Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
65 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ।
ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ।
2 ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ,
ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ।
3 ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ,
ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ।
ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ।
ਅਤੇ ਅਸੀਂ ਬਹੁਤ ਖੁਸ਼ ਹਾਂ।
ਸਾਡੇ ਕੋਲ ਤੁਹਾਡੇ ਮੰਦਰ,
ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ।
5 ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ।
ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ,
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ।
ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ।
6 ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ,
ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ।
7 ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ
ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ।
8 ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ।
ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ।
9 ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ,
ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ।
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ
ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ।
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ,
ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ,
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ,
ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ।
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ,
ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ।
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ।
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ,
ਵਾਦੀਆਂ ਅਨਾਜ ਨਾਲ ਭਰੀਆਂ ਹਨ,
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।
ਉਹ ਦਿਨ ਜਦੋਂ ਸੂਰਜ ਠਹਿਰ ਗਿਆ
10 ਇਸ ਵੇਲੇ ਅਦੋਨੀ ਸਦਕ ਯਰੂਸ਼ਲਮ ਦਾ ਰਾਜਾ ਸੀ। ਇਸ ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਅਈ ਨੂੰ ਹਰਾ ਦਿੱਤਾ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਵੀ ਅਜਿਹਾ ਹੀ ਕੀਤਾ ਸੀ। ਰਾਜੇ ਨੂੰ ਇਹ ਵੀ ਪਤਾ ਲੱਗਿਆ ਕਿ ਗਿਬਓਨ ਦੇ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਅਤੇ ਉਹ ਲੋਕ ਯਰੂਸ਼ਲਮ ਦੇ ਬਹੁਤ ਨਜ਼ਦੀਕ ਰਹਿੰਦੇ ਸਨ। 2 ਇਸ ਲਈ ਅਦੋਨੀ ਸਦਕ ਅਤੇ ਉਸ ਦੇ ਲੋਕ ਬਹੁਤ ਭੈਭੀਤ ਹੋ ਗਏ। ਗਿਬਓਨ ਅਈ ਵਾਂਗ ਛੋਟਾ ਕਸਬਾ ਨਹੀਂ ਸੀ। ਗਿਬਓਨ ਬਹੁਤ ਵੱਡਾ ਸ਼ਹਿਰ ਸੀ-ਇਹ ਰਾਜਧਾਨੀ ਜਿੰਨਾ ਵੱਡਾ ਸੀ। ਅਤੇ ਉਸ ਸ਼ਹਿਰ ਦੇ ਸਾਰੇ ਆਦਮੀ ਚੰਗੇ ਲੜਾਕੂ ਸਨ। ਇਸ ਲਈ ਰਾਜਾ ਭੈਭੀਤ ਸੀ। 3 ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨਾਲ ਗੱਲ ਕੀਤੀ। ਉਸ ਨੇ ਯਰਮੂਥ ਦੇ ਰਾਜੇ ਫ਼ਿਰਾਮ, ਲਾਕੀਸ਼ ਦੇ ਰਾਜੇ ਯਾਫ਼ੀਆ ਅਤੇ ਅਗਲੋਨ ਦੇ ਰਾਜੇ ਦਬੀਰ ਨਾਲ ਵੀ ਗੱਲ ਕੀਤੀ। ਯਰੂਸ਼ਲਮ ਦੇ ਰਾਜੇ ਨੇ ਇਨ੍ਹਾਂ ਆਦਮੀਆਂ ਨੂੰ ਬੇਨਤੀ ਕੀਤੀ, 4 “ਮੇਰੇ ਨਾਲ ਆਉ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਕਰੋ। ਗਿਬਓਨ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੈ।”
5 ਇਸ ਲਈ ਇਨ੍ਹਾਂ ਪੰਜ ਅਮੋਰੀ ਰਾਜਿਆਂ ਨੇ ਫ਼ੌਜਾਂ ਇਕੱਠੀਆਂ ਕਰ ਲਈਆਂ। (ਪੰਜ ਰਾਜੇ ਸਨ, ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।) ਉਹ ਫ਼ੌਜਾਂ ਗਿਬਓਨ ਵੱਲ ਗਈਆਂ। ਫ਼ੌਜਾਂ ਨੇ ਗਿਬਓਨ ਨੂੰ ਘੇਰਾ ਪਾ ਲਿਆ ਅਤੇ ਉਸ ਦੇ ਵਿਰੁੱਧ ਲੜਨ ਲੱਗੀਆਂ।
6 ਗਿਬਓਨ ਸ਼ਹਿਰ ਦੇ ਲੋਕਾਂ ਨੇ ਯਹੋਸ਼ੁਆ ਨੂੰ ਉਸ ਦੇ ਗਿਲਗਾਲ ਦੇ ਡੇਰੇ ਵਿਖੇ ਸੰਦੇਸ਼ ਭੇਜਿਆ। ਸੰਦੇਸ਼ ਵਿੱਚ ਆਖਿਆ ਸੀ: “ਅਸੀਂ ਤੁਹਾਡੇ ਸੇਵਕ ਹਾਂ! ਸਾਨੂੰ ਇਕੱਲਿਆਂ ਨਾ ਛੱਡੋ। ਆਉ ਅਤੇ ਸਾਡੀ ਸਹਾਇਤਾ ਕਰੋ! ਛੇਤੀ ਕਰੋ! ਸਾਨੂੰ ਬਚਾਉ! ਪਹਾੜੀ ਇਲਾਕੇ ਦੇ ਸਾਰੇ ਅਮੋਰੀ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਫ਼ੌਜਾਂ ਇਕੱਠੀਆਂ ਕਰਕੇ ਲੈ ਆਂਦੀਆਂ ਹਨ।”
7 ਇਸ ਲਈ ਯਹੋਸ਼ੁਆ ਨੇ ਆਪਣੀ ਪੂਰੀ ਫ਼ੌਜ ਸਮੇਤ ਗਿਲਗਾਲ ਤੋਂ ਕੂਚ ਕਰ ਦਿੱਤਾ। ਯਹੋਸ਼ੁਆ ਦੇ ਬਿਹਤਰੀਨ ਜੰਗਾਜ਼ੂ ਆਦਮੀ ਉਸ ਦੇ ਨਾਲ ਸਨ। 8 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਨ੍ਹਾਂ ਫ਼ੌਜਾਂ ਕੋਲੋਂ ਭੈਭੀਤ ਨਾ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦੇਵਾਂਗਾ। ਉਨ੍ਹਾਂ ਫ਼ੌਜਾਂ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਹਰਾ ਸੱਕੇਗੀ।”
9 ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਸਾਰੀ ਰਾਤ ਗਿਬਓਨ ਵੱਲ ਨੂੰ ਮਾਰਚ ਕੀਤਾ। ਦੁਸ਼ਮਣ ਨੂੰ ਕੋਈ ਪਤਾ ਨਹੀਂ ਸੀ ਕਿ ਯਹੋਸ਼ੁਆ ਆ ਰਿਹਾ ਹੈ। ਇਸ ਲਈ ਜਦੋਂ ਉਸ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਏ।
10 ਯਹੋਵਾਹ ਨੇ ਉਨ੍ਹਾਂ ਫ਼ੌਜਾਂ ਨੂੰ ਬਹੁਤ ਉਲਝਣ ਵਿੱਚ ਪਾ ਦਿੱਤਾ ਜਦੋਂ ਇਸਰਾਏਲ ਨੇ ਹਮਲਾ ਕੀਤਾ। ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸਰਾਏਲ ਨੇ ਦੁਸ਼ਮਣ ਦਾ ਗਿਬਓਨ ਤੋਂ ਬੈਤ ਹੋਰੋਨ ਵੱਲ ਜਾਂਦੀ ਸੜਕ ਉੱਤੇ ਪਿੱਛਾ ਕੀਤਾ। ਇਸਰਾਏਲ ਦੀ ਫ਼ੌਜ ਨੇ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਆਦਮੀਆਂ ਨੂੰ ਮਾਰ ਮੁਕਾਇਆ। 11 ਫ਼ੇਰ ਇਸਰਾਏਲ ਦੀ ਫ਼ੌਜ ਨੇ ਦੁਸ਼ਮਣ ਦੀ ਫ਼ੌਜ ਨੂੰ ਬੈਤ ਹੋਰੋਨ ਤੋਂ ਅਜ਼ੇਕਾਹ ਵੱਲ ਜਾਂਦੀ ਸੜਕ ਵੱਲ ਭਜਾ ਦਿੱਤਾ। ਜਦੋਂ ਉਹ ਦੁਸ਼ਮਣ ਦਾ ਪਿੱਛਾ ਕਰ ਰਹੇ ਸਨ, ਯਹੋਵਾਹ ਨੇ ਆਕਾਸ਼ ਤੋਂ ਵੱਡੇ-ਵੱਡੇ ਗੜ੍ਹਿਆਂ ਦਾ ਮੀਂਹ ਵਰ੍ਹਾਇਆ। ਬਹੁਤ ਸਾਰੇ ਦੁਸ਼ਮਣ ਇਨ੍ਹਾਂ ਵੱਡੇ ਗੜ੍ਹਿਆਂ ਨਾਲ ਮਾਰੇ ਗਏ। ਇਸਰਾਏਲ ਦੇ ਸਿਪਾਹਿਆਂ ਦੀਆਂ ਤਲਵਾਰਾਂ ਨਾਲੋਂ ਗੜ੍ਹਿਆਂ ਨਾਲ ਵੱਧੇਰੇ ਆਦਮੀ ਮਰੇ।
12 ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਅਮੋਰੀ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। ਅਤੇ ਉਸ ਦਿਨ ਯਹੋਸ਼ੁਆ ਇਸਰਾਏਲ ਦੇ ਸਾਰੇ ਲੋਕਾਂ ਸਾਹਮਣੇ ਖਲੋ ਗਿਆ ਅਤੇ ਯਹੋਵਾਹ ਨੂੰ ਆਖਿਆ:
“ਸੂਰਜ, ਰੁਕ ਜਾ ਗਿਬਓਨ ਉੱਤੇ।
ਚੰਦਰਮਾ ਖਲੋ ਜਾ ਚੁੱਪ ਕਰਕੇ ਅੱਯਾਲੋਨ ਦੀ ਵਾਦੀ ਉੱਤੇ।”
13 ਇਸ ਲਈ ਸੂਰਜ ਹਿਲਿਆ ਨਹੀਂ ਅਤੇ ਚੰਦਰਮਾ ਓਨੀ ਦੇਰ ਤੱਕ ਰੁਕਿਆ ਰਿਹਾ ਜਦੋਂ ਤੀਕ ਕਿ ਲੋਕਾਂ ਨੇ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਦਿੱਤਾ। ਇਹ ਕਹਾਣੀ ਯਾਸ਼ਰ ਦੀ ਪੁਸਤਕ ਵਿੱਚ ਲਿਖੀ ਹੋਈ ਹੈ। ਸੂਰਜ ਆਕਾਸ਼ ਦੇ ਅੱਧ ਵਿੱਚਕਾਰ ਖਲੋ ਗਿਆ। ਇਹ ਪੂਰੇ ਦਿਨ ਭਰ ਨਹੀਂ ਹਿਲਿਆ। 14 ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਅਤੇ ਅਜਿਹਾ ਫ਼ੇਰ ਕਦੇ ਵੀ ਨਹੀਂ ਵਾਪਰੇਗਾ! ਇਹੀ ਉਹ ਗੱਲ ਸੀ ਜਦੋਂ ਯਹੋਵਾਹ ਨੇ ਆਦਮੀ ਦੀ ਗੱਲ ਮੰਨੀ। ਯਹੋਵਾਹ ਸੱਚ ਮੁੱਚ ਇਸਰਾਏਲ ਲਈ ਲੜ ਰਿਹਾ ਸੀ।
ਯਿਸੂ ਦਾ ਪਾਣੀ ਉੱਪਰ ਚੱਲਣਾ(A)
45 ਫ਼ਿਰ ਉਸ ਨੇ ਆਪਣੇ ਚੇਲਿਆਂ ਨੂੰ ਬੇੜੀ ਵਿੱਚ ਚੜ੍ਹ੍ਹਨ ਦੀ ਤਗੀਦ ਕੀਤੀ। ਯਿਸੂ ਨੇ ਉਨ੍ਹਾਂ ਨੂੰ ਝੀਲ ਦੇ ਦੂਜੇ ਕੰਢੇ ਬੈਤਸੈਦਾ ਨਾਉਂ ਦੀ ਥਾਂ ਤੇ ਜਾਣ ਨੂੰ ਕਿਹਾ ਅਤੇ ਖੁਦ ਉੱਥੇ ਹੀ ਰਹਿ ਪਿਆ। ਯਿਸੂ ਆਪ ਉੱਥੇ ਹੀ ਰੁਕ ਗਿਆ ਅਤੇ ਆਖਿਆ ਕਿ ਉਸ ਨੂੰ ਆਉਣ ਵਿੱਚ ਦੇਰੀ ਹੋ ਸੱਕਦੀ ਹੈ। ਅਤੇ ਉਸ ਨੇ ਬਾਕੀ ਲੋਕਾਂ ਨੂੰ ਵੀ ਵਾਪਿਸ ਘਰਾਂ ਨੂੰ ਮੁੜ ਜਾਣ ਲਈ ਕਿਹਾ। 46 ਜਦੋਂ ਉਸ ਨੇ ਲੋਕਾਂ ਨੂੰ ਵਿਦਾ ਕੀਤਾ ਤਾਂ ਉਹ ਆਪ ਪਹਾੜੀ ਉੱਤੇ ਪ੍ਰਾਰਥਨਾ ਲਈ ਚੱਲਾ ਗਿਆ।
47 ਆਥਣ ਤੱਕ, ਬੇੜੀ ਝੀਲ ਦੇ ਵਿੱਚਕਾਰ ਸੀ ਪਰ ਇੱਕਲਾ ਯਿਸੂ ਹਾਲੇ ਵੀ ਕੰਢੇ ਉੱਤੇ ਖੜ੍ਹਾ ਸੀ। 48 ਉਸ ਨੇ ਵੇਖਿਆ ਕਿ ਦੂਰ ਬੇੜੀ ਅਜੇ ਝੀਲ ਵਿੱਚਕਾਰ ਹੈ ਅਤੇ ਚੱਪੂ ਚਲਾਉਣ ਲਈ ਚੇਲੇ ਬੜਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿੱਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇੜੀ ਵੱਲ ਆਇਆ, ਅਤੇ ਉਹ ਬੇੜੀ ਤੋਂ ਥੋੜਾ ਅਗਾਂਹ ਤੁਰਿਆ। 49 ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਤੇ ਤੁਰਦਿਆਂ ਵੇਖਿਆ, ਉਨ੍ਹਾਂ ਨੇ ਸਮਝਿਆ ਕਿ ਉਹ ਕੋਈ ਭੂਤ ਹੈ ਅਤੇ ਉਹ ਡਰ ਨਾਲ ਚੀਕਣ ਲੱਗੇ। 50 ਸਾਰੇ ਚੇਲੇ ਉਸ ਨੂੰ ਵੇਖਕੇ ਬਹੁਤ ਘਬਰਾਏ ਪਰ ਉਹ ਚੇਲਿਆਂ ਨੂੰ ਬੋਲਿਆ, “ਹੌਂਸਲਾ ਰੱਖੋ! ਇਹ ਮੈਂ ਹੀ ਹਾਂ! ਤੁਸੀਂ ਡਰੋ ਨਹੀਂ!” 51 ਤਦ ਯਿਸੂ ਉਨ੍ਹਾਂ ਦਾ ਸਾਥ ਦੇਣ ਲਈ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਹਵਾ ਸ਼ਾਂਤ ਹੋ ਗਈ। ਚੇਲਿਆਂ ਨੇ ਇਹ ਸਭ ਵੇਖਿਆ ਅਤੇ ਹੈਰਾਨ ਹੋ ਗਏ। 52 ਉਨ੍ਹਾਂ ਨੇ ਯਿਸੂ ਨੂੰ ਰੋਟੀਆਂ ਵਾਲਾ ਕਰਿਸ਼ਮਾ ਕਰਦਿਆਂ ਵੇਖਿਆ ਵੀ ਸੀ ਪਰ ਉਹ ਇਹ ਨਾ ਸਮਝ ਸੱਕੇ ਕਿਉਂਕਿ ਉਹ ਪੱਥਰ ਦਿਲ ਸਨ।
2010 by World Bible Translation Center