Revised Common Lectionary (Complementary)
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
ਸੂਰ ਸੋਚਦਾ ਹੈ ਕਿ ਉਹ ਪਰਮੇਸ਼ੁਰ ਵਰਗਾ ਹੈ
28 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਬਹੁਤ ਗੁਮਾਨੀ ਹੈਂ ਤੂੰ!
ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ!
ਬੈਠਾ ਹਾਂ ਮੈਂ ਦੇਵਤਿਆਂ ਦੇ
ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।”
“‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ!
ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
3 ਤੂੰ ਸੋਚਦਾ ਹੈਂ ਕਿ ਤੂੰ ਸਿਆਣਾ ਹੈ ਦਾਨੀਏਲ ਨਾਲੋਂ!
ਸੋਚਦਾ ਹੈਂ ਤੂੰ ਕਿ ਭੇਤ ਲੱਭ ਲਵੇਂਗਾ ਤੂੰ ਸਾਰੇ।
4 ਆਪਣੀ ਸਿਆਣਪ ਅਤੇ ਸਮਝ ਰਾਹੀਂ ਤੂੰ ਪ੍ਰਾਪਤ
ਕੀਤੀਆਂ ਨੇ ਤੂੰ ਦੌਲਤਾਂ ਆਪਣੇ ਲਈ।
ਅਤੇ ਪਾਏ ਨੇ ਤੂੰ ਸੋਨਾ ਚਾਂਦੀ
ਆਪਣੇ ਖਜ਼ਾਨਿਆਂ ਵਿੱਚ।
5 ਆਪਣੀ ਮਹਾਨ ਸਿਆਣਪ
ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ।
ਅਤੇ ਹੁਣ ਤੂੰ ਗੁਮਾਨੀ ਹੈਂ
ਉਨ੍ਹਾਂ ਦੌਲਤਾਂ ਕਾਰਣ।
6 “‘ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
ਸੂਰ, ਸੋਚਿਆ ਸੀ ਤੂੰ ਕਿ ਤੂੰ ਹੈਂ ਇੱਕ ਦੇਵਤੇ ਵਰਗਾ।
7 ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ।
ਉਹ ਕੌਮਾਂ ਅੱਤ ਭਿਆਨਕ ਨੇ!
ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ
ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ।
ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
8 ਉਹ ਤੈਨੂੰ ਹੇਠਾਂ ਕਬਰ ਅੰਦਰਲੈ ਜਾਣਗੀਆਂ।
ਤੂੰ ਉਸ ਜਹਾਜ਼ੀ ਵਰਗਾ ਹੋਵੇਂਗਾ ਜੋ ਸਮੁੰਦਰ ਵਿੱਚ ਡੁੱਬ ਮੋਇਆ ਸੀ।
9 ਮਾਰ ਦੇਵੇਗਾ ਉਹ ਬੰਦਾ ਤੈਨੂੰ।
ਕੀ ਤੂੰ ਤਾਂ ਵੀ ਆਖੇਂਗਾ, “ਮੈਂ ਹਾਂ ਦੇਵਤਾ!” ਨਹੀਂ!
ਵਸ ਵਿੱਚ ਕਰ ਲਵੇਗਾ ਉਹ ਤੈਨੂੰ ਆਪਣੀ ਤਾਕਤ ਦੇ।
ਦੇਖ ਲਵੇਂਗਾ ਤੂੰ ਕਿ ਤੂੰ ਹੈਂ ਇੱਕ ਆਦਮੀ, ਪਰਮੇਸ਼ੁਰ ਨਹੀਂ!
10 ਤੂੰ ਇੱਕ ਅਸੁੰਨਤੀਏ ਵਿਦੇਸ਼ੀ ਵਾਂਗ ਮਰ ਜਾਵੇਂਗਾ।
ਅਜਨਬੀ ਤੈਨੂੰ ਮਾਰ ਦੇਣਗੇ।
ਵਾਪਰਨਗੀਆਂ ਇਹ ਗੱਲਾਂ ਕਿਉਂ ਕਿ ਆਦੇਸ਼ ਦਿੱਤਾ ਸੀ ਮੈਂ!’”
ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।
ਇਸਤੀਫ਼ਾਨ ਦਾ ਮਾਰਿਆ ਜਾਣਾ
54 ਯਹੂਦੀ ਆਗੂਆਂ ਨੇ ਇਸਤੀਫ਼ਾਨ ਨੂੰ ਅਜਿਹੇ ਬਚਨ ਕਰਦੇ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ। ਉਹ ਇੰਨੇ ਕਰੋਧ ਵਿੱਚ ਆ ਗਏ ਕਿ ਇਸਤੀਫ਼ਾਨ ਉੱਪਰ ਮਾਰੇ ਗੁੱਸੇ ਦੇ ਆਪਣੇ ਦੰਦ ਕਚੀਚਣ ਲੱਗ ਪਏ। 55 ਪਰ ਇਸਤੀਫ਼ਾਨ ਨੇ, ਜੋ ਕਿ ਪਵਿੱਤਰ ਆਤਮਾ ਨਾਲ ਭਰਪੂਰ ਸੀ, ਉੱਪਰ ਅਸਮਾਨ ਚ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਿਆ ਅਤੇ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਵੇਖਿਆ। 56 ਉਸ ਨੇ ਆਖਿਆ, “ਵੇਖ, ਮੈਂ ਆਕਾਸ਼ ਨੂੰ ਖੁਲ੍ਹਾ ਵੇਖਿਆ ਹੈ ਅਤੇ ਮੈਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਵੱਲ ਖੜ੍ਹਾ ਵੇਖ ਰਿਹਾ ਹਾਂ।”
57 ਤਾਂ ਸਾਰੇ ਯਹੂਦੀ ਆਗੂਆਂ ਨੇ ਉੱਚੀ ਆਵਾਜ਼ ਵਿੱਚ ਸ਼ੋਰ ਮਚਾਇਆ। ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਬੰਦ ਕਰ ਲਿਆ। ਉਹ ਸਾਰੇ ਇਕੱਠੇ ਹੋਕੇ ਇਸਤੀਫ਼ਾਨ ਵੱਲ ਭੱਜ ਪਏ। 58 ਉਨ੍ਹਾਂ ਨੇ ਉਸ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪੱਥਰ ਮਾਰੇ। ਅਤੇ ਜਿਨ੍ਹਾਂ ਲੋਕਾਂ ਨੇ ਇਸਤੀਫ਼ਾਨ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਨ੍ਹਾਂ ਆਪਣੇ ਵਸਤਰ ਇੱਕ ਸੋਲੂਸ ਨਾਂ ਦੇ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ। 59 ਜਦੋਂ ਇਸਤੀਫ਼ਾਨ ਤੇ ਪੱਥਰਾਵ ਕਰ ਰਹੇ ਸਨ, ਉਸ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸੂ ਮੇਰੇ ਆਤਮਾ ਨੂੰ ਸਵੀਕਾਰ ਕਰ ਲੈ।” 60 ਉਹ ਆਪਣੇ ਗੋਡੇ ਟੇਕ ਕੇ ਉੱਚੀ ਬੋਲਿਆ, “ਹੇ ਪ੍ਰਭੂ। ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾਵੀ।” ਇਹ ਆਖਣ ਤੋਂ ਬਾਅਦ ਉਹ ਮਰ ਗਿਆ।
8 ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ। ਕੁਝ ਧਰਮੀ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ। ਉਹ ਉਸ ਲਈ ਬੜੀ ਉੱਚੀ ਕੁਰਲਾਏ।
ਨਿਹਚਾਵਾਨਾਂ ਲਈ ਕਸ਼ਟ
ਉਸ ਦਿਨ, ਯਹੂਦੀਆਂ ਨੇ ਯਰੂਸ਼ਲਮ ਵਿੱਚ ਨਿਹਚਾਵਾਨ ਕਲੀਸਿਆ ਨੂੰ ਸਤਾਣਾ ਸ਼ੂਰੂ ਕਰ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ। ਸੌਲੁਸ ਵੀ ਇਸ ਕਲੀਸਿਆ ਨੂੰ ਨਸ਼ਟ ਕਰਨਾ ਚਾਹੁੰਦਾ ਸੀ। ਤਾਂ ਸੌਲੁਸ ਉਨ੍ਹਾਂ ਨਿਹਚਾਵਾਨਾਂ ਦੇ ਘਰ ਗਿਆ ਅਤੇ ਘਰਾਂ ਵਿੱਚੋਂ ਆਦਮੀਆਂ ਅਤੇ ਔਰਤਾਂ ਨੂੰ ਘਸੀਟ ਕੇ ਬਾਹਰ ਕੱਢ ਕੇ ਜੇਲ੍ਹ ਵਿੱਚ ਸੁੱਟਿਆ। ਸਾਰੇ ਨਿਹਚਾਵਾਨ ਯਰੂਸ਼ਲਮ ਛੱਡ ਗਏ ਸਿਰਫ਼ ਰਸੂਲ ਹੀ, ਉੱਥੇ ਰਹੇ ਅਤੇ ਨਿਹਚਾਵਾਨ ਮਨੁੱਖ ਸਾਮਰਿਯਾ ਅਤੇ ਯਹੂਦਿਆ ਵਿੱਚ ਵੱਖੋ-ਵੱਖ ਥਾਵਾਂ ਤੇ ਜਾ ਟਿਕੇ।
2010 by World Bible Translation Center