Book of Common Prayer
ਕੋਫ਼
145 ਮੈਂ ਪੂਰੇ ਦਿਲ ਨਾਲ ਪੁਕਾਰਦਾ ਹਾਂ, ਯਹੋਵਾਹ।
ਮੈਨੂੰ ਉੱਤਰ ਦਿਉ।
ਮੈਂ ਤੁਹਾਡੇ ਆਦੇਸ਼ ਮੰਨਦਾ ਹਾਂ।
146 ਯਹੋਵਾਹ, ਮੈਂ ਤੁਹਾਨੂੰ ਆਵਾਜ਼ ਦਿੰਦਾ ਹਾਂ ਮੈਨੂੰ ਬਚਾਉ!
ਅਤੇ ਮੈਂ ਤੁਹਾਡੇ ਕਰਾਰ ਨੂੰ ਮੰਨਾਗਾ।
147 ਮੈਂ ਤੁਹਾਡੇ ਅੱਗੇ ਸਰਘੀ ਵੇਲੇ ਪ੍ਰਾਰਥਨਾ ਕਰਨ ਲਈ ਉੱਠਿਆ।
ਮੈਨੂੰ ਤੁਹਾਡੇ ਆਖੇ ਉੱਤੇ ਵਿਸ਼ਵਾਸ ਹੈ।
148 ਮੈਂ ਤੁਹਾਡੇ ਸ਼ਬਦ ਦਾ ਅਧਿਐਨ ਕਰਨ ਲਈ
ਰਾਤ ਭਰ ਜਾਗਦਾ ਰਿਹਾ।
149 ਆਪਣੇ ਸੱਚੇ ਪਿਆਰ ਨਾਲ ਮੇਰੀ ਪ੍ਰਾਰਥਨਾ ਸੁਣੋ, ਮੈਨੂੰ ਸੁਣੋ।
ਸਿਰਫ਼ ਉਹੀ ਗੱਲਾਂ ਕਰੋ ਜਿਨ੍ਹਾਂ ਨੂੰ ਤੁਸੀਂ ਸਹੀ ਆਖਦੇ ਹੋ, ਅਤੇ ਮੈਨੂੰ ਜਿਉਣ ਦੇਵੋ।
150 ਲੋਕ ਮੇਰੇ ਖਿਲਾਫ਼ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ।
ਉਹ ਲੋਕ ਤੁਹਾਡੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦੇ।
151 ਯਹੋਵਾਹ, ਤੁਸੀਂ ਮੇਰੇ ਨੇੜੇ ਹੋ।
ਅਤੇ ਤੁਹਾਡੇ ਆਦੇਸ਼ਾ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।
152 ਮੈਂ ਬਹੁਤ ਚਿਰ ਪਹਿਲਾ ਤੁਹਾਡੇ ਕਰਾਰ ਤੋਂ ਸਿੱਖਿਆ ਸੀ
ਕਿ ਤੁਹਾਡੀਆਂ ਸਿੱਖਿਆਵਾਂ ਸਦਾ ਰਹਿਣਗੀਆਂ।
ਰੇਸ਼
153 ਯਹੋਵਾਹ, ਮੇਰੇ ਦੁੱਖ ਤੱਕੋ ਅਤੇ ਮੈਨੂੰ ਬਚਾਉ।
ਮੈਂ ਤੁਹਾਡੀਆਂ ਸਿੱਖਿਆਵਾ ਨੂੰ ਭੁੱਲਿਆ ਨਹੀਂ ਹਾਂ।
154 ਯਹੋਵਾਹ, ਮੇਰੇ ਲਈ ਮੇਰੀ ਲੜਾਈ ਲੜੋ, ਅਤੇ ਮੈਨੂੰ ਬਚਾਉ।
ਮੈਨੂੰ ਜਿਉਣ ਦਿਉ ਜਿਵੇਂ ਕਿ ਤੁਸੀਂ ਇਕਰਾਰ ਕੀਤਾ ਸੀ।
155 ਬੁਰੇ ਲੋਕ ਨਹੀਂ ਜਿੱਤਣਗੇ
ਕਿਉਂਕਿ ਉਹ ਤੁਹਾਡੇ ਨੇਮਾਂ ਉੱਤੇ ਨਹੀਂ ਚੱਲਦੇ।
156 ਹੇ ਯਹੋਵਾਹ, ਤੁਸੀਂ ਬਹੁਤ ਦਯਾਵਾਨ ਹੋ।
ਤੁਹਾਡਾ ਫ਼ੈਸਲਾ ਹੋਵੇ ਕਿ ਮੈਂ ਜਿਉਵਾਂ।
157 ਮੇਰੇ ਬਹੁਤ ਦੁਸ਼ਮਣ ਹਨ, ਜੋ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਪਰ ਮੈਂ ਤੁਹਾਡੇ ਕਰਾਰ ਉੱਤੇ ਚੱਲਣ ਤੋਂ ਨਹੀਂ ਹਟਿਆ ਹਾਂ।
158 ਮੈਂ ਉਨ੍ਹਾਂ ਗੱਦਾਰਾਂ ਨੂੰ ਦੇਖਦਾ ਹਾਂ।
ਉਹ ਤੁਹਾਡੇ ਸ਼ਬਦਾ ਨੂੰ ਨਹੀਂ ਮੰਨਦੇ ਹਨ।
ਯਹੋਵਾਹ, ਅਤੇ ਮੈਂ ਇਸ ਨੂੰ ਨਫ਼ਰਤ ਕਰਦਾ ਹਾਂ।
159 ਦੇਖੋ, ਮੈਂ ਤੁਹਾਡੇ ਆਦੇਸ਼ਾ ਨੂੰ ਮੰਨਣ ਲਈ ਸਖਤ ਮਿਹਨਤ ਕਰਦਾ ਹਾਂ।
ਯਹੋਵਾਹ, ਮੈਨੂੰ ਆਪਣੇ ਸਾਰੇ ਪਿਆਰ ਨਾਲ ਜਿਉਣ ਦਿਉ।
160 ਸ਼ੁਰੂ ਤੋਂ ਹੀ, ਤੁਹਾਡੇ ਸਾਰੇ ਸ਼ਬਦਾ ਉੱਤੇ ਵਿਸ਼ਵਾਸ ਹੋ ਸੱਕਦਾ ਸੀ।
ਯਹੋਵਾਹ, ਤੁਹਾਡਾ ਸ਼ੁਭ ਨੇਮ ਸਦਾ ਹੀ ਰਹੇਗਾ।
ਸ਼ੀਨ
161 ਸ਼ਕਤੀਸ਼ਾਲੀ ਆਗੂਆ ਨੇ ਮੇਰੇ ਉੱਤੇ ਅਕਾਰਣ ਹੀ ਹਮਲਾ ਕੀਤਾ।
ਪਰ ਮੈਂ ਡਰਦਾ ਅਤੇ ਸਿਰਫ਼ ਤੁਹਾਡੇ ਹੀ ਨੇਮ ਦਾ ਆਦਰ ਕਰਦਾ ਹਾਂ।
162 ਯਹੋਵਾਹ, ਤੁਹਾਡਾ ਸ਼ਬਦ ਮੈਨੂੰ ਖੁਸ਼ੀ ਦਿੰਦਾ ਹੈ, ਉਸ ਬੰਦੇ ਜਿੰਨਾ ਖੁਸ਼,
ਜਿਸ ਨੂੰ ਹੁਣੇ-ਹੁਣ ਵੱਡਾ ਖਜ਼ਾਨਾ ਮਿਲ ਗਿਆ ਹੋਵੇ।
163 ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।
ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।
164 ਮੈਂ ਦਿਨ ਵਿੱਚ ਸੱਤ ਵਾਰੀ ਤੁਹਾਡੇ ਚੰਗੇ ਨੇਮਾਂ ਲਈ
ਤੁਹਾਡੀ ਉਸਤਤਿ ਕਰਦਾ ਹਾਂ।
165 ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ।
ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।
166 ਯਹੋਵਾਹ, ਮੈਂ ਤੁਹਾਡੇ ਵੱਲੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ।
ਮੈਂ ਤੁਹਾਡੇ ਆਦੇਸ਼ ਮੰਨੇ ਸਨ।
167 ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ।
ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।
168 ਮੈਂ ਤੁਹਾਡੇ ਕਰਾਰ ਅਤੇ ਆਦੇਸ਼ਾ ਨੂੰ ਮੰਨਿਆ ਹੈ।
ਯਹੋਵਾਹ, ਤੁਸੀਂ ਉਸ ਸਭ ਕੁਝ ਬਾਰੇ ਜਾਣਦੇ ਹੋ ਜੋ ਮੈਂ ਕੀਤਾ ਹੈ।
ਤਾਉ
169 ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।
170 ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।
171 ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ,
ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।
172 ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ।
ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ।
ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।
173 ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ।
ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
174 ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।
175 ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ।
ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
128 ਯਹੋਵਾਹ ਦੇ ਸਾਰੇ ਚੇਲੇ ਹੀ ਖੁਸ਼ ਹਨ।
ਉਹ ਲੋਕ ਉਸੇ ਢੰਗ ਨਾਲ ਰਹਿੰਦੇ ਹਨ
ਜਿਵੇਂ ਪਰਮੇਸ਼ੁਰ ਚਾਹੁੰਦਾ ਕਿ ਉਹ ਰਹਿਣ।
2 ਜਿਨ੍ਹਾਂ ਚੀਜ਼ਾਂ ਲਈ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਮਾਣੋਗੇ।
ਤੁਸੀਂ ਖੁਸ਼ ਹੋਵੋਗੇ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
3 ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ।
ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
4 ਯਹੋਵਾਹ ਸੱਚਮੁੱਚ ਇਸ ਤਰ੍ਹਾਂ ਆਪਣੇ ਪੈਰੋਕਾਰਾਂ ਨੂੰ ਅਸੀਸ ਦੇਵੇਗਾ।
5 ਯਹੋਵਾਹ ਤੁਹਾਨੂੰ ਸੀਯੋਨ ਉੱਤੋਂ ਅਸੀਸ ਦੇਵੇ।
ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸਾਰੀ ਉਮਰ ਯਰੂਸ਼ਲਮ ਵਿੱਚ ਅਸੀਸ ਮਾਣੋਗੇ।
6 ਅਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਤੱਕ ਜਿਉਂਦੇ ਰਹੋਗੇ।
ਇਸਰਾਏਲ ਵਿੱਚ ਸ਼ਾਂਤੀ ਹੋਵੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
129 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ।
ਸਾਨੂੰ ਉਨ੍ਹਾਂ ਦੁਸ਼ਮਣਾ ਬਾਰੇ ਦੱਸ, ਓ ਇਸਰਾਏਲ।
2 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ,
ਪਰ ਉਹ ਕਦੇ ਵੀ ਨਹੀਂ ਜਿੱਤ ਸੱਕਦੇ।
3 ਉਨ੍ਹਾਂ ਨੇ ਮੈਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਕਿ ਮੇਰੀ ਪਿੱਠ ਉੱਤੇ ਗਹਿਰੇ ਜ਼ਖਮ ਨਹੀਂ ਹੋ ਗਏ।
ਮੇਰੇ ਸ਼ਰੀਰ ਉੱਤੇ ਗਹਿਰੇ ਜ਼ਖਮ ਹੋ ਗਏ ਸਨ।
4 ਪਰ ਚੰਗੇ ਯਹੋਵਾਹ ਨੇ ਮੇਰੇ ਫ਼ੰਦੇ ਕੱਟ ਦਿੱਤੇ,
ਅਤੇ ਮੈਨੂੰ ਉਨ੍ਹਾਂ ਮੰਦੇ ਲੋਕਾਂ ਤੋਂ ਅਜ਼ਾਦ ਕਰ ਦਿੱਤਾ।
5 ਉਹ ਲੋਕ, ਜਿਨ੍ਹਾਂ ਨੇ ਸੀਯੋਨ ਨੂੰ ਨਫ਼ਰਤ ਕੀਤੀ ਸੀ, ਹਾਰ ਗਏ ਸਨ।
ਉਨ੍ਹਾਂ ਨੇ ਲੜਨਾ ਛੱਡ ਦਿੱਤਾ ਸੀ ਅਤੇ ਉਹ ਨੱਸ ਗਏ ਸਨ।
6 ਉਹ ਲੋਕ ਛੱਤ ਉਤਲੇ ਘਾਹ ਵਰਗੇ ਸਨ।
ਇਹ ਘਾਹ ਵੱਧਣ ਤੋਂ ਪਹਿਲਾ ਹੀ ਮਰ ਜਾਂਦਾ ਹੈ।
7 ਕੋਈ ਕਾਮਾ ਉਸ ਘਾਹ ਨੂੰ ਮੁੱਠੀ ਭਰ ਨਹੀਂ ਲੈ ਸੱਕਦਾ।
ਇਹ ਇੱਕ ਢੇਰੀ ਲਈ ਵੀ ਕਾਫ਼ੀ ਨਹੀਂ ਹੈ।
8 ਜਿਹੜੇ ਲੋਕੀ ਕੋਲੋਂ ਦੀ ਲੰਘਦੇ ਹਨ, ਨਹੀਂ ਆਖਣਗੇ,
“ਯਹੋਵਾਹ ਤੁਹਾਨੂੰ ਅਸੀਸ ਦੇਵੇ।
ਲੋਕ ਉਨ੍ਹਾਂ ਦਾ ਸਵਾਗਤ ਨਹੀਂ ਕਰਨਗੇ ਅਤੇ ਨਹੀਂ ਆਖਣਗੇ, ‘ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਉੱਤੇ ਅਸੀਸ ਦਿੰਦੇ ਹਾਂ।’”
ਮੰਦਰ ਜਾਣ ਵੇਲੇ ਦਾ ਇੱਕ ਗੀਤ।
130 ਯਹੋਵਾਹ, ਮੈਂ ਡੂੰਘੀਆਂ ਮੁਸੀਬਤਾਂ ਵਿੱਚ ਹਾਂ,
ਇਸੇ ਲਈ ਮੈਂ ਤੁਹਾਨੂੰ ਮਦਦ ਲਈ ਪੁਕਾਰ ਰਿਹਾ ਹਾਂ।
2 ਮੇਰੇ ਮਾਲਕ, ਮੇਰੀ ਪੁਕਾਰ ਸੁਣੋ।
ਮੇਰੀ ਪੁਕਾਰ ਨੂੰ ਮਦਦ ਲਈ ਸੁਣੋ।
3 ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ।
ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।
4 ਯਹੋਵਾਹ, ਆਪਣੇ ਬੰਦਿਆ ਨੂੰ ਬਖਸ਼ ਦਿਉ।
ਫ਼ੇਰ ਲੋਕ ਤੁਹਾਡੀ ਉਪਾਸਨਾ ਕਰਨ ਵਾਲੇ ਹੋਣਗੇ।
5 ਮੈਂ ਯਹੋਵਾਹ ਦੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਉਸਦਾ ਇੰਤਜ਼ਾਰ ਕਰਦੀ ਹੈ।
ਮੈਨੂੰ ਯਹੋਵਾਹ ਦੇ ਆਖੇ ਉੱਤੇ ਵਿਸ਼ਵਾਸ ਹੈ।
6 ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ।
ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ।
7 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਸੱਚਾ ਪਿਆਰ ਸਿਰਫ਼ ਯਹੋਵਾਹ ਪਾਸੋਂ ਹੀ ਮਿਲਦਾ ਹੈ।
ਯਹੋਵਾਹ ਸਾਨੂੰ ਬਾਰ-ਬਾਰ ਬਚਾਉਂਦਾ ਹੈ।
8 ਅਤੇ ਯਹੋਵਾਹ ਇਸਰਾਏਲ ਦੇ ਸਾਰੇ ਗੁਨਾਹ ਮੁਆਫ਼ ਕਰ ਦੇਵੇਗਾ।
16 ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਪ੍ਰਵੇਸ਼ ਦੁਆਰ ਉੱਤੇ ਖਲੋਤੇ ਸਨ। ਉਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਉਹ ਲੜਨ ਲਈ ਤਿਆਰ ਸਨ। 17-18 ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”
19 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਓ! ਇੱਕ ਲਫ਼ਜ਼ ਨਹੀਂ ਬੋਲਣਾ। ਸਾਡੇ ਨਾਲ ਆਓ। ਸਾਡੇ ਪਿਤਾ ਅਤੇ ਜਾਜਕ ਬਣੋ। ਤੁਹਾਨੂੰ ਇਹ ਚੋਣ ਕਰਨੀ ਹੀ ਪਵੇਗੀ। ਕੀ ਤੇਰੇ ਲਈ ਸਿਰਫ਼ ਇੱਕ ਆਦਮੀ ਦਾ ਜਾਜਕ ਬਨਣਾ ਬਿਹਤਰ ਹੈ? ਜਾਂ ਕਿ ਤੇਰੇ ਲਈ ਇਸਰਾਏਲੀ ਲੋਕਾਂ ਦੇ ਪੂਰੇ ਪਰਿਵਾਰ-ਸਮੂਹ ਦਾ ਜਾਜਕ ਬਣਨਾ ਬਿਹਤਰ ਹੈ?”
20 ਇਹ ਸੁਣਕੇ ਲੇਵੀ ਬੰਦਾ ਪ੍ਰਸੰਨ ਹੋ ਗਿਆ। ਇਸ ਲਈ ਉਸ ਨੇ ਏਫ਼ੋਦ, ਘਰੋਗੀ ਬੁੱਤ ਅਤੇ ਬੁੱਤ ਫ਼ੜ ਲਏ। ਉਹ ਦਾਨ ਦੇ ਪਰਿਵਾਰ-ਸਮੂਹ ਦੇ ਉਨ੍ਹਾਂ ਬੰਦਿਆਂ ਨਾਲ ਤੁਰ ਪਿਆ।
21 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ 600 ਬੰਦੇ ਲੇਵੀ ਜਾਜਕ ਨਾਲ ਮੁੜ ਪਏ ਅਤੇ ਮੀਕਾਹ ਦੇ ਘਰੋਂ ਤੁਰ ਪਏ। ਉਨ੍ਹਾਂ ਨੇ ਆਪਣੇ ਛੋਟੇ ਬੱਚੇ, ਆਪਣੇ ਜਾਨਵਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਅੱਗੇ ਵੱਲ ਕਰ ਦਿੱਤੀਆਂ।
22 ਦਾਨ ਦੇ ਪਰਿਵਾਰ-ਸਮੂਹ ਦੇ ਬੰਦੇ ਉਸ ਥਾਂ ਤੋਂ ਕਾਫ਼ੀ ਦੂਰ ਚੱਲੇ ਗਏ। ਪਰ ਮੀਕਾਹ ਦੇ ਨੇੜੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ ਫ਼ੇਰ ਉਨ੍ਹਾਂ ਨੇ ਦਾਨ ਦੇ ਲੋਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਪਹੁੰਚ ਗਏ। 23 ਮੀਕਾਹ ਦੇ ਨਾਲ ਦੇ ਬੰਦੇ ਦਾਨ ਦੇ ਬੰਦਿਆਂ ਉੱਤੇ ਗੁੱਸੇ ਹੋ ਰਹੇ ਸਨ। ਦਾਨ ਦੇ ਆਦਮੀ ਪਿੱਛੇ ਮੁੜੇ। ਅਤੇ ਮੀਕਾਹ ਨੂੰ ਆਖਿਆ, “ਤੈਨੂੰ ਕੀ ਤਕਲੀਫ਼ ਹੈ? ਤੁਸੀਂ ਜੰਗ ਕਰਨ ਲਈ ਇੱਕਤਰ ਕਿਉਂ ਹੋਏ ਹੋ?”
24 ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬੱਚਿਆਂ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸੱਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?’”
25 ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿੱਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸੱਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”
26 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ ਆਦਮੀ ਪਿੱਛੇ ਮੁੜੇ ਅਤੇ ਆਪਨੇ ਰਾਹ ਤੁਰ ਪਏ। ਮੀਕਾਹ ਜਾਣਦਾ ਸੀ ਕਿ ਉਹ ਆਦਮੀ ਉਸ ਨਾਲੋਂ ਵੱਧੇਰੇ ਤਾਕਤਵਰ ਸਨ। ਇਸ ਲਈ ਉਹ ਵਾਪਸ ਘਰ ਮੁੜ ਆਇਆ।
27 ਇਸ ਤਰ੍ਹਾਂ ਦਾਨ ਦੇ ਲੋਕਾਂ ਨੇ ਉਹ ਬੁੱਤ ਚੁੱਕ ਲਏ ਜਿਹੜੇ ਮੀਕਾਹ ਨੇ ਬਣਾਏ ਸਨ। ਉਨ੍ਹਾਂ ਨੇ ਉਹ ਜਾਜਕ ਵੀ ਫ਼ੜ ਲਿਆ ਜਿਹੜਾ ਮੀਕਾਹ ਦੇ ਨਾਲ ਸੀ। ਫ਼ੇਰ ਉਹ ਲਾਇਸ਼ ਵਿਖੇ ਆ ਗਏ। ਉਨ੍ਹਾਂ ਨੇ ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਹਮਲੇ ਦੀ ਆਸ ਨਹੀਂ ਸੀ। ਦਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ। 28 ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਹ ਸੈਦੋਨ ਤੋਂ ਇੰਨੀ ਦੂਰ ਸਨ ਕਿ ਉਹ ਲੋਕ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੇ ਸਨ ਅਤੇ ਲਾਇਸ਼ ਦੇ ਲੋਕਾਂ ਦਾ ਕਿਸੇ ਆਦਮੀ ਨਾਲ ਵੀ ਕੋਈ ਇਕਰਾਰਨਾਮਾ ਨਹੀਂ ਸੀ-ਇਸ ਲਈ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆ ਸੱਕਿਆ। ਲਾਇਸ਼ ਦਾ ਸ਼ਹਿਰ ਉਸ ਵਾਦੀ ਵਿੱਚ ਸੀ ਜਿਹੜੀ ਬੈਤਰਹੋਬ ਦੇ ਅਧੀਨ ਸੀ। ਦਾਨ ਦੇ ਲੋਕਾਂ ਨੇ ਇੱਕ ਨਵਾਂ ਸ਼ਹਿਰ ਉਸਾਰਿਆ। ਅਤੇ ਉੱਥੇ ਰਹਿਣ ਲੱਗ ਪਏ। 29 ਦਾਨ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਇੱਕ ਨਾਮ ਦਿੱਤਾ। ਉਹ ਸ਼ਹਿਰ ਲਾਇਸ਼ ਅਖਵਾਉਂਦਾ ਸੀ ਪਰ ਉਨ੍ਹਾਂ ਨੇ ਨਾਮ ਬਦਲ ਕੇ ਦਾਨ ਰੱਖ ਦਿੱਤਾ ਉਨ੍ਹਾਂ ਨੇ ਸ਼ਹਿਰ ਦਾ ਨਾਮ ਆਪਣੇ ਪੁਰਖੇ ਦਾਨ ਦੇ ਨਾਮ ਉੱਤੇ ਰੱਖਿਆ ਜਿਹੜਾ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।
30 ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਬੁੱਤ ਨੂੰ ਸ਼ਹਿਰ ਵਿੱਚ ਪਾ ਦਿੱਤਾ। ਉਨ੍ਹਾਂ ਨੇ ਗੇਰਸ਼ੋਮ ਦੇ ਪੁੱਤਰ ਯੋਨਾਥਾਨ ਨੂੰ ਆਪਣ ਜਾਜਕ ਬਣਾਇਆ। ਗੇਰਸ਼ੋਮ ਮਨੱਸ਼ਹ ਦਾ ਪੁੱਤਰ ਸੀ। ਯੋਨਾਥਾਨ ਅਤੇ ਉਸ ਦੇ ਪੁੱਤਰ ਦਾਨ ਦੇ ਪਰਿਵਾਰ-ਸਮੂਹ ਦੇ ਉਦੋਂ ਤੀਕ ਜਾਜਕ ਰਹੇ ਜਦੋਂ ਇਸਰਾਏਲੀ ਲੋਕਾਂ ਨੂੰ ਗੁਲਾਮ ਹੋਣਾ ਪਿਆ। 31 ਦਾਨ ਦੇ ਲੋਕਾਂ ਨੇ ਆਪਣੇ ਲਈ ਉਹੀ ਬੁੱਤ ਸਥਾਪਿਤ ਕੀਤਾ ਜਿਹੜਾ ਮੀਕਾਹ ਨੇ ਬਣਾਇਆ ਸੀ। ਉਹ ਬੁੱਤ ਦਾਨ ਸ਼ਹਿਰ ਵਿੱਚ ਉਸ ਪੂਰੇ ਸਮੇਂ ਦੌਰਾਨ ਉੱਥੇ ਹੀ ਸੀ ਜਦੋਂ ਪਰਮੇਸ਼ੁਰ ਦਾ ਘਰ ਸ਼ੀਲੋਹ ਵਿਖੇ ਸੀ।
14 ਰਸੂਲ ਅਜੇ ਵੀ ਯਰੂਸ਼ਲਮ ਵਿੱਚ ਹੀ ਸਨ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਮਰਿਯਾ ਵਿੱਚ ਲੋਕਾਂ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰ ਲਿਆ ਹੈ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਵੀ ਸਾਮਰਿਯਾ ਵਿੱਚ ਭੇਜਿਆ। 15 ਜਦੋਂ ਪਤਰਸ ਅਤੇ ਯੂਹੰਨਾ ਆਏ ਤਾਂ ਉਨ੍ਹਾਂ ਉੱਥੇ ਆਕੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਹੋਵੇ। 16 ਇਨ੍ਹਾਂ ਲੋਕਾਂ ਨੂੰ ਯਿਸੂ ਪ੍ਰਭੂ ਦੇ ਨਾਂ ਤੇ ਬਪਤਿਸਮਾ ਦਿੱਤਾ ਗਿਆ ਸੀ, ਪਰ ਪਵਿੱਤਰ ਆਤਮਾ ਅਜੇ ਉਨ੍ਹਾਂ ਉੱਤੇ ਨਹੀਂ ਆਇਆ ਸੀ। ਇਸੇ ਲਈ ਪਤਰਸ ਅਤੇ ਯੂਹੰਨਾ ਨੇ ਪ੍ਰਾਰਥਨਾ ਕੀਤੀ। 17 ਤਦ ਇਨ੍ਹਾਂ ਦੋਨਾਂ ਰਸੂਲਾਂ ਨੇ ਲੋਕਾਂ ਉੱਪਰ ਆਪਣੇ ਹੱਥ ਰੱਖੇ ਤਾਂ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ।
18 ਸ਼ਮਊਨ ਨੇ ਵੇਖਿਆ ਕਿ ਲੋਕਾਂ ਨੂੰ ਪਵਿੱਤਰ ਆਤਮਾ ਦੀ ਪ੍ਰਾਪਤੀ ਤਦ ਹੋਈ, ਜਦ ਰਸੂਲਾਂ ਨੇ ਆਪਣਾ ਹੱਥ ਉਨ੍ਹਾ ਉੱਪਰ ਰੱਖਿਆ ਤਾਂ ਸ਼ਮਊਨ ਨੇ ਰਸੂਲਾਂ ਅੱਗੇ ਰੁਪਏ ਰੱਖੇ। 19 ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦੇ ਦੇਵੋ ਤਾਂ ਜੋ ਜਿਸ ਮਨੁੱਖ ਉੱਪਰ ਵੀ ਮੈਂ ਇਉਂ ਹੱਥ ਰੱਖਾਂ ਉਸ ਨੂੰ ਪਵਿੱਤਰ ਆਤਮਾ ਮਿਲ ਜਾਵੇ।”
20 ਪਤਰਸ ਨੇ ਸ਼ਮਊਨ ਨੂੰ ਆਖਿਆ, “ਕਾਸ਼ ਕਿ ਤੂੰ ਅਤੇ ਤੇਰਾ ਧਨ, ਇੱਕਸਾਥ ਤਬਾਹ ਹੋ ਜਾਣ ਕਿਉਂਕਿ ਤੂੰ ਪਰਮੇਸ਼ੁਰ ਦੀ ਦਾਤ ਨੂੰ ਧਨ ਨਾਲ ਖਰੀਦਣ ਦੀ ਸੋਚੀ। 21 ਤੂੰ ਇਸ ਕੰਮ ਵਿੱਚ ਸਾਡਾ ਸਾਂਝੀਵਾਲ ਨਹੀਂ ਹੋ ਸੱਕਦਾ ਕਿਉਂ ਕਿ ਪਰਮੇਸ਼ੁਰ ਅੱਗੇ ਤੇਰਾ ਮਨ ਸਾਫ਼ ਨਹੀਂ ਹੈ। 22 ਆਪਣਾ ਦਿਲ ਬਦਲ ਅਤੇ ਆਪਣੀਆਂ ਬਦਕਾਰੀਆਂ ਤੋਂ ਹਟ ਜਾ। ਪ੍ਰਭੂਂ ਨੂੰ ਪ੍ਰਾਰਥਨਾ ਕਰ, ਸ਼ਾਇਦ ਉਹ ਤੇਰੇ ਇਸ ਤਰ੍ਹਾਂ ਸੋਚਣ ਤੇ ਤੈਨੂੰ ਮੁਆਫ਼ ਕਰ ਦੇਵੇ। 23 ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਾਪ ਦੇ ਖਿਆਲਾਂ ਅਤੇ ਈਰਖਾ ਨਾਲ ਭਰਿਆ ਹੋਇਆ ਹੈਂ।”
24 ਸ਼ਮਊਨ ਨੇ ਜਵਾਬ ਦਿੱਤਾ, “ਤੁਸੀਂ ਦੋਨੋ ਮੇਰੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ, ਤਾਂ ਕਿ ਜੋ ਕੁਝ ਵੀ ਤੁਸੀਂ ਆਖਿਆ, ਮੇਰੇ ਨਾਲ ਨਾ ਵਾਪਰੇ।”
25 ਤਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਗਏ।
ਯਿਸੂ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਦਿੰਦਾ(A)
6 ਇਸ ਤੋਂ ਬਾਦ ਯਿਸੂ ਗਲੀਲ ਝੀਲ ਅਰਥਾਤ ਤਿਬਿਰਿਯਾਸ ਝੀਲ ਦੇ ਦੂਜੇ ਪਾਸੇ ਚੱਲਿਆ ਗਿਆ। 2 ਬਹੁਤ ਸਾਰੇ ਲੋਕ ਉਸ ਦੇ ਨਾਲ ਗਏ। ਉਹ ਇਸ ਲਈ ਗਏ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਕਰਿਸ਼ਮੇ ਵੇਖੇ ਸਨ। 3 ਯਿਸੂ ਪਹਾੜੀ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ। 4 ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਆ ਰਿਹਾ ਸੀ।
5 ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਯਿਸੂ ਨੇ ਫਿਲਿਪੁੱਸ ਨੂੰ ਆਖਿਆ, “ਅਸੀਂ ਕਿੱਥੋਂ ਉਚਿਤ ਰੋਟੀ ਖਰੀਦ ਸੱਕਦੇ ਹਾਂ ਤਾਂ ਜੋ ਉਹ ਸਾਰੇ ਖਾ ਸੱਕਦੇ ਹਨ।” 6 ਯਿਸੂ ਨੇ ਇਹ ਪ੍ਰਸ਼ਨ ਫਿਲਿਪੁੱਸ ਨੂੰ ਪਰੱਖਣ ਵਾਸਤੇ ਹੀ ਪੁੱਛਿਆ ਸੀ। ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ।
7 ਫਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਸਾਰੇ ਇੱਕ ਮਹੀਨੇ ਲਈ ਕੰਮ ਕਰੀਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਦੇਣ ਯੋਗ ਹੋਵਾਂਗੇ।”
8 ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸਮਊਨ ਪਤਰਸ ਦਾ ਭਰਾ ਸੀ, ਉਸ ਨੇ ਆਖਿਆ, 9 “ਏਥੇ ਇੱਕ ਬੱਚਾ ਹੈ ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨੇ ਸਾਰੇ ਲੋਕਾਂ ਲਈ ਕਿਵੇਂ ਕਾਫੀ ਹੋਣਗੀਆਂ?”
10 ਯਿਸੂ ਨੇ ਆਖਿਆ, “ਲੋਕਾਂ ਨੂੰ ਆਖੋ ਕਿ ਉਹ ਬੈਠ ਜਾਣ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ। ਤਾਂ ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ। 11 ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ। ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ। ਯਿਸੂ ਨੇ ਲੋਕਾਂ ਨੂੰ ਓਨਾਂ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ।
12 ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ। ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁਕੜੇ ਇਕੱਠੇ ਕਰ ਲਓ, ਕੁਝ ਵੀ ਜਾਇਆ ਨਾ ਕਰੋ।” 13 ਤਾਂ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕੀਤਾ। ਚੇਲਿਆਂ ਨੇ ਲੋਕਾਂ ਦੁਆਰਾ ਛੱਡੀਆਂ ਗਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ।
14 ਯਿਸੂ ਦੀ ਕਰਾਮਾਤ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ ਜਿਸਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ।”
15 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਬਾਦਸ਼ਾਹ ਬਨਾਉਣਾ ਚਾਹੁੰਦੇ ਹਨ। ਤਾਂ ਯਿਸੂ ਉੱਥੋਂ ਵਿਦਾ ਹੋਕੇ ਇੱਕਲਾ ਹੀ ਪਹਾੜਾਂ ਵੱਲ ਚੱਲਿਆ ਗਿਆ।
2010 by World Bible Translation Center