Revised Common Lectionary (Complementary)
ਹਮੇਸ਼ਾ ਪਰਮੇਸ਼ੁਰ ਨੂੰ ਪਿਆਰ ਕਰੋ ਅਤੇ ਉਸ ਦੇ ਹੁਕਮ ਦਾ ਪਾਲਣ ਕਰੋ
6 “ਇਹ ਉਹ ਹੁਕਮ, ਕਾਨੂੰਨ ਅਤੇ ਬਿਧੀਆਂ ਹਨ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਸਿੱਖਾਉਣ ਲਈ ਮੈਨੂੰ ਦੱਸੇ। ਇਨ੍ਹਾਂ ਕਾਨੂੰਨਾ ਦੀ ਉਸ ਧਰਤੀ ਉੱਤੇ ਜਾਕੇ ਪਾਲਣਾ ਕਰਨੀ ਜਿੱਥੇ ਤੁਸੀਂ ਰਹਿਣ ਲਈ ਦਾਖਿਲ ਹੋ ਰਹੇ ਹੋ। 2 ਤੁਹਾਨੂੰ ਅਤੇ ਤੁਹਾਡੇ ਵਾਰਸਾਂ ਨੂੰ, ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਦੇ ਸਾਰੇ ਕਾਨੂੰਨਾ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਉਸ ਨਵੀਂ ਧਰਤੀ ਵਿੱਚ ਲੰਮੀ ਉਮਰ ਭੋਗੋਂਗੇ। 3 ਇਸਰਾਏਲ ਦੇ ਲੋਕੋ, ਸੁਣੋ! ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰਨ ਵਿੱਚ ਹੋਸ਼ਿਆਰ ਰਹੋ, ਫ਼ੇਰ ਹਮੇਸ਼ਾ ਤੁਹਾਡੇ ਲਈ ਸਭ ਕੁਝ ਵੱਧੀਆ ਹੋਵੇਗਾ। ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ, ਅਤੇ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹਾਸਿਲ ਕਰੋਂਗੇ-ਜਿਹਾ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ।
4 “ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਹੈ। ਯਹੋਵਾਹ ਇੱਕ ਹੈ! 5 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪੂਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ। 6 ਜਿਹੜੇ ਆਦੇਸ਼ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ। 7 ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿੱਖਾਉਣਾ। ਜਦੋਂ ਵੀ ਤੁਸੀਂ ਘਰ ਵਿੱਚ ਬੈਠੇ ਹੋਵੋ ਜਾਂ ਸੜਕ ਉੱਤੇ ਚੱਲ ਰਹੇ ਹੋਵੋਂ ਇਨ੍ਹਾਂ ਆਦੇਸ਼ਾਂ ਬਾਰੇ ਗੱਲ ਕਰੋ। ਲੇਟਦਿਆਂ, ਉੱਠਦਿਆਂ ਵੀ ਇਨ੍ਹਾਂ ਗੱਲਾਂ ਬਾਰੇ ਕਰੋ। 8 ਇਨ੍ਹਾਂ ਆਦੇਸ਼ਾਂ ਨੂੰ ਲਿਖ ਲਵੋ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਇਨ੍ਹਾਂ ਨੂੰ ਆਪਣੇ ਮੱਥੇ ਉੱਤੇ ਪਹਿਨੋ ਤਾਂ ਜੋ ਤੁਹਾਨੂੰ ਮੇਰੀਆਂ ਸਿੱਖਿਆਵਾਂ ਚੇਤੇ ਕਰਨ ਵਿੱਚ ਸਹਾਇਤਾ ਮਿਲ ਸੱਕੇ। 9 ਇਨ੍ਹਾਂ ਨੂੰ ਆਪਣੇ ਫ਼ਾਟਕਾਂ ਅਤੇ ਆਪਣੇ ਦਰਵਾਜ਼ਿਆਂ ਉੱਤੇ ਲਿਖ ਲਵੋ।
ਅਲਫ਼
119 ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ।
ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।
2 ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ।
ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।
3 ਉਹ ਲੋਕ ਬੁਰੇ ਕੰਮ ਨਹੀਂ ਕਰਦੇ,
ਉਹ ਯਹੋਵਾਹ ਨੂੰ ਮੰਨਦੇ ਹਨ।
4 ਯਹੋਵਾਹ, ਤੁਸਾਂ ਸਾਨੂੰ ਆਦੇਸ਼ ਦਿੱਤੇ ਸਨ।
ਅਤੇ ਤੁਸੀਂ ਸਾਨੂੰ ਉਨ੍ਹਾਂ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਆਖਿਆ ਸੀ।
5 ਜੇ ਮੈਂ ਸਦਾ ਤੁਹਾਡੇ ਆਦੇਸ਼ਾਂ ਨੂੰ ਮੰਨਾਗਾ, ਯਹੋਵਾਹ।
6 ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ।
ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।
7 ਫ਼ੇਰ ਮੈਂ ਸੱਚਮੁੱਚ ਤੁਹਾਡਾ ਮਾਣ ਕਰ ਸੱਕਾਂਗਾ।
ਜਦੋਂ ਮੈਂ ਤੁਹਾਡੀ ਨਿਰਪੱਖਤਾ ਅਤੇ ਨੇਕੀ ਦਾ ਅਧਿਐਨ ਕਰਾਂਗਾ।
8 ਯਹੋਵਾਹ, ਮੈਂ ਤੁਹਾਡੇ ਆਦੇਸ਼ ਮੰਨਾਗਾ।
ਇਸ ਲਈ ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਵੋ।
ਨਵੇਂ ਕਰਾਰ ਦੇ ਅਧੀਨ ਅਨੁਸਰਣ ਕਰੋ
11 ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਨ੍ਹਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਣ ਹੈ। ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆਂ ਦਾ ਨਹੀਂ ਹੈ। 12 ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ ਤੀਕ ਕਾਫ਼ੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਵਦੇ ਲਹੂ ਨਾਲ ਦਾਖਿਲ ਹੋਇਆ ਸੀ। ਬੱਕਰਿਆਂ ਤੇ ਜਾਂ ਵਹਿੜਕਿਆਂ ਦਾ ਲਹੂ ਲੈ ਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਆਜ਼ਾਦੀ ਲਿਆਇਆ।
13 ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ। 14 ਇਸ ਲਈ ਅਵਸ਼ ਹੀ ਮਸੀਹ ਦਾ ਲਹੂ ਬਹੁਤ-ਬਹੁਤ ਵੱਧ ਕਰ ਸੱਕਦਾ ਹੈ। ਮਸੀਹ ਨੇ ਆਪਣੇ ਆਪ ਨੂੰ ਅਮਰ ਆਤਮਾ ਦੇ ਰਾਹੀਂ ਪਰਮੇਸ਼ੁਰ ਲਈ ਇੱਕ ਸੰਪੂਰਣ ਬਲੀ ਦੇ ਰੂਪ ਵਿੱਚ ਅਰਪਿਤ ਕੀਤਾ। ਉਸ ਦਾ ਲਹੂ ਸਾਨੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਪਾਕ ਕਰ ਦੇਵੇਗਾ। ਉਸ ਦਾ ਖੂਨ ਸਾਨੂੰ ਆਪਣੇ ਦਿਲਾਂ ਵਿੱਚ ਵੀ ਪਵਿੱਤਰ ਬਣਾਵੇਗਾ। ਸਾਨੂੰ ਇਸ ਲਈ ਸ਼ੁੱਧ ਬਣਾਇਆ ਗਿਆ ਹੈ ਤਾਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸੱਕੀਏ।
ਕਿਹੜਾ ਹੁਕਮ ਵੱਧ ਮਹੱਤਵਪੂਰਣ ਹੈ(A)
28 ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸ ਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸੁਣਿਆ। ਉਸ ਨੇ ਵੇਖਿਆ ਕਿ ਯਿਸੂ ਨੇ ਉਨ੍ਹਾਂ ਦੇ ਸਵਾਲਾਂ ਦੇ ਬੜੇ ਵੱਧੀਆ ਜਵਾਬ ਦਿੱਤੇ ਹਨ, ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਕਿਹੜਾ ਹੁਕਮ ਸਭ ਤੋਂ ਵੱਧ ਮਹੱਤਵਯੋਗ ਹੈ?”
29 ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ। 30 ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’ [a] 31 ਦੂਜਾ ਮਹੱਤਵਪੂਰਨ ਹੁਕਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’ [b] ਇਹੀ ਹੁਕਮ ਸਭ ਤੋਂ ਵੱਧ ਮਹੱਤਵਪੂਰਣ ਹਨ।”
32 ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ। 33 ਅਤੇ ਮਨੁੱਖ ਨੂੰ ਪਰਮੇਸ਼ੁਰ ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨੁੱਖ ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹੁਕਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹਾਂ, ਵੱਧ ਮਹੱਤਵਪੂਰਣ ਹਨ।”
34 ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼ੁਰ ਦੇ ਰਾਜ ਦੇ ਨੇੜੇ ਹੈਂ।” ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕੁਝ ਹੋਰ ਸੁਆਲ ਕਰੇ।
2010 by World Bible Translation Center