Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 113

113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
    ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
    ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
    ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
    ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
    ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
    ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
    ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।

ਯਹੋਵਾਹ ਦੀ ਉਸਤਤਿ ਕਰੋ।

ਜ਼ਬੂਰ 115

115 ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ।
    ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ
    ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।
ਕੌਮਾਂ ਹੈਰਾਨ ਕਿਉਂ ਹੋਣ ਕਿ ਸਾਡਾ ਪਰਮੇਸ਼ੁਰ ਕਿੱਥੇ ਹੈ।
ਪਰਮੇਸ਼ੁਰ ਸਵਰਗ ਵਿੱਚ ਹੈ, ਅਤੇ ਉਹ ਉਹੀ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਸੰਦ ਹੈ।
ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ।
    ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
ਉਨ੍ਹਾਂ ਬੁੱਤਾਂ ਦੇ ਮੂੰਹ ਤਾਂ ਹਨ, ਪਰ ਬੋਲ ਨਹੀਂ ਸੱਕਦੇ।
    ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਦੇਖ ਨਹੀਂ ਸੱਕਦੀਆਂ।
ਉਨ੍ਹਾਂ ਦੇ ਕੰਨ ਤਾਂ ਹਨ, ਪਰ ਸੁਣ ਨਹੀਂ ਸੱਕਦੇ।
    ਉਨ੍ਹਾਂ ਦੇ ਨੱਕ ਤਾਂ ਹਨ, ਪਰ ਸੁੰਘ ਨਹੀਂ ਸੱਕਦੇ।
ਉਨ੍ਹਾਂ ਦੇ ਹੱਥ ਤਾਂ ਹਨ, ਪਰ ਮਹਿਸੂਸ ਨਹੀਂ ਕਰ ਸੱਕਦੇ।
    ਉਨ੍ਹਾਂ ਦੀਆਂ ਲੱਤਾਂ ਤਾਂ ਹਨ, ਪਰ ਚੱਲ ਨਹੀਂ ਸੱਕਦੀਆਂ ਅਤੇ ਉਨ੍ਹਾ ਦੇ ਗਲੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸੱਕਦੀ।
ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।

ਇਸਰਾਏਲ ਦੇ ਲੋਕੋ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
10 ਹਾਰੂਨ ਦੇ ਪਰਿਵਾਰ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
11 ਯਹੋਵਾਹ ਦੇ ਚੇਲਿਉ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।

12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
    ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
    ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
    ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।
13 ਯਹੋਵਾਹ ਆਪਣੇ ਚੇਲਿਆਂ ਨੂੰ ਛੋਟੇ ਅਤੇ ਵੱਡਿਆਂ ਨੂੰ ਅਸੀਸ ਦੇਵੇਗਾ।

14 ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
15     ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ
    ਅਤੇ ਯਹੋਵਾਹ ਤੁਹਾਨੂੰ ਜੀ ਆਇਆ ਆਖਦਾ ਹੈ।
16 ਸਵਰਗ ਯਹੋਵਾਹ ਦਾ ਹੈ।
    ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।
17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ।
    ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ।
18 ਪਰ ਹੁਣ ਅਸੀਂ ਯਹੋਵਾਹ ਨੂੰ ਅਸੀਸ ਦਿੰਦੇ ਹਾਂ।
    ਅਤੇ ਅਸੀਂ ਉਸ ਨੂੰ ਸਦਾ ਹੋਰ ਵੱਧੇਰੇ ਅਸੀਸ ਦੇਵਾਂਗੇ।

ਯਹੋਵਾਹ ਦੀ ਉਸਤਤਿ ਕਰੋ!

1 ਸਮੂਏਲ 2:1-10

ਹੰਨਾਹ ਦਾ ਧੰਨਵਾਦ ਦਾ ਗੀਤ

ਹੰਨਾਹ ਨੇ ਆਖਿਆ:

“ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ!
    ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ।
ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ
    ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ! [a]

ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ,
    ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ!
    ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।

ਏਡੇ ਹੰਕਾਰ ਦੀਆਂ ਗੱਲਾਂ ਨਾ ਆਖ!
    ਏਡੇ ਆਕੜ ਦੀ ਗੱਲ ਮੂੰਹੋਂ ਨਾ ਕੱਢ!
ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ।
    ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।
ਤਾਕਤਵਰ ਯੋਧਿਆਂ ਦੇ ਧਨੁੱਖ ਟੁੱਟ ਗਏ ਹਨ
    ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।
ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ,
    ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ।
ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁੱਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ।
    ਜਿਹੜੀ ਔਰਤ ਬੱਚੇ ਨਾ ਜਣ ਸੱਕੀ ਹੁਣ ਉਸ ਕੋਲ ਸੱਤ ਬੱਚੇ ਹਨ,
ਪਰ ਜਿਸ ਔਰਤ ਕੋਲ ਅਨੇਕਾਂ ਬੱਚੇ
    ਸਨ ਹੁਣ ਉਦਾਸ ਅਤੇ ਦੁੱਖੀ ਹੈ।

ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ
    ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ।
ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ
    ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।
ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ
    ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ।
ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ
    ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ।
    ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ।
ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ
    ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ।
ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ!
    ਸਾਰੀ ਦੁਨਿਆਂ ਉਸਦੀ ਹੈ।

ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ
    ਉਹ ਉਨ੍ਹਾਂ ਨੂੰ ਲੜਖੜ੍ਹਾਉਣ ਤੋਂ ਬਚਾਉਂਦਾ ਹੈ
ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ
    ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸੱਕੇਗੀ।
10 ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ,
    ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ।
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
    ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
    ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।”

ਯੂਹੰਨਾ 2:1-12

ਕਾਨਾ ਵਿੱਚ ਵਿਆਹ

ਦੋ ਦਿਨਾਂ ਦੇ ਬਾਦ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਤਾ ਉੱਥੇ ਸੀ। ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਮੈਅ ਕਾਫ਼ੀ ਨਹੀਂ ਸੀ। ਅਤੇ ਜਦੋਂ ਇਹ ਮੁੱਕ ਗਈ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਮੈਅ ਨਹੀਂ ਹੈ।”

ਯਿਸੂ ਨੇ ਉੱਤਰ ਦਿੱਤਾ, “ਮੇਰਾ ਇਸ ਨਾਲ ਕੀ ਸਰੋਕਾਰ, ਮੇਰਾ ਸਮਾਂ ਅਜੇ ਨਹੀਂ ਆਇਆ।”

ਯਿਸੂ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, “ਉਵੇਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”

ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।

ਯਿਸੂ ਨੇ ਉਨ੍ਹਾਂ ਟਹਿਲੂਆਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨੱਕੋ-ਨਕ ਭਰ ਦਿੱਤਾ।

ਫਿਰ ਯਿਸੂ ਨੇ ਟਹਿਲੂਆਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਵਤ ਦੇ ਮੁਖੀ ਨੂੰ ਦੇ ਦਿਉ।”

ਸੋ ਉਨ੍ਹਾਂ ਟਹਿਲੂਆਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ। ਉਸ ਨੇ ਉਹ ਜਲ ਚਖ ਕੇ ਵੇਖਿਆ। ਉਹ ਮੈਅ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਅ ਕਿੱਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ। 10 ਅਤੇ ਉਸ ਨੂੰ ਆਖਿਆ, “ਹਮੇਸ਼ਾ ਲੋਕ ਪਹਿਲਾਂ ਚੰਗੀ ਮੈਅ ਦਿੰਦੇ ਹਨ, ਜਦੋਂ ਮਹਿਮਾਨ ਸ਼ਰਾਬੀ ਹੁੰਦੇ ਹਨ ਫ਼ੇਰ ਉਹ ਸਸਤੀ ਮੈਅ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵੱਧੀਆ ਮੈਅ ਰੱਖੀ ਹੈ।”

11 ਇਹ ਪਹਿਲਾ ਕਰਿਸ਼ਮਾ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਾਨਤਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਇਸ ਵਿੱਚ ਵਿਸ਼ਵਾਸ ਕੀਤਾ।

12 ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸਦੀ ਮਾਤਾ, ਉਸ ਦੇ ਭਰਾ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।

ਜ਼ਬੂਰ 45

ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ।

45 ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ
    ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ।
ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ
    ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।

ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ।
    ਤੁਸੀਂ ਬਹੁਤ ਚੰਗੇ ਵਕਤਾ ਹੋ।
    ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
ਆਪਣੀ ਤਲਵਾਰ ਪਹਿਨ ਲਵੋ।
    ਆਪਣੀ ਸ਼ਾਨਦਾਰ ਵਰਦੀ ਪਾ ਲਵੋ।
ਤੁਸੀਂ ਅਦਭੁਤ ਦਿਖਾਈ ਦਿੰਦੇ ਹੋ। ਜਾਉ ਨੇਕੀ ਅਤੇ ਨਿਰਪੱਖਤਾ ਲਈ ਲੜਾਈ ਜਿੱਤੋਂ।
    ਤੁਹਾਡੇ ਤਾਕਤਵਰ ਸੱਜੇ ਹੱਥ ਨੂੰ ਹੈਰਾਨੀ ਭਰੀਆਂ ਗੱਲਾਂ ਸਿੱਖਾਈਆਂ ਗਈਆਂ ਸਨ।
ਤੁਹਾਡੇ ਤੀਰ ਤਿੱਖੇ ਹਨ, ਤੁਹਾਡੇ ਦੁਸ਼ਮਣਾਂ ਦੇ ਦਿਲਾਂ ਅੰਦਰ ਡੂੰਘੇ ਉਤਰਦੇ ਹਨ।
    ਧਰਤੀ ਉੱਤੇ ਲੋਕ ਤੁਹਾਡੇ ਸਾਹਮਣੇ ਡਿੱਗਣਗੇ।
ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
    ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
    ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
    ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
    ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।

10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
    ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11     ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
    ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।

13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
    ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
    ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
    ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।

16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
    ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
    ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।

ਜ਼ਬੂਰ 138

ਦਾਊਦ ਦਾ ਇੱਕ ਗੀਤ।

138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
    ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
    ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
    ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।

ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
    ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
    ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
    ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
    ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
    ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
    ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।

ਜ਼ਬੂਰ 149

149 ਯਹੋਵਾਹ ਦੀ ਉਸਤਤਿ ਕਰੋ।
ਉਨ੍ਹਾਂ ਨਵੀਆਂ ਗੱਲਾਂ ਬਾਰੇ ਕੋਈ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆ ਹਨ।
    ਉਸਦੀ ਉਸਤਤਿ ਉਸ ਦੇ ਚੇਲਿਆ ਦੀ ਸਭਾ ਵਿੱਚ ਗਾਵੋ।
ਇਸਰਾਏਲ ਨੂੰ ਆਪਣੇ ਨਿਰਮਾਤਾ ਨਾਲ ਮਿਲਕੇ ਆਨੰਦ ਮਾਨਣ ਦਿਉ।
    ਸੀਯੋਨ ਉੱਤੇ ਰਹਿੰਦੇ ਲੋਕਾਂ ਨੂੰ ਆਪਣੇ ਰਾਜੇ ਨਾਲ ਮਿਲਕੇ ਖੁਸ਼ੀ ਮਨਾਉਣ ਦਿਉ।
ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ
    ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ।
ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ।
    ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ।
    ਉਸ ਨੇ ਉਨ੍ਹਾਂ ਨੂੰ ਬਚਾ ਲਿਆ।
ਪਰਮੇਸ਼ੁਰ ਦੇ ਪੈਰੋਕਾਰੋ, ਆਪਣੀ ਜਿੱਤ ਵਿੱਚ ਖੁਸ਼ੀ ਮਨਾਉ!
    ਬਿਸਤਰ ਉੱਤੇ ਲੇਟਣ ਤੋਂ ਬਾਦ ਵੀ ਪ੍ਰਸੰਨ ਹੋਵੋ।

ਲੋਕਾਂ ਨੂੰ ਪਰਮੇਸ਼ੁਰ ਦੀ ਉਸਤਤਿ ਦੇ ਨਾਹਰੇ ਮਾਰਨ ਦਿਉ।
    ਅਤੇ ਉਨ੍ਹਾਂ ਨੂੰ ਆਪਣੀਆ ਤਲਵਾਰਾਂ ਆਪਣੇ ਹੱਥਾਂ ਵਿੱਚ ਲੈ ਲੈਣ ਦਿਉ।
ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ।
    ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।
ਪਰਮੇਸ਼ੁਰ ਦੇ ਬੰਦੇ ਉਨ੍ਹਾਂ ਰਾਜਿਆ
    ਅਤੇ ਮਹੱਤਵਪੂਰਣ ਲੋਕਾ ਦੇ ਜ਼ੰਜ਼ੀਰਾ ਪਾ ਦੇਣਗੇ।
ਪਰਮੇਸ਼ੁਰ ਦੇ ਬੰਦੇ ਉਨ੍ਹਾਂ ਨੂੰ ਦੰਡ ਦੇਣਗੇ ਜਿਵੇਂ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
    ਪਰਮੇਸ਼ੁਰ ਦੇ ਸਾਰੇ ਪੈਰੋਕਾਰ ਉਸਦਾ ਆਦਰ ਕਰਨਗੇ।

ਯਹੋਵਾਹ ਦੀ ਉਸਤਤਿ ਕਰੋ।

ਯੂਹੰਨਾ 19:23-27

23 ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ। 24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ।

“ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ
    ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” (A)

ਤਾਂ ਸਿਪਾਹੀ ਨੇ ਇਉਂ ਕੀਤਾ।

25 ਯਿਸੂ ਦੀ ਮਾਤਾ ਉਸਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖਲੋਤੀਆਂ ਸਨ। 26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ। ਅਤੇ ਜਿਸ ਚੇਲੇ ਨੂੰ ਬੜਾ ਪਿਆਰ ਕੀਤਾ ਸੀ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਪਿਆਰੀ ਔਰਤ! ਇਹ ਰਿਹਾ ਤੇਰਾ ਪੁੱਤਰ।” 27 ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਤੇਰੀ ਮਾਤਾ ਇੱਥੇ ਹੈ।” ਤਾਂ ਇਸਤੋਂ ਬਾਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਕੋਲ ਲੈ ਗਿਆ।

Punjabi Bible: Easy-to-Read Version (ERV-PA)

2010 by World Bible Translation Center