Revised Common Lectionary (Complementary)
ਯਿਰਮਿਯਾਹ ਦੇ ਖਿਲਾਫ਼ ਬਦ ਯੋਜਨਾਵਾਂ
18 ਯਹੋਵਾਹ ਨੇ ਮੈਨੂੰ ਦਰਸਾਇਆ ਕਿ ਲੋਕ ਮੇਰੇ ਵਿਰੁੱਧ ਮੰਦੀਆਂ ਯੋਜਨਾਵਾਂ ਬਣਾ ਰਹੇ ਸਨ। ਯਹੋਵਾਹ ਨੇ ਮੈਨੂੰ ਉਹ ਚੀਜ਼ਾਂ ਦਰਸਾਈਆਂ ਜਿਹੜੀਆਂ ਉਹ ਕਰ ਰਹੇ ਸਨ ਇਸ ਲਈ ਮੈਨੂੰ ਪਤਾ ਲੱਗ ਗਿਆ ਕਿ ਉਹ ਮੇਰੇ ਵਿਰੁੱਧ ਸਨ। 19 ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: “ਆਓ ਅਸੀਂ ਰੁੱਖ ਨੂੰ ਅਤੇ ਉਸ ਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸ ਨੂੰ ਮਾਰ ਦੇਈਏ! ਫ਼ੇਰ ਲੋਕੀ ਉਸ ਨੂੰ ਭੁੱਲ ਜਾਣਗੇ।” 20 ਪਰ ਯਹੋਵਾਹ ਜੀ ਤੁਸੀਂ ਬੇਲਾਗ ਨਿਆਂਕਾਰ ਹੋ। ਤੁਸੀਂ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਪਰੱਖਣਾ ਜਾਣਦੇ ਹੋ। ਮੈਂ ਤੁਹਾਨੂੰ ਆਪਣੀਆਂ ਦਲੀਲਾਂ ਦੇਵਾਂਗਾ। ਅਤੇ ਮੈਂ ਤੁਹਾਡੇ ਵੱਲੋਂ ਉਨ੍ਹਾਂ ਨੂੰ ਓਹੀ ਸਜ਼ਾ ਦੇਣ ਦੇਵਾਂਗਾ ਜਿਸਦੇ ਉਹ ਅਧਿਕਾਰੀ ਹਨ।
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”
54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
3 ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
4 ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
5 ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।
6 ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
7 ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।
ਅਸਲੀ ਸਿਆਣਪ
13 ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁੱਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸ ਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁੱਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। 14 ਜੇ ਤੁਸੀਂ ਖੁਦਗਰਜ਼ ਹੋ ਅਤੇ ਤੁਹਾਡੇ ਦਿਲਾਂ ਵਿੱਚ ਕੌੜੀ ਈਰਖਾ ਭਰੀ ਹੋਈ ਹੈ ਤਾਂ ਤੁਹਾਡੇ ਲਈ ਹੰਕਾਰ ਕਰਨ ਦਾ ਕੋਈ ਕਾਰਣ ਨਹੀਂ। ਤੁਹਾਡਾ ਹੰਕਾਰ ਝੂਠਾ ਹੈ ਜਿਹੜਾ ਸੱਚ ਨੂੰ ਛੁਪਾਉਂਦਾ ਹੈ। 15 ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ। 16 ਜਿੱਥੇ ਵੀ ਈਰਖਾ ਅਤੇ ਖੁਦਗਰਜ਼ੀ ਹੈ ਗੜਬੜੀ ਅਤੇ ਹਰ ਤਰ੍ਹਾਂ ਦੀ ਬਦੀ ਓੱਥੇ ਹੋਵੇਗੀ। 17 ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁੱਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ। 18 ਉਹ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਸ਼ਾਂਤੀ ਲਈ ਕੰਮ ਕਰਦੇ ਹਨ ਜੀਵਨ ਦੀਆਂ ਦੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜੀਆਂ ਸਹੀ ਜੀਵਨ ਢੰਗ ਨਾਲ ਮਿਲਦੀਆਂ ਹਨ।
ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ
4 ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। 2 ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ।
ਯਿਸੂ ਦਾ ਆਪਣੀ ਮੌਤ ਬਾਰੇ ਗੱਲਾਂ ਕਰਨਾ(A)
30 ਤਦ ਯਿਸੂ ਤੇ ਉਸ ਦੇ ਚੇਲੇ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ ਪਰ ਉਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਖਬਰ ਹੋਵੇ ਕਿ ਉਹ ਕਿੱਥੇ ਹਨ। 31 ਉਹ ਆਪਣੇ ਚੇਲਿਆਂ ਨੂੰ ਇੱਕਲਿਆਂ ਉਪਦੇਸ਼ ਦੇਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਮਨੁੱਖ ਦਾ ਪੁੱਤਰ ਆਦਮੀਆਂ ਨੂੰ ਫ਼ੜਾ ਦਿੱਤਾ ਜਾਵੇਗਾ, ਜੋ ਉਸ ਨੂੰ ਮਾਰ ਦੇਣਗੇ, ਅਤੇ ਮੌਤ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ।” 32 ਪਰ ਚੇਲੇ ਉਸਦੀ ਇਹ ਗੱਲ ਨਾ ਸਮਝ ਸੱਕੇ ਪਰ ਉਹ ਉਸਤੋਂ ਇਸਦਾ ਮਤਲਬ ਪੁੱਛਣ ਤੋਂ ਵੀ ਡਰਦੇ ਰਹੇ।
ਯਿਸੂ ਦੱਸਦਾ ਕਿ ਕੌਣ ਸਭ ਤੋਂ ਮਹਾਨ ਹੈ(B)
33 ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਵਿੱਚ ਗਏ। ਉਹ ਇੱਕ ਘਰ ਵਿੱਚ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਰਾਹ ਵਿੱਚ ਵਾਦ-ਵਿਵਾਦ ਕਰਦੇ ਸੁਣਿਆ ਹੈ, ਤੁਸੀਂ ਕਿਸ ਬਾਰੇ ਬਹਿਸ ਕਰ ਰਹੇ ਸੀ?” 34 ਪਰ ਚੇਲਿਆਂ ਨੇ ਕੋਈ ਜਵਾਬ ਨਾ ਦਿੱਤਾ ਕਿਉਂਕਿ ਉਨ੍ਹਾਂ ਨੇ ਰਸਤੇ ਵਿੱਚ ਇਹ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੌਣ ਹੈ?
35 ਫ਼ਿਰ ਯਿਸੂ ਬੈਠ ਗਿਆ ਅਤੇ ਉਨ੍ਹਾਂ ਬਾਰ੍ਹਾਂ ਰਸੂਲਾਂ ਨੂੰ ਸੱਦਿਆ ਅਤੇ ਕਿਹਾ, “ਜੇਕਰ ਕੋਈ ਮਹਾਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਲੋਕਾਂ ਤੋਂ ਛੋਟਾ ਹੋਣਾ ਚਾਹੀਦਾ ਹੈ, ਅਤੇ ਉਸ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।”
36 ਫ਼ਿਰ ਯਿਸੂ ਨੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਨ੍ਹਾਂ ਚੇਲਿਆਂ ਦੇ ਵਿੱਚਕਾਰ ਖੜ੍ਹਾ ਕੀਤਾ। ਫ਼ੇਰ ਉਸ ਨੂੰ ਕੁਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ, 37 “ਜੇਕਰ ਕੋਈ ਮੇਰੇ ਨਾਂ ਦੇ ਕਾਰਣ ਅਜਿਹੇ ਬਾਲਕ ਦਾ ਸਵਾਗਤ ਕਰਦਾ ਹੈ ਤਾਂ ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਉਹ ਜੋ ਮੇਰਾ ਸਵਾਗਤ ਕਰਦਾ ਹੈ, ਉਹ ਉਸ ਦਾ ਸਵਾਗਤ ਕਰਦਾ ਜਿਸ ਨੇ ਮੈਨੂੰ ਭੇਜਿਆ ਹੈ।”
2010 by World Bible Translation Center