Book of Common Prayer
137 ਅਸੀਂ ਬੇਬੀਲੋਨ ਦੇ ਦਰਵਾਜਿਆਂ ਦੇ ਕੰਢੇ ਬੈਠੇ ਸਾਂ
ਅਤੇ ਅਸੀਂ ਸੀਯੋਨ ਨੂੰ ਯਾਦ ਕਰਕੇ ਰੋਂਦੇ ਸਾਂ।
2 ਅਸੀਂ ਆਪਣੇ ਰਬਾਬ ਨੇੜੇ ਦੇ ਚਿਨਾਰ ਦੇ ਰੁੱਖਾਂ ਉੱਤੇ ਟੰਗ ਦਿੱਤੇ।
3 ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।
4 ਪਰ ਅਸੀਂ ਬੇਗਾਨੇ ਦੇਸ਼ ਵਿੱਚ ਯਹੋਵਾਹ
ਦੇ ਗੀਤ ਨਹੀਂ ਗਾ ਸੱਕਦੇ।
5 ਹੇ ਯਰੂਸ਼ਲਮ, ਜੇ ਮੈਂ ਕਦੇ ਤੈਨੂੰ ਭੁੱਲ ਜਾਵਾਂ।
ਮੈਨੂੰ ਆਸ ਹੈ ਕਿ ਫ਼ਿਰ ਮੈਂ ਕਦੇ ਵੀ ਨਹੀਂ ਗੁਆਚਾਂਗਾ।
6 ਹੇ ਯਰੂਸ਼ਲਮ, ਜੇ ਮੈਂ ਕਦੀ ਤੈਨੂੰ ਭੁੱਲ ਜਾਵਾਂ,
ਮੈਨੂੰ ਫ਼ੇਰ ਕਦੀ ਵੀ ਗੀਤ ਨਾ ਗਾਉਣ ਦੇਵੀ।
7 ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ
ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
8 ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ,
ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ।
ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ।
ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
9 ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੇਰੇ ਬੱਚਿਆਂ ਨੂੰ ਫ਼ੜ ਲੈਂਦਾ ਹੈ।
ਅਤੇ ਉਨ੍ਹਾਂ ਨੂੰ ਚੱਟਾਨ ਉੱਤੇ ਪਟਕਾ ਮਾਰਦਾ ਹੈ।
ਦਾਊਦ ਦਾ ਇੱਕ ਗੀਤ।
144 ਯਹੋਵਾਹ ਮੇਰੀ ਚੱਟਾਨ ਹੈ,
ਯਹੋਵਾਹ ਨੂੰ ਅਸੀਸ ਦਿਉ।
ਯਹੋਵਾਹ ਮੈਨੂੰ ਯੁੱਧ ਲਈ ਤਿਆਰ ਕਰਦਾ ਹੈ।
ਯਹੋਵਾਹ ਲੜਾਈ ਲਈ ਮੈਨੂੰ ਸਿਖਲਾਈ ਦਿੰਦਾ ਹੈ।
2 ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।
3 ਯਹੋਵਾਹ, ਲੋਕੀ ਤੁਹਾਡੇ ਲਈ ਮਹੱਤਵਪੂਰਣ ਕਿਉਂ ਹਨ?
ਤੁਸੀਂ ਸਾਡੇ ਵੱਲ ਧਿਆਨ ਵੀ ਕਿਉਂ ਦਿੰਦੇ ਹੋ?
4 ਇੱਕ ਬੰਦੇ ਦਾ ਜੀਵਨ ਹਵਾ ਦੇ ਬੁੱਲੇ ਵਰਗਾ ਹੈ।
ਇੱਕ ਬੰਦੇ ਦਾ ਜੀਵਨ ਲੰਘਦੇ ਪਰਛਾਵੇਂ ਵਰਗਾ ਹੈ।
5 ਯਹੋਵਾਹ, ਆਕਾਸ਼ ਨੂੰ ਚੀਰ ਸੁੱਟੋ ਅਤੇ ਹੇਠਾ ਆਉ।
ਪਹਾੜਾਂ ਨੂੰ ਛੂਹ ਲਵੋ ਅਤੇ ਉਨ੍ਹਾਂ ਵਿੱਚੋਂ ਧੂੰਆਂ ਉੱਠਣ ਲੱਗੇਗਾ।
6 ਯਹੋਵਾਹ, ਬਿਜਲੀ ਭੇਜੋ ਅਤੇ ਮੇਰੇ ਦੁਸ਼ਮਣਾ ਨੂੰ ਭਜਾ ਦਿਉ।
ਆਪਣੇ “ਤੀਰ” ਛੱਡੋ ਅਤੇ ਉਨ੍ਹਾਂ ਨੂੰ ਭਜਾ ਦਿਉ।
7 ਯਹੋਵਾਹ, ਸਵਰਗ ’ਚੋਂ ਹੇਠਾ ਆਵੋ ਅਤੇ ਮੈਨੂੰ ਬਚਾ ਲਵੋ!
ਮੈਨੂੰ ਦੁਸ਼ਮਣਾ ਦੇ ਸਮੁੰਦਰ ਵਿੱਚ ਨਾ ਡੁੱਬਣ ਦੇਵੋ।
ਮੈਨੂੰ ਉਨ੍ਹਾਂ ਪਰਦੇਸੀਆ ਕੋਲੋਂ ਬਚਾਉ।
8 ਇਹ ਦੁਸ਼ਮਣ ਝੂਠੇ ਹਨ।
ਉਹ ਗੱਲਾਂ ਆਖਦੇ ਹਨ ਜਿਹੜੀਆਂ ਸੱਚ ਨਹੀਂ ਹਨ।
9 ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ।
ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
10 ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ।
ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
11 ਮੈਨੂੰ ਇਨ੍ਹਾਂ ਵਿਦੇਸ਼ੀਆ ਕੋਲੋਂ ਬਚਾਉ।
ਇਹ ਦੁਸ਼ਮਣ ਝੂਠੇ ਹਨ।
ਉਹ ਉਹੀ ਗੱਲਾਂ ਕਰਦੇ ਹਨ ਜਿਹੜੀਆਂ ਸੱਚ ਨਹੀਂ ਹਨ।
12 ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ।
ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
13 ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ।
ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
14 ਸਾਡੇ ਫ਼ੌਜੀ ਸੁਰੱਖਿਅਤ ਹਨ ਕੋਈ ਵੀ ਦੁਸ਼ਮਣ
ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਅਸੀਂ ਲੜਨ ਲਈ ਨਹੀਂ ਜਾ ਰਹੇ ਹਾਂ
ਸਾਡੀਆਂ ਗਲੀਆਂ ਵਿੱਚ ਲੋਕ ਨਹੀਂ ਚੀਖ ਰਹੇ ਹਨ।
15 ਇਸੇ ਤਰ੍ਹਾਂ, ਦੇ ਵੇਲਿਆਂ ਵਿੱਚ ਲੋਕ ਬਹੁਤ ਹੀ ਖੁਸ਼ ਹੁੰਦੇ ਹਨ
ਜੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ।
104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2 ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3 ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
ਉਹ ਭੈਭੀਤ ਹੋ ਜਾਂਦੇ ਹਨ।
ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
ਉਹ ਸਿਹਤਮੰਦ ਬਣ ਜਾਂਦੇ ਹਨ।
ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਦੀ ਉਸਤਤਿ ਕਰ।
ਅੱਯੂਬ ਆਪਣੇ ਜਨਮ ਦਿਹਾੜੇ ਨੂੰ ਸਰਾਪਦਾ
3 ਫੇਰ ਅੱਯੂਬ ਨੇ ਆਪਣਾ ਮੂੰਹ ਖੋਲ੍ਹਿਆ ਤੇ ਉਸ ਦਿਨ ਨੂੰ ਸਰਾਪ ਦਿੱਤਾ ਜਿਸ ਦਿਨ ਉਹ ਜੰਮਿਆ ਸੀ। 2 ਉਸ ਨੇ ਆਖਿਆ:
3 “ਕਾਸ਼ ਕਿ ਉਹ ਦਿਨ, ਜਿਸ ਦਿਨ ਮੈਂ ਜੰਮਿਆ ਸਾਂ ਸਦਾ ਵਾਸਤੇ ਗੁੰਮ ਜਾਵੇ।
ਕਾਸ਼ ਕਿ ਉਹ ਰਾਤ ਜਦੋਂ ਉਨ੍ਹਾਂ ਆਖਿਆ ਮੁੰਡਾ ਹੋਇਆ ਹੈ, ਕਦੇ ਵੀ ਨਾ ਹੁੰਦੀ।
4 ਕਾਸ਼ ਕਿ ਇਹ ਹਨੇਰੇ ਵਿੱਚ ਲੁਕਿਆ ਰਹਿੰਦਾ।
ਕਾਸ਼ ਕਿ ਪਰਮੇਸ਼ੁਰ ਉਸ ਦਿਨ ਨੂੰ ਭੁਲਾ ਦੇਵੇ।
ਕਾਸ਼ ਕਿ ਉਸ ਦਿਨ ਤੇ ਰੋਸ਼ਨੀ ਨਾ ਹੋਈ ਹੁੰਦੀ।
5 ਕਾਸ਼ ਕਿ ਉਹ ਦਿਨ ਹਨੇਰਾ ਰਹਿੰਦਾ, ਮੌਤ ਵਰਗਾ ਹਨੇਰਾ।
ਕਾਸ਼ ਕਿ ਬੱਦਲ ਉਸ ਦਿਨ ਨੂੰ ਢੱਕ ਲੈਂਦੇ।
ਕਾਸ਼ ਕਿ ਕਾਲੇ ਬੱਦਲ ਰੋਸ਼ਨੀ ਨੂੰ ਉਸ ਦਿਨ ਕੋਲੋਂ ਭਜਾ ਦਿੰਦੇ, ਜਦੋਂ ਮੈਂ ਜੰਮਿਆ ਸਾਂ।
6 ਉਹ ਰਾਤ ਹਨੇਰੇ ਵਿੱਚ ਛੁਪੀ ਰਹੇ।
ਉਸ ਰਾਤ ਨੂੰ ਯਂਤਰੀ ਤੋਂ ਮਿਟਾ ਦੇਵੋ।
ਉਸ ਰਾਤ ਨੂੰ ਕਿਸੇ ਵੀ ਮਹੀਨੇ ਅੰਦਰ ਨਾ ਰੱਖੋ।
7 ਉਸ ਰਾਤ ਨੂੰ ਕੁਝ ਵੀ ਪੈਦਾ ਨਾ ਕਰਨ ਦਿਉ
ਉਸ ਰਾਤ ਨੂੰ ਕੋਈ ਵੀ ਖੁਸ਼ੀ ਦੀ ਕਿਲਕਾਰੀ ਨਾ ਸੁਣੇ।
8 ਕਈ ਜਾਦੂਗਰ ਹਮੇਸ਼ਾ ਲਿਵਯਾਬਾਨ ਨੂੰ ਜਾਗਉਣਾ ਲੋਚਦੇ ਨੇ।
ਇਸ ਲਈ ਉਨ੍ਹਾਂ ਨੂੰ ਆਪਣੇ ਸਰਾਪ ਦੇਣ ਦੇਵੋ ਅਤੇ ਉਸ ਦਿਨ ਨੂੰ ਸਰਾਪ ਦੇਣ ਦਿਉ ਜਦੋਂ ਮੈਂ ਜੰਮਿਆ ਸਾਂ।
9 ਉਸ ਦਿਨ ਦੇ ਪ੍ਰਭਾਤ ਦੇ ਤਾਰੇ ਨੂੰ ਹਨੇਰਾ ਹੋਣ ਦਿਉ,
ਉਸ ਰਾਤ ਨੂੰ ਸਵੇਰ ਦਾ ਇੰਤਜ਼ਾਰ ਕਰਨ ਦਿਉ, ਪਰ ਉਹ ਰੋਸ਼ਨੀ ਕਦੇ ਨਾ ਆਵੇ।
ਇਸ ਨੂੰ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾ ਦੇਖਣ ਦੇਵੋ।
10 ਕਿਉਂਕਿ ਉਸ ਰਾਤ ਨੇ ਮੈਨੂੰ ਜਨਮ ਲੈਣ ਤੋਂ ਨਹੀਂ ਰੋਕਿਆ।
ਉਸ ਰਾਤ ਨੇ ਮੈਨੂੰ ਇਨ੍ਹਾਂ ਮੁਸੀਬਤਾਂ ਨੂੰ ਦੇਖਣ ਤੋਂ ਨਹੀਂ ਰੋਕਿਆ।
11 ਮੈਂ ਉਦੋਂ ਹੀ ਕਿਉਂ ਨਾ ਮਰ ਗਿਆ, ਜਦੋਂ ਮੈਂ ਜੰਮਿਆ ਸਾਂ?
ਮੈਂ ਜਨਮ ਸਮੇਂ ਹੀ ਕਿਉਂ ਨਾ ਮਰਿਆ?
12 ਮੈਨੂੰ ਮੇਰੀ ਮਾਂ ਨੇ ਆਪਣੀ ਗੋਦੀ ਵਿੱਚ ਕਿਉਂ ਚੁੱਕਿਆ?
ਮ੍ਮੈਨੂੰ ਮੇਰੀ ਮਾਂ ਦੀਆਂ ਦੁੱਧੀਆਂ ਨੇ ਦੁੱਧ ਕਿਉਂ ਚਂੁਘਾਇਆ?
13 ਜੇ ਮੈਂ ਮਰ ਗਿਆ ਹੁੰਦਾ,
ਜਦੋਂ ਮੈਂ ਜੰਮਿਆ ਸਾਂ,
ਮੈਂ ਹੁਣ ਸ਼ਾਂਤ ਹੁੰਦਾ।
ਕਾਸ਼ ਕਿ ਮੈਂ ਆਰਾਮ ਨਾਲ ਸੁੱਤਾ ਪਿਆ ਹੁੰਦਾ।
14 ਉਨ੍ਹਾਂ ਰਾਜਿਆਂ ਤੇ ਸਿਆਣੇ ਲੋਕਾਂ ਨਾਲ ਜਿਹੜੇ ਬੀਤੇ ਸਮੇਂ ਵਿੱਚ ਧਰਤੀ ਉੱਤੇ ਰਹਿੰਦੇ ਸਨ।
ਉਨ੍ਹਾਂ ਲੋਕਾਂ ਨੇ ਆਪਣੇ ਲਈ ਮਹਿਲ ਬਣਾਏ ਜੋ ਹੁਣ ਖੰਡਰ ਬਣ ਗਏ ਹਨ।
15 ਕਾਸ਼ ਕਿ ਮੈਂ ਉਨ੍ਹਾਂ ਨਾਲ ਦਫਨ ਹੁੰਦਾ ਜਿਨ੍ਹਾਂ ਹਾਕਮਾਂ ਨੇ
ਸੋਨੇ ਚਾਂਦੀ ਨਾਲ ਆਪਣੀਆਂ ਕਬਰਾਂ ਭਰੀਆਂ ਹੋਈਆਂ।
16 ਮੈਂ ਉਹ ਬੱਚਾ ਕਿਉਂ ਨਹੀਂ ਸਾਂ ਜਿਹੜਾ ਜਨਮ ਵੇਲੇ ਮਰ ਗਿਆ
ਤੇ ਜਿਸ ਨੂੰ ਧਰਤੀ ਅੰਦਰ ਦਫਨਾਇਆ ਗਿਆ ਸੀ?
ਕਾਸ਼ ਕਿ ਮੈਂ ਉਸ ਬੱਚੇ ਵਰਗਾ ਹੁੰਦਾ
ਜਿਸਨੇ ਕਦੇ ਵੀ ਦਿਨ ਦਾ ਚਾਨਣ ਨਹੀਂ ਦੇਖਿਆ।
17 ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ।
ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕੱ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ।
18 ਕੈਦੀਆਂ ਨੂੰ ਕਬਰ ਵਿੱਚ ਆਰਾਮ ਮਿਲ ਜਾਂਦਾ ਹੈ;
ਉਹ ਆਪਣੇ ਗਾਰਦਾਂ ਨੂੰ ਆਪਣੇ ਉੱਤੇ ਚੀਕਦਿਆਂ ਨਹੀਂ ਸੁਣਦੇ।
19 ਸਭ ਤਰ੍ਹਾਂ ਦੇ ਲੋਕ ਕਬਰ ਵਿੱਚ ਹਨ, ਮਹੱਤਵਪੂਰਣ ਲੋਕ ਵੀ
ਅਤੇ ਉਹ ਲੋਕ ਵੀ ਜਿਹੜੇ ਇੰਨੇ ਮਹੱਤਵਪੂਰਣ ਨਹੀਂ ਹੁੰਦੇ।
ਗੁਲਾਮ ਵੀ ਆਪਣੇ ਮਾਲਕ ਤੋਂ ਮੁਕਤ ਹੋ ਜਾਂਦਾ ਹੈ।
20 “ਕਿਉਂ ਜ਼ਰੂਰ ਹੀ ਇੱਕ ਦੁੱਖੀ ਬੰਦਾ ਜਿਉਂਦਾ ਜਾਵੇ?
ਉਸ ਬੰਦੇ ਨੂੰ ਜੀਵਨ ਕਿਉਂ ਦੇਵੋਁ ਜਿਸਦਾ ਆਤਮਾ ਦੁੱਖ੍ਖੀ ਹੈ?
21 ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ।
ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁੱਪੇ ਹੋਏ ਖਜ਼ਾਨੇ ਨਾਲੋਂ ਵੀ ਵੱਧੇਰੇ ਕਰਦਾ ਹੈ।
22 ਉਹ ਲੋਕ ਆਪਣੀ ਕਬਰ ਲੱਭ ਕੇ ਖੁਸ਼ ਹੋਵਣਗੇ।
ਉਹ ਆਪਣੇ ਮਕਬਰੇ ਨੂੰ ਲੱਭ ਕੇ ਖੁਸ਼ੀ ਮਨਾਉਣਗੇ।
23 ਪਰ ਪਰਮੇਸ਼ੁਰ ਉਨ੍ਹਾਂ ਦੇ ਭਵਿੱਖ ਨੂੰ ਗੁਪਤ ਰੱਖਦਾ ਹੈ
ਤੇ ਉਨ੍ਹਾਂ ਦੀ ਰਾਖੀ ਲਈ ਉਨ੍ਹਾਂ ਦੁਆਲੇ ਕੰਧ ਉਸਾਰ ਦਿੰਦਾ ਹੈ।
24 ਜਦੋਂ ਭੋਜਨ ਦਾ ਸਮਾਂ ਹੁੰਦਾ ਹੈ, ਮੈਂ ਸਿਰਫ ਗਮ ਦੇ ਹੌਁਕੇ ਭਰਦਾ ਹਾਂ, ਖੁਸ਼ੀ ਦੇ ਨਹੀਂ।
ਮੇਰੇ ਸ਼ਿਕਵੇ ਪਾਣੀ ਵਾਂਗਰਾਂ ਫੁੱਟ ਨਿਕਲਦੇ ਨੇ।
25 ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ।
ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।
26 ਮੈਂ ਸ਼ਾਂਤ ਨਹੀਂ ਹੋ ਸੱਕਦਾ।
ਮੈਂ ਸਹਿਜ ਨਹੀਂ ਹੋ ਸੱਕਦਾ।
ਮੈਂ ਆਰਾਮ ਨਹੀਂ ਕਰ ਸੱਕਦਾ, ਮੈਂ ਬਹੁਤ ਹੀ ਉਪਰਾਮ ਹਾਂ।”
10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ!”
ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ, ਮੈਂ ਇੱਥੇ ਹਾਂ।”
11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ। 12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸ ਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰੱਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”
13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ। 14 ਹੁਣ ਉਹ ਇੱਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸ ਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰੱਖਦੇ ਹਨ।”
15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸ ਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ। 16 ਮੈਂ ਉਸ ਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।”
17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।” 18 ਉਸੇ ਵੇਲੇ ਅਚਾਨਕ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹਿਆ ਕੁਝ ਡਿੱਗਿਆ ਅਤੇ ਉਸ ਨੂੰ ਦੁਬਾਰਾ ਦਿਖਣ ਲੱਗ ਪਿਆ। ਸੌਲੁਸ ਉੱਠਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। 19 ਫ਼ਿਰ ਉਸ ਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।
ਸੌਲੁਸ ਦਾ ਦੰਮਿਸਕ ਵਿੱਚ ਉਪਦੇਸ਼ ਦੇਣਾ
ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ।
41 ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42 ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸ ਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸੱਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’”
43 ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ। 44 ਕੋਈ ਵੀ ਵਿਅਕਤੀ ਮੇਰੇ ਤੱਕ ਨਹੀਂ ਆ ਸੱਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਤੱਕ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। 45 ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’ [a] ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਤੋਂ ਆਇਆ ਹੈ, ਉਹੀ ਹੈ ਜਿਸਨੇ ਪਿਤਾ ਨੂੰ ਵੇਖਿਆ।
47 “ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਨਿਹਚਾ ਰੱਖਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48 ਮੈਂ ਹੀ ਜੀਵਨ ਦੀ ਰੋਟੀ ਹਾਂ। 49 ਤੁਹਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50 ਮੈਂ ਉਹ ਰੋਟੀ ਹਾਂ ਜੋ ਸੁਰਗ ਤੋਂ ਹੇਠਾਂ ਆਉਂਦੀ ਹੈ। ਜੇਕਰ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51 ਮੈਂ ਜਿਉਂਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਹ ਰੋਟੀ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਦੁਨੀਆਂ ਦੇ ਲੋਕਾਂ ਨੂੰ ਜੀਵਨ ਮਿਲ ਸੱਕੇ।”
2010 by World Bible Translation Center