Old/New Testament
ਦਾਊਦ ਦਾ ਇੱਕ ਗੀਤ।
23 ਯਹੋਵਾਹ ਮੇਰਾ ਆਜੜੀ ਹੈ,
ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
ਦਾਊਦ ਦਾ ਇੱਕ ਗੀਤ।
24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
2 ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
8 ਉਹ ਤੇਜਸਵੀ ਰਾਜਾ ਕੌਣ ਹੈ?
ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
ਉਹ ਮਹਿਮਾਮਈ ਰਾਜਾ ਹੈ।
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
11 ਹੇ ਯਹੋਵਾਹ, ਮੈਂ ਬਹੁਤ ਸਾਰੀਆਂ ਗਲਤ ਗੱਲਾਂ ਕੀਤੀਆਂ ਹਨ।
ਪਰ ਤੁਸੀਂ ਆਪਣੀ ਚੰਗਿਆਈ ਦਰਸਾਉਂਦਿਆਂ ਮੈਨੂੰ ਉਹ ਸਭ ਕੁਝ ਮੁਆਫ਼ ਕਰ ਦਿੱਤਾ ਜੋ ਮੈਂ ਕੀਤਾ ਸੀ।
12 ਜੇ ਕੋਈ ਵੀ ਵਿਅਕਤੀ ਯਹੋਵਾਹ ਦੇ ਮਾਰਗ ਉੱਤੇ ਚੱਲਣ ਦੀ ਚੋਣ ਕਰਦਾ ਹੈ।
ਯਹੋਵਾਹ ਉਸ ਆਦਮੀ ਨੂੰ ਜਿਉਣ ਦਾ ਸਭ ਤੋਂ ਚੰਗਾ ਰਸਤਾ ਦਿਖਾਵੇਗਾ।
13 ਉਹ ਚੰਗੀਆਂ ਚੀਜ਼ਾਂ ਦਾ ਆਨੰਦ ਮਾਣੇਗਾ
ਅਤੇ ਉਸ ਦੇ ਬੱਚੇ ਵੀ ਉਸ ਧਰਤੀ ਦੇ ਮਾਲਕ ਰਹਿਣਗੇ, ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।
14 ਯਹੋਵਾਹ ਆਪਣੇ ਭੇਤ ਆਪਣੇ ਚੇਲਿਆਂ ਨੂੰ ਦੱਸਦਾ ਹੈ।
ਉਹ ਉਨ੍ਹਾਂ ਨੂੰ ਆਪਣੇ ਕਰਾਰ ਦੀ ਸਿੱਖਿਆ ਦਿੰਦਾ ਹੈ।
15 ਮੈਂ ਸਦਾ ਯਹੋਵਾਹ ਦੀ ਓਟ ਤੱਕਦਾ ਹਾਂ।
ਉਹ ਮੈਨੂੰ ਆਪਣੀਆਂ ਮੁਸੀਬਤਾਂ ਤੋਂ ਸਦਾ ਮੁਕਤ ਕਰਦਾ ਹੈ।
16 ਯਹੋਵਾਹ, ਮੈਂ ਦੁੱਖੀ ਤੇ ਇੱਕਲਾ ਹਾਂ।
ਆਪਣਾ ਮੁੱਖ ਮੇਰੇ ਵੱਲ ਫ਼ੇਰੋ ਅਤੇ ਮੈਨੂੰ ਆਪਣੀ ਮਿਹਰ ਵਿਖਾਉ।
17 ਮੈਨੂੰ ਮੇਰੀਆਂ ਮੁਸੀਬਤਾਂ ਤੋਂ ਮੁਕਤ ਕਰੋ।
ਮੈਨੂੰ ਆਪਣੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮੇਰੀ ਮਦਦ ਕਰੋ।
18 ਹੇ ਯਹੋਵਾਹ, ਇੱਕ ਵਾਰ ਮੇਰੀ ਆਜ਼ਮਾਇਸ਼ ਅਤੇ ਕਸ਼ਟਾਂ ਵੱਲ ਵੇਖ।
ਉਹ ਸਾਰੇ ਪਾਪ ਮੁਆਫ਼ ਕਰ ਦਿਉ ਜੋ ਮੇਰੇ ਕੋਲੋਂ ਹੋਏ ਹਨ।
19 ਮੇਰੇ ਸਾਰੇ ਦੁਸ਼ਮਣਾਂ ਵੱਲ ਵੇਖ,
ਉਹ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਕਰਦੇ ਹਨ ਕਿ ਉਹ ਮੈਨੂੰ ਸੱਟਾਂ ਮਾਰਨਾ ਚਾਹੁੰਦੇ ਹਨ।
20 ਹੇ ਪਰਮੇਸ਼ੁਰ, ਮੇਰੀ ਰੱਖਿਆ ਕਰੋ ਅਤੇ ਮੈਨੂੰ ਬਚਾਉ।
ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ, ਇਸ ਲਈ ਮੈਨੂੰ ਨਿਰਾਸ਼ ਨਾ ਕਰੋ।
21 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਸ਼ੁਭ ਹੋ।
ਮੈਨੂੰ ਤੁਹਾਡੇ ਉੱਤੇ ਭਰੋਸਾ ਹੈ, ਇਸ ਲਈ ਮੇਰੀ ਰੱਖਿਆ ਕਰੋ।
22 ਯਹੋਵਾਹ, ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੇ ਸਮੂਹ ਦੁਸ਼ਮਣਾਂ ਪਾਸੋਂ ਬਚਾਉ।
18 ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ। ਸਾਰੇ ਵਡੇਰੇ (ਕਲੀਸਿਯਾ ਦੇ ਆਗੂ) ਉੱਥੇ ਹੀ ਸਨ। 19 ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਸਭ ਕੁਝ ਤਫ਼ਸੀਲ ਵਿੱਚ ਦੱਸਿਆ, ਜੋ ਪਰਮੇਸ਼ੁਰ ਨੇ ਉਸਦੀ ਸੇਵਾ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤਾ ਸੀ।
20 ਜਦੋ ਆਗੂਆਂ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੇ ਪੌਲੁਸ ਨੂੰ ਕਿਹਾ, “ਭਰਾ ਤੂੰ ਵੇਖ ਸੱਕਦਾ ਹੈਂ ਕਿ ਹਜ਼ਾਰਾਂ ਹੀ ਯਹੂਦੀ ਨਿਹਚਾਵਾਨ ਬਣ ਚੁੱਕੇ ਹਨ। ਪਰ ਉਹ ਸੋਚਦੇ ਹਨ ਕਿ ਮੂਸਾ ਦੇ ਨੇਮਾਂ ਨੂੰ ਮੰਨਣਾ ਮਹੱਤਵਪੂਰਣ ਹੈ। 21 ਇਨ੍ਹਾਂ ਯਹੂਦੀਆਂ ਨੇ ਤੁਹਾਡੇ ਉਪਦੇਸ਼ ਸੁਣੇ ਹਨ ਅਤੇ ਇਹ ਵੀ ਸੁਣਿਆ ਹੈ ਕਿ ਤੁਸੀਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਯਹੂਦੀਆਂ ਨੂੰ ਮੂਸਾ ਦੀ ਸ਼ਰ੍ਹਾ ਨੂੰ ਤਿਆਗਣ ਅਤੇ ਆਪਣੇ ਬੱਚਿਆਂ ਨੂੰ ਸੁੰਨਤ ਨਾ ਕਰਾਉਣ ਦਾ ਉਪਦੇਸ਼ ਦਿੰਦੇ ਹੋ।
22 “ਸੋ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਯਹੂਦੀ ਨਿਹਚਾਵਾਨ ਜ਼ਰੂਰ ਸੁਣ ਲੈਣਗੇ ਕਿ ਤੂੰ ਆਇਆ ਹੈਂ। 23 ਸੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ? ਸਾਡੇ ਕੋਲ ਆਦਮੀ ਹਨ ਜਿਨ੍ਹਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕੀਤਾ ਹੈ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।
25 “ਅਸੀਂ ਪਹਿਲਾਂ ਹੀ ਉਨ੍ਹਾਂ ਗੈਰ-ਯਹੂਦੀਆਂ ਨੂੰ ਪੱਤਰ ਭੇਜ ਦਿੱਤਾ ਹੈ ਜਿਹੜੇ ਕਿ ਨਿਹਚਾਵਾਨ ਬਣ ਗਏ ਹਨ। ਉਸ ਪੱਤਰ ਵਿੱਚ ਲਿਖਿਆ ਹੈ;
‘ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ,
ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।
ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।’”
ਪੌਲੁਸ ਕੈਦ ਹੋ ਗਿਆ
26 ਅਗਲੇ ਦਿਨ, ਪੌਲੁਸ ਨੇ ਆਪਣੇ ਨਾਲ ਉਨ੍ਹਾਂ ਚਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਦੇ ਨਾਲ ਸ਼ੁੱਧਤਾ ਦੀ ਰੀਤ ਨਿਭਾਈ। ਫ਼ਿਰ ਉਹ ਮੰਦਰ ਦੇ ਇਲਾਕੇ ਵਿੱਚ ਗਿਆ ਅਤੇ ਐਲਾਨ ਕੀਤਾ ਕਿ ਸ਼ੁੱਧਤਾ ਦੀ ਰੀਤ ਦੇ ਦਿਨ ਪੂਰੇ ਕਦੋਂ ਹੋਣਗੇ ਅਤੇ ਕਦੋਂ ਉਨ੍ਹਾਂ ਵਿੱਚੋਂ ਹਰੇਕ ਲਈ ਭੇਂਟ ਦਿੱਤੀ ਜਾਵੇਗੀ।
27 ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। 28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।” 29 (ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।)
30 ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ। 31 ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ। 32 ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।
33 ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ?” 34 ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ। 35 ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ। 36 ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।”
37 ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?”
ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ? 38 ਤਾਂ ਫ਼ਿਰ ਤੂੰ ਉਹ ਆਦਮੀ ਨਹੀਂ ਜੋ ਮੈਂ ਸੋਚਿਆ ਸੀ ਕਿ ਤੂੰ ਹੈ। ਮੈਂ ਸੋਚਿਆ ਤੂੰ ਉਹ ਮਿਸਰੀ ਸੀ ਜਿਸਨੇ ਹਾਲ ਵਿੱਚ ਹੀ ਸਰਕਾਰ ਦੇ ਵਿਰੁੱਧ ਇੱਕ ਵਿਦ੍ਰੋਹ ਸ਼ੁਰੂ ਕੀਤਾ ਸੀ ਅਤੇ ਚਾਰ ਹਜ਼ਾਰ ਖੂਨੀਆਂ ਨੂੰ ਉਜਾੜ ਵੱਲ ਲੈ ਗਿਆ ਸੀ।”
39 ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।”
40 ਉਸ ਨੇ ਪੌਲੁਸ ਨੂੰ ਬੋਲਣ ਦੀ ਪਰਵਾਨਗੀ ਦੇ ਦਿੱਤੀ। ਤਾਂ ਪੌਲੁਸ ਪੌੜੀਆਂ ਤੇ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਲੋਕ ਸ਼ਾਂਤ ਹੋ ਗਏ, ਤਾਂ ਉਹ ਉਨ੍ਹਾਂ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਿਆ।
2010 by World Bible Translation Center