Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।
51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
2 ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
3 ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
4 ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
ਤੁਹਾਡੇ ਨਿਆਂ ਨਿਰਪੱਖ ਹਨ।
5 ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
6 ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
7 ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
8 ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
9 ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
ਮੈਨੂੰ ਉਹ ਖੁਸ਼ੀ ਫ਼ੇਰ ਦਿਉ।
ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15 ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।
18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।
10 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ। 11 ਯਹੋਵਾਹ ਤੁਹਾਨੂੰ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਭਰਿਆ ਸੀ। ਯਹੋਵਾਹ ਤੁਹਾਨੂੰ ਉਹ ਖੂਹ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਸਨ। ਯਹੋਵਾਹ ਤੁਹਾਨੂੰ ਅੰਗੂਰਾਂ ਅਤੇ ਜੈਤੂਨ ਦੇ ਰੁੱਖਾਂ ਦੇ ਖੇਤ ਦੇਵੇਗਾ ਜਿਹੜੇ ਤੁਸੀਂ ਨਹੀਂ ਬੀਜੇ ਸਨ। ਅਤੇ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ।
12 “ਪਰ ਧਿਆਨ ਰੱਖਣਾ! ਯਹੋਵਾਹ ਨੂੰ ਭੁੱਲ ਨਾ ਜਾਣਾ। ਤੁਸੀਂ ਮਿਸਰ ਵਿੱਚ ਗੁਲਾਮ ਸੀ, ਪਰ ਯਹੋਵਾਹ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਆਇਆ। 13 ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰੋ ਅਤੇ ਸਿਰਫ਼ ਓਸੇ ਦੀ ਸੇਵਾ ਕਰੋ। ਤੁਹਾਨੂੰ ਇਕਰਾਰ ਕਰਨ ਲਈ ਸਿਰਫ਼ ਉਸੇ ਦੇ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ। 14 ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। 15 ਯਹੋਵਾਹ, ਤੁਹਾਡਾ ਪਰਮੇਸ਼ੁਰ, ਹਮੇਸ਼ਾ ਤੁਹਾਡੇ ਅੰਗ-ਸੰਗ ਹੈ। ਅਤੇ ਯਹੋਵਾਹ ਆਪਣੇ ਲੋਕਾਂ ਦਾ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ! ਇਸ ਲਈ ਜੇ ਤੁਸੀਂ ਉਨ੍ਹਾਂ ਹੋਰਨਾ ਦੇਵਿਤਆਂ ਦੇ ਪਿੱਛੇ ਲੱਗੋਂਗੇ, ਉਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ ਅਤੇ ਤੁਹਾਨੂੰ ਧਰਤੀ ਦੀ ਸਤਹ ਤੋਂ ਤਬਾਹ ਕਰ ਦੇਵੇਗਾ।
16 “ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਉਸ ਤਰ੍ਹਾਂ ਇਮਤਿਹਾਨ ਨਾ ਲਵੋ ਜਿਵੇਂ ਤੁਸੀਂ ਮੱਸਾਹ ਵਿਖੇ ਕੀਤਾ ਸੀ। 17 ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਦਾ ਦ੍ਰਿੜਤਾ ਨਾਲ ਪਾਲਣ ਕਰੋ। ਤੁਹਾਨੂੰ ਉਨ੍ਹਾਂ ਸਾਰੀਆਂ ਸਾਖੀਆਂ ਅਤੇ ਬਿਧੀਆਂ ਦਾ ਪਾਲਣਾ ਕਰਨੀ ਚਾਹੀਦੀ ਹੈ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਹਨ। 18 ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਠੀਕ ਅਤੇ ਚੰਗੀਆਂ ਹਨ-ਉਹ ਗੱਲਾਂ ਜਿਹੜੀਆਂ ਯਹੋਵਾਹ ਨੂੰ ਪ੍ਰਸੰਨ ਕਰਦੀਆਂ ਹਨ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ, ਅਤੇ ਤੁਸੀਂ ਜਾਕੇ ਉਹ ਚੰਗੀ ਧਰਤੀ ਹਾਸਿਲ ਕਰ ਸੱਕੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 19 ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਦੁਸ਼ਮਣਾ ਨੂੰ ਬਾਹਰ ਕੱਢ ਦਿਉ ਜਿਵੇਂ ਯਹੋਵਾਹ ਨੇ ਆਖਿਆ ਸੀ।
ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਕਾਰਨਾਮਿਆਂ ਬਾਰੇ ਦੱਸੋ
20 “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛ ਸੱਕਦੇ ਹਨ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਸਾਖੀਆਂ, ਕਾਨੂੰਨ ਅਤੇ ਬਿਧੀਆਂ ਦਿੱਤੀਆਂ! ਉਨ੍ਹਾਂ ਦਾ ਕੀ ਅਰਥ ਹੈ?’ 21 ਫ਼ੇਰ ਤੁਸੀਂ ਆਪਣੇ ਬੱਚਿਆਂ ਨੂੰ ਆਖੋਂਗੇ, ‘ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਤੋਂ ਬਾਹਰ ਲੈ ਆਇਆ। 22 ਯਹੋਵਾਹ ਨੇ ਮਹਾਨ ਅਤੇ ਅਦਭੁਤ ਕਾਰਨਾਮੇ ਕੀਤੇ। ਅਸੀਂ ਉਸ ਨੂੰ ਉਹ ਕਾਰਨਾਮੇ ਮਿਸਰੀ ਲੋਕਾਂ, ਫ਼ਿਰਊਨ ਅਤੇ ਫ਼ਿਰਊਨ ਦੇ ਘਰ ਦੇ ਲੋਕਾਂ ਨਾਲ ਕਰਦਿਆਂ ਦੇਖਿਆ। 23 ਅਤੇ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਉਹ ਧਰਤੀ ਦੇ ਸੱਕੇ ਜਿਸਦਾ ਉਸ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 24 ਯਹੋਵਾਹ ਨੇ ਸਾਨੂੰ ਇਨ੍ਹਾਂ ਸਾਰੀਆਂ ਸਾਖੀਆਂ ਉੱਤੇ ਚੱਲਣ ਦਾ ਹੁਕਮ ਦਿੱਤਾ ਸੀ। ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਚਾਹੀਦਾ ਹੈ। ਫ਼ੇਰ ਉਹ ਸਾਨੂੰ ਹਮੇਸ਼ਾ ਚੰਗਾ ਜੀਵਨ ਬਿਤਾਉਣ ਦੇਵੇਗਾ, ਜਿਵੇਂ ਕਿ ਅਸੀਂ ਹੁਣ ਹਾਂ। 25 ਜੇ ਅਸੀਂ ਧਿਆਨ ਨਾਲ ਪੂਰੇ ਨੇਮ ਦੀ ਪਾਲਣਾ ਕਰਾਂਗੇ ਬਿਲਕੁਲ ਓਸੇ ਤਰ੍ਹਾਂ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਕਰਨ ਲਈ ਆਖਿਆ ਸੀ, ਤਾਂ ਪਰਮੇਸ਼ੁਰ ਆਖੇਗਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਹੈ।’ [a]
17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸ ਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ। 18 ਜਿੰਨਾ ਹੋ ਸੱਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ। 19 ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।” [a] 20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,
“ਜੇਕਰ ਤੇਰਾ ਦੁਸ਼ਮਣ ਭੁੱਖਾ ਹੈ,
ਉਸ ਨੂੰ ਭੋਜਨ ਦੇ।
ਜੇਕਰ ਤੇਰਾ ਵੈਰੀ ਪਿਆਸਾ ਹੈ,
ਉਸ ਨੂੰ ਕੁਝ ਪੀਣ ਲਈ ਦੇ।
ਇੰਝ ਕਰਨ ਨਾਲ ਤੂੰ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।” (A)
21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।
ਦੂਜਿਆਂ ਨੂੰ ਪ੍ਰੇਮ ਕਰੋ ਜਿਵੇਂ ਸ਼ਰ੍ਹਾ ਆਖਦੀ ਹੈ
8 ਕਿਸੇ ਦੇ ਕਰਜਾਈ ਨਾ ਰਹੋ। ਪਰ ਹਮੇਸ਼ਾ ਇੱਕ ਦੂਜੇ ਦੇ ਪਿਆਰ ਦੇ ਕਰਜਾਈ ਹੋਵੋ। ਜਿਹੜਾ ਦੂਜਿਆਂ ਲੋਕਾਂ ਨੂੰ ਪਿਆਰ ਕਰਦਾ ਹੈ ਉਸ ਨੇ ਸਾਰੀ ਸ਼ਰ੍ਹਾ ਨੂੰ ਮੰਨਿਆ ਹੈ। 9 ਭਲਾ ਮੈਂ ਇਹ ਕਿਉਂ ਆਖਦਾ ਹਾਂ? ਕਿਉਂਕਿ ਸ਼ਰ੍ਹਾ ਕਹਿੰਦੀ ਹੈ, “ਬਦਕਾਰੀ ਨਾ ਕਰੋ, ਕਿਸੇ ਨੂੰ ਨਾ ਮਾਰੋ, ਚੋਰੀ ਨਾ ਕਰੋ, ਅਤੇ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ।” [a] ਅਸਲ ਵਿੱਚ ਇਹ ਸਾਰੇ ਹੁਕਮਨਾਮੇ ਪੂਰੀ ਤਰ੍ਹਾਂ ਇੱਕੋ ਹੀ ਹੁਕਮ ਵਿੱਚ ਜਾਹਰ ਹਨ; “ਦੂਜਿਆਂ ਨਾਲ ਉਵੇਂ ਪ੍ਰੇਮ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” [b] 10 ਪਿਆਰ ਦੂਜਿਆਂ ਲੋਕਾਂ ਨੂੰ ਸੱਟ ਨਹੀਂ ਮਾਰਦਾ ਇਸ ਲਈ ਦੂਜਿਆਂ ਨੂੰ ਪ੍ਰੇਮ ਕਰਨਾ ਪੂਰੀ ਸ਼ਰ੍ਹਾ ਨੂੰ ਮੰਨਣ ਵਾਂਗ ਹੈ।
2010 by World Bible Translation Center