Revised Common Lectionary (Complementary)
94 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ
ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।
2 ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ।
ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ।
3 ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ?
ਹੋਰ ਕਿੰਨਾ ਕੁ ਚਿਰ, ਯਹੋਵਾਹ।
4 ਉਹ ਦੋਸ਼ੀ ਹੋਰ ਕਿੰਨਾ ਕੁ ਚਿਰ,
ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ?
5 ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ,
ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ।
6 ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ।
ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ।
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ।
ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ।
8 ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ,
ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ?
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ।
ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ।
ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ।
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ,
ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ।
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
ਉਹ ਬਹੁਤ ਖੁਸ਼ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ।
ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ।
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ,
ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ।
16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ।
ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ,
ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ।
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ,
ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ।
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ।
ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ।
20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ।
ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ।
ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ।
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ।
ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ।
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ।
ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।
7 ਬਹੁਤ ਚਿਰ ਪਹਿਲਾਂ ਇਸਰਾਏਲ ਵਿੱਚ, ਜਦੋਂ ਲੋਕ ਜ਼ਾਇਦਾਦ ਨੂੰ ਖਰੀਦਦੇ ਜਾਂ ਛੁਡਵਾਉਂਦੇ ਸੀ ਤਾਂ ਇੱਕ ਬੰਦਾ ਆਪਣੀ ਜੁੱਤੀ ਉਤਾਰਕੇ ਦੂਸਰੇ ਨੂੰ ਦੇ ਦਿੰਦਾ ਸੀ। ਇਹ ਖਰੀਦਾਰੀ ਦਾ ਸਬੂਤ ਹੁੰਦਾ ਸੀ। 8 ਇਸ ਲਈ ਨਜ਼ਦੀਕੀ ਰਿਸ਼ਤੇਦਾਰ ਨੇ ਆਖਿਆ, “ਜ਼ਮੀਨ ਖਰੀਦ ਲਵੋ” ਅਤੇ ਫ਼ੇਰ ਨਜ਼ਦੀਕੀ ਰਿਸ਼ਤੇਦਾਰ ਨੇ ਆਪਣੀ ਜੁੱਤੀ ਉਤਾਰੀ ਅਤੇ ਬੋਅਜ਼ ਨੂੰ ਦੇ ਦਿੱਤੀ।
9 ਫ਼ੇਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਸਾਰੇ ਗਵਾਹ ਹੋ ਕਿ ਮੈਂ ਨਾਓਮੀ ਕੋਲੋਂ ਉਹ ਹਰ ਚੀਜ਼ ਖਰੀਦ ਰਿਹਾ ਹਾਂ ਜਿਹੜੀ ਅਲੀਮਲਕ ਕਿਲਉਨ ਅਤੇ ਮਹਿਲੋਮ ਦੀ ਸੀ। 10 ਮੈਂ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਖਰੀਦ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਕਿ ਸਵਰਗਵਾਸੀ ਬੰਦੇ ਦੀ ਜਾਇਦਾਦ ਉਸ ਦੇ ਪਰਿਵਾਰ ਵਿੱਚ ਹੀ ਰਹੇ। ਇਸ ਤਰ੍ਹਾਂ ਸਵਰਗਵਾਸੀ ਬੰਦੇ ਦਾ ਨਾਮ ਉਸ ਦੇ ਪਰਿਵਾਰ ਅਤੇ ਉਸਦੀ ਜ਼ਮੀਨ ਤੋਂ ਵੱਖ ਨਹੀਂ ਹੋਵੇਗਾ। ਅੱਜ ਦੇ ਦਿਨ ਤੁਸੀਂ ਗਵਾਹ ਹੋ।”
11 ਇਸ ਲਈ ਉਹ ਸਾਰੇ ਲੋਕ ਅਤੇ ਬਜ਼ੁਰਗ ਜਿਹੜੇ ਸ਼ਹਿਰ ਦੇ ਦਰਵਾਜ਼ਿਆਂ ਨੇੜੇ ਸਨ ਗਵਾਹ ਬਣ ਗਏ। ਉਸ ਨੇ ਆਖਿਆ, “ਯਹੋਵਾਹ ਇਸ ਔਰਤ ਨੂੰ, ਜਿਹੜੀ ਆ ਰਹੀ ਹੈ ਤੇਰੇ ਘਰ ਅੰਦਰ, ਰਾਖੇਲ ਅਤੇ ਲੇਆਹ ਵਾਂਗ ਬਣਾਵੇ, ਜਿਨ੍ਹਾਂ ਨੇ ਇਸਰਾਏਲ ਦਾ ਘਰ ਉਸਾਰਿਆ ਸੀ। ਇਫ਼ਰਾਥਾਹ ਅੰਦਰ ਬਣ ਜਾ ਸ਼ਕਤੀਸ਼ਾਲੀ। ਬੈਤਲਹਮ ਵਿੱਚ ਮਸ਼ਹੂਰ ਹੋ ਜਾ। 12 ਤਾਮਾਰ ਨੇ ਯਹੂਦਾਹ ਦੇ ਪੁੱਤਰ ਫ਼ਾਰਸ ਨੂੰ ਜਨਮ ਦਿੱਤਾ ਸੀ। ਅਤੇ ਉਸਦਾ ਪਰਿਵਾਰ ਮਹਾਨ ਹੋ ਗਿਆ ਸੀ, ਇਸੇ ਤਰ੍ਹਾਂ ਹੀ ਯਹੋਵਾਹ ਤੈਨੂੰ, ਰੂਥ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਦੀ ਦਾਤ ਦੇਵੇ ਅਤੇ ਰੱਥ ਕਰੇ ਤੇਰਾ ਪਰਿਵਾਰ ਵੀ ਉਸੇ ਜਿਹਾ ਮਹਾਨ ਹੋਵੇ।”
13 ਇਸ ਲਈ ਬੋਅਜ਼ ਨੇ ਰੂਥ ਨਾਲ ਸ਼ਾਦੀ ਕਰ ਲਈ ਯਹੋਵਾਹ ਦੀ ਰਜ਼ਾ ਨਾਲ ਰੂਥ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਜਨਮਿਆ। 14 ਨਗਰ ਦੀਆਂ ਔਰਤਾਂ ਨੇ ਨਾਓਮੀ ਨੂੰ ਆਖਿਆ, “ਯਹੋਵਾਹ ਦੀ ਉਸਤਤਿ ਹੋਵੇ ਜਿਸਨੇ ਤੈਨੂੰ ਇੱਕ ਛੁਟਕਾਰਾ ਦਿਵਾਉਣ ਵਾਲੇ ਤੋਂ ਬਿਨਾ ਨਹੀਂ ਛੱਡਿਆ। ਉਹ ਇਸਰਾਏਲ ਵਿੱਚ ਪ੍ਰਸਿਧ ਹੋਵੇ ਅਤੇ ਸਤਿਕਾਰਿਆ ਜਾਵੇ। 15 ਇਹ ਤੈਨੂੰ ਫ਼ੇਰ ਜਿਉਂਦਾ ਕਰੇਗਾ ਅਤੇ ਬੁੱਢਾਪੇ ਵੇਲੇ ਤੇਰੀ ਦੇਖ-ਭਾਲ ਕਰੇਗਾ। ਤੇਰੀ ਨੂੰਹ ਨੇ ਇਸ ਨੂੰ ਸੰਭਵ ਕੀਤਾ, ਉਸ ਨੇ ਇਹ ਬੱਚਾ ਤੇਰੇ ਲਈ ਪੈਦਾ ਕੀਤਾ ਹੈ ਉਹ ਤੈਨੂੰ ਪਿਆਰ ਕਰਦੀ ਹੈ ਅਤੇ ਉਹ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਵੀ ਬਿਹਤਰ ਹੈ।”
16 ਨਾਓਮੀ ਨੇ ਬੱਚਾ ਚੁੱਕਿਆ ਆੱਪਣੇ ਹੱਥਾਂ ਵਿੱਚ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 17 ਗੁਆਂਢੀਆਂ ਨੇ ਬੱਚੇ ਦਾ ਨਾਮ ਰੱਖ ਦਿੱਤਾ। ਇਸ ਨੂੰ ਔਰਤਾਂ ਨੇ ਆਖਿਆ, “ਨਾਓਮੀ ਕੋਲ ਹੁਣ ਇੱਕ ਪੁੱਤਰ ਹੈ।” ਅਤੇ ਉਨ੍ਹਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਬੇਦ ਯੱਸੀ ਦਾ ਪਿਤਾ ਸੀ। ਅਤੇ ਯੱਸੀ ਰਾਜੇ ਦਾਊਦ ਦਾ ਪਿਤਾ ਸੀ।
ਰੂਥ ਅਤੇ ਬੋਅਜ਼ ਦਾ ਪਰਿਵਾਰ
18 ਫ਼ਾਰਸ, ਦੇ ਪਰਿਵਾਰ ਦਾ ਇਤਿਹਾਸ ਇਹ ਹੈ:
ਫ਼ਾਰਸ, ਹਸਰੋਨ ਦਾ ਪਿਤਾ ਸੀ।
19 ਹਸਰੋਨ, ਰਾਮ ਦਾ ਪਿਤਾ ਸੀ।
ਰਾਮ, ਅਮਿਨਦਾਬ ਦਾ ਪਿਤਾ ਸੀ।
20 ਅਮਿਨਦਾਬ, ਨਹਿਸ਼ੋਨ ਦਾ ਪਿਤਾ ਸੀ।
ਨਹਿਸ਼ੋਨ, ਸ਼ਲਮੋਨ ਦਾ ਪਿਤਾ ਸੀ।
21 ਸ਼ਲਮੋਨ, ਬੋਅਜ਼ ਦਾ ਪਿਤਾ ਸੀ।
ਬੋਅਜ਼, ਓਬੇਦ ਦਾ ਪਿਤਾ ਸੀ।
22 ਓਬੇਦ, ਯੱਸੀ ਦਾ ਪਿਤਾ ਸੀ।
ਯੱਸੀ, ਦਾਊਦ ਦਾ ਪਿਤਾ ਸੀ।
ਯਿਸੂ ਦਾ ਆਪਣੇ ਨਗਰ ਵਿੱਚ ਜਾਣਾ(A)
16 ਫ਼ਿਰ ਯਿਸੂ ਨਾਸਰਤ ਸ਼ਹਿਰ ਵਿੱਚ ਆਇਆ, ਜਿੱਥੇ ਉਹ ਵੱਡਾ ਹੋਇਆ ਸੀ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਗਿਆ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ ਉਵੇ ਹੀ ਉਹ ਉਸ ਦਿਨ ਪੜ੍ਹਨ ਲਈ ਖੜ੍ਹਾ ਹੋ ਗਿਆ। 17 ਯਸਾਯਾਹ ਨਬੀ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਇਹ ਪੋਥੀ ਖੋਲ੍ਹਕੇ ਉਹ ਸਫ਼ਾ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ:
18 “ਪ੍ਰਭੂ ਦਾ ਆਤਮਾ ਮੇਰੇ ਨਾਲ ਹੈ।
ਉਸ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਹ ਕੀਤਾ ਹੈ।
ਉਸ ਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ
ਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇ
ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ,
19 ਅਤੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿ ਪ੍ਰਭੂ ਦਾ ਆਪਣੀ ਮਿਹਰ ਪ੍ਰਗਟ ਕਰਨ ਦਾ ਨਿਯੁਕਤ ਸਮਾਂ ਨੇੜੇ ਆ ਗਿਆ ਹੈ।” (B)
20 ਫ਼ਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਥੱਲੇ ਬੈਠ ਗਿਆ। ਪ੍ਰਾਰਥਨਾ ਸਥਾਨ ਵਿੱਚ ਹਰ ਇੱਕ ਦੀ ਨਜ਼ਰ ਉਸਤੇ ਜੰਮ ਗਈ। 21 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਆਖਣਾ ਸ਼ੁਰੂ ਕੀਤਾ, ਅਤੇ ਕਿਹਾ, “ਜਿਹੜਾ ਅਗੰਮੀ ਵਾਕ ਹੁਣੇ ਤੁਸੀਂ ਪੋਥੀਆਂ ਵਿੱਚੋਂ ਸੁਣਿਆ ਹੈ, ਹੁਣ ਪੂਰਣ ਹੈ।”
22 ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?”
23 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ‘ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਆਪਣੇ ਨਗਰ ਵਿੱਚ ਵੀ ਕਰ!’” 24 ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਵੀ ਨਬੀ ਕਦੇ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ।
25 “ਜੋ ਮੈਂ ਆਖ ਰਿਹਾ ਹਾਂ ਉਹ ਸੱਚ ਹੈ ਕਿ ਏਲੀਯਾਹ ਦੇ ਸਮੇਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ। ਇਸਰਾਏਲ ਵਿੱਚ ਅਜਿਹਾ ਕਾਲ ਪਿਆ ਕਿ, ਉਸ ਸਮੇਂ ਉੱਥੇ ਬਹੁਤ ਵਿਧਵਾਵਾਂ ਸਨ। 26 ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਕਿਸੇ ਵਿਧਵਾ ਕੋਲ ਨਹੀਂ ਭੇਜਿਆ ਗਿਆ। ਉਸ ਨੂੰ ਸੈਦਾ ਇਲਾਕੇ ਦੇ ਨਗਰ ਵਿੱਚ ਸਿਰਫ਼ ਸਰਿਪਥ ਦੀ ਵਿਧਵਾ ਕੋਲ ਭੇਜਿਆ ਗਿਆ ਸੀ।
27 “ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਉਨ੍ਹਾਂ ਵਿੱਚੋਂ ਸੀਰਿਆ ਦੇਸ਼ ਦੇ ਨਾਮਨ ਤੋਂ ਬਿਨਾ ਕਿਸੇ ਵੀ ਕੋੜ੍ਹੀ ਨੂੰ ਰਾਜੀ ਨਾ ਕੀਤਾ ਗਿਆ।”
28 ਪ੍ਰਾਰਥਨਾ ਸਥਾਨ ਵਿੱਚ ਬੈਠੇ ਤਮਾਮ ਲੋਕਾਂ ਨੇ ਇਹ ਸਭ ਗੱਲਾਂ ਸੁਣੀਆਂ ਤਾਂ ਉਹ ਬੜੇ ਗੁੱਸੇ ਵਿੱਚ ਆਏ। 29 ਉਹ ਖੜ੍ਹੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕੱਢਿਆ। ਉਨ੍ਹਾਂ ਨੇ ਉਸਦਾ ਪਹਾੜੀ ਦੀ ਟਿਸੀ ਤੱਕ, ਜਿੱਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿੱਛਾ ਕੀਤਾ ਤਾਂ ਜੋ ਉਹ ਉਸ ਨੂੰ ਖੜ੍ਹੀ ਚੱਟਾਨ ਤੋਂ ਹੇਠਾਂ ਸੁੱਟ ਸੱਕਣ। 30 ਪਰ ਯਿਸੂ ਉਨ੍ਹਾਂ ਵਿੱਚੋਂ ਦੀ ਲੰਘਕੇ ਆਪਣੇ ਰਾਹ ਚੱਲਿਆ ਗਿਆ।
2010 by World Bible Translation Center