Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 84

ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।

84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
    ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
    ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
    ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
    ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।

ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
    ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
    ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
    ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
    ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।

ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
    ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।

ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
    ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
    ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
    ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
    ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
    ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।

1 ਰਾਜਿਆਂ 19:1-12

ਸੀਨਈ ਪਰਬਤ ਵਿਖੇ ਏਲੀਯਾਹ

19 ਅਹਾਬ ਪਾਤਸ਼ਾਹ ਨੇ ਉਹ ਸਭ ਕੁਝ ਜੋ ਏਲੀਯਾਹ ਨੇ ਕੀਤਾ ਜਾ ਕੇ ਈਜ਼ਬਲ ਨੂੰ ਦੱਸਿਆ। ਅਹਾਬ ਨੇ ਇਹ ਵੀ ਦੱਸਿਆ ਕਿ ਏਲੀਯਾਹ ਨੇ ਕਿਵੇਂ ਤਲਵਾਰ ਨਾਲ ਸਾਰੇ ਨਬੀਆਂ ਨੂੰ ਵੱਢਿਆ। ਤਾਂ ਈਜ਼ਬਲ ਨੇ ਸ਼ੰਦੇਸ਼ਵਾਹਕ ਦੇ ਰਾਹੀਂ ਏਲੀਯਾਹ ਨੂੰ ਇਹ ਆਖਦਿਆਂ ਸੁਨੇਹਾ ਭੇਜਿਆ, “ਜੇਕਰ ਕੱਲ ਤਾਈਂ ਮੈਂ ਤੈਨੂੰ ਨਹੀਂ ਮਾਰਿਆ, ਜਿਵੇਂ ਤੂੰ ਨਬੀਆਂ ਨੂੰ ਮਾਰਿਆ,ਤਾਂ ਦੇਵਤੇ ਮੈਨੂੰ ਵੀ ਮਾਰ ਦੇਣ।”

ਜਦੋਂ ਏਲੀਯਾਹ ਨੇ ਇਹ ਸੁਣਿਆਂ ਤਾਂ ਉਹ ਡਰ ਗਿਆ ਤੇ ਉਹ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਨਿਕਲਿਆ। ਉਸ ਦੇ ਨਾਲ ਉਸਦਾ ਸੇਵਕ ਵੀ ਸੀ। ਉਹ ਦੋਵੇਂ ਬਏਰਸ਼ਬਾ ਨੂੰ ਗਏ, ਜੋ ਯਹੂਦਾਹ ਦਾ ਹੈ। ਏਲੀਯਾਹ ਆਪਣੇ ਸੇਵਕ ਨੂੰ ਬਏਰਸ਼ਬਾ ਵਿੱਚ ਹੀ ਛੱਡ ਗਿਆ। ਫ਼ਿਰ ਉਹ ਸਾਰਾ ਦਿਨ ਏਲੀਯਾਹ ਉਜਾੜ ਵਿੱਚ ਚਲਦਾ ਰਿਹਾ। ਥੱਕ ਕੇ ਉਹ ਇੱਕ ਝਾੜੀ ਹੇਠ ਬੈਠ ਗਿਆ। ਉਸ ਨੇ ਬੈਠ ਕੇ ਮੌਤ ਮੰਗੀ ਤੇ ਆਖਿਆ, “ਹੇ ਯਹੋਵਾਹ! ਮੈਂ ਬਹੁਤ ਜੀਅ ਲਿਆ। ਹੁਣ ਮੈਨੂੰ ਮੌਤ ਦੇ ਦੇਹ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।”

ਤਦ ਏਲੀਯਾਹ ਬਿਰਛ ਹੇਠਾਂ ਲੰਮਾਂ ਪੈ ਗਿਆ ਅਤੇ ਸੌਂ ਗਿਆ। ਇੱਕ ਦੂਤ ਏਲੀਯਾਹ ਕੋਲ ਆਇਆ ਅਤੇ ਆਕੇ ਉਸ ਨੇ ਏਲੀਯਾਹ ਨੂੰ ਛੋਹਿਆ ਅਤੇ ਆਖਿਆ, “ਉੱਠ! ਅਤੇ ਖਾ-ਪੀ!” ਏਲੀਯਾਹ ਉੱਠਿਆ ਅਤੇ ਉਸ ਨੇ ਵੇਖਿਆ ਉਸ ਦੇ ਕੋਲ ਹੀ ਕੋਲਿਆਂ ਤੇ ਪੱਕਿਆ ਇੱਕ ਕੇਕ ਅਤੇ ਪਾਣੀ ਦਾ ਭਾਂਡਾ ਪਿਆ ਹੈ। ਏਲੀਯਾਹ ਨੇ ਖਾਧਾ ਅਤੇ ਪੀਤਾ ਅਤੇ ਫ਼ਿਰ ਸੌਂ ਗਿਆ।

ਕੁਝ ਦੇਰ ਬਾਅਦ, ਯਹੋਵਾਹ ਦਾ ਦੂਤ ਫ਼ਿਰ ਉਸ ਕੋਲ ਆਇਆ ਅਤੇ ਉਸ ਨੂੰ ਛੂਹ ਕੇ ਆਖਿਆ, “ਉੱਠ! ਕੁਝ ਖਾ-ਪੀ ਲੈ! ਜੇਕਰ ਤੂੰ ਕੁਝ ਨਹੀਂ ਖਾਵੇਂ-ਪੀਵੇਂਗਾ , ਤਾਂ ਯਾਤਰਾ ਤੇਰੇ ਲਈ ਬਹੁਤ ਥਕਾਉਣ ਵਾਲੀ ਹੋਵੇਗੀ!” ਤਾਂ ਏਲੀਯਾਹ ਉੱਠਿਆ ਅਤੇ ਉਸ ਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸੱਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ। ਉੱਥੇ ਏਲੀਯਾਹ ਇੱਕ ਗੁਫ਼ਾ ਵਿੱਚ ਸਾਰੀ ਰਾਤ ਟਿਕਿਆ।

ਤਦ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਹੇ ਏਲੀਯਾਹ, ਤੂੰ ਇੱਥੇ ਕੀ ਕਰਦਾ ਹੈਂ?”

10 ਅੱਗੋਂ ਉਸ ਨੇ ਕਿਹਾ, “ਹੇ ਯਹੋਵਾਹ ਪਰਮੇਸ਼ੁਰ ਸਰਬ-ਸੱਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਨਾ ਨਿਭਾਇਆ, ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਨੂੰ ਨਸ਼ਟ ਕੀਤਾ, ਤੇਰੇ ਨਬੀਆਂ ਨੂੰ ਮਾਰ ਦਿੱਤਾ। ਸਿਰਫ਼ ਇੱਕਲਾ ਮੈਂ ਹੀ ਬੱਚਿਆਂ ਹਾਂ ਤੇ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ।”

11 ਫ਼ੇਰ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਜਾ, ਮੇਰੇ ਸਾਹਮਣੇ ਉਸ ਪਰਬਤ ਤੇ ਖੜ੍ਹਾ ਹੋ ਜਾ। ਮੈਂ ਤੇਰੇ ਕੋਲ ਦੀ ਲੰਘਾਂਗਾ।” ਫ਼ੇਰ ਇੱਕ ਬਹੁਤ ਜੋਰਦਾਰ ਹਵਾ ਵਗੀ। ਜਿਸ ਨੇ ਪਰਬਤਾਂ ਨੂੰ ਚੀਰ ਦਿੱਤਾ। ਇਸ ਨੇ ਵਿਸ਼ਾਲ ਚੱਟਾਨਾਂ ਨੂੰ ਯਹੋਵਾਹ ਦੇ ਸਾਹਮਣੇ ਚੀਰ ਦਿੱਤਾ। ਪਰ ਉਹ ਹਵਾ ਯਹੋਵਾਹ ਨਹੀਂ ਸੀ! ਉਸ ਹਵਾ ਤੋਂ ਮਗਰੋਂ, ਓੱਥੇ ਭੂਚਾਲ ਆਇਆ। ਪਰ ਉਹ ਭੂਚਾਲ ਯਹੋਵਾਹ ਨਹੀਂ ਸੀ। 12 ਭੂਚਾਲ ਤੋਂ ਮਗਰੋਂ, ਓੱਥੇ ਇੱਕ ਅੱਗ ਆਈ। ਪਰ ਅੱਗ ਯਹੋਵਾਹ ਨਹੀਂ ਸੀ। ਅੱਗ ਤੋਂ ਮਗਰੋਂ, ਚੁੱਪ ਸੀ, ਇੱਕ ਕੋਮਲ ਆਵਾਜ਼।

2 ਕੁਰਿੰਥੀਆਂ ਨੂੰ 3:1-9

ਪਰਮੇਸ਼ੁਰ ਦੇ ਨਵੇਂ ਇਕਰਾਰਨਾਮੇ ਦੇ ਸੇਵਾਦਾਰ

ਕੀ ਅਸੀਂ ਫ਼ੇਰ ਤੋਂ ਆਪਣੇ-ਆਪ ਬਾਰੇ ਸ਼ੇਖੀ ਮਾਰਨ ਲੱਗ ਪਏ ਹਾਂ? ਕੀ ਕੁਝ ਹੋਰ ਲੋਕਾਂ ਵਾਂਗ, ਸਾਨੂੰ ਵੀ ਤੁਹਾਡੇ ਕੋਲ ਪਰਿਚਯ ਪੱਤਰ ਲਿਆਉਣੇ ਚਾਹੀਦੇ ਹਨ ਜਾਂ ਤੁਹਾਥੋਂ ਇਹ ਪੱਤਰ ਲੈਣੇ ਚਾਹੀਦੇ ਹਨ। ਤੁਸੀਂ ਖੁਦ ਸਾਡੇ ਪੱਤਰ ਹੋ। ਇਹ ਪੱਤਰ ਸਾਡੇ ਦਿਲਾਂ ਉੱਤੇ ਲਿਖਿਆ ਹੋਇਆ ਹੈ। ਸਾਰੇ ਲੋਕੀਂ ਇਸ ਨੂੰ ਜਾਣਦੇ ਹਨ ਅਤੇ ਇਸ ਨੂੰ ਪੜ੍ਹ ਸੱਕਦੇ ਹਨ। ਤੁਸੀਂ ਵਿਖਾਉ ਕਿ ਤੁਸੀਂ ਮਸੀਹ ਵੱਲੋਂ ਸਾਡੇ ਰਾਹੀਂ ਘੱਲਿਆ ਹੋਇਆ ਇੱਕ ਪੱਤਰ ਹੋ, ਇਹ ਪੱਤਰ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਪਰੰਤੂ ਜੀਵਿਤ ਪਰਮੇਸ਼ੁਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ। ਇਹ ਪੱਥਰੀ ਤਖਤੀ ਉੱਤੇ ਨਹੀਂ ਲਿਖਿਆ ਹੋਇਆ। ਇਹ ਮਨੁੱਖੀ ਹਿਰਦਿਆਂ ਉੱਤੇ ਲਿਖਿਆ ਹੋਇਆ ਹੈ।

ਅਸੀਂ ਇਹ ਗੱਲਾਂ ਇਸ ਲਈ ਆਖ ਸੱਕਦੇ ਹਾਂ ਕਿਉਂ ਜੋ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ। ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ। ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ।

ਨਵਾਂ ਕਰਾਰ ਮਹਾਨ ਮਹਿਮਾ ਲਿਆਉਂਦਾ ਹੈ

ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ। ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ। ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਆਂ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ।

2 ਕੁਰਿੰਥੀਆਂ ਨੂੰ 3:18

18 ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।

Punjabi Bible: Easy-to-Read Version (ERV-PA)

2010 by World Bible Translation Center