Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 4-6

ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।

ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ!
    ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ!
    ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!

ਹੇ ਆਦਮੀਓ, ਕਿੰਨਾ ਕੁ ਚਿਰ ਤੁਸੀਂ ਮੇਰੇ ਬਾਰੇ ਮੰਦਾ ਬੋਲੋਂਗੇ?
    ਤੁਸੀਂ ਮੇਰੇ ਬਾਰੇ ਦੱਸਣ ਲਈ ਨਵੇਂ-ਨਵੇਂ ਝੂਠਾਂ ਨੂੰ ਲੱਭਦੇ ਹੋਂ।
    ਤੁਹਾਨੂੰ ਉਨ੍ਹਾਂ ਝੂਠਾਂ ਨੂੰ ਦੱਸਣਾ ਪਿਆਰਾ ਲਗਦਾ ਹੈ। ਸਲਹ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ।
    ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।

ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ।
ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।
    ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
ਯਹੋਵਾਹ ਵਿੱਚ ਯਕੀਨ ਰੱਖੋ
    ਅਤੇ ਧਰਮੀ ਗੱਲਾਂ ਕਰੋ।

ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ?
    ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
ਯਹੋਵਾਹ ਤੂੰ ਮੈਨੂੰ ਬਹੁਤ ਖੁਸ਼ ਕੀਤਾ ਹੈ!
    ਮੈਂ ਹੁਣ ਉਨ੍ਹਾਂ ਦਿਨਾਂ ਨਾਲੋਂ ਵੱਧੇਰੇ ਖੁਸ਼ ਹਾਂ ਜਦੋਂ ਅਸੀਂ ਵਾਢੀ ਕਰਦੇ ਹਾਂ।
ਉਹ ਦਿਨ ਜਦੋਂ ਅਸੀਂ ਜਸ਼ਨ ਮਨਾਉਂਦੇ ਹਾਂ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਕੋਲ ਵੱਧੇਰੇ ਅਨਾਜ ਤੇ ਵੱਧੇਰੇ ਦਾਖਰਸ ਹੁੰਦਾ ਹੈ।
ਮੈਂ ਸ਼ਾਂਤੀ ਨਾਲ ਸੌਁਦਾ ਹਾਂ।
    ਕਿਉਂਕਿ ਹੇ ਯਹੋਵਾਹ, ਤੂੰ ਮੈਨੂੰ ਸੁਰੱਖਿਅਤ ਰੱਖਦਾ ਹੈਂ ਜਦੋਂ ਮੈਂ ਨੀਂਦਰ ਵਿੱਚ ਹੁੰਦਾ ਹਾਂ।

ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।

ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
    ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
    ਮੇਰੀ ਪ੍ਰਾਰਥਨਾ ਨੂੰ ਸੁਣ।
ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
    ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।

ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
    ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
    ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
    ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।

ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
    ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
    ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
ਉਹ ਲੋਕ ਸੱਚ ਨਹੀਂ ਆਖਦੇ।
    ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
    ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
    ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
    ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
    ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।

ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।

ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
    ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
ਯਹੋਵਾਹ, ਮੇਰੇ ਉੱਤੇ ਦਯਾ ਕਰੋ,
    ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
    ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
    ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
    ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
    ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।

ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
    ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
    ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
    ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।

ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
    ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।

10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
    ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।

ਰਸੂਲਾਂ ਦੇ ਕਰਤੱਬ 17:16-34

ਪੌਲੁਸ ਅਥੇਨੈ ਵਿੱਚ

16 ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17 ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18 ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ।

ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।”

19 ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20 ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21 (ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।)

22 ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23 ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।

24 “ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25 ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26 ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।

27 “ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28 ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’

29 “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30 ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31 ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”

32 ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀ ਉੱਠਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।” 33 ਇਸ ਲਈ ਪੌਲੁਸ ਉੱਥੋਂ ਦੂਰ ਚੱਲਿਆ ਗਿਆ। 34 ਪਰ ਕੁਝ ਲੋਕ ਉਸ ਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਪਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।

Punjabi Bible: Easy-to-Read Version (ERV-PA)

2010 by World Bible Translation Center