅਵੱਸ਼ ਮੈਂ ਓਹੀ ਕਰਾਂਗਾ।”
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
6 ਇਸ ਲਈ ਅਸੀਂ ਸਦਾ ਹੌਂਸਲਾ ਰੱਖਦੇ ਹਾਂ ਅਸੀਂ ਜਾਣਦੇ ਹਾਂ ਕਿ ਜਿੰਨਾ ਚਿਰ ਅਸੀਂ ਇਸ ਸਰੀਰ ਵਿੱਚ ਰਹਿ ਰਹੇ ਹਾਂ ਅਸੀਂ ਪ੍ਰਭੂ ਤੋਂ ਦੂਰ ਹਾਂ। 7 ਅਸੀਂ ਉਸੇ ਸੰਗ ਰਹਿੰਦੇ ਹਾਂ ਜਿਸ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਨਾ ਕਿ ਜੋ ਸਾਨੂੰ ਨਜ਼ਰ ਆਉਂਦਾ ਹੈ। 8 ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਯਕੀਨ ਹੈ। ਅਤੇ ਅਸੀਂ ਸੱਚ ਮੁੱਚ ਇਸ ਸਰੀਰ ਨੂੰ ਛੱਡਣਾ ਲੋਚਦੇ ਹਾਂ ਅਤੇ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ ਚਾਹੁੰਦੇ ਹਾਂ। 9 ਸਾਡਾ ਇੱਕੋ ਇੱਕ ਟੀਚਾ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਹੈ। ਜਿੱਥੇ ਕਿਤੇ ਵੀ ਅਸੀਂ ਹਾਂ, ਭਾਵੇਂ ਅਸੀਂ ਇੱਥੇ ਸਰੀਰ ਵਿੱਚ ਰਹੀਏ ਜਾਂ ਉੱਥੇ ਪ੍ਰਭੂ ਨਾਲ, ਸਾਡੀ ਇੱਛਾ ਉਸ ਨੂੰ ਪ੍ਰਸੰਨ ਕਰਨ ਦੀ ਹੈ। 10 ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਹਮਣੇ ਨਿਆਂ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸ ਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸ ਨੇ ਇਸ ਭੌਤਿਕ ਸਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ।
ਲੋਕਾਂ ਨੂੰ ਪਰਮੇਸ਼ੁਰ ਦੇ ਦੋਸਤ ਬਨਣ ਵਿੱਚ ਸਹਾਇਤਾ ਕਰਨਾ
11 ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ। ਇਸ ਲਈ ਅਸੀਂ ਲੋਕਾਂ ਦੀ ਸੱਚ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਅਸਲ ਵਿੱਚ ਕੀ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਦਿਲਾਂ ਵਿੱਚ ਜਾਣਦੇ ਹੋਂ। 12 ਅਸੀਂ ਤੁਹਾਨੂੰ ਆਪਣੇ ਆਪ ਦਾ ਮੁੜਕੇ ਪ੍ਰਮਾਣ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਪਰ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ। ਅਸੀਂ ਕਾਰਣ ਦੇ ਰਹੇ ਹਾਂ ਜਿਸ ਵਾਸਤੇ ਤੁਸੀਂ ਸਾਡੇ ਉੱਤੇ ਮਾਣ ਕਰ ਸੱਕਦੇ ਹੋ। ਫ਼ੇਰ ਤੁਹਾਡਾ ਕਲ ਉਨ੍ਹਾਂ ਲਈ ਉੱਤਰ ਹੋਵੇਗਾ ਜਿਹੜੇ ਦ੍ਰਿਸ਼ਟਮਾਨ ਚੀਜ਼ਾਂ ਉੱਤੇ ਮਾਣ ਕਰਦੇ ਹਨ। ਉਹ ਲੋਕ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਦਿਲ ਵਿੱਚ ਕੀ ਹੈ। 13 ਜੇ ਅਸੀਂ ਝੱਲੇ ਹਾਂ ਤਾਂ ਇਹ ਪਰਮੇਸ਼ੁਰ ਲਈ ਹੈ। ਜੇ ਸਾਡਾ ਦਿਮਾਗ ਸਹੀ ਹੈ ਤਾਂ ਤੁਹਾਡੇ ਲਈ ਹੈ।
14 ਅਸੀਂ ਮਸੀਹ ਦੇ ਪਿਆਰ ਦੇ ਵੱਸ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਰਿਆਂ ਲਈ ਮਰਿਆ, ਇਸੇ ਲਈ ਸਾਰੇ ਮਰ ਗਏ ਹਨ। 15 ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਤਾਂ ਜੋ ਉਹ ਲੋਕ ਉਸ ਦੇ ਲਈ ਜਿਉਣ।
16 ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ। 17 ਜੇਕਰ ਕੋਈ ਵੀ ਮਸੀਹ ਵਿੱਚ ਹੈ, ਉਹ ਨਵਾਂ ਬਣ ਗਿਆ ਹੈ। ਪੁਰਾਣੀਆਂ ਚੀਜ਼ਾਂ ਦੂਰ ਚਲੀਆਂ ਗਈਆਂ ਅਤੇ ਹੁਣ ਸਭ ਕੁਝ ਨਵਾਂ ਹੈ।
ਯਿਸੂ ਬੀਜ ਦਾ ਦ੍ਰਿਸ਼ਟਾਂਤ ਵਰਤਦਾ ਹੈ
26 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ। 27 ਬੀਜ ਵੱਧਣ ਲੱਗਦਾ ਹੈ। ਉਹ ਦਿਨ-ਰਾਤ ਵੱਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵੱਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵੱਧ ਰਿਹਾ ਹੈ। 28 ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵੱਧਦੀ ਹੈ, ਫ਼ੇਰ ਸਿਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ। 29 ਜਦੋਂ ਤੀਕਰ ਦਾਣੇ ਪੱਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸ ਨੂੰ ਵੱਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾਂ ਆ ਜਾਂਦਾ ਹੈ।”
ਰਾਜ ਸਰ੍ਹੋਂ ਦੇ ਦਾਣੇ ਵਾਂਗ ਹੈ(A)
30 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹੜਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹੜੀ ਕਹਾਣੀ ਵਰਤੋਂ ਚ ਲਿਆਵਾਂ 31 ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹੜਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ। 32 ਪਰ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਵੱਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵੱਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬੜੀਆਂ ਵੱਡੀਆਂ ਹੁੰਦੀਆਂ ਹਨ। ਇੱਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁੱਪ ਤੋਂ ਬਚਾਉਂਦੇ ਹਨ।”
33 ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵੱਧ ਤੋਂ ਵੱਧ ਉਹ ਸਮਝਣ ਯੋਗ ਸਨ। 34 ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇੱਕਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।
2010 by World Bible Translation Center