Revised Common Lectionary (Complementary)
ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ।
121 ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ,
ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
2 ਮੇਰੇ ਲਈ ਮਦਦ ਯਹੋਵਾਹ ਵਲੋਂ
ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ।
3 ਪਰਮੇਸ਼ੁਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ।
ਤੁਹਾਡਾ ਰੱਖਿਅਕ ਸੌਵੇਗਾ ਨਹੀਂ।
4 ਇਸਰਾਏਲ ਦੇ ਰੱਖਿਅਕ ਨੂੰ ਨੀਂਦ ਨਹੀਂ ਆਉਂਦੀ
ਪਰਮੇਸ਼ੁਰ ਕਦੇ ਸੌਦਾ ਨਹੀਂ।
5 ਯਹੋਵਾਹ ਤੁਹਾਡਾ ਰੱਖਿਅਕ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਹੈ।
6 ਦਿਨ ਵੇਲੇ ਸੂਰਜ ਤੁਹਾਨੂੰ ਦੁੱਖ ਨਹੀਂ ਦੇ ਸੱਕਦਾ।
ਅਤੇ ਚੰਨ ਤੁਹਾਨੂੰ ਰਾਤ ਵੇਲੇ ਦੁੱਖ ਨਹੀਂ ਦੇ ਸੱਕਦਾ।
7 ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ।
ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
8 ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ।
ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।
ਯਾਕੂਬ ਅਤੇ ਲਾਬਾਨ ਦਾ ਸਮਝੌਤਾ
43 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਔਰਤਾਂ ਮੇਰੀਆਂ ਧੀਆਂ ਹਨ। ਅਤੇ ਇਹ ਬੱਚੇ ਮੇਰੇ ਹਨ। ਅਤੇ ਇਹ ਜਾਨਵਰ ਮੇਰੇ ਹਨ। ਜੋ ਵੀ ਚੀਜ਼ ਤੈਨੂੰ ਇੱਥੇ ਨਜ਼ਰ ਆਉਂਦੀ ਹੈ ਮੇਰੀ ਹੈ। ਪਰ ਮੈਂ ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਲਈ ਕੁਝ ਨਹੀਂ ਕਰ ਸੱਕਦਾ। 44 ਇਸ ਲਈ ਮੈਂ ਤੇਰੇ ਨਾਲ ਇਕਰਾਰਨਾਮਾ ਕਰਨ ਲਈ ਤਿਆਰ ਹਾਂ। ਇਹ ਇਕਰਾਰਨਾਮਾ ਸਾਨੂੰ ਚੇਤੇ ਕਰਾਵੇਗਾ ਕਿ ਅਸੀਂ ਇੱਕ-ਦੂਜੇ ਨਾਲ ਕਿੰਝ ਵਿਹਾਰ ਕਰਨ ਦਾ ਫ਼ੈਸਲਾ ਕੀਤਾ ਹੈ।”
45 ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲੱਭਿਆ ਅਤੇ ਇਸ ਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ। 46 ਉਸ ਨੇ ਆਪਣੇ ਆਦਮੀਆਂ ਨੂੰ ਕੁਝ ਹੋਰ ਪੱਥਰ ਜਮ੍ਹਾਂ ਕਰਕੇ ਅਤੇ ਉਨ੍ਹਾਂ ਦੀ ਢੇਰੀ ਲਾਉਣ ਲਈ ਆਖਿਆ। ਫ਼ੇਰ ਉਨ੍ਹਾਂ ਨੇ ਪੱਥਰਾਂ ਦੀ ਢੇਰੀ ਕੋਲ ਭੋਜਨ ਕੀਤਾ। 47 ਲਾਬਾਨ ਨੇ ਉਸ ਥਾਂ ਦਾ ਨਾਮ ਯਗਰ ਸਾਹਦੂਥਾ ਰੱਖਿਆ। ਪਰ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ।
48 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਪੱਥਰਾਂ ਦੀ ਢੇਰੀ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗੀ।” ਇਹੀ ਕਾਰਣ ਹੈ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਆਖਿਆ।
49 ਫ਼ੇਰ ਲਾਬਾਨ ਨੇ ਆਖਿਆ, “ਜਦੋਂ ਅਸੀਂ ਵਿੱਛੜੀਏ ਤਾਂ ਯਹੋਵਾਹ ਸਾਡੇ ਅੰਗ਼-ਸੰਗ ਰਹੇ।” ਇਸ ਲਈ ਉਸ ਥਾਂ ਦਾ ਨਾਮ ਮਿਸਪਾਹ ਵੀ ਸੀ।
50 ਫ਼ੇਰ ਲਾਬਾਨ ਨੇ ਆਖਿਆ, “ਜੇ ਤੂੰ ਮੇਰੀਆਂ ਧੀਆਂ ਨੂੰ ਦੁੱਖ ਦਿੱਤਾ ਤਾਂ ਚੇਤੇ ਰੱਖੀਂ ਕਿ ਪਰਮੇਸ਼ੁਰ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਕਿਸੇ ਹੋਰ ਔਰਤ ਨਾਲ ਸ਼ਾਦੀ ਕੀਤੀ ਤਾਂ ਯਾਦ ਰੱਖੀਂ ਕਿ ਪਰਮੇਸ਼ੁਰ ਤੈਨੂੰ ਦੇਖ ਰਿਹਾ ਹੈ। 51 ਇਹ ਉਹ ਪੱਥਰ ਸਨ ਜਿਹੜੇ ਮੈਂ ਤੇਰੇ ਅਤੇ ਮੇਰੇ ਦਰਮਿਆਨ ਰੱਖ ਦਿੱਤੇ ਹਨ। ਅਤੇ ਇਹ ਖਾਸ ਪੱਥਰ ਇਹ ਦਰਸਾਉਣ ਲਈ ਹੈ ਕਿ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। 52 ਪਥਰਾਂ ਦੀ ਇਹ ਢੇਰੀ ਅਤੇ ਇਹ ਖਾਸ ਪੱਥਰ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗਾ। ਮੈਂ ਕਦੇ ਵੀ ਇਨ੍ਹਾਂ ਪੱਥਰਾਂ ਤੋਂ ਪਾਰ ਆਕੇ ਤੈਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਤੈਨੂੰ ਵੀ ਮੈਨੂੰ ਨੁਕਸਾਨ ਪਹੁੰਚਾਉਣ ਲਈ ਪੱਥਰਾਂ ਦੇ ਇਸ ਪਾਸੇ ਨਹੀਂ ਆਉਣਾ ਚਾਹੀਦਾ। 53 ਅਬਰਾਹਾਮ ਦਾ ਪਰਮੇਸ਼ੁਰ, ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਪਰਮੇਸ਼ੁਰ ਸਾਡੇ ਦੋਸ਼ੀ ਹੋਣ ਦਾ ਨਿਆਂ ਕਰੇ ਜੇ ਕਦੇ ਅਸੀਂ ਇਸ ਇਕਰਾਰਨਾਮੇ ਨੂੰ ਤੋੜੀਏ।”
ਯਾਕੂਬ ਦਾ ਪਿਤਾ ਇਸਹਾਕ ਪਰਮੇਸ਼ੁਰ ਨੂੰ “ਭੈ” ਬੁਲਾਉਂਦਾ ਸੀ। ਇਸ ਲਈ ਯਾਕੂਬ ਨੇ ਵਚਨ ਦੇਣ ਲਈ ਉਹੀ ਨਾਮ ਵਰਤਿਆ। 54 ਫ਼ੇਰ ਯਾਕੂਬ ਨੇ ਇੱਕ ਜਾਨਵਰ ਮਾਰਿਆ ਅਤੇ ਇਸ ਨੂੰ ਪਰਬਤ ਉੱਤੇ ਬਲੀ ਵਜੋਂ ਚੜ੍ਹਾਇਆ। ਅਤੇ ਉਸ ਨੇ ਆਪਣੇ ਆਦਮੀਆਂ ਨੂੰ ਭੋਜਨ ਸਾਂਝਾ ਕਰਨ ਦਾ ਸੱਦਾ ਦਿੱਤਾ। ਜਦੋਂ ਉਹ ਭੋਜਨ ਕਰ ਹਟੇ ਤਾਂ ਉਨ੍ਹਾਂ ਨੇ ਆਪਣੇ ਦੋਹਤਿਆਂ 55 ਅਤੇ ਆਪਣੀਆਂ ਧੀਆਂ ਨੂੰ ਵਿਦਾਈ ਦਾ ਚੁੰਮਣ ਦਿੱਤਾ। ਉਸ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਘਰ ਵਾਪਸ ਚੱਲਾ ਗਿਆ।
ਏਸਾਓ ਨਾਲ ਪੁਨਰ ਮਿਲਾਪ
32 ਯਾਕੂਬ ਵੀ ਉਸ ਥਾਂ ਤੋਂ ਚੱਲਾ ਗਿਆ। ਜਦੋਂ ਉਸ ਸਫ਼ਰ ਕਰ ਰਿਹਾ ਸੀ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ। 2 ਯਾਕੂਬ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸ ਨੇ ਆਖਿਆ, “ਇਹ ਪਰਮੇਸ਼ੁਰ ਦਾ ਡੇਰਾ ਹੈ।” ਇਸ ਲਈ ਯਾਕੂਬ ਨੇ ਉਸ ਥਾਂ ਦਾ ਨਾਂ ਮਹਨਾਯਿਮ ਰੱਖਿਆ।
ਇੱਕ ਸਵੀਕ੍ਰਤ ਮਜ਼ਦੂਰ
14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।
16 ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਅਜਿਹੀਆਂ ਵਿਹਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਇਹ ਗੱਲਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਹੋਰ ਵੱਧੇਰੇ ਦੂਰ ਲੈ ਜਾਣਗੀਆਂ। 17 ਉਨ੍ਹਾਂ ਦੇ ਉਪਦੇਸ਼ ਤੁਹਾਡੇ ਸਰੀਰ ਅੰਦਰ ਬਿਮਾਰੀ ਵਾਂਗ ਫ਼ੈਲ ਜਾਣਗੇ। ਹੁਮਿਨਾਯੁਸ ਅਤੇ ਫ਼ਿਲੇਤੁਸ ਇਹੋ ਜਿਹੇ ਬੰਦੇ ਹੀ ਹਨ। 18 ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।
19 ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” [a] ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”
20 ਇੱਕ ਵੱਡੇ ਘਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਕੁਝ ਵਸਤਾਂ ਹਨ। ਪਰ ਕੁਝ ਵਸਤਾਂ ਲਕੜੀ ਤੇ ਮਿੱਟੀ ਦੀਆਂ ਵੀ ਬਣੀਆਂ ਹੋਈਆਂ ਹਨ। ਕੁਝ ਚੀਜ਼ਾਂ ਨੂੰ ਖਾਸ ਮੌਕਿਆਂ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਕਈ ਚੀਜ਼ਾਂ ਮੰਦੇ ਕੰਮਾਂ ਲਈ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। 21 ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਸਭ ਮੰਦੀਆਂ ਗੱਲਾਂ ਤੋਂ ਸ਼ੁੱਧ ਬਣਾ ਲੈਂਦਾ ਹੈ, ਫ਼ੇਰ ਉਹ ਖਾਸ ਕੰਮਾ ਲਈ ਵਰਤਿਆ ਜਾਵੇਗਾ। ਉਹ ਵਿਅਕਤੀ ਪਵਿੱਤਰ ਬਣਾਇਆ ਜਾਵੇਗਾ ਅਤੇ ਮਾਲਕ ਉਸਦਾ ਇਸਤੇਮਾਲ ਕਰ ਸੱਕੇਗਾ। ਉਹ ਵਿਅਕਤੀ ਹਰ ਚੰਗਿਆਈ ਕਰਨ ਲਈ ਤਿਆਰ ਹੋਵੇਗਾ।
22 ਉਨ੍ਹਾਂ ਦੁਸ਼ਟ ਗੱਲਾਂ ਤੋਂ ਦੂਰ ਰਹੋ ਜਿਹੜੀਆਂ ਇੱਕ ਜਵਾਨ ਆਦਮੀ ਕਰਨੀਆਂ ਚਾਹੁੰਦਾ ਹੈ। ਠੀਕ ਢੰਗ ਨਾਲ ਜਿਉਣ ਲਈ ਅਤੇ ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਮਿਲਕੇ ਕਰੋ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ ਅਤੇ ਜਿਨ੍ਹਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ। 23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ। 24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ। 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ। 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ।
2010 by World Bible Translation Center