Revised Common Lectionary (Complementary)
7 ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
8 ਯਹੋਵਾਹ ਦੇ ਨੇਮ ਸਹੀ ਹਨ।
ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।
9 ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।
12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਮੂਸਾ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਦਾ ਹੈ
1 ਇਹ ਉਹ ਸੰਦੇਸ਼ ਹੈ ਜਿਹੜਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ। ਉਸ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਯਰਦਨ ਦੀ ਵਾਦੀ ਵਿੱਚ ਮਾਰੂਥਲ ਅੰਦਰ ਸਨ ਜੋ ਕਿ ਯਰਦਨ ਨਦੀ ਦੇ ਪੂਰਬ ਵੱਲ ਹੈ। ਇਹ ਜਗ਼੍ਹਾ ਸੂਫ਼ ਦੇ ਦੂਸਰੇ ਪਾਸੇ, ਪਾਰਾਨ ਪਰਬਤ, ਤੋਂਫ਼ਲ, ਲਾਬਾਨ ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਸੀ।
2 ਹੋਰੇਬ ਪਰਬਤ ਤੋਂ ਸੇਈਰ ਪਰਬਤਾਂ ਰਾਹੀਂ ਕਾਦੇਸ਼ ਬਰਨੇਆ ਦਾ ਸਫ਼ਰ ਸਿਰਫ਼ 11 ਦਿਨਾਂ ਦਾ ਹੈ। 3 ਇੱਥੇ ਪਹੁੰਚਣ ਨੂੰ ਇਸਰਾਏਲ ਦੇ ਲੋਕਾਂ ਨੂੰ ਮਿਸਰ ਨੂੰ ਛੱਡਣ ਤੋਂ ਬਾਦ 40 ਸਾਲ ਲੱਗੇ। 40ਵੇਂ ਸਾਲ ਦੇ 11ਵੇਂ ਮਹੀਨੇ ਦੇ ਪਹਿਲੇ ਦਿਨ ਨੂੰ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਉਹ ਸਾਰੀਆਂ ਗੱਲਾਂ ਆਖੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਆਖਣ ਦਾ ਹੁਕਮ ਦਿੱਤਾ ਸੀ। 4 ਇਹ ਯਹੋਵਾਹ ਦੇ ਸੀਹੋਨ ਅਤੇ ਓਗ ਨੂੰ ਹਰਾਉਣ ਤੋਂ ਬਾਦ ਵਾਪਰਿਆ। (ਸੀਹੋਨ ਅਮੋਰੀਆਂ ਦਾ ਰਾਜਾ ਸੀ, ਜੋ ਕਿ ਹਸ਼ਬੋਨ ਵਿੱਚ ਹਕੂਮਤ ਕਰਦਾ ਸੀ। ਓਗ ਬਾਸ਼ਾਨ ਦਾ ਰਾਜਾ ਸੀ। ਜੋ ਕਿ ਅਸ਼ਤਾਰੋਥ ਅਤੇ ਅਦਰਈ ਵਿੱਚ ਹਕੂਮਤ ਕਰਦਾ ਸੀ।) 5 ਇਸਰਾਏਲ ਦੇ ਲੋਕ ਮੋਆਬ ਦੀ ਧਰਤੀ ਉੱਤੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸਨ, ਅਤੇ ਮੂਸਾ ਨੇ ਉਹ ਗੱਲਾਂ ਸਮਝਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਮੂਸਾ ਨੇ ਆਖਿਆ:
6 “ਹੋਰੇਬ ਪਰਬਤ ਵਿਖੇ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਸਾਡੇ ਨਾਲ ਗੱਲ ਕੀਤੀ। ਉਸ ਨੇ ਆਖਿਆ, ‘ਤੁਸੀਂ ਕਾਫ਼ੀ ਲੰਮੇ ਸਮੇਂ ਤੀਕ ਇਸ ਪਰਬਤ ਉੱਤੇ ਰਹਿ ਚੁੱਕੇ ਹੋਂ। 7 ਉਸ ਪਹਾੜੀ ਪ੍ਰਦੇਸ਼ ਵਿੱਚ ਜਾਓ ਜਿੱਥੇ ਅਮੋਰੀ ਲੋਕ ਰਹਿੰਦੇ ਹਨ। ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ਉੱਤੇ ਜਾਓ। ਯਰਦਨ ਵਾਦੀ, ਪਹਾੜੀ ਪ੍ਰਦੇਸ਼, ਪੱਛਮੀ ਢਲਾਵਾਂ, ਨਿਜੀਵ ਅਤੇ ਸਮੁੰਦਰੀ ਤੱਟ ਵੱਲ ਜਾਓ। ਕਨਾਨ ਅਤੇ ਲਬਾਨੋਨ ਦੀ ਧਰਤੀ ਤੋਂ ਹੁੰਦੇ ਹੋਏ ਮਹਾਂਨਦੀ ਫ਼ਰਾਤ ਤੀਕ ਜਾਓ। 8 ਦੇਖੋ, ਮੈਂ ਤੁਹਾਨੂੰ ਉਹ ਧਰਤੀ ਦੇ ਰਿਹਾ ਹਾਂ। ਜਾਓ ਅਤੇ ਇਸ ਨੂੰ ਹਾਸਿਲ ਕਰੋ। ਮੈਂ ਇਹ ਧਰਤੀ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ-ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਇਹ ਧਰਤੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ।’”
ਮੂਸਾ ਆਗੂਆਂ ਦੀ ਚੋਣ ਕਰਦਾ ਹੈ
9 “ਉਸ ਸਮੇਂ, ਮੈਂ ਤੁਹਾਨੂੰ ਆਖਿਆ ਸੀ ਕਿ ‘ਮੈਂ ਖੁਦ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ। 10 ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਲੋਕਾਂ ਨੂੰ ਬਹੁਤ ਵੱਧਾ ਦਿੱਤਾ ਹੈ, ਇਸ ਲਈ ਹੁਣ ਤੁਸੀਂ ਗਿਣਤੀ ਵਿੱਚ ਇੰਨੇ ਹੋ ਜਿੰਨੇ ਕਿ ਅਕਾਸ਼ ਵਿੱਚ ਤਾਰੇ ਹਨ। 11 ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹੁਣ ਨਾਲੋਂ 1,000 ਗੁਣਾ ਹੋਰ ਵੱਧਾ ਦੇਵੇ ਅਤੇ ਉਹ ਤੁਹਾਨੂੰ ਆਪਣੇ ਇਕਰਾਰ ਅਨੁਸਾਰ ਅਸੀਸ ਦੇਵੇ! 12 ਪਰ ਮੈਂ ਇੱਕਲਿਆਂ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ, ਕਸ਼ਟ ਅਤੇ ਦਲੀਲਾਂ ਨਹੀਂ ਸੁਲਝਾ ਸੱਕਦਾ ਸਾਂ। 13 ਇਸ ਲਈ ਮੈਂ ਤੁਹਾਨੂੰ ਆਖਿਆ ਸੀ: ਹਰੇਕ ਪਰਿਵਾਰ-ਸਮੂਹ ਵਿੱਚੋਂ ਕੁਝ ਬੰਦੇ ਚੁਣ ਲਵੋ, ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਬਣਾ ਦਿਆਂਗਾ। ਉਨ੍ਹਾਂ ਸਿਆਣੇ ਬੰਦਿਆਂ ਦੀ ਚੋਣ ਕਰੋ ਜਿਨ੍ਹਾਂ ਕੋਲ ਸਮਝ ਅਤੇ ਅਨੁਭਵ ਹੈ।’
14 “ਅਤੇ ਤੁਸੀਂ ਆਖਿਆ ਸੀ, ‘ਇਹ ਗੱਲ ਕਰਨੀ ਚੰਗੀ ਹੈ।’
15 “ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।
16 “ਉਸ ਸਮੇਂ, ਮੈਂ ਉਨ੍ਹਾਂ ਜੱਜਾਂ ਨੂੰ ਆਖਿਆ, ‘ਆਪਣੇ ਲੋਕਾਂ ਦੇ ਝਗੜਿਆਂ ਦੀ ਸੁਣਵਾਈ ਕਰੋ। ਹਰ ਮਾਮਲੇ ਦਾ ਨਿਆਂ ਕਰਨ ਵੇਲੇ ਨਿਰਪੱਖ ਹੋਵੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਝਗੜਾ ਦੋ ਇਸਰਾਏਲੀ ਬੰਦਿਆਂ ਵਿੱਚਕਾਰ ਹੈ ਜਾਂ ਕਿਸੇ ਇਸਰਾਏਲੀ ਅਤੇ ਵਿਦੇਸ਼ੀ ਵਿੱਚਕਾਰ ਹੈ। ਤੁਹਾਨੂੰ ਹਰੇਕ ਬਾਰੇ ਨਿਰਪੱਖਤਾ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। 17 ਜਦੋਂ ਤੁਸੀਂ ਇਨਸਾਫ਼ ਕਰੋ ਤਾਂ ਇਹ ਨਾ ਸੋਚੋ ਕਿ ਕੋਈ ਇੱਕ ਬੰਦਾ ਕਿਸੇ ਦੂਸਰੇ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਤੁਹਾਨੂੰ ਹਰ ਬੰਦੇ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੀ ਨਾ ਡਰੋ, ਕਿਉਂਕਿ ਤੁਹਾਡਾ ਫ਼ੈਸਲਾ ਪਰਮੇਸ਼ੁਰ ਵੱਲੋਂ ਹੈ। ਪਰ ਜੇ ਕੋਈ ਮਾਮਲਾ ਤੁਹਾਡੇ ਲਈ ਇਨਸਾਫ਼ ਕਰਨ ਵਿੱਚ ਮੁਸ਼ਕਿਲ ਹੈ, ਤਾਂ ਉਸ ਨੂੰ ਮੇਰੇ ਕੋਲ ਲਿਆਵੋ ਅਤੇ ਮੈਂ ਇਸਦਾ ਇਨਸਾਫ਼ ਕਰਾਂਗਾ।’ 18 ਉਸੇ ਵੇਲੇ, ਮੈਂ ਤੁਹਾਨੂੰ ਉਹ ਸਭ ਕਾਸੇ ਦਾ ਹੁਕਮ ਦਿੱਤਾ ਸੀ ਜੋ ਤੁਹਾਨੂੰ ਕਰਨਾ ਚਾਹੀਦਾ।
20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।
24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।
25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।
2010 by World Bible Translation Center