Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 33-34

33 ਹੇ ਸੱਜਨੋ, ਯਹੋਵਾਹ ਵਿੱਚ ਆਨੰਦ ਮਾਣੋ।
    ਚੰਗੇ ਲੋਕਾਂ ਲਈ ਉਸਦੀ ਉਸਤਤਿ ਕਰਨਾ ਚੰਗਾ ਹੈ।
ਸਾਰੰਗੀ ਵਜਾਉ ਅਤੇ ਉਸਦੀ ਉਸਤਤਿ ਕਰੋ।
    ਯਹੋਵਾਹ ਲਈ ਦਸ ਤਾਰਾਂ ਵਾਲਾ ਸਾਜ਼ ਵਜਾਉ।
ਉਸ ਨੂੰ ਇੱਕ ਨਵਾਂ ਗੀਤ।
    ਸੋਹਣੇ ਢੰਗ ਨਾਲ ਖੁਸ਼ੀ ਦੀ ਧੁਨ ਵਜਾਉ।
ਪਰਮੇਸ਼ੁਰ ਦਾ ਸ਼ਬਦ ਸੱਚਾ ਹੈ।
    ਜੋ ਵੀ ਉਹ ਕਰਦਾ ਤੁਸੀਂ ਉਸ ਉੱਤੇ ਨਿਰਭਰ ਹੋ ਸੱਕਦੇ ਹੋ।
ਪਰਮੇਸ਼ੁਰ ਨਿਆਂਕਾਰ ਹੋਣ ਅਤੇ ਚੰਗੀਆਂ ਗੱਲਾਂ ਕਰਨ ਨੂੰ ਪਿਆਰ ਕਰਦਾ ਹੈ।
    ਧਰਤੀ ਉੱਤੇ ਯਹੋਵਾਹ ਦਾ ਸੱਚਾ ਪਿਆਰ ਭਰਪੂਰ ਹੈ।
ਯਹੋਵਾਹ ਨੇ ਆਦੇਸ਼ ਦਿੱਤਾ ਅਤੇ ਦੁਨੀਆਂ ਸਾਜੀ ਗਈ।
    ਪਰਮੇਸ਼ੁਰ ਦੇ ਮੁੱਖ ਤੋਂ ਨਿਕਲੇ ਹਰ ਸਾਹ ਨੇ ਧਰਤੀ ਦੀ ਹਰ ਸ਼ੈਅ ਨੂੰ ਸਾਜਿਆ ਹੈ।
ਪਰਮੇਸ਼ੁਰ ਨੇ ਸਾਗਰ ਚੋਂ ਪਾਣੀ ਇੱਕ ਥਾਵੇਂ ਇਕੱਠਾ ਕੀਤਾ।
    ਉਹ ਸਾਗਰ ਨੂੰ ਇਸਦੀ ਥਾਂ ਸਿਰ ਰੱਖਦਾ ਹੈ।
ਧਰਤੀ ਦੇ ਹਰ ਬੰਦੇ ਨੂੰ ਡਰਨਾ ਅਤੇ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ।
    ਦੁਨੀਆਂ ਦੇ ਸਮੂਹ ਲੋਕਾਂ ਨੂੰ ਉਸਤੋਂ ਡਰਨਾ ਚਾਹੀਦਾ ਹੈ।
ਕਿਉਂਕਿ ਪਰਮੇਸ਼ੁਰ ਸਿਰਫ਼ ਆਦੇਸ਼ ਦਿੰਦਾ ਅਤੇ ਉਹ ਗੱਲ ਵਾਪਰ ਜਾਂਦੀ ਹੈ।
    ਅਤੇ ਜੇਕਰ ਉਹ ਆਖਦਾ, “ਰੁਕੋ” ਤਾਂ ਉਹ ਸੈਅ ਠਹਿਰ ਜਾਵੇਗੀ।
10 ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ।
    ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
11 ਪਰ ਯਹੋਵਾਹ ਦਾ ਮਸ਼ਵਰਾ ਸਦਾ ਲਈ ਸ਼ੁਭ ਹੈ।
    ਉਸ ਦੀਆਂ ਵਿਉਂਤਾਂ ਪੀੜੀ ਦਰ ਪੀੜੀ ਸ਼ੁਭ ਹਨ।
12 ਉਹ ਲੋਕ ਜਿਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਹੈ ਬਹੁਤ ਸੁਭਾਗੇ ਹਨ।
    ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਖਾਸ ਲੋਕ ਹੋਣ ਲਈ ਚੁਣਿਆ।
13 ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ,
    ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
14 ਉਸ ਨੇ ਆਪਣੇ ਉੱਚੇ ਤਖਤ ਤੋਂ ਧਰਤੀ ਉੱਤੇ
    ਰਹਿਣ ਵਾਲੇ ਸਾਰੇ ਹੀ ਲੋਕਾਂ ਵੱਲ ਹੇਠਾਂ ਦੇਖਿਆ।
15 ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ।
    ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।
16 ਰਾਜਾ ਉਸ ਦੇ ਆਪਣੇ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
    ਤਾਕਤਵਰ ਯੋਧਾ ਉਸ ਦੇ ਆਪਣੀ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
17 ਅਸਲ ਵਿੱਚ ਘੋੜੇ ਯੁੱਧ ਅੰਦਰ ਜਿੱਤ ਪ੍ਰਾਪਤ ਨਹੀਂ ਕਰਦੇ।
    ਅਸਲ ਵਿੱਚ ਤੁਹਾਡੇ ਬਚ ਨਿਕਲਣ ਵਿੱਚ ਉਨ੍ਹਾਂ ਦਾ ਬਲ ਮਦਦ ਨਹੀਂ ਕਰਦਾ।
18 ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ।
    ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
19 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮੌਤ ਤੋਂ ਬਚਾਉਂਦਾ ਹੈ,
    ਉਹ ਉਨ੍ਹਾਂ ਨੂੰ ਉਦੋਂ ਬਲ ਬਖਸ਼ਦਾ ਹੈ ਜਦੋਂ ਉਹ ਭੁੱਖੇ ਹੁੰਦੇ ਹਨ।
20 ਇਸ ਲਈ ਅਸੀਂ ਯਹੋਵਾਹ ਦਾ ਇੰਤਜ਼ਾਰ ਕਰਾਂਗੇ।
    ਉਹ ਸਾਡੀ ਮਦਦ ਕਰਦਾ ਹੈ ਅਤੇ ਉਹ ਸਾਡੀ ਰੱਖਿਆ ਕਰਦਾ ਹੈ।
21 ਪਰਮੇਸ਼ੁਰ ਅਸਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
    ਅਸੀਂ ਸੱਚਮੁੱਚ ਉਸ ਦੇ ਪਵਿੱਤਰ ਨਾਮ ਵਿੱਚ ਭਰੋਸਾ ਕਰਦੇ ਹਾਂ।
22 ਯਹੋਵਾਹ ਅਸੀਂ ਸੱਚਮੁੱਚ ਤੁਹਾਡੀ ਉਪਾਸਨਾ ਕਰਦੇ ਹਾਂ।
    ਇਸ ਲਈ ਆਪਣਾ ਵੱਡਾ ਪਿਆਰ ਸਾਡੇ ਲਈ ਦਰਸਾਉ।

ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।

34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
    ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
    ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
    ਆਉ ਉਸ ਦੇ ਨਾਂ ਦਾ ਆਦਰ ਕਰੀਏ।
ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
    ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
    ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
    ਅਤੇ ਯਹੋਵਾਹ ਨੇ ਮੈਨੂੰ ਸੁਣਿਆ।
    ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
    ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
    ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
    ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
    ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
    ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
    ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
    ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
    ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
    ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
    ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।

17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
    ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
    ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
    ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
    ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
    ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
    ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
    ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।

ਰਸੂਲਾਂ ਦੇ ਕਰਤੱਬ 24

ਯਹੂਦੀਆਂ ਨੇ ਪੌਲੁਸ ਨੂੰ ਮੁਲਜਮ ਠਹਿਰਾਇਆ

24 ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ। ਜਦੋਂ ਪੌਲੁਸ ਨੂੰ ਅੰਦਰ ਬੁਲਾਇਆ ਗਿਆ, ਤਰਤੁੱਲੁਸ ਨੇ ਪੌਲੁਸ ਦੇ ਵਿਰੁੱਧ ਇਲਜਾਮ ਦੱਸਣੇ ਸ਼ੁਰੂ ਕੀਤੇ।

ਤਰਤੁੱਲੁਸ ਨੇ ਕਿਹਾ, “ਹੇ ਫ਼ੇਲਿਕਸ ਬਹਾਦੁਰ। ਅਸੀਂ ਤੇ ਸਾਡੇ ਲੋਕ ਤੁਹਾਡੇ ਕਾਰਣ ਬੜੀ ਸ਼ਾਂਤੀ ਭੋਗਦੇ ਹਾਂ ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਲਤ ਕੰਮ ਤੁਹਾਡੀ ਸਿਆਣਪ ਦੇ ਕਦਮਾਂ ਕਰਕੇ ਠੀਕ ਕੀਤੇ ਜਾਂਦੇ ਹਨ। ਹਰ ਜਗ਼੍ਹਾ ਅਤੇ ਹਰ ਵੇਲੇ ਅਸੀਂ ਇਹ ਗੱਲਾਂ ਵੱਡੀ ਸ਼ੁਕਰਗੁਜ਼ਾਰੀ ਨਾਲ ਲੈਂਦੇ ਹਾਂ। ਪਰ ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ਼ ਕੁਝ ਸ਼ਬਦ ਕਹਾਂਗਾ, ਕਿਰਪਾ ਕਰਕੇ ਸਹਿਜਤਾ ਨਾਲ ਸੁਣੋ। ਇਹ ਆਦਮੀ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿੱਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ। 6-8 ਇਹ ਮੰਦਰ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਇਸ ਨੂੰ ਗਿਰਫ਼ਤਾਰ ਕਰ ਲਿਆ।” [a] ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ ਉਹ ਸੱਚ ਸਨ।

ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ

10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।

14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।

17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”

22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।” 23 ਫ਼ਿਰ ਉਸ ਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸ ਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।

ਪੌਲੁਸ ਦੀ ਫ਼ੇਲਿਕੁਸ ਅਤੇ ਉਸਦੀ ਪਤਨੀ ਨਾਲ ਗੱਲ-ਬਾਤ

24 ਕੁਝ ਦਿਨਾਂ ਬਾਅਦ, ਫ਼ੇਲਿਕੁਸ ਆਪਣੀ ਪਤਨੀ, ਦਰੂਸਿੱਲਾ, ਨਾਲ ਖੁਦ ਆਇਆ, ਜੋ ਕਿ ਯਹੂਦਣ ਸੀ। ਅਤੇ ਉਸ ਨੇ ਪੌਲੁਸ ਨੂੰ ਬੁਲਾਵਾ ਭੇਜਿਆ ਅਤੇ ਉਸ ਕੋਲੋਂ ਮਸੀਹ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਬਾਰੇ ਸੁਣਿਆ। 25 ਪਰ ਫ਼ੇਲਿਕੁਸ ਘਬਰਾ ਗਿਆ ਜਦੋਂ ਪੌਲੁਸ ਨੇ ਧਰਮੀ ਜੀਵਨ ਅਤੇ ਸੰਜਮ ਅਤੇ ਭਵਿੱਖ ਵਿੱਚ ਹੋਣ ਵਾਲੇ ਨਿਆਂ ਬਾਰੇ ਦੱਸਿਆ। ਤਾਂ ਫ਼ੇਲਿਕੁਸ ਨੇ ਕਿਹਾ, “ਹੁਣ ਤੂੰ ਜਾ। ਫ਼ਿਰ ਜਦੋਂ ਮੇਰੇ ਪਾਸ ਖੁਲ੍ਹਾ ਵਕਤ ਹੋਵੇਗਾ ਮੈਂ ਤੈਨੂੰ ਬੁਲਾਵਾਂਗਾ।” 26 ਪਰ ਫ਼ੇਲਿਕੁਸ ਦਾ ਉਸ ਨਾਲ ਗੱਲ-ਬਾਤ ਕਰਨ ਦਾ ਕਾਰਣ ਕੁਝ ਹੋਰ ਸੀ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪੌਲੁਸ ਕੁਝ ਰਿਸ਼ਵਤ ਦੇਵੇਗਾ ਇਸੇ ਕਰਕੇ ਉਸ ਨੇ ਉਸ ਨੂੰ ਬਹੁਤ ਵਾਰ ਬੁਲਾਇਆ ਅਤੇ ਉਸ ਨਾਲ ਗੱਲ-ਬਾਤ ਕੀਤੀ।

27 ਪਰ ਦੋ ਸਾਲ ਬਾਅਦ ਪੁਰਕਿਯੁਸ ਫ਼ੇਸਤੁਸ ਫ਼ੇਲਿਕੁਸ ਦੀ ਥਾਂ ਹਾਕਮ ਬਣ ਗਿਆ। ਇਸ ਲਈ ਹੁਣ ਫ਼ੇਲਿਕੁਸ ਹਾਕਮ ਨਾ ਰਿਹਾ। ਫ਼ੇਲਿਕੁਸ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਯਹੂਦੀਆਂ ਨੂੰ ਪ੍ਰਸੰਨ ਕਰੇ। ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਹੀ ਰਹਿਣ ਦਿੱਤਾ।

Punjabi Bible: Easy-to-Read Version (ERV-PA)

2010 by World Bible Translation Center