Revised Common Lectionary (Complementary)
4 ਪਰ ਉਸ ਨੇ ਸਾਡੀਆਂ ਮੁਸੀਬਤਾਂ ਲੈ ਲਈਆਂ ਅਤੇ ਉਨ੍ਹਾਂ ਨੂੰ ਅਪਣਾ ਲਿਆ। ਉਸ ਨੇ ਸਾਡੇ ਦੁੱਖ ਨੂੰ ਬਰਦਾਸ਼ਤ ਕੀਤਾ ਅਤੇ ਅਸੀਂ ਇਹ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਉਸ ਦੇ ਅਮਲਾਂ ਦੀ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਸੀ ਕਿ ਪਰਮੇਸ਼ੁਰ ਨੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਸੀ। 5 ਪਰ ਉਸ ਨੂੰ ਸਾਡੀਆਂ ਬੁਰਿਆਈਆਂ ਦੀ ਸਜ਼ਾ ਮਿਲੀ ਸੀ। ਉਸ ਨੂੰ ਸਾਡੇ ਗੁਨਾਹ ਬਦਲੇ ਕੁਚੱਲਿਆ ਗਿਆ ਸੀ। ਉਹ ਕਰਜ਼ਾ ਜਿਹੜਾ ਸਾਡੇ ਸਿਰ ਸੀ-ਸਾਡੀ ਸਜ਼ਾ-ਉਹ ਉਸ ਨੂੰ ਮਿਲਿਆ ਸੀ। ਅਸੀਂ ਉਸਦੀ ਸਜ਼ਾ ਕਾਰਣ ਹੀ ਸਿਹਤਯਾਬ ਹੋਏ ਸਾਂ। ਸਾਨੂੰ ਅਰੋਗਤਾ ਮਿਲੀ (ਮਾਫ਼ੀ ਮਿਲੀ) ਤਾਂ ਉਸ ਦੇ ਦੁੱਖ ਕਾਰਣ। 6 ਅਸੀਂ ਸਾਰੇ ਹੀ ਭੇਡਾਂ ਵਾਂਗ ਭਟਕ ਗਏ। ਅਸੀਂ ਸਾਰੇ ਆਪਣੇ-ਆਪਣੇ ਰਾਹ ਤੁਰ ਗਏ। ਅਸੀਂ ਅਜਿਹਾ ਉਦੋਂ ਕੀਤਾ ਜਦੋਂ ਯਹੋਵਾਹ ਨੇ ਸਾਨੂੰ ਸਾਡੇ ਪਾਪ ਤੋਂ ਮੁਕਤ ਕਰ ਦਿੱਤਾ ਅਤੇ ਸਾਡਾ ਸਾਰਾ ਪਾਪ ਆਪਣੇ ਜ਼ਿਂਮੇ ਲੈ ਲਿਆ।
7 ਉਸ ਨੂੰ ਦੁੱਖ ਦਿੱਤਾ ਅਤੇ ਸਜ਼ਾ ਦਿੱਤੀ ਗਈ। ਪਰ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਕੁਝ ਵੀ ਨਹੀਂ ਆਖਿਆ-ਜਿਵੇਂ ਭੇਡ ਜ਼ਿਬਾਹ ਕਰਨ ਲਿਜਾਈ ਜਾਂਦੀ ਹੈ। ਉਹ ਉਸ ਲੇਲੇ ਵਰਗਾ ਸੀ ਜਿਹੜਾ ਉਦੋਂ ਜ਼ਰਾ ਜਿੰਨਾ ਵੀ ਆਵਾਜ਼ ਨਹੀਂ ਕਰਦਾ ਜਦੋਂ ਕੋਈ ਉਸਦੀ ਉੱਨ ਲਾਹੁਂਦਾ ਹੈ। ਉਸ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਆਪਣੇ ਆਪ ਨੂੰ ਬਚਾਉਣ ਲਈ। 8 ਲੋਕਾਂ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਉਸ ਨੂੰ ਲੈ ਗਏ-ਅਤੇ ਉਨ੍ਹਾਂ ਨੇ ਉਸ ਨਾਲ ਬੇਲਾਗ ਹੋ ਕੇ ਨਿਆਂ ਨਹੀਂ ਕੀਤਾ। ਕੋਈ ਵੀ ਬੰਦਾ ਉਸ ਦੇ ਭਵਿੱਖ ਦੇ ਪਰਿਵਾਰ ਬਾਰੇ ਨਹੀਂ ਦੱਸ ਸੱਕਦਾ ਕਿਉਂ ਕਿ ਉਸ ਨੂੰ ਜਿਉਂਦੇ ਬੰਦਿਆਂ ਦੀ ਦੁਨੀਆਂ ਤੋਂ ਦੂਰ ਲੈ ਜਾਇਆ ਗਿਆ। ਉਸ ਨੂੰ ਮੇਰੇ ਬੰਦਿਆਂ ਦੇ ਪਾਪਾਂ ਦੀ ਸਜ਼ਾ ਦਿੱਤੀ ਗਈ। 9 ਉਹ ਮਰ ਗਿਆ ਅਤੇ ਉਸ ਨੂੰ ਅਮੀਰ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੂੰ ਮੰਦੇ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੇ ਕੁਝ ਵੀ ਗ਼ਲਤ ਨਹੀਂ ਸੀ ਕੀਤਾ ਉਸ ਨੇ ਕਦੇ ਝੂਠ ਨਹੀਂ ਸੀ ਬੋਲਿਆ-ਪਰ ਫ਼ੇਰ ਵੀ ਇਹ ਗੱਲਾਂ ਉਸ ਨਾਲ ਵਾਪਰੀਆ।
10 ਯਹੋਵਾਹ ਨੇ ਉਸ ਨੂੰ ਕੁਚਲਣ ਦਾ ਫ਼ੈਸਲਾ ਕੀਤਾ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਦੁੱਖ ਮਿਲਣਾ ਚਾਹੀਦਾ ਹੈ ਇਸ ਲਈ ਸੇਵਕ ਨੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪਰ ਉਹ ਬਹੁਤ ਲੰਮੇ ਸਮੇਂ ਤੱਕ ਨਵਾਂ ਜੀਵਨ ਜੀਵੇਗਾ। ਉਹ ਆਪਣੇ ਲੋਕਾਂ ਨੂੰ ਮਿਲੇਗਾ। ਉਹ ਉਨ੍ਹਾਂ ਗੱਲਾਂ ਨੂੰ ਪੂਰਿਆਂ ਕਰੇਗਾ ਜਿਹੜੀਆਂ ਯਹੋਵਾਹ ਉਸ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 11 ਉਹ ਆਪਣੇ ਆਤਮੇ ਵਿੱਚ ਬਹੁਤ ਕਸ਼ਟ ਭੋਗੇਗਾ, ਪਰ ਉਹ ਉਨ੍ਹਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜਿਹੜੀਆਂ ਵਾਪਰਨਗੀਆਂ। ਉਹ ਆਪਣੀਆਂ ਸਿੱਖੀਆਂ ਹੋਈਆਂ ਗੱਲਾਂ ਨਾਲ ਸੰਤੁਸ਼ਟ ਹੋਵੇਗਾ।
“ਮੇਰਾ ਚੰਗਾ ਸੇਵਕ ਬਹੁਤ ਸਾਰੇ ਲੋਕਾਂ ਨੂੰ ਬੇਗੁਨਾਹ ਬਣਾ ਦੇਵੇਗਾ, ਉਹ ਉਨ੍ਹਾਂ ਦਾ ਪਾਪ ਦੂਰ ਲੈ ਜਾਵੇਗਾ। 12 ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸ ਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸ ਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ। ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।”
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
5 ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ। ਜਾਜਕ ਨੂੰ ਉਨ੍ਹਾਂ ਗੱਲਾਂ ਨਾਲ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਹੜੀਆਂ ਉਹ ਪਰਮੇਸ਼ੁਰ ਲਈ ਕਰਦਾ ਹੈ। ਉਸ ਜਾਜਕ ਨੂੰ ਪਾਪਾਂ ਲਈ ਪਰਮੇਸ਼ੁਰ ਨੂੰ ਤੋਹਫ਼ੇ ਅਤੇ ਕੁਰਬਾਨੀਆਂ ਅਰਪਨ ਕਰਨੀਆਂ ਚਾਹੀਦੀਆਂ ਹਨ। 2 ਸਰਦਾਰ ਜਾਜਕ ਸਮੂਹ ਲੋਕਾਂ ਵਾਂਗ ਖੁਦ ਕਮਜ਼ੋਰ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨਾਲ ਕੋਮਲ ਹੋ ਸੱਕਦਾ ਹੈ ਜੋ ਅਗਿਆਨੀ ਹਨ ਅਤੇ ਸਹੀ ਰਾਹ ਤੋਂ ਭਟਕਾਏ ਗਏ ਹਨ। 3 ਸਰਦਾਰ ਜਾਜਕ ਲੋਕਾਂ ਦੇ ਪਾਪ ਲਈ ਬਲੀ ਚੜ੍ਹਾਉਂਦਾ ਹੈ। ਪਰ ਸਰਦਾਰ ਜਾਜਕ ਖੁਦ ਕਮਜ਼ੋਰੀਆਂ ਰੱਖਦਾ ਹੈ। ਇਸ ਲਈ ਉਸ ਨੂੰ ਖੁਦ ਦੇ ਪਾਪਾਂ ਲਈ ਵੀ ਬਲੀਆਂ ਭੇਂਟ ਕਰਨੀਆਂ ਚਾਹੀਦੀਆਂ ਹਨ।
4 ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇੱਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਹਾਰੂਨ ਵਾਂਗ, ਬੁਲਾਇਆ ਜਾਣਾ ਚਾਹੀਦਾ। 5 ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸ ਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ,
“ਤੂੰ ਮੇਰਾ ਪੁੱਤਰ ਹੈਂ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” (A)
6 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ ਤੇ ਪਰਮੇਸ਼ੁਰ ਆਖਦਾ ਹੈ,
7 ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸ ਨੂੰ ਮੌਤ ਤੋਂ ਬਚਾ ਸੱਕਦਾ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸ ਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ। 8 ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਨੇ ਦੁੱਖ ਝੱਲੇ ਅਤੇ ਜਿਨ੍ਹਾਂ ਦੁੱਖਾਂ ਰਾਹੀਂ ਉਹ ਗੁਜ਼ਰਿਆ, ਉਸ ਨੇ ਤਾਬੇਦਾਰੀ ਸਿੱਖੀ। 9 ਫ਼ੇਰ ਯਿਸੂ ਸੰਪੰਨ ਸੀ। ਉਹ ਉਨ੍ਹਾਂ ਸਾਰੇ ਲੋਕਾਂ ਲਈ ਕਾਰਣ ਬਣਿਆ, ਜਿਹੜੇ ਸਦੀਵੀ ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਮੰਨਦੇ ਹਨ। 10 ਅਤੇ ਪਰਮੇਸ਼ੁਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕਿਸਿਦਕ ਸੀ।
ਯਾਕੂਬ ਅਤੇ ਯੂਹੰਨਾ ਦਾ ਉਸਤੋਂ ਮਦਦ ਮੰਗਣਾ(A)
35 ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣਕੇ ਉਸ ਨੂੰ ਕਹਿਣ ਲੱਗੇ, “ਗੁਰੂ ਜੀ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਮਿਹਰਬਾਨੀ ਕਰੋ।”
36 ਯਿਸੂ ਨੇ ਆਖਿਆ, “ਤੁਸੀਂ ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦੇ ਹੋ?”
37 ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!”
38 ਉਸ ਨੇ ਕਿਹਾ, “ਤੁਹਾਨੂੰ ਨਹੀ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਜਿਸ ਤਰ੍ਹਾਂ ਦੇ ਦੁੱਖ ਮੈਨੂੰ ਝੱਲਣੇ ਪੈ ਰਹੇ ਹਨ, ਓਹੋ ਜਿਹੇ ਤੁਸੀਂ ਸਹਾਰਣ ਨੂੰ ਤਿਆਰ ਹੋ? ਅਤੇ ਜਿਹੋ ਜਿਹਾ ਬਪਤਿਸਮਾ ਮੈਂ ਲੈਣਾ ਹੈ, ਕੀ ਤੁਸੀਂ ਉਹੋ ਜਿਹਾ ਬਪਤਿਸਮਾ ਲੈ ਸੱਕਦੇ ਹੋ?”
39 ਉਨ੍ਹਾਂ ਉਸ ਨੂੰ ਆਖਿਆ, “ਹਾਂ ਹੋ ਸੱਕਦਾ ਹੈ!”
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿਨ੍ਹਾਂ ਤਕਲੀਫ਼ਾਂ ਰਾਹੀਂ ਮੈਂ ਗੁਜਰਾਂਗਾ, ਤੁਸੀਂ ਵੀ ਗੁਜਰੋਂਗੇ ਜਿਹੜਾ ਬਪਤਿਸਮਾ ਮੈਂ ਲਵਾਂਗਾ ਤੁਸੀਂ ਵੀ ਲਵੋਂਗੇ। 40 ਪਰ ਕੌਣ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ ਇਸਦਾ ਫ਼ੈਸਲਾ ਕਰਨ ਵਾਲਾ ਮੈਂ ਨਹੀਂ ਹਾਂ! ਇਹ ਜਗ੍ਹਾਵਾਂ ਉਨ੍ਹਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ।”
41 ਬਾਕੀ ਦਸ ਚੇਲਿਆਂ ਨੇ ਵੀ ਇਹ ਸੁਣਿਆ। ਉਨ੍ਹਾਂ ਨੂੰ ਯਾਕੂਬ ਅਤੇ ਯੂਹੰਨਾ ਤੇ ਕਰੋਧ ਆਇਆ ਤਾਂ 42 ਯਿਸੂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਨ੍ਹਾਂ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਿਆ ਜਾਂਦਾ ਹੈ, ਉਹ ਉਨ੍ਹਾਂ ਤੇ ਦਬਦਬਾ ਰੱਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਆਗੂ ਉਨ੍ਹਾਂ ਉੱਤੇ ਅਧਿਕਾਰ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 43 ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਤੁਹਾਡੇ ਵਿੱਚੋਂ ਜੇਕਰ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ। 44 ਜੇਕਰ ਤੁਹਾਡੇ ਵਿੱਚੋਂ ਕੋਈ ਸਭ ਤੋਂ ਵੱਡਾ ਬਨਣਾ ਚਾਹੁੰਦਾ ਹੈ, ਤਾਂ ਉਸ ਨੂੰ ਨੋਕਰ ਵਾਂਗ ਸਭ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 45 ਕਿਉਂਕਿ ਮਨੁੱਖ ਦਾ ਪੁੱਤਰ ਦੂਜਿਆਂ ਤੋਂ ਆਪਣੀ ਸੇਵਾ ਨਹੀਂ ਕਰਾਉਣ ਆਇਆ ਪਰ ਲੋਕਾਂ ਦੀ ਸੇਵਾ ਕਰਨ ਅਤੇ ਬਹੁਤੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇਣ ਲਈ ਆਇਆ ਹੈ।”
2010 by World Bible Translation Center