Revised Common Lectionary (Complementary)
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ।
36 ਮੰਦਾ ਆਦਮੀ ਬਹੁਤ ਹੀ ਮੰਦਾ ਕਰਦਾ ਹੈ ਜਦੋਂ ਉਹ ਆਪਣੇ-ਆਪ ਨੂੰ ਆਖਦਾ,
ਮੈਂ ਨਹੀਂ ਡਰਾਂਗਾ ਅਤੇ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗਾ।
2 ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ।
ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ,
ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
3 ਉਸ ਦੇ ਸ਼ਬਦ ਨਿਰਾਰਥਕ ਝੂਠ ਹਨ।
ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
4 ਰਾਤ ਵੇਲੇ, ਉਹ ਫ਼ਜ਼ੂਲ ਦੀਆਂ ਵਿਉਂਤਾਂ ਬਣਾਉਂਦਾ ਹੈ।
ਉਹ ਜਾਗਦਾ ਅਤੇ ਕੁਝ ਵੀ ਚੰਗਾ ਨਹੀਂ ਕਰਦਾ।
ਪਰ ਉਹ ਬਦੀ ਕਰਨ ਤੋਂ ਇਨਕਾਰ ਨਹੀਂ ਕਰਦਾ।
5 ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ।
ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।
6 ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ।
ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ।
ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
7 ਤੁਹਾਡੀ ਪਿਆਰ ਭਰੀ ਦਯਾ ਨਾਲੋਂ ਕੁਝ ਵੀ ਅਨਮੋਲ ਨਹੀਂ।
ਲੋਕ ਅਤੇ ਦੂਤ ਤੁਹਾਡੇ ਵੱਲ ਸੁਰੱਖਿਆ ਲਈ ਆਉਂਦੇ ਹਨ।
8 ਯਹੋਵਾਹ, ਉਹ ਤੁਹਾਡੇ ਘਰ ਵਿੱਚਲੀਆਂ ਸ਼ੁਭ ਚੀਜ਼ਾਂ ਪਾਸੋਂ ਨਵੀਂ ਸ਼ਕਤੀ ਹਾਸਲ ਕਰਦੇ ਹਨ।
ਤੁਸੀਂ ਉਨ੍ਹਾਂ ਨੂੰ ਆਪਣੀ ਅਦਭੁਤ ਨਦੀ ਦਾ ਨੀਰ ਪੀਣ ਦਿੰਦੇ ਹਨ।
9 ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ।
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ।
10 ਯਹੋਵਾਹ, ਉਨ੍ਹਾਂ ਲੋਕਾਂ ਨੂੰ ਪਿਆਰ ਕਰੀ ਜਾਉ।
ਜਿਹੜੇ ਸੱਚਮੁੱਚ ਤੁਹਾਨੂੰ ਜਾਣਦੇ ਹਨ।
ਅਤੇ ਉਨ੍ਹਾਂ ਲੋਕਾਂ ਲਈ ਸ਼ੁਭ ਗੱਲਾਂ ਕਰੋ ਜਿਹੜੇ ਤੁਹਾਡੇ ਵੱਲ ਸੱਚੇ ਹਨ।
11 ਹੇ ਯਹੋਵਾਹ, ਮੈਨੂੰ ਗੁਮਾਨੀ ਲੋਕਾਂ ਦੇ ਜਾਲ ਵਿੱਚ ਨਾ ਫ਼ਸਣ ਦਿਉ।
ਮੈਂ ਦੁਸ਼ਟ ਲੋਕਾਂ ਦੁਆਰਾ ਨਾ ਫ਼ੜਿਆ ਜਾਵਾਂ।
12 ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ:
“ਬਦਕਾਰ ਲੋਕ ਇੱਥੇ ਡਿੱਗੇ ਸਨ।
ਉਹ ਕੁਚਲੇ ਗਏ।
ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”
ਯਾਕੂਬ ਬਿਨਯਾਮੀਨ ਨੂੰ ਮਿਸਰ ਜਾਣ ਦਿੰਦਾ ਹੈ
43 ਉਸ ਦੇਸ਼ ਵਿੱਚ ਅਕਾਲ ਦੀ ਹਾਲਤ ਬਹੁਤ ਖਰਾਬ ਸੀ। 2 ਲੋਕਾਂ ਨੇ ਮਿਸਰ ਤੋਂ ਖਰੀਦਿਆ ਹੋਇਆ ਸਾਰਾ ਅਨਾਜ ਖਾ ਲਿਆ। ਜਦੋਂ ਉਹ ਅਨਾਜ ਮੁੱਕ ਗਿਆ, ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਮਿਸਰ ਵਿੱਚ ਜਾਉ ਅਤੇ ਆਪਣੇ ਖਾਣ ਲਈ ਕੁਝ ਹੋਰ ਅਨਾਜ ਖਰੀਦ ਲਿਆਉ।”
3 ਪਰ ਯਹੂਦਾਹ ਨੇ ਯਾਕੂਬ ਨੂੰ ਆਖਿਆ, “ਪਰ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਚਿਤਾਵਨੀ ਦਿੱਤੀ ਸੀ। ਉਸ ਨੇ ਆਖਿਆ, ‘ਜੇ ਤੁਸੀਂ ਆਪਣੇ ਭਰਾ ਨੂੰ ਮੇਰੇ ਕੋਲ ਨਾ ਲੈ ਕੇ ਆਏ ਤਾਂ ਤੁਹਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਆਂਗਾ।’ 4 ਜੇ ਤੁਸੀਂ ਬਿਨਯਾਮੀਨ ਨੂੰ ਸਾਡੇ ਨਾਲ ਭੇਜ ਦਿਉਂਗੇ, ਫ਼ੇਰ ਅਸੀਂ ਉੱਥੇ ਜਾ ਸੱਕਦੇ ਹਾਂ ਅਤੇ ਅਨਾਜ ਖਰੀਦ ਸੱਕਦੇ ਹਾਂ। 5 ਪਰ ਜੇ ਤੁਸੀਂ ਬਿਨਯਾਮੀਨ ਨੂੰ ਭੇਜਣ ਤੋਂ ਇਨਕਾਰ ਕਰੋਂਗੇ ਤਾਂ ਫ਼ੇਰ ਅਸੀਂ ਨਹੀਂ ਜਾਵਾਂਗੇ। ਉਸ ਬੰਦੇ ਨੇ ਸਾਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਤੋਂ ਬਿਨਾ ਵਾਪਸ ਨਾ ਆਈਏ।”
6 ਯਾਕੂਬ ਨੇ ਆਖਿਆ, “ਤੁਸੀਂ ਉਸ ਨੂੰ ਇਹ ਕਿਉਂ ਦੱਸਿਆ ਕਿ ਤੁਹਾਡਾ ਕੋਈ ਹੋਰ ਭਰਾ ਸੀ? ਤੁਸੀਂ ਇਹੋ ਜਿਹੀ ਮਾੜੀ ਗੱਲ ਮੇਰੇ ਨਾਲ ਕਿਉਂ ਕੀਤੀ?”
7 ਭਰਾਵਾਂ ਨੇ ਜਵਾਬ ਦਿੱਤਾ, “ਉਸ ਬੰਦੇ ਨੇ ਬੜੇ ਸਵਾਲ ਪੁੱਛੇ ਸਨ। ਉਹ ਸਾਡੇ ਅਤੇ ਸਾਡੇ ਪਰਿਵਾਰ ਬਾਰੇ ਸਾਰਾ ਕੁਝ ਜਾਨਣਾ ਚਾਹੁੰਦਾ ਸੀ। ਉਸ ਨੇ ਸਾਨੂੰ ਪੁੱਛਿਆ, ‘ਕੀ ਤੁਹਾਡਾ ਪਿਤਾ ਹਾਲੇ ਜਿਉਂਦਾ ਹੈ? ਕੀ ਤੁਹਾਡਾ ਹੋਰ ਕੋਈ ਭਰਾ ਵੀ ਘਰ ਹੈ?’ ਅਸੀਂ ਤਾਂ ਸਿਰਫ਼ ਸਦੇ ਸਵਾਲਾਂ ਦਾ ਜਵਾਬ ਹੀ ਦਿੱਤਾ ਸੀ। ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਆਪਣਾ ਭਰਾ ਆਪਣੇ ਕੋਲ ਲਿਆਉਣ ਲਈ ਆਖੇਗਾ!”
8 ਫ਼ੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਬਿਨਯਾਮੀਨ ਨੂੰ ਮੇਰੇ ਨਾਲ ਜਾਣ ਦਿਉ। ਮੈਂ ਉਸਦਾ ਧਿਆਨ ਰੱਖਾਂਗਾ। ਸਾਨੂੰ ਭੋਜਨ ਹਾਸਿਲ ਕਰਨ ਲਈ ਮਿਸਰ ਜਾਣਾ ਹੀ ਪੈਣਾ ਹੈ। ਜੇ ਅਸੀਂ ਨਹੀਂ ਜਾਂਦੇ ਤਾਂ ਅਸੀਂ ਸਾਰੇ ਹੀ, ਆਪਣੇ ਬੱਚਿਆਂ ਸਮੇਤ, ਮਾਰੇ ਜਾਵਾਂਗੇ। 9 ਮੈਂ ਇਸ ਗੱਲ ਦਾ ਖਾਸ ਖਿਆਲ ਰੱਖਾਂਗਾ ਕਿ ਉਹ ਸੁਰੱਖਿਅਤ ਰਹੇ। ਮੈਂ ਉਸ ਦੇ ਲਈ ਜ਼ਿੰਮੇਵਾਰ ਹੋਵਾਂਗਾ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਹੀਂ ਲੈ ਕੇ ਆਉਂਦਾ, ਤਾਂ ਤੁਸੀਂ ਹਮੇਸ਼ਾ ਲਈ ਮੇਰੇ ਉੱਪਰ ਦੋਸ਼ ਧਰ ਸੱਕਦੇ ਹੋ। 10 ਜੇ ਤੁਸੀਂ ਸਾਨੂੰ ਪਹਿਲਾਂ ਜਾਣ ਦਿੰਦੇ ਤਾਂ ਅਸੀਂ ਹੁਣ ਤੱਕ ਅਨਾਜ ਲਈ ਦੋ ਚਕਰ ਲਾ ਆਉਣੇ ਸਨ।”
11 ਫ਼ੇਰ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਆਖਿਆ, “ਜੇ ਇਹ ਗੱਲ ਸੱਚਮੁੱਚ ਸਹੀ ਹੈ, ਤਾਂ ਬਿਨਯਾਮੀਨ ਨੂੰ ਆਪਣੇ ਨਾਲ ਲੈ ਜਾਉ। ਪਰ ਰਾਜਪਾਲ ਲਈ ਕੁਝ ਸੁਗਾਤਾਂ ਲੈਂਦੇ ਜਾਉ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਧਰਤੀ ਵਿੱਚ ਇਕੱਠੀਆਂ ਕਰ ਸੱਕੇ ਹਾਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਲੈ ਜਾਉ। ਉਸ ਲਈ ਕੁਝ ਸ਼ਹਿਦ, ਪਿਸਤਾ, ਬਦਾਮ, ਗੂੰਦ ਅਤੇ ਮੁਰ ਲੈ ਜਾਊ। 12 ਇਸ ਵਾਰ ਆਪਣੇ ਨਾਲ ਪਹਿਲਾਂ ਨਾਲੋਂ ਦੁੱਗਣੇ ਪੈਸੇ ਲੈ ਜਾਓ। ਉਹ ਪੈਸੇ ਵੀ ਲੈ ਜਾਉ ਜਿਹੜੇ ਪਿੱਛਲੀ ਵਾਰੀ ਤੁਹਾਨੂੰ ਵਾਪਸ ਮੋੜ ਦਿੱਤੇ ਗਏ ਸਨ। ਸ਼ਾਇਦ ਰਾਜਪਾਲ ਕੋਲੋਂ ਕੋਈ ਗਲਤੀ ਹੋ ਗਈ ਸੀ। 13 ਬਿਨਯਾਮੀਨ ਨੂੰ ਲੈ ਜਾਉ ਅਤੇ ਉਸ ਬੰਦੇ ਕੋਲ ਵਾਪਸ ਜਾਉ। 14 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਉਦੋਂ ਤੁਹਾਡੀ ਸਹਾਇਤਾ ਕਰੇ, ਜਦੋਂ ਤੁਸੀਂ ਰਾਜਪਾਲ ਦੇ ਸਾਹਮਣੇ ਖੜ੍ਹੇ ਹੋਵੋਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਬਿਨਯਾਮੀਨ ਨੂੰ ਅਤੇ ਸਿਮਓਨ ਨੂੰ ਸੁਰੱਖਿਅਤ ਘਰ ਲਿਆਵੇ। ਜੇ ਨਹੀਂ, ਤਾਂ ਮੈਂ ਫ਼ੇਰ ਆਪਣੇ ਪੁੱਤਰ ਨੂੰ ਗੁਆਉਣ ਦਾ ਦੁੱਖ ਭੋਗਾਂਗਾ।”
15 ਇਸ ਲਈ ਭਰਾਵਾਂ ਨੇ ਰਾਜਪਾਲ ਨੂੰ ਦੇਣ ਲਈ ਸੁਗਾਤਾਂ ਲੈ ਲਈਆਂ ਅਤੇ ਉਨ੍ਹਾਂ ਨੇ ਆਪਣੇ ਨਾਲ ਪਿੱਛਲੀ ਵਾਰ ਨਾਲੋਂ ਦੁੱਗਣੇ ਪੈਸੇ ਲੈ ਲਏ। ਇਸ ਵਾਰ, ਬਿਨਯਾਮੀਨ ਆਪਣੇ ਭਰਾਵਾਂ ਦੇ ਨਾਲ ਮਿਸਰ ਨੂੰ ਗਿਆ। ਆਖਰਕਾਰ, ਉਹ ਪਹੁੰਚ ਗਏ ਅਤੇ ਯੂਸੁਫ਼ ਦੇ ਸਾਹਮਣੇ ਖਲੋ ਗਏ।
ਖਾਸ ਕੰਮ ਲਈ ਸੱਤ ਮਨੁੱਖਾਂ ਦਾ ਚੁਣੇ ਜਾਣਾ
6 ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। 2 ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। 3 ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। 4 ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।”
5 ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। 6 ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।
7 ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ।
2010 by World Bible Translation Center