Revised Common Lectionary (Complementary)
ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।
57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
2 ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
3 ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।
4 ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।
5 ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
6 ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।
7 ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
ਮੈਂ ਉਸਦੀ ਉਸਤਤਿ ਗਾਵਾਂਗਾ।
8 ਮੇਰੀ ਆਤਮਾ ਜਾਗ ਪੈ।
ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
ਆਓ ਸਵੇਰ ਨੂੰ ਜਗਾਈਏ।
9 ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।
2 ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ। 3 ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ।
4 ਤਦ ਦਾਊਦ ਉਜਾੜ ਵਿੱਚ ਸੀ ਜਦ ਉਸ ਨੂੰ ਇਹ ਪਤਾ ਲੱਗਾ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। 5 ਦਾਊਦ ਨੇ ਨਾਬਾਲ ਨਾਲ ਗੱਲ ਕਰਨ ਲਈ ਦਸ ਜੁਆਨ ਭੇਜੇ। ਦਾਊਦ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਰਮਲ ਵਿੱਚ ਜਾਕੇ ਨਾਬਾਲ ਨੂੰ ਲੱਭਕੇ ਉਸ ਨੂੰ ਮੇਰੇ ਵੱਲੋਂ ਸੁੱਖ-ਸਾਂਦ ਪੁੱਛੋ।” 6 ਦਾਊਦ ਨੇ ਉਨ੍ਹਾਂ ਦੇ ਹੱਥ ਨਾਬਾਲ ਲਈ ਸੁਨੇਹਾ ਘੱਲਿਆ, “ਮੈਨੂੰ ਆਸ ਹੈ ਕਿ ਤੂੰ ਅਤੇ ਤੇਰਾ ਪਰਿਵਾਰ ਰਾਜ਼ੀ-ਖੁਸ਼ੀ ਹੋਵੇਂਗਾ। ਤੇਰਾ ਘਰ-ਪਰਿਵਾਰ ਤੇ ਜੋ ਕੁਝ ਤੇਰੇ ਕੋਲ ਹੈ ਸਭ ਸਹੀ ਸਲਾਮਤ ਹੋਵੇਗਾ। 7 ਮੈਂ ਸੁਣਿਆ ਹੈ ਕਿ ਤੂੰ ਭੇਡਾਂ ਦੀ ਉੱਨ ਕੁਤਰ ਰਿਹਾ ਹੈ। ਕੁਝ ਦੇਰ ਲਈ ਅਯਾਲੀ ਮੇਰੇ ਨਾਲ ਸਨ ਅਤੇ ਅਸੀਂ ਉਨ੍ਹਾਂ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਜਦੋਂ ਤੇਰੇ ਅਯਾਲੀ ਕਰਮਲ ਵਿੱਚ ਸਨ, ਅਸੀਂ ਉਨ੍ਹਾਂ ਦਾ ਕੁਝ ਨਹੀਂ ਖੋਹਿਆ। 8 ਤੂੰ ਆਪਣੇ ਸੇਵਕਾਂ ਨੂੰ ਪੁੱਛ ਅਤੇ ਉਹ ਤੈਨੂੰ ਦੱਸਣਗੇ ਕਿ ਇਹ ਸੱਚ ਹੈ। ਕਿਰਪਾ ਕਰਕੇ ਮੇਰੇ ਜੁਆਨਾ ਉੱਤੇ ਵੀ ਰਹਿਮ ਕਰੀਂ। ਇਹ ਇਸ ਖੁਸ਼ੀ ਦੇ ਮੌਕੇ ਉੱਤੇ ਤੇਰੇ ਕੋਲ ਆਏ ਹਨ। ਕਿਰਪਾ ਕਰਕੇ ਇਨ੍ਹਾਂ ਜੁਆਨਾ ਨੂੰ ਤੂੰ ਜੋ ਕੁਝ ਵੀ ਆਪਣੇ ਖਜ਼ਾਨੇ ਵਿੱਚੋਂ ਦੇ ਸੱਕਦਾ ਹੈਂ ਦੇ। ਕਿਰਪਾ ਕਰਕੇ ਤੂੰ ਮੇਰੀ ਖਾਤਿਰ ਉਹ ਉਪਕਾਰ ਕਰ। ਤੇਰਾ ਮਿੱਤਰ, ਦਾਊਦ।”
9 ਦਾਊਦ ਦੇ ਆਦਮੀ ਨਾਬਾਲ ਕੋਲ ਗਏ ਅਤੇ ਉਸਦਾ (ਦਾਊਦ) ਸੁਨੇਹਾ ਜਾਕੇ ਨਾਬਾਲ ਨੂੰ ਦਿੱਤਾ। 10 ਪਰ ਨਾਬਾਲ ਉਨ੍ਹਾਂ ਨਾਲ ਕਮੀਨਗੀ ਨਾਲ ਪੇਸ਼ ਆਇਆ ਅਤੇ ਕਿਹਾ, “ਦਾਊਦ ਹੈ ਕੌਣ? ਕੌਣ ਯੱਸੀ ਦਾ ਪੁੱਤਰ? ਅੱਜ ਕੱਲ ਅਜਿਹੇ ਬੜੇ ਸੇਵਕ ਹਨ ਜੋ ਆਪਣੇ ਮਾਲਕਾਂ ਕੋਲੋਂ ਨੱਸ ਗਏ ਹਨ! ਮੇਰੇ ਕੋਲ ਪਾਣੀ ਅਤੇ ਰੋਟੀ ਹੈ। 11 ਅਤੇ ਆਪਣੇ ਚਾਕਰਾਂ ਦੇ ਖਾਣ ਲਈ ਮਾਸ ਹੈ ਕਿਉਂਕਿ ਉਹ ਮੇਰੀਆਂ ਭੇਡਾਂ ਦੀ ਉੱਨ ਕੁਤਰਦੇ ਹਨ ਪਰ ਇਹ ਸਭ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਦੇ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ।”
12 ਦਾਊਦ ਦੇ ਆਦਮੀਆਂ ਨੇ ਵਾਪਸ ਪਰਤਕੇ ਇਹ ਸਭ ਕੁਝ ਜਾਕੇ ਦਾਊਦ ਨੂੰ ਦੱਸਿਆ। 13 ਤਦ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਸਭ ਆਪੋ-ਆਪਣੀਆਂ ਤਲਵਾਰਾਂ ਬੰਨ੍ਹੋ।” ਤਾਂ ਦਾਊਦ ਅਤੇ ਉਸ ਦੇ ਆਦਮੀਆਂ ਨੇ ਆਪੋ-ਆਪਣੀਆਂ ਤਲਵਾਰਾਂ ਬੰਨ੍ਹੀਆਂ। 400 ਦੇ ਕਰੀਬ ਮਨੁੱਖ ਦਾਊਦ ਦੇ ਨਾਲ ਗਏ ਅਤੇ 200 ਆਦਮੀ ਰਸਦ ਲਈ ਪਿੱਛੇ ਠਹਿਰੇ।
ਅਬੀਗੈਲ ਮੁਸੀਬਤ ਨੂੰ ਰੋਕਦੀ ਹੈ
14 ਨਾਬਾਲ ਦੇ ਨੌਕਰਾਂ ਵਿੱਚੋਂ ਇੱਕ ਨੇ ਉਸਦੀ ਬੀਵੀ ਅਬੀਗੈਲ ਨੂੰ ਜਾਕੇ ਆਖਿਆ, “ਵੇਖੋ, ਦਾਊਦ ਨੇ ਉਜਾੜ ਤੋਂ ਸਾਡੇ ਮਾਲਕ ਦੀ ਸੁੱਖ-ਸਾਂਦ ਪੁੱਛਣ ਲਈ ਕੁਝ ਹਲਕਾਰੇ ਭੇਜੇ ਸਨ ਪਰ ਨਾਬਾਲ ਉਨ੍ਹਾਂ ਨਾਲ ਬੜਾ ਮਾੜਾ ਪੇਸ਼ ਆਇਆ। 15 ਇਹ ਆਦਮੀ ਸਾਡੇ ਨਾਲ ਬੜਾ ਚੰਗਾ ਸਲੂਕ ਕਰਦੇ ਸਨ। ਜਿੰਨਾ ਚਿਰ ਅਸੀਂ ਰੜਿਆਂ ਵਿੱਚ ਭੇਡਾਂ ਨਾਲ ਸਾਂ ਤਾਂ ਦਾਊਦ ਦੇ ਆਦਮੀ ਵੀ ਉਨ੍ਹਾਂ ਸਮਿਆਂ ਵਿੱਚ ਸਾਡੇ ਨਾਲ ਰਹੇ, ਪਰ ਉਨ੍ਹਾਂ ਸਾਡੇ ਨਾਲ ਬੜੀ ਭਲਾਈ ਕੀਤੀ, ਸਾਨੂੰ ਕਦੇ ਕੋਈ ਔਖ ਨਾ ਆਉਣ ਦਿੱਤੀ। 16 ਦਾਊਦ ਦੇ ਆਦਮੀਆਂ ਨੇ ਦਿਨ-ਰਾਤ ਸਾਡੀ ਰੱਖਿਆ ਕੀਤੀ। ਜਦੋਂ ਅਸੀਂ ਆਪਣੀਆਂ ਭੇਡਾਂ ਦੀ ਰੱਖਵਾਲੀ ਲਈ ਨਿਕਲੇ ਸਾਂ ਤਾਂ ਦਾਊਦ ਦੇ ਆਦਮੀਆਂ ਨੇ ਸਾਨੂੰ, ਚਾਰ ਦਿਵਾਰੀ ਵਾਂਗ, ਹਰ ਮੁਸੀਬਤ ਤੋਂ ਬਚਾਇਆ ਅਤੇ ਸਾਡੀ ਹਿਫ਼ਾਜ਼ਤ ਕੀਤੀ। 17 ਹੁਣ ਇਸ ਬਾਰੇ ਜ਼ਰਾ ਸੋਚੋ ਅਤੇ ਵਿੱਚਾਰੋ ਕਿ ਤੁਸੀਂ ਕੀ ਕਰੋਂਗੇ? ਨਾਬਾਲ ਇੰਨਾ ਦੁਸ਼ਟ ਸੀ, ਕਿ ਉਸ ਨੂੰ ਉਸਦਾ ਮਨ ਬਦਲਣ ਲਈ ਪ੍ਰੇਰਣਾ ਅਸੰਭਵ ਸੀ। ਸਾਡੇ ਮਾਲਕ ਅਤੇ ਉਸ ਦੇ ਪਰਿਵਾਰ ਉੱਪਰ ਲਈ ਭਾਰੀ ਕਰੋਪੀ ਆਉਣ ਵਾਲੀ ਹੈ।”
18 ਅਬੀਗੈਲ ਨੇ ਬੜੀ ਫ਼ੁਰਤੀ ਨਾਲ ਉੱਠ ਕੇ 200 ਰੋਟੀਆਂ ਅਤੇ ਦੋ ਵੱਡੀਆਂ ਬੋਤਲਾਂ ਮੈਅ ਦੀਆਂ, ਰਿੰਨ੍ਹੀਆਂ ਹੋਈਆਂ ਪੰਜ ਭੇਡਾਂ, ਪੰਜ ਟੋਕਰੇ ਭੁੱਜੇ ਹੋਏ ਦਾਣਿਆਂ ਦੇ, 100 ਗੁਛਾ ਸੌਗੀ ਦਾ, ਅਤੇ 200 ਪਿੰਨੀਆਂ ਅੰਜੀਰਾਂ ਦੀਆਂ ਲੈ ਕੇ ਖੋਤਿਆਂ ਉੱਪਰ ਲੱਦ ਲਿਆ। 19 ਤਦ ਅਬੀਗੈਲ ਨੇ ਆਪਣੇ ਚਾਕਰਾਂ ਨੂੰ ਆਖਿਆ, “ਤੁਸੀਂ ਮੇਰੇ ਅੱਗੇ ਤੁਰੋ, ਮੈਂ ਤੁਹਾਡੇ ਨਾਲ ਚੱਲਦੀ ਹਾਂ।” ਪਰ ਇਹ ਸਭ ਉਸ ਨੇ ਆਪਣੇ ਪਤੀ ਨੂੰ ਨਾ ਦੱਸਿਆ।
20 ਅਬੀਗੈਲ ਆਪਣੇ ਖੋਤੇ ਉੱਤੇ ਚੜ੍ਹੀ ਅਤੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਈ। ਹ ਦੂਜੀ ਦਿਸ਼ਾ ਵੱਲੋਂ ਆਉਂਦੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਆਉਂਦਿਆਂ ਨੂੰ ਮਿਲੀ।
21 ਦਾਊਦ ਅਜੇ ਜਦੋਂ ਅਬੀਗੈਲ ਨੂੰ ਨਹੀਂ ਸੀ ਮਿਲਿਆ ਤਾਂ ਦਾਊਦ ਆਖ ਰਿਹਾ ਸੀ, “ਮੈਂ ਉਜਾੜ ਵਿੱਚ ਨਾਬਾਲ ਦੀ ਜ਼ਾਇਦਾਦ ਦੀ ਰੱਖਿਆ ਕੀਤੀ। ਮੈਂ ਉਸਦੀ ਇੱਕ ਵੀ ਭੇਡ ਨਾ ਗੁਆਚਣ ਦਿੱਤੀ। ਮੈਂ ਵਿਅਰਥ ਹੀ ਉਸਦੀ ਇੰਨੀ ਰਾਖੀ ਕਰਦਾ ਰਿਹਾ। ਮੈਂ ਉਸ ਨਾਲ ਭਲਾਈ ਕਰਦਾ ਰਿਹਾ ਪਰ ਉਸ ਨੇ ਮੇਰੇ ਨਾਲ ਬੁਰਿਆਈ ਕੀਤੀ। 22 ਪਰਮੇਸ਼ੁਰ ਮੈਨੂੰ ਉਸਤੋਂ ਵੀ ਵੱਧੇਰੇ ਸਜ਼ਾ ਦੇਵੇ ਜਿੰਨੀ ਉਸ ਨੇ ਮੇਰੇ ਦੁਸ਼ਮਣਾਂ ਨੂੰ ਦਿੱਤੀ ਹੈ ਜੇਕਰ ਮੈਂ ਉਸ ਦੇ ਪਰਿਵਾਰ ਦੇ ਇੱਕ ਵੀ ਸਦੱਸ ਨੂੰ ਇੱਕ ਰਾਤ ਲਈ ਵੀ ਜਿਉਣ ਦੇਵਾਂ।”
ਮਸੀਹੀਆਂ ਦੇ ਆਪਸੀ ਮਸਲਿਆਂ ਦੀ ਪਰੱਖ
6 ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਕਚਿਹਰੀ ਦੇ ਜੱਜਾਂ ਕੋਲ ਕਿਉਂ ਜਾਂਦੇ ਹੋ? ਉਹ ਲੋਕ ਧਰਮੀ ਨਹੀਂ ਹਨ। ਤਾਂ ਫ਼ਿਰ ਤੁਸੀਂ ਉਨ੍ਹਾਂ ਕੋਲ ਆਪਣੀਆਂ ਸ਼ਿਕਾਇਤਾਂ ਦੇ ਨਿਰਨੇ ਲਈ ਕਿਉਂ ਜਾਂਦੇ ਹੋ? ਤੁਹਾਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਇਸ ਦੀ ਜਗ਼੍ਹਾ ਤੁਸੀਂ ਆਪਣੇ ਵਿਵਾਦਾਂ ਦਾ ਨਿਰਨਾ ਕਰਨ ਦੀ ਆਗਿਆ ਪਰਮੇਸ਼ੁਰ ਦੇ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ। 2 ਤੁਹਾਨੂੰ ਅਵੱਸ਼ ਪਤਾ ਹੈ ਕਿ ਪਰਮੇਸ਼ੁਰ ਦੇ ਬੰਦੇ ਦੁਨੀਆਂ ਦਾ ਨਿਆਂ ਕਰਨਗੇ। ਇਸ ਲਈ ਜੇ ਤੁਸੀਂ ਦੁਨੀਆਂ ਦਾ ਨਿਆਂ ਕਰੋਂਗੇ, ਤਾਂ ਤੁਸੀਂ ਇਹੋ ਜਿਹੀਆਂ ਨਿਗੂਣੀਆਂ ਗੱਲਾਂ ਦਾ ਨਿਆਂ ਕਰਨ ਯੋਗ ਹੋਵੋਂਗੇ। 3 ਤੁਸੀਂ ਜਾਣਦੇ ਹੋ ਕਿ ਭਵਿੱਖ ਵਿੱਚ ਅਸੀਂ ਦੂਤਾਂ ਦਾ ਨਿਆਂ ਵੀ ਕਰਾਂਗੇ। ਇਸ ਲਈ ਅਸੀਂ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਦੀ ਪਰੱਖ ਵੀ ਕਰ ਸੱਕਦੇ ਹਾਂ। 4 ਇਸ ਲਈ ਜੇ ਤੁਹਾਡੇ ਕੋਲ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਨਿਆਂ ਹੋਣਾ ਚਾਹੀਦਾ ਹੈ, ਤਾਂ ਤੁਸੀਂ ਇਨ੍ਹਾਂ ਮਸਲਿਆਂ ਨੂੰ ਉਨ੍ਹਾਂ ਉਨ੍ਹਾਂ ਲੋਕਾਂ ਸਾਹਮਣੇ ਕਿਉਂ ਲੈ ਕੇ ਜਾਂਦੇ ਹੋ, ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਉਨ੍ਹਾਂ ਬੰਦਿਆਂ ਦਾ ਕਲੀਸਿਯਾ ਲਈ ਕੋਈ ਅਰਥ ਨਹੀਂ। 5 ਮੈਂ ਇਹ ਗੱਲਾਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ। ਅਵੱਸ਼ ਹੀ, ਤੁਹਾਡੀ ਕਲੀਸਿਯਾ ਵਿੱਚ ਕੋਈ ਅਜਿਹਾ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਦੋ ਭਰਾਵਾਂ ਦੇ ਮਸਲਿਆਂ ਨੂੰ ਪਰੱਖਣ ਯੋਗ ਹੋਵੇ। 6 ਪਰ ਹੁਣ ਇੱਕ ਭਰਾ ਦੂਸਰੇ ਭਰਾ ਦੇ ਵਿਰੁੱਧ ਕਚਿਹਰੀ ਜਾ ਖੜ੍ਹਦਾ ਹੈ। ਅਤੇ ਤੁਸੀਂ ਉਨ੍ਹਾਂ ਬੰਦਿਆਂ ਨੂੰ ਆਪਣੇ ਮੁਕੱਦਮੇ ਦਾ ਨਿਰਨਾ ਕਰਨ ਦੀ ਆਗਿਆ ਦਿੱਤੀ ਹੈ ਜੋ ਨਿਹਚਾਵਾਨ ਨਹੀਂ ਹਨ।
7 ਇੱਕ ਦੂਜੇ ਦੇ ਖਿਲਾਫ਼ ਜਿਹੜੇ ਮੁਕੱਦਮੇ ਤੁਹਾਡੇ ਕੋਲ ਹਨ ਉਹ ਇਹੀ ਸਿੱਧ ਕਰਦੇ ਹਨ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਕਿਸੇ ਨੂੰ ਆਪਣੇ ਨਾਲ ਬੇਇਨਸਾਫ਼ੀ ਕਰਨ ਦਿਉ। ਉਹ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਪਾਸੋਂ ਧੋਖਾ ਖਾ ਲਵੋ। 8 ਪਰ ਤੁਸੀਂ ਤਾਂ ਖੁੱਦ ਬੇਇਨਸਾਫ਼ੀ ਉੱਤੇ ਧੋਖਾ ਕਰਦੇ ਹੋ। ਅਤੇ ਤੁਸੀਂ ਆਪਣੇ ਹੀ ਮਸੀਹ ਦੇ ਨਮਿਤ ਭਰਾਵਾਂ ਨਾਲ ਕਰਦੇ ਹੋ।
9-10 ਤੁਹਾਨੂੰ ਪਤਾ ਹੈ ਕਿ ਜੋ ਦੁਸ਼ਟ ਕਰਨੀਆਂ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਹਿੱਸਾ ਪ੍ਰਾਪਤ ਨਹੀਂ ਕਰਨਗੇ। ਮੂਰਖ ਨਾ ਬਣੋ। ਇਹੀ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਪ੍ਰਾਪਤ ਨਹੀਂ ਹੋਵੇਗਾ: ਉਹ, ਜੋ ਜਿਨਸੀ ਪਾਪ ਕਰਦੇ ਹਨ, ਉਹ, ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ, ਉਹ ਲੋਕ, ਜਿਹੜੇ ਬਦਕਾਰੀ ਕਰਦੇ ਹਨ, ਉਹ ਆਦਮੀ ਜਿਹੜੇ ਆਪਣੇ ਸਰੀਰ ਹੋਰਨਾਂ ਆਦਮੀਆਂ ਨੂੰ ਜਿਨਸੀ ਵਰਤੋਂ ਕਰਨ ਲਈ ਭੇਟ ਕਰਦੇ ਹਨ ਜਾਂ ਉਹ ਜਿਹੜੇ ਹੋਰਨਾਂ ਆਦਮੀਆਂ ਨਾਲ ਜਿਨਸੀ ਪਾਪ ਕਰਦੇ ਹਨ, ਉਹ, ਜੋ ਚੋਰੀ ਕਰਦੇ ਹਨ, ਜੋ ਖੁਦਗਰਜ਼ ਹਨ, ਸ਼ਰਾਬੀ ਹਨ, ਉਹ, ਜੋ ਹੋਰਨਾਂ ਲੋਕਾਂ ਨੂੰ ਮੰਦਾ ਬੋਲਦੇ ਹਨ, ਅਤੇ ਉਹ ਲੋਕ, ਜਿਹੜੇ ਧੋਖਾ ਦਿੰਦੇ ਹਨ। 11 ਅਤੀਤ ਵਿੱਚ ਤੁਹਾਡੇ ਵਿੱਚੋਂ ਵੀ ਕਈ ਅਜਿਹੇ ਹੀ ਸਨ। ਪਰ ਤੁਹਾਨੂੰ ਧੋਕੇ ਸਾਫ਼ ਕਰ ਦਿੱਤਾ ਗਿਆ ਸੀ, ਤੁਹਾਨੂੰ ਪਵਿੱਤਰ ਬਣਾਇਆ ਗਿਆ ਹੈ ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਦੁਆਰਾ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਹੈ।
2010 by World Bible Translation Center