Revised Common Lectionary (Complementary)
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
15 “ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ।
(ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।)
ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ
ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।
16 ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸ ਨੂੰ ਈਰਖਾਲੂ ਬਣਾ ਦਿੱਤਾ।
ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।
17 ਉਨ੍ਹਾਂ ਨੇ ਭੂਤਾ ਨੂੰ ਬਲੀਆਂ ਚੜ੍ਹਾਈਆਂ ਜੋ ਦੇਵਤੇ ਨਹੀਂ ਸਨ।
ਉਹ ਨਵੇਂ ਦੇਵਤੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ,
ਜਿਨ੍ਹਾਂ ਬਾਰੇ ਤੁਹਾਡੇ ਪੁਰਖੇ ਵੀ ਨਹੀਂ ਜਾਣਦੇ ਸਨ।
18 ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ;
ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।
19 “ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ।
ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ।
20 ਇਸੇ ਲਈ ਯਹੋਵਾਹ ਨੇ ਆਖਿਆ ਸੀ, ‘ਮੈਂ ਉਨ੍ਹਾਂ ਲੋਕਾਂ ਕੋਲੋਂ ਪਰਤ ਜਾਵਾਂਗਾ
ਅਤੇ ਦੇਖਾਂਗਾ ਫ਼ੇਰ ਕੀ ਵਾਪਰਦਾ ਹੈ!
ਉਹ ਵਿਦ੍ਰੋਹੀ ਹਨ।
ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ!
21 ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ।
ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ।
ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ।
ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।
22 ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ
ਜਿਹੜੀ ਡੂੰਘੀ ਤੋਂ ਡੂੰਘੀ ਕਬਰ [a] ਤੀਕ,
ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ
ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!
23 “‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾਂ ਲਿਆਵਾਂਗਾ।
ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚੱਲਾ ਦਿਆਂਗਾ।
24 ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ।
ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ।
ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ
ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।
25 ਸੜਕਾਂ ਉੱਤੇ ਸਿਪਾਹੀ ਉਨ੍ਹਾਂ ਨੂੰ ਕਤਲ ਕਰਨਗੇ।
ਉਨ੍ਹਾਂ ਦੇ ਘਰਾਂ ਅੰਦਰ ਭਿਆਨਕ ਘਟਨਾਵਾਂ ਵਾਪਰਨਗੀਆਂ।
ਸਿਪਾਹੀ ਗੱਬਰੂਆਂ ਅਤੇ ਮੁਟਿਆਰਾਂ ਨੂੰ ਮਾਰ ਦੇਣਗੇ।
ਉਹ ਜੁਆਕਾ ਅਤੇ ਬੁਢਿਆਂ ਲੋਕਾਂ ਨੂੰ ਮਾਰ ਦੇਣਗੇ।
26 “‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ
ਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!
27 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦੁਸ਼ਮਣ ਕੀ ਆਖਣਗੇ,
ਉਹ ਸਮਝਣਗੇ ਨਹੀਂ
ਅਤੇ ਹੈਂਕੜ ਨਾਲ ਆਖਣਗੇ,
“ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ!
ਅਸੀਂ ਆਪਣੀ ਤਾਕਤ ਨਾਲ ਜਿੱਤ ਗਏ!”’
39 “‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ!
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂ
ਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ।
ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂ
ਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ।
ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸੱਕਦਾ!
40 ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ।
ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ।
41 ਮੈਂ ਆਪਣੀ
ਤਲਵਾਰ ਤੇਜ਼ ਕਰਾਂਗਾ
ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ।
ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।
42 ਮੇਰੇ ਦੁਸ਼ਮਣ ਮਾਰੇ ਜਾਣਗੇ ਅਤੇ ਉਹ ਕੈਦੀ ਬਣਾ ਲਈ ਜਾਣਗੇ,
ਮੇਰੇ ਤੀਰ ਉਨ੍ਹਾਂ ਦੇ ਖੂਨ ਨਾਲ ਢੱਕੇ ਹੋਣਗੇ।
ਮੇਰੀ ਸ਼ਮਸ਼ੀਰ ਉਨ੍ਹਾਂ ਦੇ ਫ਼ੌਜੀਆਂ ਦੇ ਸਿਰ ਕਲਮ ਕਰ ਦੇਵੇਗੀ।’
43 “ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ!
ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਦੇ ਸੇਵਕਾਂ ਨੂੰ ਕਤਲ ਕਰਦੇ ਹਨ।
ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”
21 ਯਿਸੂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ।
ਯਿਸੂ ਆਖਦਾ ਹੈ ਕਿ ਉਸ ਨੂੰ ਮਰਨਾ ਪਵੇਗਾ(A)
22 ਉਸ ਨੇ ਆਖਿਆ, “ਮਨੁੱਖ ਦੇ ਪੁੱਤਰ ਲਈ ਇਹ ਜਰੂਰੀ ਹੈ ਕਿ ਉਹ ਬਹੁਤ ਸਾਰੀਆਂ ਤਕਲੀਫ਼ਾਂ ਵਿੱਚੋਂ ਗੁਜਰੇ ਅਤੇ ਬਜ਼ੁਰਗ ਯਹੂਦੀ ਆਗੂਆਂ, ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਮਾਰਿਆ ਜਾਵੇ ਅਤੇ ਫ਼ੇਰ ਤੀਜੇ ਦਿਨ ਮੌਤ ਤੋਂ ਜੀ ਉੱਠੇਗਾ।”
23 ਉਸ ਨੇ ਸਭਨਾਂ ਨੂੰ ਆਖਿਆ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ-ਆਪ ਨੂੰ ਤਿਆਗਣਾ ਚਾਹੀਦਾ ਹੈ ਅਤੇ ਰੋਜ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਚਾਹੀਦਾ ਹੈ। 24 ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ ਪਰ ਜੋ ਕੋਈ ਆਪਣਾ ਜੀਵਨ ਮੇਰੇ ਲਈ ਬਲੀਦਾਨ ਕਰੇਗਾ ਉਹ ਉਸ ਨੂੰ ਬਚਾ ਲਵੇਗਾ। 25 ਕੀ ਫ਼ਾਇਦਾ ਜੇਕਰ ਕੋਈ ਮਨੁੱਖ ਪੂਰਾ ਜਗਤ ਕਮਾਵੇ ਪਰ ਆਪਣਾ-ਆਪ ਨਸ਼ਟ ਕਰ ਲਵੇ ਜਾਂ ਆਪਣਾ-ਆਪ ਗੁਆ ਲਵੇ? 26 ਜੇਕਰ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਾਵੇਗਾ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ, ਜਦੋਂ ਉਹ ਆਪਣੀ ਮਹਿਮਾ ਅਤੇ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ। 27 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇੱਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।”
2010 by World Bible Translation Center