Revised Common Lectionary (Complementary)
106 ਯਹੋਵਾਹ ਦੀ ਉਸਤਤਿ ਕਰੋ
ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਸ਼ੁਭ ਹੈ।
ਪਰਮੇਸ਼ੁਰ ਦਾ ਪਿਆਰ ਸਦੀਵੀ ਹੈ।
2 ਅਸਲ ਵਿੱਚ ਕੋਈ ਵੀ ਬਿਆਨ ਨਹੀਂ ਕਰ ਸੱਕਦਾ
ਕਿ ਯਹੋਵਾਹ ਕਿੰਨਾ ਵੱਡਾ ਹੈ।
3 ਜਿਹੜੇ ਲੋਕ ਪਰਮੇਸ਼ੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਉਹ ਖੁਸ਼ ਹਨ।
ਉਹ ਲੋਕ ਹਰ ਵੇਲੇ ਨੇਕੀ ਕਰਦੇ ਰਹਿੰਦੇ ਹਨ।
4 ਯਹੋਵਾਹ, ਜਦੋਂ ਤੁਸੀਂ ਆਪਣੇ ਬੰਦਿਆਂ ਉੱਤੇ ਮਿਹਰਬਾਨ ਹੋਵੋਂ ਮੈਨੂੰ ਵੀ ਚੇਤੇ ਰੱਖਣਾ।
ਮੈਨੂੰ ਚੇਤੇ ਰੱਖਣਾ ਅਤੇ ਬਚਾਉਣਾ ਵੀ।
5 ਯਹੋਵਾਹ, ਮੈਨੂੰ ਉਹ ਚੰਗੀਆਂ ਚੀਜ਼ਾਂ ਸਾਂਝੀਆਂ ਕਰਨ ਦਿਉ
ਜਿਹੜੀਆਂ ਤੁਸੀਂ ਆਪਣੇ ਚੋਣਵੇਂ ਲੋਕਾਂ ਨੂੰ ਦਿੰਦੇ ਹੋ।
ਮੈਨੂੰ ਵੀ ਤੁਹਾਡੀ ਕੌਮ ਨਾਲ ਖੁਸ਼ੀ ਮਨਾਉਣ ਦਿਉ।
ਮੈਨੂੰ ਉਸਤਤਿ ਵਿੱਚ ਤੁਹਾਡੇ ਲੋਕਾਂ ਨਾਲ ਸ਼ਾਮਿਲ ਹੋਣ ਦਿਉ।
6 ਅਸੀਂ ਉਵੇਂ ਹੀ ਪਾਪ ਕੀਤਾ ਜਿਵੇਂ ਸਾਡੇ ਪੁਰਖਿਆਂ ਨੇ ਪਾਪ ਕੀਤਾ ਸੀ।
ਅਸੀਂ ਗਲਤ ਸਾਂ, ਅਸੀਂ ਮਿਸਰ ਵਿੱਚ ਮੰਦੀਆਂ ਗੱਲਾਂ ਕੀਤੀਆਂ।
13 ਪਰ ਸਾਡੇ ਪੁਰਖਿਆਂ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ।
ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
14 ਮਾਰੂਥਲ ਵਿੱਚ ਸਾਡੇ ਪੁਰਖਿਆਂ ਨੂੰ ਬਹੁਤ ਭੁੱਖ ਲਗੀ
ਅਤੇ ਉਨ੍ਹਾਂ ਨੇ ਬੀਆਬਾਨ ਵਿੱਚ ਪਰਮੇਸ਼ੁਰ ਦੀ ਪਰੱਖ ਕੀਤੀ।
15 ਪਰ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਨੇ ਮੰਗੀਆਂ ਸਨ।
ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਵੀ ਦਿੱਤੀ।
16 ਲੋਕ ਮੂਸਾ ਨਾਲ ਈਰਖਾ ਕਰਨ ਲੱਗੇ।
ਉਹ ਯਹੋਵਾਹ ਦੇ ਪਵਿੱਤਰ ਜਾਜਕ ਹਾਰੂਨ ਨਾਲ ਈਰਖਾਲੂ ਹੋ ਗਏ।
17 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਈਰਖਾਲੂ ਲੋਕਾਂ ਨੂੰ ਸਜ਼ਾ ਦਿੱਤੀ।
ਧਰਤੀ ਤਿੜਕ ਗਈ ਅਤੇ ਉਸ ਨੇ ਦਾਥਾਨ ਨੂੰ ਨਿਗਲ ਲਿਆ।
ਤਾਂ ਇੱਕ ਵਾਰੀ ਫ਼ੇਰ, ਧਰਤੀ ਖੁਲ੍ਹੀ ਅਤੇ ਅਬੀਰਾਮ ਦੇ ਸਮੂਹ ਨੂੰ ਨਿਗਲ ਲਿਆ।
18 ਫ਼ੇਰ ਅੱਗ ਨੇ ਲੋਕਾਂ ਦੀ ਉਸ ਭੀੜ ਨੂੰ ਸਾੜ ਸੁੱਟਿਆ।
ਉਸ ਅੱਗ ਨੇ ਮੰਦੇ ਲੋਕਾਂ ਨੂੰ ਸਾੜ ਦਿੱਤਾ।
19 ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵੱਛਾ ਬਣਾਇਆ।
ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
20 ਉਨ੍ਹਾਂ ਲੋਕਾਂ ਨੇ ਆਪਣੇ ਮਹਿਮਾਮਈ ਪਰਮੇਸ਼ੁਰ ਨੂੰ
ਘਾਹ ਖਾਣੇ ਬਲਦ ਦੀ ਮੂਰਤ ਬਦਲੇ ਵਟਾ ਦਿੱਤਾ।
21 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ।
ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
22 ਪਰਮੇਸ਼ੁਰ ਨੇ ਹੈਮ ਦੇ ਦੇਸ਼ ਵਿੱਚ ਕਰਿਸ਼ਮੇ ਕੀਤੇ ਸਨ,
ਲਾਲ ਸਾਗਰ ਦੇ ਨੇੜੇ ਪਰਮੇਸ਼ੁਰ ਦੀਆਂ ਕਰਨੀਆਂ ਭਰਮ ਭਰੀਆਂ ਸਨ।
23 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ।
ਪਰ ਉਸ ਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸ ਨੂੰ ਰੋਕ ਦਿੱਤਾ।
ਪਰਮੇਸ਼ੁਰ ਬਹੁਤ ਕਹਿਰਵਾਨ ਸੀ, ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ।
ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ।
ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ
ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ।
ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ।
ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ।
ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!”
ਯਹੋਵਾਹ ਦੀ ਉਸਤਤਿ ਕਰੋ।
15 “ਉਸ ਦਿਨ ਜਦੋਂ ਯਹੋਵਾਹ ਨੇ ਤੁਹਾਡੇ ਨਾਲ ਹੇਰੋਬ ਪਰਬਤ ਵਿਖੇ ਅੱਗ ਵਿੱਚੋਂ ਗੱਲ ਕੀਤੀ, ਤੁਸੀਂ ਉਸ ਨੂੰ ਦੇਖਿਆ ਨਹੀਂ ਸੀ-ਪਰਮੇਸ਼ੁਰ ਦਾ ਕੋਈ ਰੂਪ ਨਹੀਂ ਸੀ। 16 ਇਸ ਲਈ ਧਿਆਨ ਰੱਖੋ! ਕਿਸੇ ਵੀ ਹੋਰ ਜਿਉਂਦੀ ਚੀਜ਼ ਦੀ ਮੂਰਤੀ ਬਣਾਕੇ ਆਪਣੇ-ਆਪ ਨੂੰ ਤਬਾਹ ਨਾ ਕਰੋ। ਕੋਈ ਵੀ ਅਜਿਹੀ ਮੂਰਤੀ ਨਾ ਬਣਾਉ ਜਿਹੜੀ ਕਿਸੇ ਆਦਮੀ ਜਾਂ ਔਰਤ ਵਰਗੀ ਦਿਸਦੀ ਹੋਵੇ। 17 ਕੋਈ ਵੀ ਅਜਿਹਾ ਬੁੱਤ ਨਾ ਬਨਾਉਣਾ ਜਿਹੜਾ ਧਰਤੀ ਉੱਤਲੇ ਕਿਸੇ ਪਸ਼ੂ ਵਰਗਾ ਦਿਸਦਾ ਹੋਵੇ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਵਰਗਾ। 18 ਹੋਰ ਕੋਈ ਅਜਿਹੀ ਮੂਰਤੀ ਨਾ ਬਣਾਓ ਜਿਹੜੀ ਧਰਤੀ ਉੱਤੇ ਰੀਂਗਣ ਵਾਲੇ ਕਿਸੇ ਵੀ ਪ੍ਰਾਣੀ ਵਰਗੀ ਜਾਂ ਸਮੁੰਦਰ ਵਿੱਚਲੀ ਕਿਸੇ ਮੱਛੀ ਵਰਗੀ ਦਿਸਦੀ ਹੋਵੇ। 19 ਅਤੇ ਉਦੋਂ ਵੀ ਧਿਆਨ ਰੱਖਣਾ ਜਦੋਂ ਤੁਸੀਂ ਅਕਾਸ਼ ਵੱਲ ਝਾਕ ਕੇ ਸੂਰਜ, ਚੰਨ ਅਤੇ ਤਾਰਿਆਂ ਨੂੰ-ਅਤੇ ਅਕਾਸ਼ ਵਿੱਚਲੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖੋ। ਇਸਦਾ ਧਿਆਨ ਰੱਖਣਾ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਲਾਲਸਾ ਨਾ ਕਰਨ ਲੱਗ ਪਵੋਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਦੁਨੀਆਂ ਦੇ ਹੋਰਨਾਂ ਲੋਕਾਂ ਨੂੰ ਅਜਿਹਾ ਕਰਨ ਦਿੰਦਾ ਹੈ। 20 ਪਰ ਯਹੋਵਾਹ ਨੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਅਤੇ ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਲੋਹਾ ਪਿਘਲਾਉਣ ਵਾਲੀ ਤਪਦੀ ਭੱਠੀ ਵਿੱਚ ਵੜ ਕੇ ਤੁਹਾਨੂੰ ਉਸ ਅਗਨੀ ਵਿੱਚੋਂ ਕੱਢ ਲਿਆਇਆ। ਅਤੇ ਹੁਣ ਤੁਸੀਂ ਉਸੇ ਦੇ ਬੰਦੇ ਹੋ!
19 ਕਿਸੇ ਵਿਅਕਤੀ ਨੂੰ ਉਦੋਂ ਵੀ ਦੁੱਖ ਝੱਲਣਾ ਪੈ ਸੱਕਦਾ ਹੈ ਜਦੋਂ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਜੇਕਰ ਉਹ ਵਿਅਕਤੀ ਉਸ ਕਸ਼ਟ ਨੂੰ ਪਰਮੇਸ਼ੁਰ ਦਾ ਸਮਝਕੇ ਸਹਿਨ ਕਰ ਲੈਂਦਾ ਹੈ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗਾ। 20 ਜੇਕਰ ਤੁਹਾਨੂੰ ਤੁਹਾਡੀ ਗਲਤ ਕਰਨੀ ਦੇ ਕਾਰਣ ਸਜ਼ਾ ਦਿੱਤੀ ਜਾਂਦੀ ਹੈ, ਫ਼ੇਰ ਤੁਹਾਡੀ ਉਸਤਤਿ ਕਰਨ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਚੰਗੇ ਕੰਮ ਕੀਤੇ ਹਨ ਅਤੇ ਤੁਸੀਂ ਸਬਰ ਨਾਲ ਤਸੀਹੇ ਝੱਲ ਲੈਂਦੇ ਹੋ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 21 ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
22 “ਉਸ ਨੇ ਕੋਈ ਵੀ ਪਾਪ ਨਹੀਂ ਕੀਤਾ,
ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।” (A)
23 ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24 ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25 ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।
2010 by World Bible Translation Center