Revised Common Lectionary (Complementary)
ਤਾਉ
169 ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।
170 ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।
171 ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ,
ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।
172 ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ।
ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ।
ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।
173 ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ।
ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
174 ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।
175 ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ।
ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
11 ਓੱਥੇ ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ। 12 ਬੁੱਢੇ ਨਬੀ ਨੇ ਪੁੱਛਿਆ, “ਜਦੋਂ ਉਹ ਇੱਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?” ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ। 13 ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚੱਲਾ ਗਿਆ।
14 ਬੁੱਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁੱਢੇ ਨਬੀ ਨੇ ਪੁੱਛਿਆ, “ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?”
ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਹਾਂ, ਮੈਂ ਹੀ ਹਾਂ।”
15 ਤਾਂ ਬੁੱਢੇ ਨਬੀ ਨੇ ਆਖਿਆ, “ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।”
16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਮੈਂ ਤੇਰੇ ਨਾਲ ਘਰ ਨਹੀਂ ਚੱਲ ਸੱਕਦਾ ਤੇ ਨਾ ਹੀ ਇਸ ਥਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸੱਕਦਾ ਹਾਂ। 17 ਯਹੋਵਾਹ ਨੇ ਮੈਨੂੰ ਆਖਿਆ ਸੀ, ‘ਕਿ ਤੂੰ ਉਸ ਥਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।’”
18 ਤਦ ਬੁੱਢੇ ਨਬੀ ਨੇ ਆਖਿਆ, “ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।” ਤਦ ਬੁੱਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, “ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸ ਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।”
19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁੱਢੇ ਨਬੀ ਦੇ ਘਰ ਉਸ ਨਾਲ ਚੱਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ। 20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁੱਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ। 21 ਤਾਂ ਬੁੱਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, “ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ। 22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।”
23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸ ਨੂੰ ਭੇਜ ਦਿੱਤਾ। 24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸ ਨੂੰ ਜਾਨੋ ਮਾਰ ਸੁੱਟਿਆ। ਨਬੀ ਦੀ ਲੋਥ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਥ ਦੇ ਕੋਲ ਖੜ੍ਹੇ ਸਨ। 25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓੱਥੇ ਪਈ ਲੋਥ ਅਤੇ ਇਸਦੇ ਕੋਲ ਖੜ੍ਹੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁੱਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ।
ਤੁਹਾਡਾ ਮਸੀਹ ਦੇ ਨਮਿੱਤ ਨਵਾਂ ਜੀਵਨ
3 ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। 2 ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। 3 ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। 4 ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ।
5 ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸੱਕ ਹਨ। 6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। [a] 7 ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ।
8 ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। 9 ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ।
10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿੱਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿੱਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸੱਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿੱਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉੱਚ ਹੈ।
2010 by World Bible Translation Center