Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
139 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
2 ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉੱਠਦਾ ਹਾਂ।
ਤੁਸੀਂ ਦੂਰੋ ਹੀ ਮੇਰੇ ਵਿੱਚਾਰ ਜਾਣਦੇ ਹੋ।
3 ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ।
ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ।
ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।
4 ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ
ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ।
5 ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ।
ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
6 ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ।
ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।
7 ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ।
ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
8 ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ।
9 ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿੱਥੇ ਸੂਰਜ ਉੱਗਦਾ ਹੈ। ਤੁਸੀਂ ਉੱਥੇ ਹੁੰਦੇ ਹੋ।
ਜੇ ਮੈਂ ਸਮੁੰਦਰ ਵੱਲ ਪੱਛਮ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
10 ਉੱਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ।
ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ।
11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾਂ,
“ਦਿਨ ਰਾਤ ਵਿੱਚ ਬਦਲ ਗਿਆ ਹੈ।
ਅਵੱਸ਼ ਹੀ ਹਨੇਰਾ ਮੈਨੂੰ ਛੁਪਾ ਲਵੇਗਾ।”
12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ।
ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।
13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ!
ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ।
ਇਹ ਬਹੁਤ ਅਦਭੁਤ ਹੈ।
15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ,
ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ।
16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ।
ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ।
ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ।
17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ।
ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ!
18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ।
ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।
ਨਅਮਾਨ ਦਾ ਕਸ਼ਟ
5 ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।
2 ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। 3 ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”
4 ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।
5 ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”
ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। 6 ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।
7 ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”
8 ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”
9 ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।
11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।
13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”
14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।
8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ। 9 ਉਦਾਸ ਹੋਵੋ, ਅਫ਼ਸੋਸ ਕਰੋ ਅਤੇ ਰੋਵੋ। ਆਪਣੇ ਹਾਸਿਆਂ ਨੂੰ ਰੋਣ ਵਿੱਚ ਬਦਲ ਦਿਓ, ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲ ਦਿਓ। 10 ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।
ਤੁਸੀਂ ਮੁਨਸਫ਼ ਨਹੀਂ ਹੋ
11 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਗੱਲਾਂ ਨਾ ਕਰੋ। ਜੇ ਤੁਸੀਂ ਮਸੀਹ ਵਿੱਚ ਆਪਣੇ ਕਿਸੇ ਭਰਾ ਦੀ ਨਿੰਦਿਆ ਜਾਂ ਉਸਦਾ ਨਿਰਨਾ ਕਰਦੇ ਹੋ, ਤਾਂ ਇਹ ਸ਼ਰ੍ਹਾ ਦੇ ਖਿਲਾਫ਼ ਬੋਲਣ ਅਤੇ ਸ਼ਰ੍ਹਾ ਦੀ ਆਲੋਚਨਾ ਕਰਨ ਵਾਂਗ ਹੀ ਹੈ ਜਿਸਦਾ ਉਹ ਅਨੁਸਰਣ ਕਰ ਰਿਹਾ ਹੈ। ਜਦੋਂ ਤੁਸੀਂ ਮਸੀਹ ਵਿੱਚ ਕਿਸੇ ਭਰਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਜਿਸਦੀ ਉਹ ਪਾਲਣਾ ਕਰਦਾ ਹੈ ਅਤੇ ਜਦੋਂ ਤੁਸੀਂ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਸ਼ਰ੍ਹਾ ਦੇ ਪਾਲਕ ਨਹੀਂ ਹੋ। ਤੁਸੀਂ ਖੁਦ ਮੁਨਸਫ਼ ਬਣ ਜਾਂਦੇ ਹੋ। 12 ਪਰਮੇਸ਼ੁਰ ਹੀ ਹੈ ਜਿਹੜਾ ਨੇਮਾਂ ਨੂੰ ਬਣਾਉਂਦਾ ਹੈ। ਸਿਰਫ਼ ਉਹੀ ਇੱਕੋ ਇੱਕ ਮੁਨਸਫ਼ ਹੈ। ਇਹ ਸਿਰਫ਼ ਪਰਮੇਸ਼ੁਰ ਹੀ ਹੈ ਜਿਹੜਾ ਬਚਾ ਸੱਕਦਾ ਹੈ ਅਤੇ ਤਬਾਹ ਕਰ ਸੱਕਦਾ ਹੈ। ਇਸ ਲਈ ਤੁਹਾਡੇ ਵਾਸਤੇ ਇਹ ਠੀਕ ਨਹੀਂ ਕਿ ਤੁਸੀਂ ਕਿਸੇ ਦੂਸਰਿਆਂ ਬਾਰੇ ਨਿਆਂ ਕਰੋ।
ਪਰਮੇਸ਼ੁਰ ਨੂੰ ਤੁਹਾਡੇ ਜੀਵਨ ਦੀ ਅਗਵਾਈ ਕਰਨ ਦਿਉ
13 ਤੁਹਾਡੇ ਵਿੱਚੋਂ ਕੁਝ ਆਖਦੇ ਹਨ, “ਅੱਜ ਜਾਂ ਕੱਲ, ਅਸੀਂ ਇਸ ਸ਼ਹਿਰ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ। ਅਸੀਂ ਉੱਥੇ ਇੱਕ ਸਾਲ ਲਈ ਠਹਿਰਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ” ਸੁਣੋ। ਇਸ ਬਾਰੇ ਸੋਚੋ। 14 ਤੁਸੀਂ ਇਹ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ? ਤੁਹਾਡਾ ਜੀਵਨ ਇੱਕ ਧੁੰਦ ਵਾਂਗ ਹੈ। ਤੁਸੀਂ ਇਸ ਨੂੰ ਥੋੜੇ ਸਮੇਂ ਲਈ ਦੇਖ ਸੱਕਦੇ ਹੋ, ਪਰ ਫ਼ੇਰ ਇਹ ਛੱਟ ਜਾਂਦੀ ਹੈ। 15 ਇਸ ਦੀ ਜਗ਼੍ਹਾ, ਤੁਹਾਨੂੰ ਆਖਣਾ ਚਾਹੀਦਾ ਹੈ, “ਜੇ ਪ੍ਰਭੂ ਨੇ ਚਾਹਿਆ, ਅਸੀਂ ਜੀਵਾਂਗੇ ਅਤੇ ਇਹ ਜਾਂ ਉਹ ਕਰਾਂਗੇ।” 16 ਪਰ ਹੁਣ ਤੁਸੀਂ ਘਮੰਡੀ ਹੋ ਅਤੇ ਗੁਨਾਹ ਕਰ ਰਹੇ ਹੋ। ਇਸ ਤਰ੍ਹਾਂ ਦੇ ਸਾਰੇ ਘਮੰਡ ਗਲਤ ਹਨ। 17 ਇਸ ਲਈ ਜਦੋਂ ਕੋਈ ਵਿਅਕਤੀ ਚੰਗਿਆਈ ਕਰਨੀ ਜਾਣਦਾ ਹੈ, ਪਰ ਅਜਿਹਾ ਨਹੀਂ ਕਰਦਾ ਤਾਂ ਉਹ ਪਾਪ ਕਰਦਾ ਹੈ।
2010 by World Bible Translation Center