Old/New Testament
34 ਫੇਰ ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
2 “ਤੁਸੀਂ ਸਿਆਣੇ ਲੋਕੋ, ਜੋ ਗੱਲਾਂ ਮੈਂ ਆਖਦਾ ਹਾਂ ਧਿਆਨ ਨਾਲ ਸੁਣੋ।
ਤੁਸੀਂ ਚਤੁਰ ਲੋਕੋ, ਮੇਰੇ ਵੱਲ ਧਿਆਨ ਦੇਵੋ।
3 ਤੁਹਾਡੀ ਜ਼ੁਬਾਨ ਉਸ ਭੋਜਨ ਦਾ ਸੁਆਦ ਚਖਦੀ ਹੈ, ਜਿਸ ਨੂੰ ਇਹ ਛੂਂਹਦੀ ਹੈ।
ਤੇ ਤੁਹਾਡਾ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦਾ ਹੈ, ਜੋ ਉਹ ਸੁਣਦਾ ਹੈ।
4 ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰੱਖੀੇ, ਤੇ ਖੁਦ ਨਿਆਂ ਕਰੀਏ ਕਿ ਕੀ ਠੀਕ ਹੈ।
ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ।
5 ਅੱਯੂਬ ਆਖਦਾ ਹੈ, ‘ਮੈਂ ਅੱਯੂਬ ਬੇਗੁਨਾਹ ਹਾਂ
ਤੇ ਪਰਮੇਸ਼ੁਰ ਮੇਰੇ ਪ੍ਰਤੀ ਅਨਿਆਂਈ ਹੈ।
6 ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ।
ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।’
7 “ਕੀ ਇੱਥੇ ਅੱਯੂਬ ਵਰਗਾ ਹੋਰ ਕੋਈ ਬੰਦਾ ਵੀ ਹੈ?
ਅੱਯੂਬ ਪਰਵਾਹ ਨਹੀਂ ਕਰਦਾ ਜੇ ਤੁਸੀਂ ਉਸ ਨੂੰ ਬੇਇੱਜ਼ਤ ਵੀ ਕਰਦੇ ਹੋ।
8 ਅੱਯੂਬ ਦੀ ਦੋਸਤੀ ਬਦ ਲੋਕਾਂ ਨਾਲ ਹੈ।
ਉਹ ਬਦ ਲੋਕਾਂ ਦੀ ਸੰਗਤ ਪਸੰਦ ਕਰਦਾ ਹੈ।
9 ਕਿਉਂ ਕਿ ਉਹ ਆਖਦਾ,
‘ਕਿਸੇ ਵਿਅਕਤੀ ਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਾਲ ਕੁਝ ਨਹੀਂ ਮਿਲਦਾ।’
10 “ਤੁਸੀਂ ਆਦਮੀ ਮੈਨੂੰ ਸਮਝ ਸੱਕਦੇ ਹੋ, ਇਸ ਲਈ ਮੈਨੂੰ ਸੁਣੋ।
ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ।
ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ।
11 ਪਰਮੇਸ਼ੁਰ ਕਿਸੇ ਬੰਦੇ ਨੂੰ ਉਨ੍ਹਾਂ ਗੱਲਾਂ ਦਾ ਮੋੜਾ ਦੇਵੇਗਾ ਜੋ ਉਸ ਨੇ ਕੀਤਾ ਹੈ।
ਪਰਮੇਸ਼ੁਰ ਲੋਕਾਂ ਨਾਲ ਗੱਲਾਂ ਨੂੰ, ਉਨ੍ਹਾਂ ਦੇ ਜਿਉਣ ਦੇ ਢੰਗ ਅਨੁਸਾਰ ਹੀ ਵਾਪਰਨ ਦਿੰਦਾ ਹੈ।
12 ਇਹ ਸੱਚ ਹੈ, ਪਰਮੇਸ਼ੁਰ ਕਦੇ ਵੀ ਗ਼ਲਤ ਨਹੀਂ ਕਰਦਾ।
ਪਰਮੇਸ਼ੁਰ ਸਰਬ ਸ਼ਕਤੀਮਾਨ ਅਨਿਆਂਈ ਨਹੀਂ ਹੋਵੇਗਾ।
13 ਕੋਈ ਬੰਦਾ ਪਰਮੇਸ਼ੁਰ ਲਈ ਇਹ ਚੋਣ ਨਹੀਂ ਕਰਦਾ ਕਿ ਉਹ ਧਰਤੀ ਦਾ ਸੰਚਾਲਕ ਹੋਵੇ।
ਕਿਸੇ ਬੰਦੇ ਨੇ ਵੀ ਪਰਮੇਸ਼ੁਰ ਨੂੰ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ।
ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ ਤੇ ਉਹ ਹਮੇਸ਼ਾ ਹੀ ਸੰਚਾਲਕ ਰਿਹਾ ਹੈ।
14 ਜੇ ਪਰਮੇਸ਼ੁਰ ਨੇ ਲੋਕਾਂ ਤੋਂ ਆਪਣੇ ਆਤਮੇ ਨੂੰ,
ਅਤੇ ਜੀਵਨ-ਪ੍ਰਾਣ ਨੂੰ ਲੈ ਲੈਣ ਦਾ ਨਿਆਂ ਕੀਤਾ ਹੁੰਦਾ,
15 ਤਾਂ ਧਰਤੀ ਦੇ ਸਾਰੇ ਲੋਕ ਮਰ ਗਏ ਹੁੰਦੇ।
ਸਾਰੇ ਲੋਕ ਫ਼ੇਰ ਤੋਂ ਧੂੜ ਬਣ ਗਏ ਹੁੰਦੇ।
16 “ਜੇ ਤੁਸੀਂ ਲੋਕ ਸਿਆਣੇ ਹੋ,
ਤਾਂ ਜੋ ਕੁਝ ਵੀ ਮੈਂ ਆਖਦਾ ਹਾਂ ਤੁਸੀਂ ਸੁਣੋਗੇ।
17 ਉਹ ਬੰਦਾ ਜਿਹੜਾ ਨਿਆਂਈ ਹੋਣ ਨੂੰ ਨਫਰਤ ਕਰਦਾ ਹੈ ਸ਼ਾਸਕ ਨਹੀਂ ਬਣ ਸੱਕਦਾ।
ਅੱਯੂਬ, ਪਰਮੇਸ਼ੁਰ ਸ਼ਕਤੀਸ਼ਾਲੀ ਤੇ ਨੇਕ ਹੈ।
ਤੇਰਾ ਕੀ ਖਿਆਲ ਹੈ ਕਿ ਤੂੰ ਉਸ ਨੂੰ ਗੁਨਾਗਾਰ ਠਹਿਰਾ ਸੱਕਦਾ?
18 ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਲੋਕ ਬੇਕਾਰ ਹੋਂ।’
ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ ‘ਤੁਸੀਂ ਬਦ ਹੋ।’
19 ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ।
ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ।
20 ਲੋਕ ਅਚਾਨਕ ਅੱਧੀ ਰਾਤ ਵੇਲੇ ਮਰ ਸੱਕਦੇ ਨੇ।
ਲੋਕ ਬਿਮਾਰ ਹੋ ਜਾਂਦੇ ਨੇ ਤੇ ਗੁਜ਼ਰ ਜਾਂਦੇ ਨੇ।
ਸ਼ਕਤੀਸ਼ਾਲੀ ਲੋਕ ਵੀ ਕਿਸੇ ਪ੍ਰਤੱਖ ਕਾਰਣ ਦੇ ਬਿਨਾ ਮਰ ਜਾਂਦੇ ਨੇ।
21 “ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ।
ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ
ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ।
23 ਕਿਉਂ ਕਿ ਆਦਮੀ ਲਈ ਪਰਮੇਸ਼ੁਰ ਕੋਲ ਉਸ ਦੇ ਵਿਰੁੱਧ ਮੁਕੱਦਮਾ ਲੈ ਕੇ ਜਾਣ ਦਾ
ਫ਼ੈਸਲਾ ਕਰਨਾ ਸਹੀ ਨਹੀਂ।
24 ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ,
ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ।
ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ
ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ।
25 ਇਸ ਲਈ ਪਰਮੇਸ਼ੁਰ ਜਾਣਦਾ ਹੈ ਲੋਕ ਕੀ ਕਰਦੇ ਨੇ।
ਇਸੇ ਲਈ ਪਰਮੇਸ਼ੁਰ ਬਦ ਲੋਕਾਂ ਨੂੰ ਰਾਤ ਵੇਲੇ ਹਰਾਵੇਗਾ, ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
26 ਪਰਮੇਸ਼ੁਰ ਬੁਰੇ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਬਦ ਕਰਨੀਆਂ ਲਈ ਦੰਡ ਦੇਵੇਗਾ।
ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਬੇ ਦੰਡ ਦੇਵੇਗਾ ਜਿੱਥੇ ਹੋਰ ਲੋਕੀ ਇਸ ਨੂੰ ਵਾਪਰਦਿਆਂ ਦੇਖ ਸੱਕਣ।
27 ਕਿਉਂ ਕਿ ਬੁਰੇ ਆਦਮੀਆਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਹੈ।
ਅਤੇ ਉਨ੍ਹਾਂ ਲੋਕਾਂ ਨੇ ਉਹ ਕਰਨ ਦੀ ਪ੍ਰਵਾਹ ਨਹੀਂ ਕੀਤੀ ਜੋ ਪਰਮੇਸ਼ੁਰ ਚਾਹੁੰਦਾ।
28 ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ,
ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ।
29 ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਆਂ ਕਰੇ
ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸੱਕਦਾ।
ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸੱਕਦਾ।
ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ।
30 ਅਤੇ ਜੇ ਕੋਈ ਹਾਕਮ ਲੋਕਾਂ ਲਈ ਪਾਪ ਦਾ ਕਾਰਣ ਬਣਦਾ ਹੈ
ਤਾਂ ਪਰਮੇਸ਼ੁਰ ਉਸ ਨੂੰ ਧਰਤੀ ਦੀ ਸੱਤਾ ਤੋਂ ਹਟਾ ਦੇਵੇਗਾ।
31 “ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ,
‘ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।
32 ਹੇ ਪਰਮੇਸ਼ੁਰ, ਜੇਕਰ ਮੈਂ ਤੈਨੂੰ ਨਹੀਂ ਵੀ ਦੇਖ ਸੱਕਦਾ, ਮੈਨੂੰ ਜੀਵਨ ਦਾ ਸਹੀ ਢੰਗ ਸਿੱਖਾ।
ਜੇ ਮੈਂ ਕੁਝ ਗ਼ਲਤ ਕੀਤਾ ਹੈ, ਮੈਂ ਇਸ ਨੂੰ ਫੇਰ ਤੋਂ ਨਹੀਂ ਕਰਾਂਗਾ।’
33 ਅੱਯੂਬ, ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਇਨਾਮ ਦੇਵੇ।
ਪਰ ਤੂੰ ਬਦਲਣ ਤੋਂ ਇਨਕਾਰ ਕਰਦਾ ਹੈਂ।
ਅੱਯੂਬ, ਇਹ ਤੇਰਾ ਨਿਆਂ ਹੈ ਮੇਰਾ ਨਹੀਂ,
ਮੈਨੂੰ ਦੱਸ ਤੂੰ ਕੀ ਸੋਚਦਾ ਹੈਂ।
34 ਸਿਆਣਾ ਆਦਮੀ ਮੈਨੂੰ ਸੁਣੇਗਾ।
ਸਿਆਣਾ ਆਦਮੀ ਆਖੇਗਾ,
35 ‘ਅੱਯੂਬ ਮੂਰਖ ਆਦਮੀ ਵਾਂਗ ਗੱਲਾਂ ਕਰਦਾ ਹੈ।
ਜੋ ਕੁਝ ਵੀ ਉਹ ਕਹਿੰਦਾ, ਉਸ ਦਾ ਕੋਈ ਅਰਬ ਨਹੀਂ ਹੁੰਦਾ।’
36 ਮੇਰਾ ਖਿਆਲ ਹੈ, ਜਿੰਨਾ ਹੋ ਸੱਕੇ ਅੱਯੂਬ ਦੀ ਪਰੀਖਿਆ ਲਿੱਤੀ ਜਾਣੀ ਚਾਹੀਦੀ ਹੈ।
ਕਿਉਂਕਿ ਅੱਯੂਬ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਬੁਰਾ ਆਦਮੀ ਜਵਾਬ ਦਿੰਦਾ ਹੈ।
37 ਅੱਯੂਬ ਆਪਣੇ ਹੋਰਨਾਂ ਪਾਪਾਂ ਵਿੱਚ ਵਿਦਰੋਹ ਨੂੰ ਵੀ ਸ਼ਾਮਿਲ ਕਰ ਰਿਹਾ ਹੈ।
ਉਹ ਸਾਡੇ ਸਾਹਮਣੇ ਬੈਠਾ ਹੋਇਆ ਹੈ ਅਤੇ ਸਾਡੀ ਬੇਇੱਜ਼ਤੀ ਕਰ ਰਿਹਾ ਅਤੇ ਪਰਮੇਸ਼ੁਰ ਦੇ ਖਿਲਾਫ਼ ਅਨੇਕਾਂ ਇਲਜਾਮ ਲਗਾ ਰਿਹਾ ਹੈ।”
35 ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
2 “ਅੱਯੂਬ, ਕੀ ਤੂੰ ਸੋਚਦਾ ਤੇਰੇ ਕੋਲ ਮੁਕੱਦਮਾ ਹੈ ਜਦੋਂ ਤੂੰ ਆਖਦਾ ਹੈਂ
‘ਮੈਂ ਪਰਮੇਸ਼ੁਰ ਨਾਲੋਂ ਵੱਧੇਰੇ ਧਰਮੀ ਹਾਂ।’
3 ਅਤੇ ਅੱਯੂਬ ਪੁੱਛਦਾ ਹੈਂ ਤੂੰ ਪਰਮੇਸ਼ੁਰ ਕੋਲੋਂ,
‘ਕੀ ਲਾਭ ਹੁੰਦਾ ਇੱਕ ਬੰਦੇ ਨੂੰ ਜੇ ਉਹ ਕੋਸ਼ਿਸ਼ ਕਰਦਾ ਹੈ ਪਰਮੇਸ਼ੁਰ ਨੂੰ ਖੁਸ਼ ਕਰਨ ਦੀ?
ਕੀ ਮੇਰੇ ਨਾਲ ਕੁਝ ਚੰਗਾ ਵਾਪਰੇਗਾ ਜੇਕਰ ਮੈਂ ਪਾਪ ਨਾ ਕਰਾਂ?’
4 “ਅੱਯੂਬ, ਮੈਂ (ਅਲੀਹੂ) ਤੈਨੂੰ ਅਤੇ ਤੇਰੇ ਦੋਸਤਾਂ ਨੂੰ, ਜੋ ਇੱਥੇ ਤੇਰੇ ਨਾਲ ਹਨ, ਉੱਤਰ ਦੇਣਾ ਚਾਹੁੰਦਾ ਹਾਂ।
5 ਅੱਯੂਬ ਆਕਾਸ਼ ਵੱਲ ਦੇਖ।
ਬਦਲਾਂ ਵੱਲ ਦੇਖ ਜਿਹੜੇ ਤੇਰੇ ਨਾਲੋਂ ਉਚੇਰੇ ਨੇ।
6 ਅੱਯੂਬ, ਜੇ ਤੂੰ ਪਾਪ ਕਰਦਾ ਹੈਂ, ਇਸ ਦੁਆਰਾ ਪਰਮੇਸ਼ੁਰ ਨੂੰ ਕੋਈ ਸੱਟ ਨਹੀਂ ਲੱਗਦੀ।
ਭਾਵੇਂ ਜੇਕਰ ਤੇਰੇ ਪਾਪ ਬਹੁਤ ਸਾਰੇ ਹੋਣ, ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ।
7 ਅਤੇ ਅੱਯੂਬ, ਜੇ ਤੂੰ ਚੰਗਾ ਹੈਂ ਤਾਂ ਇਸ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ,
ਪਰਮੇਸ਼ੁਰ ਨੂੰ ਤੇਰੇ ਪਾਸੋਂ ਕੁਝ ਵੀ ਨਹੀਂ ਮਿਲਦਾ।
8 ਅਯੂਬ ਜਿਹੜੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਤੂੰ ਕਰਦਾ ਹੈਂ ਸਿਰਫ ਤੇਰੇ ਵਰਗੇ ਲੋਕਾਂ ਉੱਤੇ ਹੀ ਅਸਰ ਪਾਉਂਦੀਆਂ ਨੇ।
ਉਨ੍ਹਾਂ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਜਾਂ ਦੁੱਖ ਨਹੀਂ ਹੁੰਦਾ।
9 “ਜੇਕਰ ਬੁਰੇ ਲੋਕ ਸਤਾਏ ਜਾਂਦੇ ਹਨ ਤਾਂ ਉਹ ਸਹਾਇਤਾ ਲਈ ਪੁਕਾਰਦੇ ਹਨ,
ਉਹ ਮਜ਼ਬੂਤ ਲੋਕਾਂ ਦੇ ਹੱਥੋਂ ਬਚਾਏ ਜਾਣ ਦੀ ਮੰਗ ਕਰਦੇ ਹਨ।
10 ਕੋਈ ਨਹੀਂ ਆਖਦਾ, ‘ਉਹ ਪਰਮੇਸ਼ੁਰ ਕਿੱਥੋ ਹੈ ਜਿਸਨੇ ਮੈਨੂੰ ਸਾਜਿਆ?
ਜਦੋਂ ਉਹ ਸਾਰੀ ਰਾਤ ਗੀਤ ਗਾ ਰਿਹਾ ਹੁੰਦਾ ਹੈ।
11 ਪਰਮੇਸ਼ੁਰ ਸਾਨੂੰ ਪੰਛੀਆਂ ਅਤੇ ਜਾਨਵਰਾਂ ਨਾਲੋਂ ਸਿਆਣਾ ਬਣਾਉਂਦਾ ਹੈ।
ਇਸ ਲਈ ਉਹ ਕਿੱਥੋ ਹੈ।’
12 “ਜਾਂ ਜੇ ਉਹ ਬੁਰੇ ਆਦਮੀ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਨੇ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦਾ।
ਕਿਉਂ ਕਿ ਉਹ ਬੁਰੇ ਆਦਮੀ ਬਹੁਤ ਗੁਮਾਨੀ ਨੇ ਉਹ ਹਾਲੇ ਵੀ ਸੋਚਦੇ ਨੇ ਕਿ ਉਹ ਬਹੁਤ ਮਹੱਤਵਪੂਰਣ ਹਨ।
13 ਇਹ ਸੱਚ ਹੈ। ਪਰਮੇਸ਼ੁਰ ਉਨ੍ਹਾਂ ਦੀਆਂ ਬੇਕਾਰ ਅਰਜੋਈਆਂ ਨੂੰ ਨਹੀਂ ਸੁਣੇਗਾ।
ਸਰਬ-ਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਵੱਲ ਧਿਆਨ ਨਹੀਂ ਦੇਵੇਗਾ।
14 ਇਸ ਲਈ ਅੱਯੂਬ, ਪਰਮੇਸ਼ੁਰ ਤੈਨੂੰ ਨਹੀਂ ਸੁਣੇਗਾ
ਜਦੋਂ ਤੂੰ ਆਖੇਂਗਾ ਕਿ ਤੂੰ ਉਸ ਨੂੰ ਨਹੀਂ ਦੇਖਦਾ।
ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਮਿਲਣ
ਅਤੇ ਸਾਬਤ ਕਰਨ ਲਈ ਆਪਣੇ ਮੌਕੇ ਦੀ ਤਲਾਸ਼ ਕਰ ਰਿਹਾ ਹੈਂ ਕਿ ਤੂੰ ਬੇਗੁਨਾਹ ਹੈਂ।
15 “ਅੱਯੂਬ ਸੋਚਦਾ ਹੈ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਦੰਡ ਨਹੀਂ ਦਿੰਦਾ।
ਉਹ ਸੋਚਦਾ ਹੈ ਕਿ ਪਰਮੇਸ਼ੁਰ ਪਾਪ ਵੱਲ ਕੁਝ ਵੀ ਧਿਆਨ ਨਹੀਂ ਦਿੰਦਾ।
16 ਇਹੀ ਕਾਰਣ ਹੈ ਕਿ ਅੱਯੂਬ ਆਪਣੀ ਬੇਕਾਰ ਗੱਲ ਜਾਰੀ ਰੱਖਦਾ।
ਉਹ ਇੰਝ ਵਿਹਾਰ ਕਰਦਾ ਜਿਵੇਂ ਕਿ ਉਹ ਮਹੱਤਵਪੂਰਣ ਹੋਵੇ।
ਇਹ ਵੇਖਣਾ ਆਸਾਨ ਹੈ ਕਿ ਅੱਯੂਬ ਇਹ ਵੀ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ?”
ਯਰੂਸ਼ਲਮ ਵਿੱਚ ਸਭਾ
15 ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸੱਕੋਂਗੇ।” 2 ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿੜ੍ਹਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ।
3 ਕਲੀਸਿਯਾ ਨੇ ਇਨ੍ਹਾਂ ਆਦਮੀਆਂ ਦੀ ਉਨ੍ਹਾਂ ਦੀ ਯਾਤਰਾ ਲਈ ਮਦਦ ਕੀਤੀ। ਫ਼ੇਰ ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਰਾਹੀਂ ਯਾਤਰਾ ਕੀਤੀ। ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਗੈਰ-ਯਹੂਦੀ ਲੋਕ ਸੱਚੇ ਪਰਮੇਸ਼ੁਰ ਵੱਲ ਪਰਤੇ ਹਨ। ਇਹ ਸੁਣਕੇ ਸਾਰੇ ਭਰਾ ਬਹੁਤ ਖੁਸ਼ ਹੋਏ। 4 ਫ਼ਿਰ ਪੌਲੁਸ, ਬਰਨਬਾਸ ਅਤੇ ਹੋਰ ਦੂਜੇ ਲੋਕ ਵੀ ਯਰੂਸ਼ਲਮ ਵਿੱਚ ਪਹੁੰਚੇ। ਰਸੂਲਾਂ, ਬਜ਼ੁਰਗਾਂ ਅਤੇ ਸਾਰੇ ਨਿਹਚਾਵਾਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਹ ਸਭ ਗੱਲਾਂ ਕਹੀਆਂ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। 5 ਯਰੂਸ਼ਲਮ ਵਿੱਚ ਕੁਝ ਨਿਹਚਾਵਾਨਾਂ ਨੇ, ਜੋ ਫ਼ਰੀਸੀ ਪੰਥ ਵਿੱਚੋਂ ਸਨ ਖੜੋ ਕੇ ਕਿਹਾ, “ਗੈਰ-ਯਹੂਦੀ ਨਿਹਚਾਵਾਨਾਂ ਦੀ ਸੁੰਨਤ ਅੱਤ ਜ਼ਰੂਰੀ ਹੈ। ਸਾਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕਰਨੀ ਚਾਹੀਦੀ ਹੈ।”
6 ਉਸਤੋਂ ਬਾਅਦ ਰਸੂਲ ਅਤੇ ਬਜ਼ੁਰਗ ਇਸ ਸਮੱਸਿਆ ਬਾਰੇ ਸੋਚਣ ਲਈ ਇੱਕਤਰ ਹੋਏ। 7 ਕਾਫ਼ੀ ਦੇਰ ਬਹਿਸ ਵੀ ਹੋਈ ਤਾਂ ਫ਼ਿਰ ਪਤਰਸ ਵਿੱਚੋਂ ਉੱਠਿਆ ਅਤੇ ਉਨ੍ਹਾਂ ਨੂੰ ਕਿਹਾ, “ਮੇਰੇ ਭਰਾਵੋ, ਤੁਹਾਨੂੰ ਮੁਢ ਤੋਂ ਹੀ ਪਤਾ ਹੈ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਤਾਂ ਜੋ ਪਰਾਈਆਂ ਕੌਮਾਂ ਮੇਰੇ ਮੂੰਹੋਂ ਖੁਸ਼ਖਬਰੀ ਨੂੰ ਸੁਣ ਸੱਕਣ ਅਤੇ ਨਿਹਚਾ ਕਰਨ। 8 ਪਰਮੇਸ਼ੁਰ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤਾਂ ਹੀ ਉਸ ਨੇ ਗੈਰ ਯਹੂਦੀਆਂ ਨੂੰ ਸਵੀਕਾਰ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇਕੇ ਜਿਵੇਂ ਕਿ ਉਸ ਨੇ ਸਾਨੂੰ ਦਿੱਤਾ ਸੀ ਦੇਕੇ ਸਾਨੂੰ ਇਹ ਸਾਬਿਤ ਕੀਤਾ। 9 ਪਰਮੇਸ਼ੁਰ ਲਈ ਉਨ੍ਹਾਂ ਲੋਕਾਂ ਅਤੇ ਸਾਡੇ ਵਿੱਚ ਕੋਈ ਫ਼ਰਕ ਨਹੀਂ। ਜਦੋਂ ਉਨ੍ਹਾਂ ਨੇ ਉਸਤੇ ਵਿਸ਼ਵਾਸ ਕੀਤਾ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੇ ਮਨ ਸ਼ੁੱਧ ਕਰ ਦਿੱਤੇ। 10 ਫ਼ੇਰ ਤੁਸੀਂ ਉਨ੍ਹਾਂ ਦੀਆਂ ਧੌਣਾਂ ਤੇ ਭਾਰੀ ਬੋਝ ਕਿਉਂ ਪਾ ਰਹੇ ਹੋ। ਕੀ ਤੁਸੀਂ ਪਰਮੇਸ਼ੁਰ ਨੂੰ ਕ੍ਰੋਧਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਅਸੀਂ ਅਤੇ ਸਾਡੇ ਪਿਉ-ਦਾਦੇ ਇੰਨੇ ਸਮਰਥ ਨਹੀਂ ਸੀ ਕਿ ਇਹ ਬੋਝ ਢੋਅ ਸੱਕਦੇ। 11 ਨਹੀਂ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅਤੇ ਇਹ ਲੋਕ ਪ੍ਰਭੂ ਯਿਸੂ ਦੀ ਕਿਰਪਾ ਰਾਹੀਂ ਬਚਾਏ ਜਾਵਾਂਗੇ।”
12 ਤਦ ਸਾਰੀ ਮੰਡਲੀ ਚੁੱਪ ਹੋ ਗਈ। ਉਨ੍ਹਾਂ ਨੇ ਪੌਲੁਸ ਅਤੇ ਬਰਨਬਾਸ ਨੂੰ ਚਮਤਕਾਰੀ ਨਿਸ਼ਾਨਾਂ ਬਾਰੇ ਬੋਲਦਿਆਂ ਸੁਣਿਆ। ਅਤੇ ਉਨ੍ਹਾਂ ਅਚੰਭਿਆਂ ਨੂੰ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਗੈਰ-ਯਹੂਦੀਆਂ ਵਿੱਚ ਕਰਵਾਏ। 13 ਜਦੋਂ ਪੌਲੁਸ ਅਤੇ ਬਰਨਬਾਸ ਬੋਲ ਹਟੇ ਤਾਂ ਯਾਕੂਬ ਅੱਗੋ ਕਹਿਣ ਲੱਗਾ, “ਮੇਰੇ ਭਰਾਵੋ। ਮੇਰੀ ਗੱਲ ਸੁਣੋ। 14 ਸ਼ਮਊਨ ਨੇ ਸਾਨੂੰ ਦੱਸਿਆ ਹੈ ਕਿਵੇਂ ਪਰਮੇਸ਼ੁਰ ਨੇ ਗੈਰ-ਯਹੂਦੀਆਂ ਨੂੰ ਪ੍ਰਵਾਨ ਕਰਕੇ ਅਤੇ ਉਨ੍ਹਾਂ ਨੂੰ ਆਪਣੇ ਲੋਕ ਬਣਾਕੇ ਆਪਣਾ ਪਿਆਰ ਦਰਸ਼ਾਇਆ। 15 ਨਬੀਆਂ ਦੇ ਬਚਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ:
16 ‘ਇਸਤੋਂ ਬਾਅਦ ਮੈਂ ਮੁੜ ਆਵਾਂਗਾ
ਅਤੇ ਫ਼ੇਰ ਦਾਊਦ ਦੇ ਡਿੱਗੇ-ਢਠੇ
ਘਰ ਨੂੰ ਉਸਾਰਾਂਗਾ।
ਮੈਂ ਉਸ ਦੇ ਘਰ ਦੇ ਮਲ੍ਹਬੇ ਨੂੰ ਮੁੜ ਤੋਂ ਉਸਾਰਾਂਗਾ।
ਮੈਂ ਮੁੜ ਉਸਦਾ ਘਰ ਨਵਾਂ ਬਣਾਵਾਂਗਾ।
17 ਫ਼ਿਰ ਹੋਰ ਸਾਰੇ ਲੋਕਾਂ ਪ੍ਰਭੂ ਪਰਮੇਸ਼ੁਰ ਵੱਲ ਵੇਖਣਗੇ।
ਹੋਰਨਾ ਪਰਾਈਆਂ ਕੌਮਾਂ ਦੇ ਲੋਕ ਵੀ ਮੇਰੇ ਨਾਲ ਸੰਬੰਧਿਤ ਹਨ।
ਪ੍ਰਭੂ ਜੋ ਇਹ ਸਭ ਗੱਲਾਂ ਕਰਦਾ ਹੈ,
ਇਹ ਆਖਦਾ ਹੈ।’ (A)
18 ‘ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’
19 “ਇਸ ਲਈ, ਮੇਰਾ ਖਿਆਲ ਹੈ ਕਿ ਤੁਹਾਨੂੰ ਗੈਰ-ਯਹੂਦੀ ਭਰਾਵਾਂ ਨੂੰ ਨਹੀਂ ਸਤਾਉਣਾ ਚਾਹੀਦਾ, ਜੋ ਪਰਮੇਸ਼ੁਰ ਵੱਲ ਮੁੜ ਪਏ ਹਨ। 20 ਸਗੋਂ ਸਾਨੂੰ ਉਨ੍ਹਾਂ ਦੇ ਨਾਂ ਇੱਕ ਪੱਤਰ ਲਿਖਣਾ ਚਾਹੀਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ:
ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ, (ਇਹ ਭੋਜਨ ਨੂੰ ਅਸ਼ੁੱਧ ਕਰਦਾ ਹੈ।)
ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।
ਲਹੂ ਨਾ ਖਾਓ। ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।
21 ਉਨ੍ਹਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਸ਼ਹਿਰ ਵਿੱਚ ਕੁਝ ਯਹੂਦੀ ਹਨ ਜਿਹੜੇ ਮੂਸਾ ਦੀ ਸ਼ਰ੍ਹਾ ਦਾ ਪ੍ਰਚਾਰ ਕਰਦੇ ਹਨ। ਮੂਸਾ ਦੀ ਸ਼ਰ੍ਹਾ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾ ਵਿੱਚ ਬਹੁਤ ਵਰ੍ਹਿਆਂ ਤੋਂ ਪੜ੍ਹੀ ਜਾਂਦੀ ਹੈ।”
2010 by World Bible Translation Center