Book of Common Prayer
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
ਸਾਨੂੰ ਤੁਹਾਨੂੰ ਵੇਖਣ ਦਿਉ।
2 ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
3 ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
4 ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
5 ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
6 ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
ਗੋਹੇ ਵਾਂਗ ਸਾੜ ਦਿੱਤੀ ਗਈ ਹੈ।
17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।
77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
2 ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
3 ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
4 ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
5 ਮੈਂ ਅਤੀਤ ਬਾਰੇ ਸੋਚਦਾ ਰਿਹਾ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
6 ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
7 ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
8 ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
9 ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”
10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”
11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।
16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
ਅਗਵਾਈ ਕਰਨ ਲਈ ਇਸਤੇਮਾਲ ਕੀਤਾ।
ਆਸਾਫ਼ ਦਾ ਇੱਕ ਉਸਤਤਿ ਗੀਤ।
79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
2 ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
3 ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
4 ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
5 ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
6 ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
7 ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
8 ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
9 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਗਿਦਾਊਨ ਬਆਲ ਦੀ ਜਗਵੇਦੀ ਨੂੰ ਢਾਹ ਦਿੰਦਾ ਹੈ
25 ਉਸੇ ਰਾਤ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ ਅਤੇ ਆਖਿਆ, “ਆਪਣੇ ਪਿਤਾ ਦਾ ਇੱਕ ਪੂਰਾ ਪਲਿਆ ਹੋਇਆ ਵਹਿੜਕਾ ਅਤੇ ਦੂਜਾ ਜੋ ਸੱਤ ਸਾਲ ਦਾ ਹੈ ਲੈ। ਤੇਰੇ ਪਿਤਾ ਕੋਲ ਝੂਠੇ ਦੇਵਤੇ, ਬਆਲ ਦੀ ਜਗਵੇਦੀ ਹੈ ਅਤੇ ਜਗਵੇਦੀ ਦੇ ਨੇੜੇ ਦੇਵੀ ਅਸ਼ੇਰਾਹ ਦੀ ਉਪਾਸਨਾ ਕਰਨ ਲਈ ਲੱਕੜ ਦਾ ਇੱਕ ਥੰਮ ਵੀ ਹੈ। ਵਹਿੜਕੇ ਦੀ ਸਹਾਇਤਾ ਨਾਲ ਬਆਲ ਦੀ ਜਗਵੇਦੀ ਨੂੰ ਢਾਹ ਦੇ ਅਤੇ ਅਸ਼ੇਰਾਹ ਦੇ ਥੰਮ ਨੂੰ ਚੀਰ ਦੇ। 26 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਸਹੀ ਢੰਗ ਦੀ ਜਗਵੇਦੀ ਉਸਾਰ। ਇਸ ਜਗਵੇਦੀ ਨੂੰ ਇਸ ਉੱਚੀ ਥਾਂ ਉੱਤੇ ਉਸਾਰ। ਫ਼ੇਰ ਉਸ ਵਹਿੜਕੇ ਨੂੰ ਬਲੀ ਚੜ੍ਹਾਕੇ ਜਗਵੇਦੀ ਉੱਤੇ ਹੋਮ ਕਰ। ਅਸ਼ੇਰਾਹ ਦੇ ਥੰਮ ਦੀ ਲੱਕੜ ਕੋਲੋਂ ਆਪਣੇ ਚੜ੍ਹਾਵੇ ਨੂੰ ਹੋਮ ਕਰਨ ਦਾ ਕੰਮ ਲੈ।”
27 ਇਸ ਲਈ ਗਿਦਾਊਨ ਨੇ ਆਪਣੇ ਦਸ ਸੇਵਕ ਲਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਿਹਾ ਸੀ। ਪਰ ਉਹ ਆਪਣੇ ਪਿਉ ਦੇ ਘਰ ਦੇ ਅਤੇ ਨਗਰ ਦੇ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਅਜਿਹਾ ਦਿਨ ਵੇਲੇ ਨਹੀਂ ਸਗੋਂ ਰਾਤ ਵੇਲੇ ਕੀਤਾ।
28 ਸ਼ਹਿਰ ਦੇ ਲੋਕ ਅਗਲੀ ਸਵੇਰ ਜਾਗੇ। ਅਤੇ ਉਨ੍ਹਾਂ ਨੇ ਦੇਖਿਆ ਕਿ ਬਆਲ ਦੀ ਜਗਵੇਦੀ ਤਬਾਹ ਹੋਈ ਪਈ ਹੈ! ਉਨ੍ਹਾਂ ਨੇ ਇਹ ਵੀ ਦੇਖਿਆ ਕਿ ਅਸ਼ੇਰਾਹ ਦਾ ਥੰਮ ਵੀ ਚੀਰਿਆ ਪਿਆ ਹੈ। ਅਸ਼ੇਰਾਹ ਦਾ ਥੰਮ ਜਗਵੇਦੀ ਦੇ ਨਾਲ ਲੱਗਦਾ ਸੀ। ਉਨ੍ਹਾਂ ਬੰਦਿਆਂ ਨੇ ਉਹ ਜਗਵੇਦੀ ਵੀ ਦੇਖੀ ਜਿਹੜੀ ਗਿਦਾਊਨ ਨੇ ਉਸਾਰੀ ਸੀ ਅਤੇ ਉਨ੍ਹਾਂ ਨੇ ਉਸ ਜਗਵੇਦੀ ਉੱਤੇ ਬਲੀ ਚੜ੍ਹਾਇਆ ਗਿਆ ਵਹਿੜਕਾ ਵੀ ਵੇਖਿਆ।
29 ਸ਼ਹਿਰ ਦੇ ਲੋਕਾਂ ਨੇ ਇੱਕ ਦੂਸਰੇ ਵੱਲ ਦੇਖਿਆ ਅਤੇ ਪੁੱਛਿਆ, “ਇਹ ਸਭ ਕਿਸਨੇ ਕੀਤਾ?”
ਫ਼ੇਰ ਉਨ੍ਹਾਂ ਨੇ ਪੁੱਛ-ਤਾਛ ਕੀਤੀ ਤਾਂ ਪਤਾ ਲੱਗਿਆ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਸਭ ਕੀਤਾ ਹੈ।”
30 ਇਸ ਲਈ ਸ਼ਹਿਰ ਦੇ ਲੋਕ ਯੋਆਸ਼ ਦੇ ਕੋਲ ਆਏ। ਉਨ੍ਹਾਂ ਨੇ ਯੋਆਸ਼ ਨੂੰ ਆਖਿਆ, “ਆਪਣੇ ਪੁੱਤਰ ਨੂੰ ਬਾਹਰ ਕੱਢੋ ਉਸ ਨੇ ਬਆਲ ਦੀ ਜਗਵੇਦੀ ਤੋੜ ਦਿੱਤੀ ਹੈ। ਅਤੇ ਉਸ ਨੇ ਅਸ਼ੇਰਾਹ ਦਾ ਥੰਮ, ਜਿਹੜਾ ਜਗਵੇਦੀ ਦੇ ਕੋਲ ਸੀ, ਕੱਟ ਦਿੱਤਾ ਹੈ। ਇਸ ਲਈ ਤੇਰੇ ਪੁੱਤਰ ਨੂੰ ਮਰਨਾ ਪਵੇਗਾ।”
31 ਤਾਂ ਯੋਆਸ਼ ਨੇ ਆਪਣੇ ਆਲੇ-ਦੁਆਲੇ ਜੁੜੀ ਲੋਕਾਂ ਦੀ ਭੀੜ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕੀ ਤੁਸੀਂ ਬਆਲ ਦਾ ਪੱਖ ਪੂਰਨ ਜਾ ਰਹੇ ਹੋ? ਕੀ ਤੁਸੀਂ ਬਆਲ ਨੂੰ ਬਚਾਉਣ ਜਾ ਰਹੇ ਹੋ? ਜੇ ਕੋਈ ਬਆਲ ਦਾ ਪੱਖ ਲੈਂਦਾ ਹੈ ਤਾਂ ਉਸ ਨੂੰ ਸਵੇਰ ਹੋਣ ਤੱਕ ਮਾਰ ਦਿੱਤਾ ਜਾਵੇ। ਜੇ ਬਆਲ ਸੱਚਮੁੱਚ ਦੇਵਤਾ ਹੈ ਤਾਂ ਫ਼ੇਰ ਜਦੋਂ ਕੋਈ ਉਸਦੀ ਜਗਵੇਦੀ ਨੂੰ ਢਾਹੁਂਦਾ ਹੈ ਤਾਂ ਉਸ ਨੂੰ ਆਪਣੀ ਰੱਖਿਆ ਖੁਦ ਕਰਨ ਦਿਉ।” 32 ਯੋਆਸ਼ ਨੇ ਆਖਿਆ, “ਜੇ ਗਿਦਾਊਨ ਨੇ ਬਆਲ ਦੀ ਜਗਵੇਦੀ ਢਾਹ ਦਿੱਤੀ ਹੈ ਤਾਂ ਬਆਲ ਨੂੰ ਉਸ ਨਾਲ ਬਹਿਸ ਕਰਨ ਦਿਉ।” ਇਸ ਲਈ ਉਸ ਦਿਨ ਯੋਆਸ਼ ਨੇ ਗਿਦਾਊਨ ਨੂੰ ਨਵਾਂ ਨਾਮ ਦਿੱਤਾ। ਉਸ ਨੇ ਉਸ ਨੂੰ ਯਰੁੱਬਆਲ ਆਖਿਆ।
ਗਿਦਾਊਨ ਮਿਦਯਾਨ ਦੇ ਲੋਕਾਂ ਨੂੰ ਹਰਾਉਂਦਾ ਹੈ
33 ਮਿਦਯਾਨ, ਅਮਾਲੇਕ ਅਤੇ ਪੂਰਬ ਦੇ ਹੋਰ ਲੋਕ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਇਕੱਠੇ ਹੋ ਗਏ ਇਨ੍ਹਾਂ ਲੋਕਾਂ ਨੇ ਨਦੀ ਪਾਰ ਕਰਕੇ ਯਜ਼ਰਏਲ ਵਾਦੀ ਅੰਦਰ ਡੇਰਾ ਲਾ ਲਿਆ। 34 ਗਿਦਾਊਨ ਕੋਲ ਯਹੋਵਾਹ ਦਾ ਆਤਮਾ ਆਇਆ ਅਤੇ ਉਸ ਨੂੰ ਵੱਡੀ ਸ਼ਕਤੀ ਦਿੱਤੀ। ਉਸ ਨੇ ਅਬੀਅਜ਼ਰ ਪਰਿਵਾਰ ਨੂੰ ਆਪਣੇ ਪਿੱਛੇ ਆਉਣ ਲਈ ਤੁਰ੍ਹੀ ਵਜਾਈ। 35 ਗਿਦਾਊਨ ਨੇ ਮਨੱਸ਼ਹ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਵੱਲ ਸੰਦੇਸ਼ਵਾਹਕ ਭੇਜੇ ਕਿ ਉਹ ਆਪਣੇ ਸਾਰੇ ਹਥਿਆਰ ਲੈ ਕੇ ਲੜਾਈ ਲਈ ਤਿਆਰ ਹੋ ਜਾਣ। ਗਿਦਾਊਨ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਵੱਲ ਸੰਦੇਸ਼ਵਾਹਕਾਂ ਰਾਹੀਂ ਵੀ ਇਹ ਸੰਦੇਸ਼ ਭੇਜਿਆ। ਇਸ ਲਈ ਉਹ ਪਰਿਵਾਰ-ਸਮੂਹ ਵੀ ਗਿਦਾਊਨ ਅਤੇ ਉਸਦੀ ਫ਼ੌਜ ਨੂੰ ਮਿਲਣ ਲਈ ਗਏ।
36 ਤਾਂ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਖਿਆ ਸੀ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ। ਮੈਨੂੰ ਪ੍ਰਮਾਣ ਦੇਵੋ! 37 ਮੈਂ ਅਨਾਜ ਛੱਟਣ ਵਾਲੇ ਫ਼ਰਸ਼ ਉੱਤੇ ਭੇਡ ਦੀ ਖੱਲ ਰੱਖਾਂਗਾ। ਜੇ ਸਿਰਫ਼ ਖੱਲ ਉੱਤੇ ਹੀ ਤ੍ਰੇਲ ਹੋਵੇਗੀ ਜਦੋਂ ਕਿ ਹੋਰ ਸਾਰੀ ਥਾਂ ਸੁੱਕੀ ਹੋਵੇਗੀ, ਤਾਂ ਮੈਂ ਜਾਣ ਲਵਾਂਗਾ ਕਿ ਜਿਵੇਂ ਤੁਸੀਂ ਆਖਿਆ ਸੀ, ਤੁਸੀਂ ਇਸਰਾਏਲ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ।”
38 ਅਤੇ ਬਿਲਕੁਲ ਇਵੇਂ ਹੀ ਹੋਇਆ। ਗਿਦਾਊਨ ਅਗਲੀ ਸਵੇਰੇ ਜਲਦੀ ਉੱਠਿਆ ਅਤੇ ਖੱਲ ਨੂੰ ਨਚੋੜਿਆ। ਉਸ ਨੇ ਭੇਡ ਦੀ ਖੱਲ ਵਿੱਚੋਂ ਇੱਕ ਪਿਆਲਾ ਭਰ ਪਾਣੀ ਨਿਚੋੜ ਦਿੱਤਾ।
39 ਫ਼ੇਰ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਸਿਰਫ਼ ਇੱਕ ਗੱਲ ਹੋਰ ਪੁੱਛਣ ਦਿਉ। ਮੈਨੂੰ ਬਸ ਇੱਕ ਵਾਰੀ ਹੋਰ ਭੇਡ ਦੀ ਖੱਲ ਨਾਲ ਤੁਹਾਡੀ ਪਰੱਖ ਕਰਨ ਦਿਉ। ਇਸ ਵਾਰੀ ਇਹ ਖੱਲ ਸੁੱਕੀ ਰਹੇ ਜਦ ਕਿ ਇਸਦੇ ਆਲੇ-ਦੁਆਲੇ ਦੀ ਥਾਂ ਤ੍ਰੇਲ ਨਾਲ ਭਿੱਜੀ ਹੋਵੇ।”
40 ਉਸ ਰਾਤ ਪਰਮੇਸ਼ੁਰ ਨੇ ਇਹੋ ਹੀ ਕੀਤਾ। ਬਸ ਭੇਡ ਦੀ ਖੱਲ ਸੁੱਕੀ ਸੀ ਜਦ ਕਿ ਇਸਦੇ ਆਲੇ-ਦੁਆਲੇ ਦੀ ਸਾਰੇ ਥਾਂ ਤ੍ਰੇਲ ਨਾਲ ਗਿੱਲੀ ਸੀ।
37 ਲੋਕਾਂ ਦੇ ਦਿਲਾਂ ਇਨ੍ਹਾਂ ਸ਼ਬਦਾਂ ਨਾਲ ਛਿੱਦ ਗਏ। ਉਨ੍ਹਾਂ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, “ਭਰਾਵੋ, ਸਾਨੂੰ ਦੱਸੋ ਕਿ ਅਸੀਂ ਹੁਣ ਕੀ ਕਰੀਏ?”
38 ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਭ ਆਪਣੇ ਦਿਲ ਅਤੇ ਜ਼ਿੰਦਗੀਆਂ ਬਦਲੋ ਅਤੇ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਓ। ਤਦ ਪਰਮੇਸ਼ੁਰ ਤੁਹਾਡੇ ਸਾਰੇ ਪਾਪ ਬਖਸ਼ ਦੇਵੇਗਾ ਅਤੇ ਤੁਸੀਂ ਪਵਿੱਤਰ ਆਤਮਾ ਨੂੰ ਦਾਤ ਵਾਂਗ ਪ੍ਰਾਪਤ ਕਰੋਂਗੇ। 39 ਇਹ ਵਾਅਦਾ ਤੁਹਾਡੇ ਲਈ, ਤੁਹਾਡੇ ਬੱਚਿਆ ਲਈ, ਅਤੇ ਉਨ੍ਹਾਂ ਸਭਨਾਂ ਲਈ ਹੈ ਜੋ ਇਸ ਜਗ਼੍ਹਾ ਤੋਂ ਬਹੁਤ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ੁਰ ਆਪਣੇ ਕੋਲ ਖੁਦ ਬੁਲਾਵੇਗਾ।”
40 ਤਦ ਪਤਰਸ ਨੇ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਬਚਨਾਂ ਨਾਲ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜੀ ਦੇ ਲੋਕਾਂ ਕੋਲੋ ਬਚਾਓ।” 41 ਤਦ ਉਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਪਤਰਸ ਦੇ ਉਪਦੇਸ਼ਾਂ ਨੂੰ ਸਵਿਕਾਰਿਆ ਸੀ, ਬਪਤਿਸਮਾ ਲਿਆ। ਉਸ ਦਿਨ ਤਿੰਨ ਹਜ਼ਾਰ ਦੇ ਆਸ-ਪਾਸ ਲੋਕ ਨਿਹਚਾਵਾਨਾਂ ਦੇ ਸਮੂਹ ਨਾਲ ਜੁੜੇ।
ਨਿਹਚਾਵਾਨਾਂ ਨੇ ਹਰੇਕ ਚੀਜ਼ ਨੂੰ ਵੰਡਿਆ
42 ਉਨ੍ਹਾਂ ਨੇ ਆਪਣਾ ਸਮਾਂ ਨਿਯਮਿਤ ਰੂਪ ਨਾਲ ਰਸੂਲਾਂ ਦੇ ਉਪਦੇਸ਼ ਸੁਣਨ ਲਈ ਇਸਤੇਮਾਲ ਕੀਤਾ। ਉਹ ਇੱਕ ਦੂਜੇ ਨਾਲ ਪਰਿਵਾਰ ਦੇ ਜੀਆਂ ਵਾਂਗ ਭਾਗੀਦਾਰ ਹੋਣ ਲੱਗੇ। ਉਹ ਇਕੱਠੇ ਖਾਂਦੇ ਅਤੇ ਇਕੱਠੇ ਹੀ ਪ੍ਰਾਰਥਨਾ ਕਰਦੇ। 43 ਰਸੂਲ ਬੜੀਆਂ ਹੈਰਾਨੀਜਨਕ ਅਤੇ ਤਾਕਤਵਰ ਗੱਲਾਂ ਕਰ ਰਹੇ ਸਨ। ਤਾਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਲਈ ਡਰ ਸੀ। 44 ਸਾਰੇ ਉਨ੍ਹਾਂ ਦੇ ਨਿਹਚਾਵਾਨ ਇਕੱਠੇ ਰਹਿੰਦੇ ਤੇ ਆਪਸ ਵਿੱਚ ਹਰ ਚੀਜ਼ ਵੰਡਦੇ। 45 ਨਿਹਚਾਵਾਨਾਂ ਨੇ ਆਪਣੀ ਜ਼ਮੀਨ ਅਤੇ ਜੋ ਚੀਜ਼ਾਂ ਉਨ੍ਹਾਂ ਕੋਲ ਸਨ, ਸਭ ਵੇਚ ਦਿੱਤੀਆਂ ਅਤੇ ਸਾਰਾ ਧਨ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ, ਵੰਡ ਦਿੱਤਾ। 46 ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ। 47 ਨਿਹਚਾਵਾਨ ਪਰਮੇਸ਼ੁਰ ਦੀ ਉਸਤਤਿ ਕਰਦੇ ਅਤੇ ਸਾਰੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ। ਅਤੇ ਹਰੇਕ ਦਿਨ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਹਚਾਵਾਨਾਂ ਦੇ ਸਮੂਹ ਵਿੱਚ ਸ਼ਾਮਿਲ ਕਰਦਾ, ਜੋ ਬਚਾਏ ਜਾਂਦੇ ਸਨ।
ਯਿਸੂ ਦਾ ਸੰਸਾਰ ਵਿੱਚ ਆਉਣਾ
1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ [a] ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। 2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। 3 ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। 4 ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। 5 ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।
6 ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। 7 ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ। ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸੱਕਣ। 8 ਯੂਹੰਨਾ ਖੁਦ ਉਹ ਚਾਨਣ ਨਹੀਂ ਸੀ। ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਸਾਖੀ ਦੇਣ ਲਈ ਆਇਆ ਸੀ। 9 ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।
10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸ ਨੂੰ ਨਹੀਂ ਪਛਾਣਿਆ। 11 ਉਹ ਆਪਣੇ ਘਰ ਵਿੱਚ ਆਇਆ ਸੀ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12 ਕੁਝ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। 13 ਨਾ ਹੀ ਉਹ ਮਨੁੱਖਾਂ ਦੇ ਕੁਦਰਤੀ ਤਰੀਕੇ ਵਾਂਗ, ਨਾ ਹੀ ਸ਼ਰੀਰਕ ਇੱਛਾ ਨਾਲ, ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੀ ਵਿਉਂਤ ਨਾਲ, ਜਨਮੇ ਸਨ। ਉਹ ਪਰਮੇਸ਼ੁਰ ਤੋਂ ਜਨਮੇ ਸਨ।
14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। 15 ਯੂਹੰਨਾ ਨੇ ਲੋਕਾਂ ਨੂੰ ਉਸ ਦੇ ਬਾਰੇ ਦੱਸਿਆ ਅਤੇ ਆਖਿਆ, “ਇਹੀ ਉਹ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ, ‘ਜਿਹੜਾ ਮੇਰੇ ਬਾਦ ਆਵੇਗਾ, ਉਹ ਮੈਥੋਂ ਵੀ ਮਹਾਨ ਹੈ। ਉਹ ਮੈਥੋਂ ਵੀ ਪਹਿਲਾਂ ਰਹਿ ਰਿਹਾ ਸੀ।’”
16 ਉਹ ਸ਼ਬਦ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। ਅਸੀਂ ਉਸਤੋਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕੀਤੀਆਂ। 17 ਸ਼ਰ੍ਹਾ ਮੂਸਾ ਰਾਹੀਂ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਆਈ। 18 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਪਰ ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੇ ਸੱਜੇ ਪਾਸੇ ਹੈ ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
2010 by World Bible Translation Center